ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

18 ਸਾਲ ਤੋ ਘੱਟ ਉਮਰ ਦੇ ਬੱਚਿਆਂ ਦਾ ਵਹੀਕਲ ਚਲਾਉਣਾ ਜਿਆਦਾਤਰ ਬਣ ਰਿਹਾ ਸੜਕੀ ਹਾਦਸਿਆਂ ਦਾ ਕਾਰਨ

18 ਸਾਲ ਤੋ ਘੱਟ ਉਮਰ ਦੇ ਬੱਚਿਆਂ ਦਾ ਵਹੀਕਲ ਚਲਾਉਣਾ ਜਿਆਦਾਤਰ ਬਣ ਰਿਹਾ ਸੜਕੀ ਹਾਦਸਿਆਂ ਦਾ ਕਾਰਨ

 

ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਵਿਸ਼ਵ ਪੱਧਰ ਤੇ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਕਾਸਸ਼ੀਲ ਦੇਸ਼ਾਂ ”ਚ ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਰੋਜ਼ਾਨਾ ਸੈਂਕੜੇ ਮਾਸੂਮ ਲੋਕ, ਜਿਨ੍ਹਾਂ ”ਚ ਜ਼ਿਆਦਾ ਨੌਜੁਆਨ ਵਰਗ ਆਉਂਦਾ ਹੈ, ਹਾਦਸਿਆਂ ਦਾਂ ਸ਼ਿਕਾਰ ਹੋ ਰਹੇ ਹਨ ।ਜ਼ਿਆਦਾਤਾਰ ਸੜਕ ਹਾਦਸੇ 18 ਸਾਲ ਤੋ ਘੱਟ ਉਮਰ ਦੇ ਟਰੈਫਿਕੱ ਨਿਯਮਾਂ ਤੋ ਅਣਜਾਣ ਬੱਚਿਆਂ ਦੇ ਤੇਜ਼-ਗਤੀ ਵਾਹਨ ਚਲਾਉਣ ਕਰਕੇ ਵਾਪਰ ਰਹੇ ਹਨ। ਭਿਆਨਕ ਸੜਕੀ ਹਾਦਸਿਆਂ ਦੀਆਂ ਖਬਰਾਂ ਪੜ੍ਹ ਕੇ ਦਿਲ ਕੰਬ ਉੱਠਦਾ ਹੈ।

ਵਾਹਨ ਚਲਾਉਣ ਸਬੰਧੀ ਇਕ ਸਭ ਤੋਂ ਅਹਿਮ ਨਿਯਮ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਾਹਨ ਨਹੀਂ ਚਲਾ ਸਕਦਾ। ਹੁਣ ਗੱਲ ਏਥੇ ਸਾਡੀ ਘਰਾਂ ਦੀ ਸ਼ੁਰੂ ਹੁੰਦੀ ਹੈ ਕਿ ਸਾਡਾ ਬੱਚਾ ਕਿੰਨੀ ਉਮਰ ਦਾ ਹੈ ਤੇ ਓਹ ਕਦੋਂ ਦਾ ਵਾਹਨ ਚਲਾ ਰਿਹਾ ਹੈ। ਸਾਡੀ ਤਰਾਸਦੀ ਹੈ ਕਿ ਅੱਜ ਹਰ ਘਰ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਕੂਟਰ ਮੋਟਰਸਾਇਕਲ ਤੇ ਕਾਰ ਆਮ ਚਲਾਉਂਦੇ ਹਨ।ਜੇ ਨਹੀਂ ਯਕੀਨ ਤਾਂ ਸਕੂਲਾਂ ਟਿਊਸ਼ਨਾਂ ਦੇ ਬਾਹਰ ਖੜੀ ਵਾਹਨਾਂ ਦੀ ਭੀੜ ਤੁਹਾਨੂੰ ਜਵਾਬ ਸਪੱਸ਼ਟ ਕਰ ਦਵੇਗੀ ।ਕੀ ਕਦੀ ਤੁਸੀਂ ਸੋਚਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਾਨੂੰਨ ਤੋੜਨਾਂ ਸਿਖਾ ਕੇ ਕਿਹੜੀ ਸਿੱਖਿਆ ਦੇ ਰਹੇ ਹਾਂ । ਜੇਕਰ ਬੱਚੇ ਇਹਨਾਂ ਟਰੈਫਿਕ ਕਾਨੂੰਨਾਂ ਨਿਯਮਾਂ ਤੋਂ ਅਣਜਾਣ ਹਨ ਤਾਂ ਤੁਸੀਂ ਤਾਂ ਨਹੀਂ,ਇਹ ਨਿਯਮ ਸਾਡੀ ਰਾਖੀ ਲਈ ਹੀ ਬਣੇ ਹਨ, ਪਰ ਅਸੀਂ ਖੁਦ ਭਾਗੀਦਾਰ ਹਾਂ ਇਹਨਾਂ ਨਿਯਮਾਂ ਨੂੰ ਤੋੜਣ ਦੇ ਤੇ ਆਪਣੇ ਬੱਚਿਆਂ ਨੂੰ ਵੀ ਜਾਣ ਬੁੱਝ ਕੇ ਕਾਨੂੰਨ ਤੋੜਨਾ ਸਿਖਾ ਰਹੇ ਹਾਂ।

ਜੇਕਰ ਅਸੀਂ ਇਹਨਾਂ ਨਿਯਮਾਂ ਦੀ ਤੁਲਨਾਂ ਵਿਦੇਸ਼ਾਂ ਨਾਲ ਕਰੀਏ ਤਾਂ ਓਧਰ ਵੀ ਬੱਚੇ ਹਨ,ਓਹਨਾਂ ਦੇ ਵੀ ਮਾਪੇ ਹਨ।ਵਿਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ ਦਾ ਵਾਹਨ ਚਲਾਉਣ ਬਾਰੇ ਸੋਚਦਾ ਵੀ ਨਹੀਂ।ਹੁਣ ਏਥੇ ਬਹੁਤ ਵੱਡਾ ਸਵਾਲ ਸਾਡੀ ਜਿੰਮੇਵਾਰੀ ਤੇ ਸਾਡੀ ਨੈਤਿਕਤਾ ਖੜਾ ਹੁੰਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾਂ ਬਹੁਤ ਖਤਰਨਾਕ ਹੈ ,ਇਹਨਾਂ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ।ਬੱਚਿਆ ਨੂੰ ਵਾਹਨ ਚਲਾਉਣ ਦੀ ਹੱਲਾਸ਼ੇਰੀ ਦੇਣ ਦੀ ਬਜਾਏ ਸਾਇਕਲ ਚਲਾਉਣ ਜਾਂ ਬੱਸਾਂ ਦੀ ਵਰਤੋਂ ਕਰਨ ਲਈ ਕਹੋ।ਇਸ ਅਣਗਹਿਲੀ ਨੂੰ ਰੋਕਣ ਲਈ ਮਾਤਾ ਪਿਤਾ ਤੇ ਟਰੈਫਿਕ ਪੁਲਿਸ ਨੂੰ ਜਿੰਮੇਵਾਰੀ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ।ਸਕੂਲਾਂ ਵਿੱਚ ਟਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ।ਆਦਰਸ਼ ਮਾਤਾ ਪਿਤਾ ਦੇ ਸਿੱਖਿਅਤ ਹੋਣ ਦਾ ਪ੍ਰਤੱਖ ਸਬੂਤ ਓਹਨਾਂ ਦੇ ਬੱਚੇ ਹੁੰਦੇ ਹਨ, ਸੋ ਓਹਨਾਂ ਨੂੰ ਟਰੈਫਿਕ ਨਿਯਮ ਤੋੜਣੇ ਨਾ ਸਿਖਾਓ, । ਓਹਨਾਂ ਨੂੰ ਸਿਖਾਓ ਕਿ ਜਿਸ ਤਰ੍ਹਾਂ ਕੁਦਰਤ ਵੀ ਇਕ ਨਿਯਮ ਵਿੱਚ ਚਲਦੀ ਹੈ ਉਸੇ ਤਰ੍ਹਾਂ ਸਾਡੀਆਂ ਸਰਕਾਰਾਂ ਵੱਲੋਂ ਬਣਾਏ ਹਰ ਇਕ ਨਿਯਮ ਅਹਿਮ ਹਨ,ਜੋ ਸਾਡੀ ਸੁਰੱਖਿਆ ਲਈ ਹੀ ਬਣੇ ਹਨ ਤੇ ਓਹਨਾਂ ਦੀ ਪਾਲਣਾ ਕਰਨੀ ਚਾਹੀਦੀ ਹਾਂ। ਨਿਯਮਾਂ ਦੀ ਪਾਲਣਾ ਕਰਨਾ ਸਾਡਾ ਜਿੰਮੇਵਾਰ ਨਾਗਰਕਿ ਹੋਣ ਦੀ ਪਛਾਣ ਹੈ।ਕਈ ਬੱਚਿਆਂ ਦੇ ਮਨ ਵਿਚ ਵਹਿਮ ਹੁੰਦਾ ਹੈ ਕਿ

