2 ਮਹੀਨੇ ਬੀਤਣ ਦੇ ਬਾਵਜੂਦ ਵੀ ਵਾਅਦੇ ਪੂਰੇ ਨਾ ਕਰ ਸਕੀ ਕੈਪਟਨ ਸਰਕਾਰ, ਰਹੀ ਪੂਰੀ ਤਰ੍ਹਾਂ ਫੇਲ: ਚੰਦੂਮਾਜਰਾ

ss1

2 ਮਹੀਨੇ ਬੀਤਣ ਦੇ ਬਾਵਜੂਦ ਵੀ ਵਾਅਦੇ ਪੂਰੇ ਨਾ ਕਰ ਸਕੀ ਕੈਪਟਨ ਸਰਕਾਰ, ਰਹੀ ਪੂਰੀ ਤਰ੍ਹਾਂ ਫੇਲ: ਚੰਦੂਮਾਜਰਾ

ਦੇਵੀਗੜ੍ਹ— ਵੋਟਾਂ ਦੌਰਾਨ ਲੋਕਾਂ ਨਾਲ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਦੋ ਮਹੀਨੇ ਬੀਤ ਜਾਣ ‘ਤੇ ਆਪਣੇ ਵਾਅਦੇ ਪੂਰੇ ਨਾ ਕਰਨ ਕਾਰਨ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਇਸ ਸਰਕਾਰ ਨੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ, ਸਗੋਂ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਮਿਲੀਆਂ ਸਹੂਲਤਾਂ ਵੀ ਵਾਪਸ ਲੈਣ ‘ਤੇ ਤੁਲੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਬੁੱਧਵਾਰ ਨੂੰ ਅਨਾਜ ਮੰਡੀ ਦੇਵੀਗੜ੍ਹ ਵਿਖੇ ਆੜ੍ਹਤੀ ਵਿਕਰਮਜੀਤ ਸਿੰਘ ਫਰੀਦਪੁਰ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਬੜੀ ਹਿੱਕ ਠੋਕ ਕੇ ਲੋਕਾਂ ਨਾਲ ਕਰਜ਼ਾ ਮੁਕਤੀ, ਨੌਜਵਾਨਾਂ ਨੂੰ ਰੋਜ਼ਗਾਰ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਕੀਤੇ ਸਨ ਪਰ ਦੋ ਮਹੀਨੇ ਬੀਤ ਜਾਣ ‘ਤੇ ਵੀ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਕਿਸਾਨਾ ਦੇ ਕਰਜ਼ੇ ਮੁਆਫ ਕਰਨ ਦੇ ਫਾਰਮ ਭਰਵਾਏ ਸਨ ਪਰ ਅਜੇ ਤੱਕ ਕੈਪਟਨ ਸਰਕਾਰ ਕਰਜ਼ਿਆਂ ਦਾ ਹਿਸਾਬ-ਕਿਤਾਬ ਹੀ ਲਗਾਉਣ ‘ਚ ਲੱਗੀ ਹੈ ਅਤੇ ਕਿਸਾਨ ਕਰਜ਼ਾ ਮੁਆਫੀ ਦੀ ਉਡੀਕ ‘ਚ ਆਪਣੇ ਕਰਜ਼ੇ ਵੀ ਨਹੀਂ ਭਰ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਰਜੇ ਨਾ ਮੁਆਫ ਹੋਏ ਅਤੇ ਕਿਸਾਨਾਂ ਨੇ ਕਰਜ਼ੇ ਨਾ ਭਰੇ ਤਾਂ ਬੈਂਕ ਫੇਲ੍ਹ ਹੋ ਜਾਣਗੇ। ਇਸ ਲਈ ਸਰਕਾਰ ਨੂੰ ਕਿਸਾਨਾਂ ਦੇ ਕਰਜ਼ੇ ਜਲਦ ਮਾਫ ਕਰਨੇ ਚਾਹੀਦੇ ਹਨ।
ਇਸ ਤੋਂ ਇਲਾਵਾ ਕੈਪਟਨ ਨੇ ਪੰਜਾਬ ‘ਚੋਂ ਕੁਝ ਹਫਤਿਆਂ ‘ਚ ਨਸ਼ਾ ਖਤਮ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਦੋ ਮਹੀਨੇ ‘ਚ ਇਸ ਸਰਕਾਰ ਨੇ ਸਿਰਫ ਨਿੱਕੀਆਂ-ਨਿੱਕੀਆਂ ਮੱਛੀਆਂ ਹੀ ਫੜੀਆਂ, ਜਦੋਂ ਕਿ ਵੱਡੇ-ਵੱਡੇ ਮਗਰ ਮੱਛ ਉਸੇ ਤਰ੍ਹਾਂ ਨਸ਼ਾ ਵੇਚ ਰਹੇ ਹਨ, ਜਿਸ ਕਾਰਨ ਨਸ਼ੇ ਦਾ ਕਾਰੋਬਾਰ ਘਟਣ ਦੀ ਬਜਾਏ ਵੱਧ ਹੀ ਰਿਹਾ ਹੈ। ਇਸ ਲਈ ਸਰਕਾਰ ਨੂੰ ਨਸ਼ਾ ਖਤਮ ਕਰਨ ਲਈ ਠੋਸ ਕਦਮ ਚੁੱਕਣ ਦੀ ਜਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਸੰਘਰਸ਼ ਕਰਾਂਗੇ। ਇਸ ਮੌਕੇ ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਵੀ. ਆਈ. ਪੀ. ਕਲਚਰ ਲਾਲ ਬੱਤੀ ਲਗਾ ਕੇ ਖਤਮ ਨਹੀਂ ਹੋਣਾ, ਸਗੋਂ ਪਿੰਡਾਂ ਦੇ ਵਿਕਾਸ ਦੀ ਲੋੜ ਹੈ। ਇਸ ਲਈ ਕਾਂਗਰਸ ਸਰਕਾਰ ਨੂੰ ਵਿਕਾਸ ਦੇ ਕੰਮਾਂ ‘ਚ ਅੜਿੱਕੇ ਨਹੀਂ ਲਾਉਣੇ ਚਾਹੀਦੇ। ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ ਚੇਅਰਮੈਨ, ਹਰਜੀਤ ਸਿੰਘ ਅਦਾਲਤੀਵਾਲਾ, ਸਵਰਨ ਸਿੰਘ ਪ੍ਰਧਾਨ ਆੜ੍ਹਤੀ ਐਸੋ:, ਜਗਜੀਤ ਸਿੰਘ ਕੋਹਲੀ, ਹਰਦੇਵ ਸਿੰਘ ਸਰਪੰਚ ਫਰੀਦਪੁਰ, ਪ੍ਰਿਥੀ ਸਿੰਘ, ਜਸਵੀਰ ਸਿੰਘ ਠੇਕੇਦਾਰ, ਮਲਕੀਤ ਸਿੰਘ ਤੇ ਭੂਪਿੰਦਰ ਸਿੰਘ ਡੇਰਾ ਕੰਕਰੀਆਂ, ਮਨਦੀਪ ਸਿੰਘ, ਮਨਜੋਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *