28 ਸਤੰਬਰ ਜਨਮ ਦਿਨ ਤੇ ਵਿਸ਼ੇਸ਼: ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ਖੁੱਲਾ ਖ਼ਤ

28 ਸਤੰਬਰ ਜਨਮ ਦਿਨ ਤੇ ਵਿਸ਼ੇਸ਼: ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ਖੁੱਲਾ ਖ਼ਤ

ਲਿਖਤੁਮ ਸੁਖਮਿੰਦਰ ਬਾਗ਼ੀ ਅੱਗੇ ਮਿਲੇ ਸ਼ਹੀਦਾਂ ਦੇ ਸਿਰਤਾਜ ਸ. ਭਗਤ ਸਿੰਘ ਜੀ
ਰਾਜੀ ਖੁਸ਼ੀ ਤੋਂ ਬਾਅਦ ਸਮਾਚਾਰ ਇਹ ਹੈ ਕਿ ਤੁਹਾਨੂੰ ਸ਼ਹਾਦਤ ਦਾ ਜਾਮ ਪੀਤਿਆਂ ਨੂੰ 87 ਸਾਲ ਲੰਘ ਚੁੱਕੇ ਹਨ। ਮੈਂ ਤੁਹਾਨੂੰ ਹੁਣ ਤੱਕ ਦੇ ਭਾਰਤ ਦਾ ਹਾਲ ਚਿੱਠੀ ਰਾਹੀਂ ਦੱਸਣਾ ਚਾਹੁੰਦਾ ਹਾਂ। ਤੁਹਾਡੇ ਸਮਿਆਂ ਵਿੱਚ ਦੋ ਵਿਚਾਰਧਾਰਾਵਾਂ ਚੱਲ ਰਹੀਆਂ ਸੀ। ਇੱਕ ਤੁਹਾਡੀ ਵਿਚਾਰਧਾਰਾ ਸੀ ਜਿਸ ਵਿੱਚ ਇੱਕ ਅਜਿਹਾ ਪ੍ਰਬੰਧ ਸਥਾਪਿਤ ਕਰਨਾ ਸੀ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਸਭ ਅਮੀਰ ਗਰੀਬ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਵਧੀਆ ਜੀਵਨ ਬਤੀਤ ਕਰਨ। ਅੰਗਰੇਜ਼ ਜੋ ਕਿ ਭਾਰਤੀ ਲੋਕਾਂ ਨੂੰ ਲੁੱਟ ਰਹੇ ਹਨ ਦੇਸ਼ ਆਜ਼ਾਦ ਕਰਕੇ ਵਾਪਸ ਚਲੇ ਜਾਣ। ਦੂਜੀ ਵਿਚਾਰਧਾਰਾ ਗਾਂਧੀ ਨਹਿਰੂ ਹੋਰਾਂ ਦੀ ਸੀ। ਜਿਸ ਅਨੁਸਾਰ ਉਹ ਚਾਹੁੰਦੇ ਸਨ ਕਿ ਅੰਗਰੇਜ਼ ਭਾਰਤ ਤਾਂ ਛੱਡ ਜਾਣ ਪਰ ਦੇਸ਼ ਦੀ ਵਾਂਗਡੋਰ ਸਾਡੇ ਹੱਥ ਸੰਭਾਲ ਦੇਣ ਤਾਂ ਕਿ ਅਸੀਂ ਰਾਜ ਸੱਤਾ ਦਾ ਆਨੰਦ ਮਾਣ ਸਕੀਏ। ਇਹ ਦੋ ਵਿਚਾਰਧਾਰਾਵਾਂ ਦਾ ਭੇੜ ਹੀ ਸੀ ਜਿਸ ਵਿੱਚ ਗਾਂਧੀਵਾਦੀ ਵਿਚਾਰਧਾਰਾ ਜਿੱਤ ਗਈ ਤੇ ਤੁਹਾਨੂੰ ਫਾਂਸੀ ਤੇ ਚਾੜਿਆ ਗਿਆ। ਜੇਕਰ ਤੁਹਾਡੀ ਵਿਚਾਰਧਾਰਾ ਦੀ ਜਿੱਤ ਹੁੰਦੀ ਤਾਂ ਅੱਜ ਗਾਂਧੀ ਨਾ ਬਾਪੂ ਅਖਵਾ ਸਕਦਾ ਅਤੇ ਨਾ ਹੀ ਨਹਿਰੂ ਬੱਚਿਆਂ ਦਾ ਚਾਚਾ ਬਣ ਸਕਦਾ।