ਮੈਂ ਤਾਂ ਚੰਗਾ ਡ੍ਰਾਈਵਰ ਹਾਂ, ਮੇਰਾ ਐਕਸੀਡੈਂਟ ਨਹੀਂ ਹੋਣ ਵਾਲਾ।” “ਐਕਸੀਡੈਂਟ ਸਿਰਫ਼ ਉਨ੍ਹਾਂ ਦੇ ਹੁੰਦੇ ਹਨ ਜਿਹੜੇ ਸੰਭਾਲ ਕੇ ਕਾਰ ਨਹੀਂ ਚਲਾਉਂਦੇ।” ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨਾਲ ਕਦੀ ਹਾਦਸਾ ਨਹੀਂ ਹੋਵੇਗਾ। ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਤੁਸੀਂ ਸੜਕਾਂ ਤੇ ਹੁੰਦੇ ਹਾਦਸਿਆਂ ਤੋਂ ਸੁਰੱਖਿਅਤ ਹੋ? ਇਸ ਤਰ੍ਹਾਂ ਸੋਚਣ ਅਤੇ ਹਾਦਸਿਆਂ ਦਾ ਸ਼ਿਕਾਰ ਹੋਣ ਨਾਲੋ ਸਾਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਕਿਉਂਕਿ ਬਿਨਾਂ ਟਰੈਫਿਕ ਨਿਯਮਾਂ ਦੀ ਜਾਣਕਾਰੀ ਤੋ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ ।18 ਸਾਲ ਉਮਰ ਪੂਰੀ ਹੋਣ ਤੋਂ ਬਾਅਦ ਜਦੋ ਵੀ ਅਸੀਂ ਆਪਣੇ ਬੱਚੇ ਦਾ ਡਰਾਈਵਿੰਗ ਲਾਇਸੰਸ ਬਣਵਾਉਦੇ ਹਾਂ ਉਸ ਤੋ ਬਾਅਦ ਵੀ ਸਾਨੂੰ ਆਪਣੇ ਬੱਚੇ ਨੂੰ ਸਿੱਧਾ ਵਹੀਕਲ ਚਲਾਉਣ ਲਈ ਨਹੀਂ ਦੇਣਾ ਚਾਹੀਦਾ ਹੈ ਸਗੋਂ ਬੱਚੇ ਨੂੰ ਕਿਸੇ ਮਾਹਿਰ ਕੋਲੋ ਵਹੀਕਲ ਚਲਾਉਣ ਦੀ ਟਰੇਨਿੰਗ ਦਿਵਿਉਣੀ ਚਾਹੀਦੀ ਹੈ ਤਾਂ ਜੋ ਬੱਚਾ ਸੜਕ ਤੇ ਵਹੀਕਲ ਚਲਾਉਣ ਲਈ ਸਾਰੇ ਟਰੈਫਿਕ ਨਿਯਮਾਂ ਤੋ ਜਾਗਰੂਕ ਹੋ ਜਾਏ ਅਤੇ ਕਿਸੇ ਵੀ ਤਰ੍ਹਾਂ ਦੇ ਸੜਕੀ ਹਾਦਸਿਆਂ ਤੋ ਬਚਿਆ ਜਾ ਸਕੇ ।