2018 ’ਚ ਪੰਜਾਬ ਦੇ 323 ਕਿਸਾਨਾਂ ਨੇ ਕੀਤੀਆਂ ਸਨ ਖ਼ੁਦਕੁਸ਼ੀਆਂ

2018 ’ਚ ਪੰਜਾਬ ਦੇ 323 ਕਿਸਾਨਾਂ ਨੇ ਕੀਤੀਆਂ ਸਨ ਖ਼ੁਦਕੁਸ਼ੀਆਂ
ਪੰਜਾਬ ’ਚ ਕਿਸਾਨ ਖ਼ੁਦਕੁਸ਼ੀਆਂ ਦਾ ਅਕਸਰ ਵੱਡਾ ਸਿਆਸੀ ਮੁੱਦਾ ਬਣਿਆ ਰਹਿੰਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ ਸਾਲ 2018 ਦੌਰਾਨ ਪੰਜਾਬ ਦੇ 323 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਰਥਿਕ ਤੰਗੀ ਤੇ ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਕੀਤੀਆਂ ਸਨ। ਇਸ ਦਾ ਮਤਲਬ ਹੈ ਪੰਜਾਬ ’ਚ ਔਸਤਨ ਲਗਭਗ ਇੱਕ ਕਿਸਾਨ ਰੋਜ਼ਾਨਾ ਖ਼ੁਦਕੁਸ਼ੀ ਕਰ ਰਿਹਾ ਹੈ।
ਉਂਝ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਦਾ ਇਹ ਅੰਕੜਾ ਬਹੁਤ ਹੀ ਘੱਟ ਹੈ। ਉਨ੍ਹਾਂ ਮੁਤਾਬਕ ਪੰਜਾਬ ’ਚ ਵਧੇਰੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀਆਂ ਸਨ ਪਰ ਪੁਲਿਸ ਥਾਣਿਆਂ ਤੱਕ ਬਹੁਤੇ ਮਾਮਲੇ ਤਾਂ ਪੁੱਜਦੇ ਹੀ ਨਹੀਂ ਹਨ।
ਮਾਹਿਰਾਂ ਮੁਤਾਬਕ ਪੰਜਾਬ ਸਰਕਾਰ ਨੇ ਭਾਵੇਂ ਛੋਟੇ ਤੇ ਹਾਸ਼ੀਏ ’ਤੇ ਪੁੱਜੇ ਕਿਸਾਨਾਂ ਲਈ ਕਰਜ਼ਾ–ਮੁਆਫ਼ੀ ਦੀ ਯੋਜਨਾ ਚਲਾਈ ਸੀ ਪਰ ਉਹ ਕਿਸਾਨਾਂ ਦੇ ਦੁੱਖ ਦੂਰ ਕਰਨ ਤੋਂ ਨਾਕਾਮ ਰਹੀ ਹੈ।
ਪੰਜਾਬੀ ਯੂਨੀਵਰਸਿਟੀ ’ਚ ਸੈਂਟਰ ਫ਼ਾਰ ਡਿਵੈਲਪਮੈਂਟ ਇਕਨੋਮਿਕ ਐਂਡ ਇਨੋਵੇਸ਼ਨ ਸਟੱਡੀਜ਼ ਦੇ ਡਾਇਰੈਕਟਰ ਸ੍ਰੀ ਲਖਵਿੰਦਰ ਸਿੰਘ ਗਿੰਲ ਨੇ ਦੱਸਿਆ ਕਿ ਆਪਣੀਆਂ ਖ਼ੁਦ ਦੀਆਂ ਜ਼ਮੀਨਾਂ ਵਾਹੁਣ ਵਾਲੇ, ਪੱਟੇ ’ਤੇ ਕਾਸ਼ਤਕਾਰੀ ਕਰਨ ਵਾਲੇ ਤੇ ਬੇਜ਼ਮੀਨੇ ਭਾਵ ਸਾਰੇ ਹੀ ਕਿਸਾਨ ਇਸ ਵੇਲੇ ਖ਼ੁਦਕੁਸ਼ੀਆਂ ਕਰ ਰਹੇ ਹਨ। ਐੱਨਸੀਆਰਬੀ ਦੇ ਅੰਕੜੇ ਬਹੁਤ ਘੱਟ ਹਨ।
NCRB ਦੀ ਸੂਚੀ ਵਿੱਚ ਛੇ ਮਹਿਲਾ ਕਿਸਾਨਾਂ ਦੇ ਨਾਂਅ ਵੀ ਹਨ, ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ’ਚ ਇਕਨੌਮਿਕਸ ਵਿਭਾਗ ਦੇ ਪ੍ਰੋਫ਼ੈਸਰ ਕੇਸਰ ਸਿੰਘ ਭੰਗੂ, ਜਿਨ੍ਹਾਂ ਨੇ ਉੱਤਰੀ ਭਾਰਤ ’ਚ ਖ਼ੁਦਕੁਸ਼ੀਆਂ ਬਾਰੇ ਇੱਕ ਕਿਤਾਬ ਵੀ ਲਿਖੀ ਹੈ, ਦਾ ਵੀ ਇਹੋ ਕਹਿਣਾ ਹੈ ਕਿ ਸਾਲ 2018 ਦੌਰਾਨ ਵਧੇਰੇ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ।
ਖੇਤੀਬਾੜੀ ਨਾਲ ਸਬੰਧਤ ਅਰਥ–ਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਿਟੀ ਆੱਫ਼ ਪੰਜਾਬ ਦੇ ਚਾਂਸਲਰ ਐੱਸਐੱਸ ਜੌਹਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਰਜ਼ਾ–ਮੁਆਫ਼ੀ ਯੋਜਨਾ ਨੇ ਸੂਬੇ ਦੇ ਦੁਖੀ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨਾਂ ਦੇ 4,600 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ ਤੇ ਹਾਲੇ 1,800 ਕਰੋੜ ਰੁਪਏ ਹੋਰ ਕਿਸਾਨਾਂ ਨੂੰ ਦਿੱਤੇ ਜਾਣੇ ਸਨ। ਕੁੱਲ 6,400 ਕਰੋੜ ਰੁਪਏ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣੇ ਹਨ।