29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਵਿਸ਼ੇਸ਼:–‘ਜੰਗ ਹਿੰਦ-ਪੰਜਾਬ ਜਾਰੀ ਹੈ…’

ss1

29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਵਿਸ਼ੇਸ਼:–‘ਜੰਗ ਹਿੰਦ-ਪੰਜਾਬ ਜਾਰੀ ਹੈ…’

29 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 30 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ‘ਤੇ ਆਪਣਾ ਅਖੀਰਲਾ ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ, ਲਗਭਗ 18 ਸਾਲ ਦੀ ਉਮਰ ਵਿੱਚ ਤਖਤ-ਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ, ਪੂਰੇ 40 ਵਰ੍ਹੇ ਪੰਜਾਂ ਦਰਿਆਵਾਂ ਦੀ ਧਰਤੀ ‘ਤੇ ‘ਸਰਕਾਰ-ਏ-ਖਾਲਸਾ ਜੀਓ’ ਦੀ ਅਗਵਾਈ ਕੀਤੀ। ਅਨੇਕ ਮਨੁੱਖੀ ਕਮਜ਼ੋਰੀਆਂ ਦੇ ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਇੱਕ ਮਜ਼ਬੂਤ ‘ਨਿਆਂਕਾਰੀ, ਉਦਾਰ ਦਿਲ, ਭੇਦਭਾਵ ਅਤੇ ਫਿਰਕੂ ਵਿਤਕਰੇ ਤੋਂ ਰਹਿਤ ਸ਼ਾਸ਼ਕ’ ਵਜੋਂ ਗੈਰ-ਸਿੱਖਾਂ ਵਿੱਚ ਵੀ ਹਰਮਨਪਿਆਰਤਾ ਹਾਸਲ ਕਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਲਿਖੇ ਗਏ ਸ਼ਾਹ ਮੁਹੰਮਦ ਦੇ ਜੰਗਨਾਮੇ – ‘ਜੰਗ ਹਿੰਦ-ਪੰਜਾਬ’ ਦੇ ਇਹ ਬੋਲ ਮਹਾਰਾਜੇ ਦੀ ਸ਼ਖਸੀਅਤ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੇ ਹਨ –
”ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।”
ਅੱਜ ਵੀ ਲਾਹੌਰ ਦੀ ਯਾਤਰਾ ਕਰਨ ਵਾਲਾ ਹਰ ਸਿੱਖ ਜਦੋਂ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਨੂੰ ਵੇਖਦਾ ਹੈ ਤਾਂ ਕਿਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਉੱਚੀ ਖੜ੍ਹੀ ਸਮਾਧ ਨੂੰ ਵੇਖ ਕੇ ਉਸ ਨੂੰ ਸਿੱਖ ਕੌਮ ਦੇ ਸੁਨਹਿਰੀ ‘ਬੀਤੇ-ਯੁੱਗ’ ਦੀਆਂ ਯਾਦਾਂ ਜ਼ਰੂਰ ਘੇਰ ਲੈਂਦੀਆਂ ਹਨ। ਅਸੀਂ ਇਸ ਲਿਖਤ ਰਾਹੀਂ ‘ਸਮਾਧਾਂ ਬਣਾਉਣ’ ਦੀ ਮਨਮਤੀ ਕਾਰਵਾਈ ਦੀ ਪ੍ਰੋੜਤਾ ਨਹੀਂ ਕਰ ਰਹੇ ਬਲਕਿ ਸਮੁੱਚੇ ਸੰਦਰਭ ਵਿੱਚ ਗਵਾਚੀ ਸਿੱਖ-ਬਾਦਸ਼ਾਹੀ ਦੇ ਨੈਣ-ਨਕਸ਼ਾਂ ਨੂੰ ਜ਼ਰੂਰ ਤਲਾਸ਼ ਰਹੇ ਹਾਂ।
ਮਹਾਰਾਜਾ ਰਣਜੀਤ ਸਿੰਘ ਇੱਕ ‘ਵਿਅਕਤੀ’ ਵਜੋਂ ਭਾਵੇਂ ਕੁਝ ਅਣ-ਸਿੱਖ ਕਾਰਵਾਈਆਂ ਵੀ ਕਰਦਾ ਰਿਹਾ ਪਰ ਕੁਲ ਮਿਲਾ ਕੇ ਉਹਦਾ ਰਾਜ-ਕਾਜ ਸਮੁੱਚੀ ਅਠਾਰਵੀਂ ਸਦੀ ਦੀ ‘ਖਾਲਸਾ ਬਾਦਸ਼ਾਹਤ’ ਦੇ ਸੰਘਰਸ਼ ਦੀ ਸਿਖਰ ਸੀ। ਸਿੱਖ ਰਾਜ ਵਿੱਚ ਚੜ੍ਹਦੀ ਕਲਾ, ਜਿੱਤ, ਉਦਾਰਤਾ, ਖੁਸ਼ਹਾਲੀ ਦੇ ਉਹ ਸਾਰੇ ਗੁਣ ਮੌਜੂਦ ਸਨ, ਜਿਨ੍ਹਾਂ ਦਾ ਐਲਾਨ ਸ਼ਾਹੀ-ਮੋਹਰ ਰਾਹੀਂ ਕੀਤਾ ਗਿਆ ਸੀ-
”ਦੇਗ-ਓ, ਤੇਗ-ਓ, ਫਤਿਹ-ਓ
ਨੁਸਰਤ ਬੇਦਰੰਗ!
ਯਾਫਤ ਅਜ
ਨਾਨਕ, ਗੁਰੂ ਗੋਬਿੰਦ ਸਿੰਘ।’
ਇਹ ਸ਼ਾਹੀ-ਮੋਹਰ, ਉਸ ਨਿਸ਼ਾਨੇ ਦਾ ਦੋਹਰਾਅ ਸੀ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਕੇ, 14 ਮਈ, 1710 ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਐਲਾਨਿਆ ਸੀ।
ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕੌਮ ਮੜ੍ਹੀਆਂ-ਸਮਾਧਾਂ ਆਦਿ ਵਿੱਚ ਯਕੀਨ ਨਹੀਂ ਰੱਖਦੀ, ਫਿਰ ਵੀ ਕਿਉਂ ਹਰ ਸਾਲ ਹਜ਼ਾਰਾਂ ਸਿੱਖ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਜੁੜ ਬੈਠਦੇ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਭੇਜਿਆ ਗਿਆ ਸਿੱਖਾਂ ਦਾ ਜੱਥਾ ਵੀ ਸ਼ਾਮਲ ਹੁੰਦਾ ਹੈ। ਪਿਛਲੇ 177 ਵਰ੍ਹਿਆਂ ਤੋਂ ਹੀ ਇਹ ਦਸਤੂਰ ਜਾਰੀ ਹੈ। ਇਸਦਾ ਜਵਾਬ ਵੀ ਸ਼ਾਇਦ ‘ਸਫਲ ਲੀਡਰ’ ਦੀ ਤਰਜਮਾਨੀ ਕਰਦੀ ਸ਼ਾਹ ਮੁਹੰਮਦ ਦੀ ਲਿਖਤ ਹੀ ਦੇ ਸਕਦੀ ਹੈ –
”ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,
ਦੋਨੋਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਸਣੇ ਆਦਮੀ ਗੋਲੀਆਂ ਨਾਲ ਉੱਡਣ
ਹਾਥੀ ਡਿਗਦੇ ਸਣੇ ਅੰਬਾਰੀਆਂ ਨੇ।
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।”
ਇੱਕ ਵਿਚਾਰ -ਚਰਚਾ ਦੌਰਾਨ, ਜਦੋਂ ਬਹੁਤ ਇਕੱਠੇ ਹੋਏ ਵਿਦਵਾਨ, ਇੱਕ ਤੋਂ ਬਾਅਦ ਇੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਕਮਜ਼ੋਰੀਆਂ ਗਿਣਾ ਰਹੇ ਸਨ ਤਾਂ ਉਸ ਇਕੱਠ ਵਿੱਚ, ਪਿੱਛੇ ਜਿਹੇ ਬੈਠੇ ਇੱਕ ਸਧਾਰਨ ਪੇਂਡੂ ਬਾਈ ਨੇ, ਖਲੋ ਕੇ ਕੁਝ ਕਹਿਣ ਦੀ ਇਜ਼ਾਜ਼ਤ ਮੰਗੀ। ਉਸ ਨੇ ਇੱਕ ਟਿੱਪਣੀ ਨਾਲ ਸਾਰੇ ਇਕੱਠ ਵਿੱਚ ਸੰਨਾਟਾ ਵਰਤਾ ਦਿੱਤਾ। ਉਸ ਨੇ ਕਿਹਾ – ‘ਭਰਾਵੋ, ਰਣਜੀਤ ਸਿੰਘ ਵਾਕਿਆ ਹੀ ਬਹੁਤ ਨਿਕੰਮਾ ਸਿੱਖ ਸੀ, ਪਰ ਚਲੋ ਇਵੇਂ ਕਰੋ, ਇੱਕ ਨਿਕੰਮਾ ਰਣਜੀਤ ਸਿੰਘ ਹੀ ਜੰਮ ਦਿਓ, ਘੱਟੋ-ਘੱਟ ਅਸੀਂ ਕਿਸੇ ਰਾਜ ਦੇ ਮਾਲਕ ਤਾਂ ਅਖਵਾ ਸਕੀਏ।’
ਜਿਸ ਹਿੰਦ-ਪੰਜਾਬ ਜੰਗ ਨੇ, ਸਾਡੀ 1849 ਵਿੱਚ ‘ਬਾਦਸ਼ਾਹਤ’ ਨਿਗਲ ਲਈ ਸੀ, ਅੱਜ ਉਹ ਹੀ ‘ਪੂਰਬੀ-ਦੱਖਣੀ’ ਦਿੱਲੀ, ਦਰਬਾਰ ‘ਤੇ ਕਾਬਜ਼ ਹਨ। ਅਸੀਂ ਪਿਛਲੀ ਡੇਢ ਸਦੀ ਵਿੱਚ ਫਿਰੰਗੀ ਸਾਮਰਾਜ ਨਾਲ ਵੀ ਅਤੇ ਹਿੰਦੂ ਸਾਮਰਾਜ ਨਾਲ ਵੀ ਕਈ ਲੜਾਈਆਂ ਲੜੀਆਂ ਹਨ, ਕੁਝ ਜਿੱਤੀਆਂ ਅਤੇ ਕੁਝ ਹਾਰੀਆਂ ਹਨ। ਭਾਵੇਂ ਅੱਜ ਅਸੀਂ ਆਪਣੀ ਧਰਤੀ ‘ਤੇ ਹੀ ਇੱਕ ਬੇਘਰੀ ਕੌਮ ਹਾਂ ਪਰ ਸਾਡੇ ਸਾਹਾਂ ਵਿੱਚ ਬਾਦਸ਼ਾਹਤ ਦੀ ਖੁਸ਼ਬੋ ਹੈ ਅਤੇ ਸਾਡੇ ਕਦਮਾਂ ਵਿੱਚ ਮੰਜ਼ਿਲੇ-ਮਕਸੂਦ ਖਾਲਿਸਤਾਨ ਦੀ ਪ੍ਰਾਪਤੀ ਲਈ ਬਰਾਬਰ ਦਾ ਚਾਅ ਹੈ। ਵਿਕੇ ਹੋਇਆਂ, ਬੇਦਾਵਿਆਂ, ਮੌਕਾਪ੍ਰਸਤਾਂ ਦਾ ਵੀ ਭਾਵੇਂ ਇੱਕ ਵੱਡਾ ਝੁਰਮਟ ਹੈ, ਪਰ ਪ੍ਰਵਾਨਿਆਂ, ਭਉਰਿਆਂ ਦੀ ‘ਮਸਤੀ’ ਵੀ ਕਿਸੇ ਤੋਂ ਘੱਟ ਨਹੀਂ ਹੈ।
ਦਲ-ਖਾਲਸਾ ਦੇ ‘ਨਿਸ਼ਾਨ’ (ਇਨਸਿਗਨੀਆ) ‘ਤੇ ਉੱਕਰੀਆਂ ਇਹ ਲਾਈਨਾਂ, ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ –
ਜੰਗ ਹਿੰਦ ਪੰਜਾਬ ਦਾ ਮੁੜ ਹੋਸੀ,
ਸਾਥੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ।
ਉਦੋਂ ਤੱਕ ਨਹੀਂ ਜੰਗ ਖਤਮ ਹੋਣੀ,
ਜਦੋਂ ਤੱਕ ਜਿੱਤਦੀਆਂ ਨਹੀਂ, ਜੋ ਹਾਰੀਆਂ ਨੇ।

Share Button

Leave a Reply

Your email address will not be published. Required fields are marked *