ਸਾਨੂੰ ਵਾਹਨ ਚਲਾਉਣ ਦੀ ਟਰੇਨਿੰਗ ਦੇ ਨਾਲ ਨਾਲ ਵਾਹਨ ਵਿਚ ਕਿਸੇ ਤਰਾ ਦੀ ਖਰਾਬੀ ਪੈਣ ਤੇ ਥੋੜੀ ਬਹੁਤ ਮੁਢਲੀ ਜਾਣਕਾਰੀ ਵਾਹਨ ਨੂੰ ਠੀਕ ਕਰਨ ਬਾਰੇ ਵੀ ਰੱਖਣੀ ਚਾਹੀਦੀ ਹੈ ਤਾਂ ਜੋ ਅਚਾਨਕ ਅਸੀ ਸੜਕ ਤੇ ਚਲਦੇ ਚਲਦੇ ਵਾਹਨ ਦੇ ਖਰਾਬ ਹੋਣ ਤੇ ਥੋੜਾ ਬਹੁਤ ਵਾਹਨ ਨੂੰ ਠੀਕ ਕਰ ਸਕੀਏ ਤਾ ਜੋ ਸਾਨੂੰ ਸੜਕ ਤੇ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਾ ਆਏ। ਜੇਕਰ 18 ਸਾਲ ਤੋ ਘੱਟ ਉਮਰ ਦਾ ਬਿਨਾਂ ਟਰੇਨਿੰਗ ਤੋ ਬੱਚਾ ਵਾਹਨ ਚਲਾਉਦਾ ਹੈ ਤਾਂ ਉਹ ਸਾਡੇ ਸਭ ਲਈ ਖਤਰਨਾਕ ਹੈ ਅਤੇ ਸੜਕ ਦੇ ਦੂਸਰੇ ਪਾਸੇ ਤੋ ਬਿਲਕੁਲ ਸਹੀ ਚਲਦੇ ਆ ਰਹੇ ਵਹੀਕਲ ਲਈ ਵੀ ਦੁਰਘਟਨਾ ਦਾ ਕਾਰਨ ਬਣ ਜਾਂਦਾ ਹੈ ।ਅੱਜ ਕੱਲ੍ਹ 18 ਸਾਲ ਤੋ ਘੱਟ ਉਮਰ ਦੀਆਂ ਕੁੜੀਆਂ ਵਿੱਚ ਵੀ ਦਿਨੋ ਦਿਨ ਇਕ ਦੂਸਰੇ ਵੱਲ ਦੇਖ ਕੇ ਐਕਟਿਵਾ ਚਲਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ ।ਇਹ ਕੁੜੀਆਂ ਜਦੋਂ ਸੜਕ ਤੇ ਐਕਟਿਵਾ ਚਲਾ ਰਹੀਆਂ ਹੁੰਦੀਆ ਹਨ ਤਾਂ ਸੜਕ ਦੇ ਦੂਸਰੇ ਪਾਸੇ ਤੋ ਆ ਰਹੇ ਵਹੀਕਲ ਨੂੰ ਦੇਖ ਕੇ ਬਰੇਕ ਲਗਾਉਣ ਦੀ ਬਜਾਏ ਕਈ ਵਾਰ ਘਬਰਾਹਟ ਵਿੱਚ ਆ ਕੇ ਐਕਟਿਵਾ ਨੂੰ ਪੈਰਾਂ ਨਾਲ ਰੋਕਣਾ ਸ਼ੁਰੂ ਕਰ ਦਿੰਦੀਆਂ ਹਨ ਜਾ ਫਿਰ ਐਕਟਿਵਾ ਛੱਡ ਦਿੰਦੀਆ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣਦਾ ਹੈ ।

# ਟਰੈਫਿਕ ਦੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਚਲਾਇਆ ਜਾਵੇ ਸੜਕ ਤੇ ਵਹੀਕਲ

ਅੱਜ ਦੇ ਆਧੁਨਿਕ ਸਮਾਜ ਵਿੱਚ ਦੇ ਵਾਹਨ (ਕਾਰ, ਸਕੂਟਰ, ਮੋਟਰਸਾਇਕਲ) ਸਾਡੀ ਬੁਨਿਆਦੀ ਸਹੂਲਤ ਤੇ ਲੋੜ ਬਣ ਗਏ ਨੇ। ਇਹਨਾਂ ਤੋਂ ਬਿਨਾਂ ਅਸੀਂ ਅਧੂਰੇ ਜਿਹੇ ਮਹਿਸੂਸ ਕਰਦੇ ਹਾਂ। ਇਕ ਕਦਮ ਤੁਰਨ ਦੀ ਸੋਚ ਨੂੰ ਛੱਡ ਅਸੀਂ ਆਪਣੇ ਦੁਪਾਹੀਆ ਵਾਹਨ ਜਾਂ ਕਾਰ ਦੀ ਵਰਤੋਂ ਕਰਨ ਨੁੰ ਵੱਧ ਪਹਿਲ ਦਿੰਦੇ ਹਾਂ॥ਤਕਨਾਲੋਜੀ ਨੇ ਦੂਰੀਆਂ ਨੂੰ ਘੱਟ ਤੇ ਸੌਖਾ ਤਾਂ ਕਰ ਦਿੱਤਾ ਪਰ ਅਸੀਂ ਆਤਮ ਨਿਰਭਰ ਰਹਿਣ ਦਾ ਜੋ ਗੁਰ ਸੀ, ਉਸ ਨੂੰ ਭੁੱਲਣ ਲੱਗ ਪਏ ਜਾਂ ਕਹਿ ਲਵੋ ਭੁੱਲ ਚੁੱਕੇ ਹਾਂ।

ਅੱਜ ਹਰ ਘਰ ਵਿੱਚ ਸਕੂਟਰ ਮੋਟਰਸਾਇਕਲ ਜਰੂਰ ਹੈ ਤੇ ਹੋਣਾ ਵੀ ਲਾਜਮੀ ਹੈ। ਸਰਕਾਰਾਂ ਵੱਲੋਂ ਇਹਨਾਂ ਵਾਹਨਾਂ ਨੂੰ ਚਲਾਉਣ ਲਈ ਕਾਨੂੰਨ ਤੇ ਨਿਯਮ ਬਣਾਏ ਗਏ ਹਨ ਜੋ ਇਹਨਾਂ ਵਾਹਨਾਂ ਦੀ ਅਣਗਿਹਲੀ ਨਾਲ ਹੁੰਦੀ ਵਰਤੋਂ ਨੂੰ ਸੁਧਾਰਣ ਤੇ ਰੋਕਣ ਲਈ ਬਣਾਏ ਗਏ ਹਨ।ਇਹਨਾਂ ਕਾਨੂੰਨਾ ਤਹਿਤ ਤੁਹਾਡੇ ਦੁਪਹੀਆ ਜਾਂ ਚੌਪਾਹੀਆ ਵਾਹਨ ਦੇ ਕਾਗਜਾਤ, ਚਲਾਉਣ ਵਾਲੇ ਦਾ ਲਾਈਸੈਂਸ,ਕਾਰ ਜਾਂ ਗੱਡੀ ਨੂੰ ਸੜਕ ਤੇ ਚਲਾਉਣ ਦੇ ਨਿਯਮ ਸਬੰਧੀ ਜਾਣਕਾਰੀ ਹੋਣਾ ਕਾਨੂੰਨ ਲਾਜਮੀ ਹੁੰਦਾ ਹੈ।ਇਹ ਸਾਰੇ ਕਾਨੂੰਨ ਸਾਡੀ ਸੁਰੱਖਿਆ ਦੇ ਲਈ ਹੀ ਬਣਾਏ ਗਏ ਹਨ ਤਾਂ ਜੋ ਅਸੀ ਦੁਰਘਟਨਾਵਾਂ ਤੋਂ ਬਚ ਸਕੀਏ ਤੇ ਹੋਰਾਂ ਨੂੰ ਵੀ ਬਚਾਈਏ।

ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਇਹਨਾਂ ਸੜਕੀ ਨਿਯਮਾਂ ਤੇ ਕਾਨੂੰਨਾਂ ਦੇ ਆਦੀ ਨਹੀਂ ਹਾਂ।ਅਸੀਂ ਗੱਡੀ ਚਲਾਉਂਦਿਆ ਬੈਲਟ ਨਹੀਂ ਲਾਉਂਦੇ, ਸਕੂਰਟ ਮੋਟਰਸਾਇਕਲ ਚਲਾਉਂਦਿਆ ਹੈਲਮਟ ਨਹੀਂ ਪਹਿਣਦੇ,ਗੱਡੀ ਮੋਟਰਸਾਇਕਲ ਚਲਾਉਂਦਿਆਂ ਅਸੀ ਸਾਰੇ ਨਿਯਮਾਂ ਨੂੰ ਛਿੱਕੇ ਟੰਗਣਾ ਮਾਣ ਸਮਝਦੇ ਹਾਂ। ਸਾਨੂੰ ਇਹ ਸਭ ਮੰਨਣ ਤੋਂ ਗੈਰ ਜਿੰਮੇਵਾਰੀ ਤੇ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਅਸੀਂ ਇਹਨਾਂ ਨਿਯਮਾਂ ਤੇ ਕਾਨੂੰਨਾਂ ਨੂੰ ਆਪਣੇ ਆਪ ‘ਤੇ ਲਾਗੂ ਨਹੀਂ ਹੋਣ ਦਿੰਦੇ। ਸਗੋਂ ਅਸੀਂ ਬਹਾਦੁਰੀ ਨਾਲ ਚਲਾਣ ਕੱਟਣ ਵਾਲੇ ‘ਤੇ ਸਿਫਾਰਸ਼ ਦਾ ਧੌਂਸ ਵਿਖਾਉਣਾ ਦੇ ਆਦੀ ਹੋ ਗਏ।

# ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨੇਮਾਂ ਬਾਰੇ ਜਾਗਰੂਕ ਕੀਤਾ ਜਾਵੇ

ਸਾਡੇ ਦੇਸ਼ ਦੇ ਬਹੁਤੇ ਲੋਕਾਂ ਵੱਲੋਂ ਟਰੈਫ਼ਿਕ ਨਿਯਮਾਂ ਨੂੰ ਨਾ ਅਪਣਾਉਣਾ ਅਤੇ ਵਾਹਨਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਸੜਕ ਹਾਦਸੇ ਵਧਣ ਦਾ ਕਾਰਨ ਹੈ। ਦਿਨੋ-ਦਿਨ ਵਧ ਰਹੀ ਆਵਾਰਾ ਪਸ਼ੂਆਂ ਦੀ ਗਿਣਤੀ ਵੀ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਹੈ। ਵੇਖਣ ਵਿੱਚ ਆਉਂਦਾ ਹੈ ਕਿ ਦੋ ਪਹੀਆ ਵਾਹਨ ਅਕਸਰ ਛੋਟੀ-ਛੋਟੀ ਉਮਰ ਦੇ ਬੱਚੇ ਚਲਾ ਰਹੇ ਹੁੰਦੇ ਹਨ, ਜੋ ਨਹੀਂ ਹੋਣਾ ਚਾਹੀਦਾ। ਸਕੂਲ ਪ੍ਰਬੰਧਕਾਂ ਅਤੇ ਟਰੈਫ਼ਿਕ ਪੁਲੀਸ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਾਉਣ ਲਈ ਲਗਾਤਾਰ ਜਾਗਰੂਕਤਾ ਕੈਂਪ ਲਾਉਣ। ਸਮਾਜਸੇਵੀ ਸੰਸਥਾਵਾ ਵੀ ਅਜਿਹੇ ਜਾਗਰੂਕਤਾ ਕੈਂਪ ਲਾ ਕੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੀਆ ਹਨ। ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਨਾਲ ਹੀ ਸੜਕੀ ਹਾਦਸਿਆਂ ਨੂੰ ਰੋਕਣਾ ਸੰਭਵ ਹੈ।

# ਮੋਟਰ ਵਾਹਨ ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾਵੇ

ਭਾਰਤ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਆਏ ਦਿਨ ਵਧ ਰਹੀ ਹੈ। ਜ਼ਿਆਦਾ ਸੜਕ ਹਾਦਸੇ ਵਾਹਨਾਂ ਚਾਲਕਾਂ ਦੀ ਗ਼ਲਤੀ ਜਿਵੇਂ 18 ਸਾਲ ਤੋ ਘੱਟ ਉਮਰ ਦੇ ਛੋਟੇ ਛੋਟੇ ਬੱਚੇ ਤੇਜ਼ ਰਫ਼ਤਾਰ ਗੱਡੀ, ਟੁੱਟੀਆਂ ਸੜਕਾਂ ਤੇ ਆਵਾਰਾ ਪਸ਼ੂ ਕਰ ਕੇ ਵਾਪਰਦੇ ਹਨ। ਸੜਕ ਸੁਰੱਖਿਆ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇ ਤੇ ਮੋਟਰ ਵਹੀਕਲਜ਼ ਐਕਟ ਦੀਆਂ ਧਾਰਾਵਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ

# ਸੜਕ ਸੁਰੱਖਿਆ ਦੇ ਕੁੱਝ ਮਹੱਤਵਪੂਰਨ ਨਿਯਮ:

(1) ਆਵਾਜਾਈ ਦੇ ਨਿਯਮਾਂ ਅਤੇ ਚਿੰਨ੍ਹਾਂ ਨੂੰ ਹਮੇਸ਼ਾਂ ਧਿਆਨ ਨਾਲ ਪੜੋ ਤੇ ਉਹਨਾਂ ਦੀ ਪਾਲਣਾ ਕਰੋ।

(2) ਗੱਡੀ ਚਲਾਉਣ ਸਮੇਂ ਸੀਟ ਬੈਲਟ ਦਾ ਪ੍ਰਯੋਗ ਲਾਜ਼ਮੀ ਹੈ।ਵਾਹਨਾਂ ਦੇ ਇੰਡੀਕੇਟਰਾਂ ਦੀ ਮੁੜਣ ਸਮੇਂ ਵਰਤੋਂ ਜ਼ਰੂਰ ਕਰੋ।

(3) ਓਵਰ ਸਪੀਡ ਤੇ ਗੱਡੀ ਨਾ ਚਲਾਓ । 50-70 ਕਿ.ਮੀ. ਪ੍ਰਤੀ ਘੰਟਾ ਵਾਹਨ ਦੀ ਸਪੀਡ ਠੀਕ ਰਹਿੰਦੀ ਹੈ।

(4) ਡ੍ਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ।

(5) ਸਕੂਟਰ, ਮੋਟਰ-ਸਾਈਕਲ ਚਲਾਉਣ ਸਮੇਂ ਹੈਲਮਟ ਦਾ ਪ੍ਰਯੋਗ ਜ਼ਰੂਰ ਕਰੋ।

(6) ਨਬਾਲਗ ਗੱਡੀ ਨਾ ਚਲਾਉਣ।

(7) ਜ਼ੈਬਰਾ ਕਰਾਸਿੰਗ ਤੇ ਵਾਹਨ ਹੌਲੀ ਕਰ ਲਵੋ ਅਤੇ ਪੈਦਲ ਲੰਘਣ ਵਾਲਿਆਂ ਨੂੰ ਹਮੇਸ਼ਾਂ ਤਰਜੀਹ ਦਿਓ।

(8) ਆਪਣੀ ਗੱਡੀ ਦਾ ਸਮੇਂ-ਸਮੇਂ ਚੈੱਕਆਪ ਜ਼ਰੂਰ ਕਰਵਾਓ।ਟਾਇਰ ਫਟਣ ਕਰਕੇ ਵੀ ਬਹੁਤੇ ਹਾਦਸੇ ਹੁੰਦੇ

ਹਨ। ਇਸ ਲਈ ਵਾਹਨ ਨੂੰ ਮਕੈਨਿਕ ਤੋਂ ਚੰਗੀ ਤਰ੍ਹਾਂ ਨਾਲ ਚੈੱਕ ਕਰਵਾਓ ਅਤੇ ਸਮੇਂ ਸਿਰ ਸਰਵਿਸ ਵੀ

ਕਰਵਾਓ।

(9) ਜੇ ਤੁਹਾਡੇ ਕੋਲ ਪੱਕਾ ਜਾਂ ਆਰਜ਼ੀ ਲਾਇਸੈਂਸ ਹੈ ਤਾਂ ਹੀ ਤੁਸੀਂ ਗੱਡੀ ਚਲਾਉਣ ਦੇ ਯੋਗ ਹੋਵੋਗੇ।ਰੈਗੂਲਰ ਲਾਇਸੈਂਸ ਤੋਂ ਬਗੈਰ ਤੁਸੀਂ ਸੜਕ ਤੇ ਗੱਡੀ ਨਹੀਂ ਚਲਾ ਸਕਦੇ।

(10) ਟ੍ਰੈਫਿਕ ਪੁਲਿਸ ਦਾ ਹਮੇਸ਼ਾਂ ਸਹਿਯੋਗ ਕਰੋ। ਹਮੇਸ਼ਾਂ ਸੱਭਿਅਕ ਰਹਿ ਕੇ ਸੜਕ ਤੇ ਚਲੋ।ਸੜਕਾਂ ਸਭ ਦੀਆਂ

ਸਾਂਝੀਆਂ ਹਨ, ਸੜਕਾਂ ਤੇ ਗੰਦ ਨਾ ਪਾਵੋ। ਫਲਾਂ ਦੇ ਛਿਲਕੇ, ਕੂੜਾ-ਕਰਕਟ, ਪੱਥਰ, ਰੋੜੇ/ਬਜਰੀ ਆਦਿ

ਨਾ ਸੁੱਟੋ, ਇਹ ਸਭ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜੇ ਇਹ ਪਏ ਹੋਣ ਤਾਂ ਬੜੇ ਧਿਆਨ ਨਾਲ

ਚੁੱਕ ਕੇ ਇੱਕ ਪਾਸ ੇ ਰੱਖ ਦਿਓ।

(11) ਸ਼ਰਾਬ ਪੀ ਕੇ ਗੱਡੀ ਚਲਾਉਣੀ ਸਿੱਧੀ ਮੌਤ ਨਾਲ ਮਿਲਣੀ ਹੈ।ਅਜਿਹਾ ਕਦੇ ਵੀ ਨਾ ਕਰ ੋ।

(12) ਸੜਕਾਂ ਤੇ ਹੰਕਾਰ ”ਚ ਆ ਕੇ ਜਾਂ ਤੈਸ਼ ”ਚ ਆ ਕੇ ਗੱਡੀ ਕਦੀ ਵੀ ਨਾ ਚਲਾਓ, ਅਜਿਹਾ ਤੁਹਾਡੇ

ਵਾਸਤੇ ਅਤੇ ਹੋਰਨਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

(13) ਹਮੇਸ਼ਾਂ ਆਪਣੀ ਲੈਨ ”ਚ ਜਾਂ ਖੱਬੇ ਪਾਸੇ ਰਹਿ ਕੇ ਗੱਡੀ ਚਲਾਓ।ਗੱਡੀ ਦੇ ਸ਼ੀਸ਼ਿਆਂ ਰਾਹੀਂ ਪਿਛਲੀਆਂ ਆ ਰਹੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਨਾਲ ਭਾਂਪ ਕੇ ਹੀ ਅਗਲੇ ਵਾਹਨ ਨੂੰ ਸੱਜੇ ਪਾਸੇ ਤੋਂ ਕਰਾਸ ਕਰੋ।

ਸੋ ਸੜਕ ਸੁਰੱਖਿਆ ਦੇ ਮਹੱਤਵਪੂਰਨ ਨਿਯਮਾਂ ਨੂੰ ਅਪਣਾਉਣਾ ਤੇ ਉਹਨਾਂ ਦੀ ਪਾਲਣਾ ਕਰਨੀ ਸਾਡੀ ਸਭਨਾਂ ਦੀ ਜਿੰਮੇਵਾਰੀ ਹੈ।

ਸੰਦੀਪ ਕੰਬੋਜ
ਪਿੰਡ- ਗੋਲੂ ਕਾ ਮੋੜ
ਤਹਿਸੀਲ ਗੁਰੂਹਰਸਹਾਏ
ਜਿਲ੍ਹਾ ਫਿਰੋਜ਼ਪੁਰ (ਪੰਜਾਬ)
97810-00909

Leave a Reply

Your email address will not be published. Required fields are marked *

%d bloggers like this: