Wed. May 22nd, 2019

2-2 ਕਰੋੜ ਵਿਚ ਟਿਕਟਾਂ ਵੇਚਣ ਵਾਲੀ ਆਮ ਆਦਮੀ ਪਾਰਟੀ ਦਾ ਮਕਸਦ ਪੰਜਾਬ ਲੁੱਟਣਾ ਹੈ : ਹਰਸਿਮਰਤ ਕੌਰ ਬਾਦਲ

  2-2 ਕਰੋੜ ਵਿਚ ਟਿਕਟਾਂ ਵੇਚਣ ਵਾਲੀ ਆਮ ਆਦਮੀ ਪਾਰਟੀ ਦਾ ਮਕਸਦ ਪੰਜਾਬ ਲੁੱਟਣਾ ਹੈ : ਹਰਸਿਮਰਤ ਕੌਰ ਬਾਦਲ

ਮਾਨਸਾ, 26 ਦਸੰਬਰ (ਪ.ਪ.): ਅਰਵਿੰਦ ਕੇਜਰੀਵਾਲ, ਜਿਹੜਾ ਕਹਿੰਦਾ ਸੀ ਕਿ ਪਾਰਟੀ ਚੰਦੇ ਦਾ ਇਕ ਇਕ ਹਿਸਾਬ ਦੇਵੇਗਾ, ਇਸੇ ਕੇਜਰੀਵਾਲ ਨੇ ਆਪਣੀ ਵੈਬਸਾਈਟ ਤੋਂ ਚੰਦਾ ਦੇਣ ਵਾਲਿਆਂ ਦੀ ਲਿਸਟ ਕੱਢ ਦਿੱਤੀ ਹੈ, ਇਸ ਤੋਂ ਸਾਫ਼ ਹੈ ਕਿ ਇਨ੍ਹਾਂ ਦਾ ਕੰਮ ਸਿਰਫ਼ ਲੋਕਾਂ ਨੂੰ ਲੁੱਟਣਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਮਾਨਸਾ ਜ਼ਿਲ੍ਹੇ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਟੀ 2-2 ਕਰੋੜ ਰੁਪਏ ਲੈ ਕੇ ਲੋਕਾਂ ਨੂੰ ਪਾਰਟੀ ਦੀਆਂ ਟਿਕਟਾਂ ਵੰਡ ਰਹੇ ਹਨ, ਜੋ ਬਾਅਦ ਵਿਚ ਆ ਕੇ ਪੰਜਾਬ ਨੂੰ ਲੁੱਟਣਗੇ ਅਤੇ ਵਾਪਸ ਚੱਲੇ ਜਾਣਗੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਦਲਿਤਾਂ ਦੀ ਹਮਾਇਤੀ ਕਹਿਣ ਵਾਲੀ ਆਮ ਆਦਮੀ ਪਾਰਟੀ ਨੇ ਦਲਿਤਾਂ ‘ਤੇ ਅਤਿਆਚਾਰ ਕਰਨ ਵਾਲੇ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਦਲਿਤ ਵਰਗ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਪਾਰਟੀਆਂ ਦੇ ਲੋਕਾਂ ਨੂੰ ਮੂੰਹ ਨਾ ਲਗਾਉਣ।ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਮੁਕਾਬਲਾ ਕਿਸੇ ਵੀ ਦੂਜੇ ਰਾਜ ਦੀ ਸਰਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਜੋ ਵਾਅਦੇ ਜਨਤਾ ਨਾਲ ਕੀਤੇ, ਉਨ੍ਹਾਂ ਤੋਂ ਵੀ ਵੱਧ ਕਰ ਕੇ ਵਿਖਾਇਆ। ਬੀਬਾ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਖਜਾਨੇ ਦੀ ਵਰਤੋਂ ਸੂਬੇ ਦੇ ਲੋੜਵੰਦ ਤੇ ਗਰੀਬ ਵਿਅਕਤੀਆਂ ਨੂੰ ਸਹੂਲਤਾਂ ਦੇਣ ਲਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਚਾਹੇ ਆਟਾ ਦਾਲ ਸਕੀਮ ਹੋਵੇ, ਚਾਹੇ ਸ਼ਗਨ ਸਕੀਮ ਜਾਂ ਗਰੀਬ ਪ੍ਰੀਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ ਤੇ ਚੁਲ੍ਹੇ ਦੇਣ ਦੀ ਗੱਲ ਹੋਵੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੇ ਹਰੇਕ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ। ਬੀਬਾ ਬਾਦਲ ਨੇ ਕਿਹਾ ਪਰ ਇਸ ਦੇ ਉਲਟ ਆਪਣੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਨੇ ਜਨਤਾ ਦੇ ਪੈਸਿਆਂ ਦੀ ਲੁੱਟ ਖੋਹ ਕੀਤੀ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਇ ਖੁਦ ਹੀ ਕਰੋੜਪਤੀ ਬਣ ਬੈਠੇ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿਚ ਲੋਕਾਂ ਦੇ ਪੈਸਿਆਂ ਦੇ ਚੌਕੀਦਾਰ ਖੁਦ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਹੀ ਮਕਸਦ ਹੈ ਕਿ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਲੋਕਾਂ ਨੂੰ ਸਹੂਲਤਾਂ ਦੇਣ ‘ਤੇ ਹੀ ਖਰਚ ਹੋਵੇਗਾ।