ਅੰਗਰੇਜ਼ਾਂ ਦੇ ਰਾਜ ਸਮੇਂ ਭਾਰਤ ਵਿੱਚ ਦੇਸ਼ ਭਗਤ ਨੌਜਵਾਨ ਤੇ ਗ਼ਦਰੀ ਬਾਬੇ ਸਨ। ਜਿਨਾਂ ਵਿੱਚ ਦੇਸ਼ ਭਗਤੀ ਕੁੱਟ ਕੁੱਟ ਕੇ ਭਰੀ ਹੋਈ ਸੀ। ਅੰਗਰੇਜ਼ ਬਾਹਰਲੇ ਮੁਲਕ ਤੋਂ ਸਨ ਤੇ ਹਰ ਇੱਕ ਦੇ ਦਿਲ ਵਿੱਚ ਇਨਾਂ ਵਿਰੁੱਧ ਗੁੱਸਾ ਸੀ। ਜਲਿਆਂ ਵਾਲੇ ਬਾਗ ਵਿੱਚ ਹੋਈ ਅਣਹੋਣੀ ਘਟਨਾ ਜਿਸ ਵਿੱਚ ਹਜ਼ਾਰਾਂ ਲੋਕ ਗੋਲੀਆਂ ਨਾਲ ਭੁੰਨ ਕੇ ਸਦਾ ਦੀ ਨੀਂਦ ਸੁਲਾ ਦਿੱਤੇ ਸਨ ਨੇ ਇਸ ਗੁੱਸੇ ਨੂੰ ਭਾਂਬੜ ਦਾ ਰੂਪ ਦੇ ਦਿੱਤਾ। 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਸੁਨਾਮ ਨੇ ਲੰਡਨ ਵਿੱਚ ਜਾ ਕੇ ਖੂਨ ਦੀ ਹੋਲੀ ਖੇਡਣ ਵਾਲੇ ਜਨਰਲ ਡਾਇਰ ਨੂੰ ਸਾਰਿਆਂ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਅਜਿਹਾ ਸਾਕਾ ਦੇਖ ਕੇ ਅੰਗਰੇਜ਼ ਹਕੂਮਤ ਧੁਰੋਂ ਅੰਦਰੋਂ ਹਿੱਲ ਗਈ ਸੀ ਅਤੇ ਉਨਾਂ ਨੇ ਭਾਰਤ ਛੱਡਣ ਦਾ ਇਰਾਦਾ ਕਰ ਲਿਆ ਸੀ। ਤੁਹਾਡੀ ਸ਼ਹਾਦਤ ਤੋਂ 16 ਸਾਲ ਬਾਅਦ ਅੰਗਰੇਜ਼ ਭਾਰਤ ਨੂੰ ਛੱਡ ਗਏ ਸਨ। ਪਰ ਆਪਣੀ ਪਾੜੋ ਤੇ ਰਾਜ ਕਰੋ ਦੀ ਕੁਟਿਲ ਨੀਤੀ ਅਨੁਸਾਰ ਦੇਸ਼ ਦੋ ਭਾਗਾਂ ਭਾਰਤ ਤੇ ਪਾਕਿਸਤਾਨ ਵਿੱਚ ਵੰਡ ਗਏ ਅਤੇ ਜਾਂਦੇ ਜਾਂਦੇ ਆਪਣੀ ਕੋਝੀ ਚਾਲ ਵੀ ਚੱਲ ਗਏ। ਸੇਹ ਦਾ ਤਕਲਾ (ਜੰਮੂ ਕਸ਼ਮੀਰ)ਦੋਹਾਂ ਦੇ ਦੇਸ਼ਾਂ ਦੇ ਪਿੰਡਿਆਂ ਵਿੱਚ ਗੱਡ ਗਏ। ਜੋ ਕਿ ਅੱਜ ਇੱਕ ਨਸੂਰ ਬਣ ਗਿਆ ਹੈ ਅਤੇ ਦੋਹਾਂ ਦੇਸ਼ਾਂ ਦੇ ਨੌਜਵਾਨ ਪੁੱਤਰਾਂ ਨੂੰੂ ਹਰ ਰੋਜ਼ ਮੌਤ ਦੀ ਨੀਦ ਸੁਲਾ ਰਿਹਾ ਹੈ।
ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਗਾਂਧੀਵਾਦੀ ਵਿਚਾਰਧਾਰਾ ਨੇ ਲੋਕਤੰਤਰ ਨਾਂ ਦੇ ਇੱਕ ਨਵਾਂ ਖਿਡੌਣਾ ਈਜਾਦ ਕੀਤਾ। ਜਿਸ ਦੀ ਚਾਬੀ ‘ਲੋਕ ਸੇਵਕ’ ਸਿਆਸਤਦਾਨ ਤੇ ਉਸ ਖਿਡੌਣੇ ਦੇ ਅੰਦਰਲੇ ਹਿੱਸੇ ਨੂੰ ਵੋਟਰ ਦਾ ਨਾਂ ਦਿੱਤਾ ਗਿਆ। ਇਸ ਖਿਡੌਣੇ ਦੀ ਮਿਆਦ ਪੰਜ ਸਾਲ ਰੱਖੀ। ਲੋਕਾਂ ਨੂੰ ਬੁੱਧੂ ਬਣਾਉਣ ਲਈ ਹਰੇਕ ਪੰਜ ਸਾਲਾਂ ਬਾਅਦ ਇਹ ਖਿਡੌਣਾ ਇੱਕ ਦਿਨ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ। ਫਿਰ ਪੰਜ ਸਾਲ ਇਹ ਲੋਕ ਸੇਵਕ ਦੀ ਚਾਬੀ ਨਾਲ ਇਸ ਖਿਡੌਣੇ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਹਨ। ਇਸ ਖਿਡੌਣੇ ਨੂੰ ਕਾਬੂ ਵਿੱਚ ਰੱਖਣ ਲਈ ਪਿਛਲੇ ਕਈ ਦਹਾਕਿਆਂ ਤੋਂ ਗੁੰਡਾਗਰਦੀ ਅਤੇ ਵਿਗਿਆਨ ਦੀ ਇੱਕ ਅਨੋਖੀ ਕਾਢ ‘ਈ.ਵੀ.ਐਮ’ ਨੂੰ ਵੀ ਇਨਾਂ ਲੋਕ ਸੇਵਕ ਸਿਆਸਤਦਾਨਾਂ ਨੇ ਵਰਤੋ ਵਿੱਚ ਲਿਆਉਣਾ ਸ਼ੂਰੂ ਕੀਤਾ ਹੋਇਆ ਹੈ। ਲੋਕਤੰਤਰ ਦੇ ਨਾਂ ਹੇਠ ਚਲਾਕ ਸਿਆਸਤਦਾਨਾਂ ਨੇ ਗੱਦੀਆਂ ਤੇ ਕਬਜ਼ਾ ਕਰਕੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਸ਼ੁੁਰੂ ਕੀਤਾ ਹੋਇਆ ਹੈ। ਭਾਰਤੀ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਕਾਰਨ ਗਰੀਬੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ ਅਤੇ ਨਸ਼ਿਆਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੇ ਹਨ ਅਤੇ ਆਪਣੇ ਸਕੇ ਸਬੰਧੀਆਂ ਨੂੰ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਅੱਜ ਤੇਰਾ ਦੇਸ਼ ਇੱਕ ਨਰਕ ਰੂਪੀ ਕੁੰਡ ਦਾ ਰੂਪ ਧਾਰਨ ਕਰ ਚੁੱਕਿਆ ਹੈ। ਸਿਆਸਤਦਾਨਾਂ ਨੇ ਰੋਹਿਤ ਵਾਮੁੱਲਾ ਦੇ ਕਹਿਣ ਅਨੁਸਾਰ ਭਾਰਤੀ ਲੋਕਾਂ ਨੂੰ ਸਿਰਫ਼ ਇੱਕ ਵੋਟ ਬਣਾ ਦਿੱਤਾ ਹੈ।
ਪਿਆਰੇ ਭਗਤ ਸਿੰਘ ਅੰਗਰੇਜ਼ ਤਾਂ ਵਿਦੇਸ਼ੀ ਸਨ ਉਨਾਂ ਨੂੰ ਭਜਾਉਣਾ ਤੇ ਉਨਾਂ ਖਿਲਾਫ਼ ਲੜਨਾ ਬਹੁਤ ਸੌਖਾ ਸੀ। ਪਰ ਹੁਣ ਸਥਿਤੀ ਬਿਲਕੁਲ ਉਲਟ ਹੈ। ਇੱਥੇ ਤਾਂ ਸਾਡੇ ਆਪਣੇ ਹੀ ਆਪਣਿਆਂ ਨੂੰ ਲੁੱਟ ਤੇ ਕੁੱਟ ਰਹੇ ਹਨ। ਇਨਾਂ ਪ੍ਰਸਥਿਤੀਆਂ ਵਿੱਚੋਂ ਲੋਕਾਂ ਦੀ ਸਮਝ ਵਿੱਚ ਇਹ ਨਹੀਂ ਆਉਂਦਾ ਕਿ ਇਨਾਂ ਵਿਰੁੱਧ ਕਿਵੇਂ ਲੜਿਆ ਜਾਵੇ। ਇਹੀ ਇੱਕ ਅੜਾਉਣੀ ਹੈ। ਕਿਉਂਕਿ ਇਨਾਂ ਸਿਆਸਤਦਾਨਾਂ ਨੇ ਅੰਗਰੇਜ਼ਾਂ ਕੋਲੋ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਪਾਠ ਚੰਗੀ ਤਰਾਂ ਪੜ ਲਿਆ ਹੈ। ਇਹਨਾਂ ਨੇ ਭਾਰਤੀ ਲੋਕਾਂ ਨੂੰ ਜਾਤ ਪਾਤ ਦੇ ਨਾਂ ਤੇ ਅਤੇ ਧਰਮਾਂ ਦੇ ਚੱਕਰਵਿਊ ਵਿੱਚ ਇਸ ਤਰਾਂ ਫਸਾ ਲਿਆ ਹੈ ਕਿ ਸਧਾਰਨ ਲੋਕਾਂ ਦਾ ਇਸ ਚੱਕਰਵਿਊ ਵਿੱਚੋਂ ਨਿਕਲਣਾ ਮੁਸ਼ਕਿਲ ਹੈ। ਤੇਰੀ ਸੋਚ ਦੇ ਬੰਦਿਆਂ ਨੂੰ ਇਹ ਜਾਂ ਤਾਂ ਮੌਤ ਦੇ ਘਾਟ ਉਤਾਰ ਦਿੰਦੇ ਹਨ ਜਾਂ ਫਿਰ ਜੇਲਾਂ ਦੀਆਂ ਸੀਖਾ ਪਿੱਛੇ ਸਾਲਾਂ ਬੱਧੀ ਬੰਦ ਕਰ ਦਿੰਦੇ ਹਨ। ਹੁਣ ਤੇਰੇ ਦੇਸ਼ ਵਿੱਚ ਗਦਰੀ ਬਾਬੇ ਅਤੇ ਦੇਸ਼ ਭਗਤ ਯੋਧੇ ਨਹੀਂ। ਹੁਣ ਇੱਥੇ ਤਾਂ ਹਿੰਦੂ, ਸਿੱਖ, ਮੁਸਲਮਾਨ, ਬੋਧੀ, ਈਸਾਈ, ਮਰਾਠੇ, ਜਾਟ ਹੀ ਹਨ ਜਾਂ ਫਿਰ ਕਾਂਗਰਸੀ, ਅਕਾਲੀ, ਜਨਸੰਘੀ ਤੇ ਭਾਜਪਾਈ ਹਨ। ਤੁਹਾਡੀ ਵਿਚਾਰਧਾਰਾ ਨੂੰ ਲਾਗੂ ਕਰਵਾਉਣ ਲਈ ਸੇਧ ਦੇਣ ਵਾਲਾ ਕੋਈ ਵੀ ‘ਬੁੱਧੀ ਜੀਵੀ’ ਨਹੀਂ ਹੈ। ਜੋ ਸਨ ਉਨਾਂ ਨੂੰ ਸਰਕਾਰਾਂ ਮਰਵਾਈ ਜਾਂਦੀਆਂ ਹਨ। ਤੈਨੂੰ ਇੱਕ ਗੱਲ ਹੋਰ ਦੱਸਾਂ ਇਹ ਬੁੱਧੀਜੀਵੀ ਵੀ ਦੋ ਭਾਗਾਂ ਵਿੱਚ ਵੰਡੇ ਗਏ ਹਨ। ਇੱਕ ਬੁੱਧੀਜੀਵੀ (ਮੁਲਾਜ਼ਮ) ਜੋ ਬੁੱਧੀ ਵੇਚਕੇ ਆਪਣੀ ਜੀਵਕਾ (ਰੋਜ਼ੀ ਰੋਟੀ) ਚਲਾਉਂਦੇ ਹਨ, ਇਹਨਾਂ ਦੇ ਪੈਰਾਂ ਵਿੱਚ ਸਿਵਲ ਸਰਵਿਸ ਰੂਲਜ਼ ਦੀਆਂ ਬੇੜੀਆਂ ਪਾ ਦਿੱਤੀਆਂ ਜਾਂਦੀਆਂ ਹਨ। ਇਨਾਂ ਵਿਚਾਰਿਆਂ ਦੀ ਐਨੀ ਹੈਸੀਅਤ ਨਹੀਂ ਕਿ ਇਹ ਤੇਰੇ ਵਾਰਿਸ ਬਣ ਸਕਣ। ਪਰ ਇਹ ਤੇਰੇ ਵਾਰਿਸ ਹੋਣ ਦਾ ਮੁਖੌਟਾ ਜ਼ਰੂਰ ਪਾਉਂਦੇ ਹਨ। ਸਰਕਾਰ ਕੋਲੋਂ ਸਟੇਟ, ਨੈਸ਼ਨਲ ਪੱਧਰ ਦਾ ਇਨਾਮ ਸ਼ਨਾਮ ਲੈਣ ਵਿੱਚ ਜਰਾ ਵੀ ਦੇਰੀ ਨਹੀਂ ਕਰਦੇ ਅਤੇ ਤੇਰੀ ਸੋਚ ਦੇ ਉਲਟ ਜਾ ਕੇ ਲੋਕ ਦੋਖੀ ਸਰਕਾਰ ਵੱਲੋਂ ਮਿਲਦੇ ਵਾਧੇ, ਲਾਲਚ ਜਾਂ ਕੋਈ ਸਹੂਲਤ ਲੈਣ ਨੂੰ ਇਹ ਖਿੜੇ ਮੱਥੇ ਕਬੂਲ ਕਰ ਲੈਂਦੇ ਹਨ। ਬੁੱਧੀਮਾਨ ਲੋਕਾਂ ਦੀ ਵੀ ਅਜੀਬ ਕਹਾਣੀ ਹੈ ਇਹ ਤੁਹਾਡੇ ਸੱਚੇ ਵਾਰਿਸ ਹੋਣ ਦਾ ਖੂਬ ਢੌਂਗ ਰਚਦੇ ਹਨ। 23 ਮਾਰਚ ਨੂੰ ਤੁਹਾਡੇ ਸ਼ਹੀਦੀ ਦਿਵਸ ਤੇ ਪੀਲੀਆਂ ਪੱਗਾਂ ਬੰਨ ਕੇ ਮੋਟਰ ਸਾਈਕਲਾਂ ਦੇ ਹਾਰਨ ਵਜਾਉਂਦੇ, ਧੂੜਾਂ ਉਡਾਉਂਦੇ ਖਟਕੜ ਕਲਾਂ ਤੇ ਹੁਸੈਨੀਵਾਲਾ ਵੱਲ ਚਾਲੇ ਪਾ ਦਿੰਦੇ ਹਨ। ਹੋਰ ਤਾਂ ਹੋਰ ਲੁਟੇਰੇ ਲੋਕ ਸੇਵਕ ਸਿਆਸਤਦਾਨ ਵੀ ਤੇਰੇ ਸ਼ਹੀਦੀ ਦਿਵਸ ਤੇ ਤੇਰੇ ਵਾਰਸਾਂ ਦੇ ਖੂਨ ਨਾਲ ਲਿਬੜੇ ਹੱਥਾਂ ਨਾਲ ਤੇਰੀ ਸਮਾਧੀ ਅਤੇ ਬੁੱਤਾਂ ਤੇ ਫੁੱਲ ਮਾਲਾਵਾ ਚੜਾਉਂਦੇ ਹਨ ਤੇ ਇਹ ਅਖੌਤੀ ਵਾਰਿਸ ਤੇਰੇ ਜਨਮ ਦਿਨ ਤੇ ਬੰਦ ਕਮਰਿਆਂ ਵਿੱਚ ਬਹਿ ਕੇ ਬਹਿਸ ਮੁਬਾਸੇ ਕਰਦੇ ਹਨ ਅਤੇ ਪਾਣੀ ਵਿੱਚ ਮਧਾਣੀ ਪਾ ਕੇ ਉਸ ਨੂੰ ਖੂਬ ਰਿੜਕਦੇ ਹਨ। ਫਿਰ ਸਾਰਾ ਸਾਲ ਇਨਾਂ ਦੋ ਦਿਨਾਂ 28 ਸਤੰਬਰ ਤੇ 23 ਮਾਰਚ ਨੂੰ ਉਡੀਕਣਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਇਨਾਂ ਦੋ ਦਿਨਾਂ ਵਿੱਚ ਇਹ ਆਪਣੀ ਜ਼ੁਬਾਨ ਤੇ ਲੱਗੀ ਜੰਗ (ਜੰਗਾਲ) ਫਿਰ ਦੁਬਾਰਾ ਲਾਹ ਸਕਣ। ਇਹ ਬੁੱਧੀਜੀਵੀ ਤੇ ਬੁੱਧੀਮਾਨ ਐਨੇ ਚਲਾਕ ਹੁੰਦੇ ਹਨ ਕਿ ਇਹ ਨਹੀਂ ਚਾਹੁੰਦੇ ਕਿ ਇਨਾਂ ਦੇ ਘਰ ਤੇਰੇ ਵਰਗਾ ਸੂਰਮਾ ਭਗਤ ਸਿੰਘ ਪੈਦਾ ਹੋਵੇ। ਇਹ ਤਾਂ ਆਪਣੇ ਘਰ ਡਾਕਟਰ, ਵਕੀਲ ਜਾਂ ਇੰਜੀਨੀਅਰ ਪੁੱਤਰ ਹੀ ਪੈਦਾ ਕਰਨਾ ਚਾਹੁੰਦੇ ਹਨ। ਇਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਕਵਿਤਾ ਰਟ-ਰਟ ਕੇ ਪੜੀ ਹੋਈ ਹੈ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਪਿਆਰੇ ਭਗਤ ਸਿੰਘ ਚਿੱਠੀ ਬਹੁਤ ਲੰਬੀ ਹੋ ਚੱਲੀ ਹੈ। ਇੱਕ ਗੱਲ ਹੋਰ ਦੱਸਾਂ ਇਹ ਗੱਲ ਨਹੀਂ ਕਿ ਸਾਰੇ ਤੈਨੂੰ ਭੁੱਲ ਗਏ ਹਨ। ਤੇਰੇ ਬਾਰੇ ਕਿਤਾਬਾਂ ਵਿੱਚ ਬਹੁਤ ਕੁਝ ਲਿਖਿਆ ਮਿਲਦਾ ਹੈ ਤੇ ਕਈ ਸ਼ਹਿਰਾਂ ਦੇ ਚੌਕਾਂ ਵਿੱਚ ਤੇਰੇ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਵੀ ਲਾਏ ਹੋਏ ਹਨ। ਪਰ ਅਫ਼ਸੋਸ ਹੁੰਦਾ ਹੈ ਕਿ ਪੜ ਕੇ ਤੇ ਵੇਖ ਕੇ ਇਹ ਤੇਰੇ ਵੱਲੋਂ ਸੌਂਪੇ ਕਾਰਜ ਵੱਲ ਇੱਕ ਪੁਲਾਂਘ ਵੀ ਨਹੀਂ ਪੁੱਟਦੇ। ਸਿਰਫ ਤੇਰੀ ਕੁਰਬਾਨੀ ਦਾ ਗੁਣਗਾਨ ਹੀ ਕਰਦੇ ਹਨ। ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਹੁਣ ਲੋਕ ਭੇਡ, ਬੱਕਰੀਆਂ ਬਣ ਗਏ ਹਨ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਇੱਜੜ ਦੀਆਂ ਭੇਡ ਬੱਕਰੀਆਂ ਕਦੇ ਵੀ ਆਜੜੀ ਵਿਰੁੱਧ ਬਗਾਵਤ ਨਹੀਂ ਕਰਦੀਆਂ। ਭਾਰਤੀ ਸਿਆਸਤਦਾਨ ਐਨੇ ਚਲਾਕ ਹੋ ਗਏ ਹਨ ਇਹ ਟੈਕਸ ਲਾ ਲਾ ਕੇ ਧਨ ਇਕੱਠਾ ਕਰਕੇ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਕਰਾਈ ਜਾਂਦੇ ਹਨ। ਤਾਂ ਕਿ ਜੇਕਰ ਇਨਾਂ ਨੂੰ ਵੀ ਅੰਗਰੇਜ਼ਾਂ ਵਾਂਗ ਦੇਸ਼ ਛੱਡਣਾ ਪਿਆ ਤਾਂ ਇਹ ਵੀ ਨੀਰਵ ਮੋਦੀ, ਵਿਜੇ ਮਾਲਿਆ ਵਾਂਗ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਵਿਦੇਸ਼ਾਂ ਵਿੱਚ ਸੈੱਟ ਹੋ ਜਾਣਗੇ। ਗਰੀਬ ਭਾਰਤ ਵਾਸੀ ਮਹਿੰਗਾਈ ਦੀ ਚੱਕੀ ਵਿੱਚ ਹੀ ਨਹੀਂ ਪਿਸ ਰਹੇ। ਇਹ ਟੁੱਟੀਆਂ ਸੜਕਾਂ ਉੱਤੇ ਅਤੇ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਆਏ ਹੜਾਂ ਵਿੱਚ ਰੁੜ ਜਾਣ ਕਰਕੇ ਨਿੱਤ ਦਿਨ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਰਹੇ ਹਨ। ਤੇਰੇ ਨਾਲ ਕਰਨ ਵਾਲੀਆਂ ਗੱਲਾਂ ਤਾਂ ਬਹੁਤ ਨੇ ਕਦੇ ਫਿਰ ਸਹੀ। 70 ਸਾਲ ਹੋ ਗਏ ਨੇ ਬੁੱਧੀਜੀਵੀ ਅਤੇ ਬੁੱਧੀਮਾਨਾਂ ਨੂੰ ਤੁਹਾਡੇ ਵਾਰਿਸ ਅਖਵਾਉਂਦਿਆਂ। ਤੁਹਾਡੇ ਨਾਂ ਤੋਂ ਹੀ ਅੰਗਰੇਜ਼ ਸਰਕਾਰ ਥਰ ਥਰ ਕੰਬਦੀ ਸੀ ਪਰ ਜੇਕਰ 70 ਸਾਲਾਂ ਵਿੱਚ ਹੀ ਤੁਹਾਡੇ ਜਨਮ ਤੇ ਸ਼ਹੀਦੀ ਦਿਨ ਤੇ ਇੱਕ-ਇੱਕ ਜਣਾ ਹੀ ਤੁਹਾਡਾ ਸੱਚਾ ਵਾਰਿਸ ਬਣਕੇ ਤੁਹਾਡੇ ਰਾਹਾਂ ਤੇ ਚੱਲਣ ਦਾ ਫ਼ੈਸਲਾ ਕਰ ਲੈਂਦਾ ਤਾਂ ਹੁਣ ਤੱਕ 140 ਭਗਤ ਸਿੰਘ ਪੈਦਾ ਹੋ ਜਾਣੇ ਸੀ। ਪਰ ਅਫਸੋਸ ਤਾਂ ਇਹੀ ਹੈ ਕਿ ਇਹ ਬਸੰਤੀ ਰੰਗ ਦਾ ਚੋਲਾ ਨਹੀਂ ਰੰਗਾ ਸਕਦੇ। ਸਿਰਫ ਪੀਲੀਆਂ ਪੱਗਾਂ ਬੰਨ ਕੇ ਹੀ ਵਿਖਾਵਾ ਕਰ ਸਕਦੇ ਹਨ ਜਾਂ ਫਿਰ ਨਾਟਕ, ਗੋਸ਼ਟੀਆਂ, ਭਾਸ਼ਣ ਦੇ ਕੇ ਹੀ ਇਨਕਲਾਬ ਲਿਆਉਣਾ ਚਾਹੁੰਦੇ ਹਨ। ਇਹ ਹਮੇਸ਼ਾ ਹੀ ਇੱਕ ਗੀਤ ਗੁਣਗੁਣਾਉਂਦੇ ਹਨ ਕਿ
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਰਨੇ ਵਾਲੋਂ ਕਾ ਯਹੀ ਨਿਸ਼ਾਂ ਹੋਗਾ-
ਇਹ ਸਭ ਮੇਲੇ ਦੇਖਣ ਵਾਲੇ ਚੱਕੀਰਾਹੇ ਹੀ ਹਨ। ਅਖੀਰ ਵਿੱਚ ਪਿਆਰੇ ਭਗਤ ਸਿੰਘ ਮੈਨੂੰ ਸਿਰਫ ਇਹ ਹੀ ਰੰਜ ਹੈ ਕਿ ਤੈਨੂੰ ਸਿਰਫ਼ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਭਜਾਉਣ ਬਾਰੇ ਹੀ ਗਰਦਾਨਿਆਂ ਜਾ ਰਿਹਾ ਹੈ। ਤੇਰੀ ਸੋਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਨੂੰ ਲੋਕਾਂ ਵਿੱਚ ਪਨਪਣ ਹੀ ਨਹੀਂ ਦਿੱਤਾ ਜਾ ਰਿਹਾ। ਪਿਆਰੇ ਭਗਤ ਸਿੰਘ ਐਤਕੀ 28 ਸਤੰਬਰ ਨੂੰ ਤੂੰ ਕਿਸੇ ਨਾ ਕਿਸੇ ਘਰ ਜ਼ਰੂਰ ਜਨਮ ਲੈਣਾ। ਲੋਕਾਂ ਦੀਆਂ ਸਿਸਕੀਆਂ, ਹਉਂਕਿਆਂ ਨੂੰ ਸੁਣਨਾ ਤੇ ਉਨਾਂ ਦੀਆਂ ਆਸਾਂ, ਉਮੀਦਾਂ ਦਾ ਖਿਆਲ ਕਰਨਾ। ਲੋਕ ਸੇਵਕਾਂ ਵੱਲੋਂ ਪਾਏ ਮੁਖੌਟੇ ਨੂੰ ਲੋਕ ਕਚਹਿਰੀ ਵਿੱਚ ਜ਼ਰੂਰ ਨੰਗਾ ਕਰਨਾ।
ਇਸੇ ਉਮੀਦ ਵਿੱਚ ਤੇਰਾ ਛੋਟਾ ਵੀਰ।

ਸੁਖਮਿੰਦਰ ਬਾਗੀ
ਆਦਰਸ਼ ਨਗਰ ਸਮਰਾਲਾ
94173-94805

Share Button

Leave a Reply

Your email address will not be published. Required fields are marked *

%d bloggers like this: