ਜਲੂਰ ਕਾਂਡ : ਪੀੜਤ ਔਰਤਾਂ ਇਲਾਜ ਲਈ ਸੌ ਕਿਲਮੀਟਰ ਦੂਰ ਫ਼ਰੀਦਕੋਟ ਦਾਖਲ,ਪ੍ਰਸ਼ਾਸਨ ਚੁੱਪ

ss1

ਜਲੂਰ ਕਾਂਡ : ਪੀੜਤ ਔਰਤਾਂ ਇਲਾਜ ਲਈ ਸੌ ਕਿਲਮੀਟਰ ਦੂਰ ਫ਼ਰੀਦਕੋਟ ਦਾਖਲ,ਪ੍ਰਸ਼ਾਸਨ ਚੁੱਪ

fdk-2ਫ਼ਰੀਦਕੋਟ, 18 ਅਕਤੂਬਰ ( ਜਗਦੀਸ਼ ਕੁਮਾਰ ਬਾਂਬਾ ) ਸਥਾਨਕ ਸਰਕਾਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਤੇ ਹਸਪਤਾਲ ਵਿੱਚ ਦਾਖਲ ਹੋਈਆਂ ਜਲੂਰ ਕਾਂਡ ਦੀਆਂ ਪੀੜਤ ਔਰਤਾਂ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਅਤੇ ਪ੍ਰਸ਼ਾਸਨ ਦੇ ਗੱਠਜੋੜ ਕਾਰਨ ਉਨਾਂ ਨੂੰ ਸੰਗਰੂਰ ਅਤੇ ਆਸ-ਪਾਸ ਦੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਇਲਾਜ ਲਈ ਦਾਖਲ ਨਹੀ ਕੀਤਾ ਗਿਆ ਅਤੇ ਹੁਣ ਉਨਾਂ ਨੂੰ ਸੌ ਕਿਲੋਮੀਟਰ ਦੂਰ ਫ਼ਰੀਦਕੋਟ ਆ ਕੇ ਦਾਖਲ ਹੋਣਾ ਪਿਆ ਹੈ । ਗਿਆਨ ਕੌਰ (67),ਅਮਰਜੀਤ ਕੌਰ (70), ਅਤੇ ਬਲਬੀਰ ਕੌਰ (50) ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਉਨਾਂ ਨੂੰ ਉੱਚ ਜਾਤੀ ਲੋਕਾਂ ਵੱਲੋਂ ਕੁੱਟਿਆ ਗਿਆ । ਪੀੜਤਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਇੱਕ ਦਰਜਨ ਦਲਿਤ ਅਤੇ ਬਜੁਰਗਾਂ ਨੂੰ ਘੜੀਸ ਦੇ ਪਿੰਡ ਦੇ ਇੱਕ ਚੌਧਰੀ ਦੇ ਘਰ ਲਿਜਾਇਆ ਗਿਆ ਜਿੱਥੇ ਉੱਚ ਜਾਤੀ ਦੇ ਲੋਕ ਉਨਾਂ ਦੇ ਬੰਦਿਆਂ ਨੂੰ ਸਾਰੀ ਰਾਤ ਕੁੱਟਦੇ ਰਹੇ । ਗਿਆਨ ਕੌਰ ਨੇ ਕਿਹਾ ਕਿ ਦਲਿਤਾਂ ਨੇ ਆਪਣੇ ਹਿੱਸੇ ਦੀ ਜਮੀਨ ਮੰਗੀ ਸੀ ਤੇ ਇਸੇ ਰੰਜਿਸ਼ ਕਰਕੇ ਕੁਝ ਵੱਡੇ ਕਿਸਾਨਾਂ ਨੇ ਪਿੰਡ ਵਿੱਚ ਉਨਾਂ ਦਾ ਬਾਈਕਾਟ ਕਰਵਾ ਦਿੱਤਾ । ਪੀੜਤਾਂ ਨੇ ਦੱਸਿਆ ਕਿ 80 ਵਿੱਚੋ 50 ਦਲਿਤ ਪਰਿਵਾਰਾਂ ਕੋਲ ਸਸਤਾ ਆਟਾ ਦਾਲ,ਬੁਢਾਪਾ ਪੈਨਸ਼ਨ, ਮੁਫਤ ਬਿਜਲੀ,ਭਗਤ ਪੂਰਨ ਸਿੰਘ ਸਿਹਤ ਬੀਮਾ ਕਾਰਡ ਜਾਂ ਅਜਿਹੀ ਕੋਈ ਵੀ ਸਹੂਲਤ ਨਹੀ ਦਿੱਤੀ ਜਾ ਰਹੀ ਜੋ ਪੰਜਾਬ ਦੇ ਬਾਕੀ ਖੇਤਰਾਂ ਵਿੱਚ ਦਲਿਤਾਂ ਨੂੰ ਮਿਲ ਰਹੀਆਂ ਹਨ । ਗਿਆਨ ਕੌਰ ਨੇ ਕਿਹਾ ਕਿ ਉਨਾਂ ਨੇ ਪੁਲੀਸ ਨੂੰ ਹਮਲੇ ਬਾਰੇ ਸੂਚਿਤ ਕਰ ਦਿੱਤਾ ਸੀ ਪਰ ਪੁਲੀਸ ਜਖਮੀ ਹੋਈਆਂ 40 ਤੋਂ ਵੱਧ ਦਲਿਤ ਔਰਤਾਂ ਅਤੇ ਨੌਜਵਾਨਾਂ ਨੂੰ ਹੀ ਫੜ ਕੇ ਲੈ ਗਈ । ਗਿਆਨ ਕੌਰ ਨੇ ਕਿਹਾ ਕਿ ਹਮਲਾਵਰਾਂ ਨੇ ਦਲਿਤਾਂ ਨੂੰ ਕੁੱਟਣ ਤੋਂ ਪਹਿਲਾਂ ਪਿੰਡ ਦੀ ਘੇਰਾਬੰਦੀ ਕੀਤੀ ਅਤੇ ਐਬੂਲੈਂਸ ਤੱਕ ਨੂੰ ਪਿੰਡ ਵਿੱਚ ਨਹੀ ਆਉਣ ਦਿੱਤਾ । ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਹਮਲਾਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ,ਪਰ ਹਮਲਾਵਰਾਂ ਨੇ ਸੋਸ਼ਲ ਮੀਡੀਆਂ ਤੇ ਵੀਡੀਓ ਪਾ ਕੇ ਦੋ ਦਿਨਾਂ ਤੱਕ ਪਿੰਡ ਜਲੂਰ ਵਿੱਚ ਦਲਿਤਾਂ ਦੀ ਕੁੱਟਮਾਰ ਕਰਨ ਅਤੇ ਉਨਾਂ ਉੱਪਰ ਤਸ਼ੱਦਦ ਢਾਹੁਣ ਦੀ ਅਸਿੱਧੇ ਰੂਪ ਵਿੱਚ ਜਿੰਮੇਵਾਰੀ ਲਈ ਹੈ । ਉਧਰ ਦੂਜੇ ਪਾਸੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਜਲੂਰ ਕਾਂਡ ਵਿੱਚ ਜ਼ਖਮੀ ਹੋਏ ਦਲਿਤਾਂ ਨੂੰ ਹਸਪਤਾਲਾਂ ਵਿੱਚ ਦਾਖਲ ਨਾ ਕਰਨ ਅਤੇ ਉਨਾਂ ਦੇ ਸਮਾਜਿਕ ਬਾਈਕਾਟ ਬਾਰੇ ਉਨਾਂ ਨੂੰ ਜਾਣਕਾਰੀ ਨਹੀ ਹੈ । ਇਸ ਮਾਮਲੇ ਵਿੱਚ ਪ੍ਰਸ਼ਾਸਨ ਪੜਤਾਲ ਕਰ ਰਿਹਾ ਹੈ ਅਤੇ ਕਥਿਤ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਜਰੂਰ ਹੋਵੇਗੀ ।

Share Button

Leave a Reply

Your email address will not be published. Required fields are marked *