ਆਪਣੇ ਅੱਜ ਦੇ ਦੌਰੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਹਲਕੇ ਦੇ ਪਿੰਡ ਮਲਕੋ, ਮਘਾਣੀਆਂ, ਕਲੀਪੁਰ, ਖੁਡਾਲ ਕਲਾਂ, ਬਹਾਦਰਪੁਰ ਵਿਖੇ ਸਕੂਲਾਂ ਦੇ ਅਪਗ੍ਰੇਡੇਸ਼ਨ ਦੇ ਨੀਂਹ ਪੱਥਰ ਰੱਖੇ। ਇਸ ਤੋਂ ਇਲਾਵਾ ਉਨ੍ਹਾਂ ਬੋਹਾ ਵਿਖੇ 13 ਵਾਰਡਾਂ ਦੇ 434, ਬੁਢਲਾਡਾ ਵਿਖੇ 378 ਅਤੇ ਭੀਖੀ ਵਿਖੇ 288 ਲਾਭਪਾਤਰੀਆਂ ਨੂੰ ਉਨ੍ਹਾਂ ਦੇ ਨਵੇਂ ਮਕਾਨਾਂ ਦੀ ਉਸਾਰੀ ਅਤੇ ਪੁਰਾਣੇ ਘਰਾਂ ਦੀ ਮੁਰੰਮਤ ਲਈ ਕਰੀਬ ਸਾਢੇ 11 ਕਰੋੜ ਰੁਪਏ ਦੇ ਮੰਨਜ਼ੂਰੀ ਪੱਤਰ ਪ੍ਰਦਾਨ ਕੀਤੇ। ਇਸ ਉਪਰੰਤ ਬੀਬਾ ਬਾਦਲ ਨੇ ਬਰੇਟਾ ਬਲਾਕ ਦੇ ਪਿੰਡ ਬਹਾਦਰਪੁਰ ਵਿਖੇ 8 ਕਰੋੜ ਦੀ ਲਾਗਤ ਨਾਲ ਬਣੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਰੀਬ ਸਾਢੇ 16 ਲੱਖ ਦੀ ਲਾਗਤ ਨਾਲ ਮੁੜ ਉਸਾਰੀ ਕੀਤੀ ਭੀਖੀ ਕੈਨਾਲ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਇਸ ਕੈਨਾਲ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਕਾਫ਼ੀ ਫਾਇਦਾ ਪਹੁੰਚੇਗਾ। ਉਪਰੰਤ ਬੀਬਾ ਬਾਦਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 15 ਲੱਖ ਦੀ ਲਾਗਤ ਨਾਲ ਬਣੇ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਐਸ.ਪੀ. ਮਾਨਸਾ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੰਯਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਿੰਦਰ ਸਿੰਘ ਸਰਾ, ਚੇਅਰਮੈਨ ਪਨਸੀਡ ਪੰਜਾਬ ਸ਼੍ਰੀ ਸੁਖਵਿੰਦਰ ਸਿੰਘ ਔਲਖ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਸ਼੍ਰੀ ਜਗਦੀਪ ਸਿੰਘ ਨਕਈ, ਡਾ. ਨਿਸ਼ਾਨ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬੋਹਾ ਸ਼੍ਰੀ ਬੱਲਮ ਸਿੰਘ ਕਲੀਪੁਰ, ਪ੍ਰਧਾਨ ਨਗਰ ਪੰਚਾਇਤ ਬੋਹਾ ਸ਼੍ਰੀ ਜੋਗਾ ਸਿੰਘ, ਸਾਬਕਾ ਵਿਧਾਇਕ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ (ਸ਼ਹਿਰੀ) ਮੈਡਮ ਸਿਮਰਜੀਤ ਕੌਰ ਸਿੰਮੀ ਪ੍ਰਧਾਨ ਨਗਰ ਕੌਂਸਲ ਬੁਢਲਾਡਾ ਸ਼੍ਰੀ ਹਰਵਿੰਦਰ ਸਿੰਘ ਬੰਟੀ, ਸਰਕਲ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਕੁਲਾਣਾ, ਪ੍ਰਧਾਨ ਵਪਾਰ ਮੰਡਲ ਬੋਹਾ ਸ਼੍ਰੀ ਸੁਰਿੰਦਰ ਨੰਗਲਾ, ਸਰਕਲ ਪ੍ਰਧਾਨ ਸ਼੍ਰੀ ਮਹਿੰਦਰ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਮਘਾਣੀਆਂ, ਸ਼੍ਰੀ ਸੋਹਣਾ ਸਿੰਘ ਕਲੀਪੁਰ ਅਤੇ ਤੋਂ ਇਲਾਵਾ ਹੋਰ ਸਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਲਾਭਪਾਤਰੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: