Thu. Oct 17th, 2019

16 ਜੂਨ ਨੂੰ ਪਿਤਾ ਦਿਵਸ ਉੱਤੇ ਵਿਸ਼ੇਸ਼: ਕਈ ਬਲੀਦਾਨ ਦੇ ਕੇ ਸੁਖਮਈ ਜੀਵਨ ਦੇਣ ਵਾਲੇ ਪਿਤਾ ਉੱਤੇ ਸਦਾ ਮਾਣ ਮਹਿਸੂਸ ਕਰੋ

16 ਜੂਨ ਨੂੰ ਪਿਤਾ ਦਿਵਸ ਉੱਤੇ ਵਿਸ਼ੇਸ਼: ਕਈ ਬਲੀਦਾਨ ਦੇ ਕੇ ਸੁਖਮਈ ਜੀਵਨ ਦੇਣ ਵਾਲੇ ਪਿਤਾ ਉੱਤੇ ਸਦਾ ਮਾਣ ਮਹਿਸੂਸ ਕਰੋ

ਗੁਰਪ੍ਰੀਤ ਸਿੰਘ ਰੰਗੀਲਪੁਰ

 

ਪਰਿਵਾਰ ਸਮਾਜ ਦੀ ਛੋਟੀ ਇਕਾਈ ਹੈ । ਘਰ ਵਿੱਚ ਮਾਤਾ-ਪਿਤਾ ਦੋਵਾਂ ਦੀ ਹੀ ਬਰਾਬਰ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਜੇਕਰ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆਂ ਜਾਂਦਾ ਹੈ ਤਾਂ ਪਿਤਾ ਨੂੰ ਵੀ ਰੱਬ ਹੀ ਮੰਨਿਆਂ ਜਾਂਦਾ ਹੈ । ਭਾਰਤ ਵਿੱਚ 16 ਜੂਨ ਨੂੰ ਤੀਜੇ ਐਤਵਾਰ ‘ਪਿਤਾ ਦਿਵਸ’ ਮਨਾਇਆ ਜਾ ਰਿਹਾ ਹੈ । ਇਸ ਦਿਨ ਪੂਰੇ ਦਿਨ ਹੀ ਸਾਰੇ ਟੀ.ਵੀ. ਚੈਨਲਾਂ, ਅਖਬਾਰਾਂ ਅਤੇ ਫੇਸਬੁੱਕ, ਵੱਟਸਐਪ, ਟਵੀਟਰ ਆਦਿ ਸ਼ੋਸ਼ਲ ਮੀਡਇਏ ਉੱਪਰ ਪਿਤਾ ਦੀ ਮਹਾਨਤਾ ਦੇ ਗੁਣ-ਗਾਣ ਗਾਏ ਜਾਣਗੇ । ਗੁਣ ਗਾਏ ਵੀ ਕਿਉਂ ਨਾ ਜਾਣ ? ਇਹ ਹੈ ਵੀ ਸੱਚ ਕਿ ਜੋ ਇੱਕ ਪਿਤਾ ਪਰਿਵਾਰ ਲਈ ਕਰਦਾ ਹੈ ਉਹ ਹੋਰ ਕੋਈ ਪਰਿਵਾਰ ਦੀ ਜੀਅ ਨਹੀਂ ਕਰ ਸਕਦਾ। ਦੀਪ ਸਿੰਘ ਲੁਧਿਆਣਵੀਂ ਨੇ ਇੱਕ ਕਵਿਤਾ ਵਿੱਚ ਪਿਤਾ ਦੁਆਰਾ ਕੀਤੇ ਬਲੀਦਾਨਾਂ ਦੀ ਉਸਤਤ ਇਵੇਂ ਕੀਤੀ ਹੈ ਕਿ,

“ ਧੰਨ ਭਾਗ ਨੇ ਮਿਰੇ ਜੋ, ਦੇਵਤੇ ਘਰ ਜਨਮ ਲਿਆ, ਇੱਕੋ ਕੰਮ ਨੇਕ ਰਿਹਾ ।
ਉਸ ਰੱਬ ਦੇ ਹੀ ਵਾਂਗੂੰ, ਨਿਰਸਵਾਰਥ ਇਹ ਦਾਤਾ, ਦਾਤਾਂ ਦੇ ਅਨੇਕ ਰਿਹਾ ।
ਜੰਮਦਿਆਂ ਛੱਤ ਦਿੱਤੀ, ਲੀੜ੍ਹਾ-ਲੱਤਾ, ਅੰਨ੍ਹ ਦਿੱਤਾ, ਸਿਰ ‘ਤੇ ਸਦਾ ਟੇਕ ਰਿਹਾ ।
ਹੌਂਸਲੇ ਨੇ ਖੰਭ ਦਿੱਤੇ, ਗਿਆਨ ਦੇ ਨੇਤਰ ਦਿੱਤੇ, ਜਿਨ੍ਹਾਂ ‘ਨਾ ਜਗ ਵੇਖ ਰਿਹਾ ।”

ਇਹ ਹਰ ਪਿਤਾ ਦੀ ਕਹਾਣੀ ਹੈ ਕਿ ਉਹ ਆਪਣੇ ਬੱਚਿਆਂ ਲਈ ਚੰਗਾ ਘਰ, ਚੰਗਾ ਪਹਿਰਾਵਾ, ਚੰਗੇ ਰਹਿਣ-ਸਹਿਣ ਲਈ ਸੁਖ-ਸਹੂਲਤਾਂ ਦਾ ਉੱਚਿਤ ਪ੍ਰਬੰਧ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ । ਆਪ ਉਹ ਸਾਈਕਲ ਉੱਤੇ ਸਾਰੀ ਉਮਰ ਕੱਟ ਲੈਂਦਾ ਹੈ ਪਰ ਬੱਚਿਆਂ ਲਈ ਸੁਖ ਦੇਣ ਵਾਲੇ ਸਾਧਨਾਂ ਲਈ ਪੂਰੀ ਮਿਹਨਤ ਕਰਦਾ ਹੈ । ਉਹ ਆਪਣੇ ਬੱਚਿਆਂ ਲਈ ਆਪਣੀਆਂ ਭਾਵਨਾਵਾਂ, ਆਪਣੇ ਸੁਪਨੇ ਤੱਕ ਤਿਆਗ ਦਿੰਦਾ ਹੈ । ਉਹ ਬੱਚਿਆਂ ਦੇ ਵੇਖੇ ਸੁਪਨੇ ਵੀ ਬਿਨਾਂ ਦੱਸੇ ਹੀ ਪੂਰੇ ਕਰਨ ਲਈ ਜ਼ੋਰ ਲਾ ਦਿੰਦਾ ਹੈ । ਦਰਅਸਲ ਉਹ ਆਪਣੇ ਲਈ ਨਹੀਂ ਬਲਕਿ ਸੁਪਨੇ ਵੀ ਆਪਣੇ ਬੱਚਿਆਂ ਲਈ ਹੀ ਵੇਖਦਾ ਹੈ । ਪੈਲ਼ੀ ਕੀ ਉਹ ਆਪਣਾ-ਆਪ ਵੇਚ ਕੇ ਵੀ ਬੱਚੇ ਬਾਹਰਲੇ ਦੇਸ਼ ਭੇਜਦਾ ਹੈ । ਉਹ ਆਪ ਅਨਪੜ੍ਹ ਰਹਿ ਕੇ ਬੱਚਿਆਂ ਨੂੰ ਜ਼ਮੀਨਾਂ ਗਹਿਣੇ ਪਾ ਕੇ ਜਾਂ ਕਰਜ਼ੇ ਚੁੱਕ ਕੇ ਵੀ ਪੜ੍ਹਾ-ਲਿਖਾ ਦਿੰਦਾ ਹੈ । ਬਲਜੀਤ ਮਾਲਵੇ ਦਾ ਗਾਇਆ ਗੀਤ ਵੀ ਗਵਾਹੀ ਭਰਦਾ ਹੈ ਕਿ,

“ਬਾਬਲ ਸਾਡਾ ਜਾਨ ਤੋੜ ਕੇ, ਕਰਦਾ ਰਿਹਾ ਕਮਾਈਆਂ ਜੀ,
ਬਈ ਸਾਡਾ ਕੰਮ ਸੀ ਬੁੱਲ੍ਹੇ ਵੱਢਣਾ, ਐਸ਼ਾਂ ਖੂਬ ਉਡਾਈਆਂ ਸੀ,
ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜ੍ਹੀਆਂ ।
ਉਹ ਮੌਜ਼ਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ ।”

ਧੀਆਂ ਵੀ ਆਪਣੇ ਬਾਪ ਦੇ ਹੁੰਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੀਆਂ ਹਨ । ਪਿਤਾ ਸਾਹਮਣੇ ਹੋਵੇ ਤਾਂ ਉਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਰਹਿੰਦਾ । ਬਾਪ ਨਾਲ ਵੀ ਧੀਆਂ ਦੀ ਦੁੱਖ-ਸੁੱਖ ਦੀ ਸਾਂਝ ਹੁੰਦੀ ਹੈ । ਉਹਨਾਂ ਨੂੰ ਬਾਪ ਕੋਲੋਂ ਮਾਂ ਵਾਲਾ ਪਿਆਰ ਵੀ ਮਿਲਦਾ ਹੈ ਅਤੇ ਬਾਪ ਵਾਲੀ ਸੁਰੱਖਿਆ ਵੀ । ਇਸੇ ਲਈ ਜਦੋਂ ਧੀਆਂ ਸਹੁਰੇ ਘਰੀਂ ਵੀ ਚੱਲੀਆ ਜਾਂਦੀਆਂ ਹਨ ਤਾਂ ਵੀ ਉਹ ਆਪਣੇ ਬਾਪ ਵੱਲੋਂ ਸਿਰ ਉੱਤੇ ਹੱਥ ਰੱਖਣ ਨੂੰ ਅਤੇ ਪਿਤਾ ਵੱਲੋਂ ਸੀਨੇ ਨਾਲ ਲਾਉਣ ਨੂੰ ਬਹੁਤ ਮਹੱਤਵ ਦਿੰਦੀਆਂ ਹਨ । ਉਹ ਪਿਤਾ ਦੀਆਂ ਅਸੀਸਾਂ ਸੁਣ ਕੇ ਬਾਗ਼ੋ-ਬਾਗ਼ ਹੋ ਜਾਂਦੀਆਂ ਹਨ । ਅਜਿਹੀ ਹੀ ਇੱਕ ਭਾਵਨਾ ਨੂੰ ਦਰਸਾਉਂਦੀ ਗੁਰਦੀਸ਼ ਕੌਰ ਗਰੇਵਾਲ ਦੀ ਕਵਿਤਾ ਹੈ ਕਿ,

“ ਸਿਰ ਉੱਤੇ ਹੱਥ ਧਰ, ਸੀਨੇ ਨਾਲ ਲਾਂਵਦਾ,
ਅਸੀਸ ਉਹਦੀ ਸੁਣ ਕੇ, ਕਲੇਜਾ ਠਰ ਜਾਂਵਦਾ,
ਦੁੱਖ-ਸੁੱਖ ਪੁੱਛਦਾ ਤੇ ਆਪਣਾ ਸੁਣਾਏ ਨੀਂ ।
ਅੱਜ ਮੈਨੂੰ ਯਾਦ ਬੜ੍ਹੀ ਬਾਪ ਦੀ ਸਤਾਏ ਨੀਂ ।”

ਸੱਚ ਹੈ ਕਿ ਪਿਤਾ ਦੇ ਕੀਤੇ ਬਲੀਦਾਨਾਂ ਕਰਕੇ ਹੀ ਔਲਾਦ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ । ਸੱਚਮੁੱਚ ਹੀ ਪਿਤਾ ਇੱਕ ਪਲ ਵੀ ਟਿਕ ਕੇ ਨਹੀਂ ਬੈਠਦਾ । ਉਹ ਹਰ ਪਲ ਆਪਣੇ ਬੱਚਿਆਂ ਲਈ, ਪਰਿਵਾਰ ਲਈ ਮਿਹਨਤ ਕਰਦਾ ਦਿਨ-ਰਾਤ ਇੱਕ ਕਰ ਦਿੰਦਾ ਹੈ । ਉਹ ਆਪ ਸਾਈਕਲ ਉੱਤੇ ਸਾਰੀ ਉਮਰ ਕੱਟ ਲੈਂਦਾ ਹੈ । ਆਪ ਅਨਪੜ੍ਹ ਰਹਿ ਕੇ ਵੀ ਪੈਲ਼ੀ ਗਹਿਣੇ ਪਾ ਕੇ ਵੀ ਧੀਆਂ-ਪੁੱਤਾਂ ਨੂੰ ਅਫਸਰ ਬਣਾ ਲੈਂਦਾ ਹੈ । ਕਰਜ਼ੇ ਚੁੱਕ ਕੇ , ਜ਼ਮੀਨਾਂ ਵੇਚ ਕੇ ਔਲਾਦ ਦੇ ਸੁਪਨੇ ਪੂਰੇ ਕਰਨ ਲਈ ਉਸਨੂੰ ਵਿਦੇਸ਼ ਭੇਜਦਾ ਹੈ । ਆਪ ਕਿਸੇ ਦੇ ਘਰੇ ਦਿਹਾੜੀ ਤੱਕ ਲਾਉਣੋਂ ਵੀ ਗੁਰੇਜ਼ ਨਹੀਂ ਕਰਦਾ । ਪਰ ਬੱਚਿਆਂ ਨੂੰ ਮੰਜਿਲ ਤੱਕ ਪਹੁੰਚਾ ਦਿੰਦਾ ਹੈ । ਉਸਦੇ ਕੀਤੇ ਅਹਿਸਾਨਾਂ ਨੂੰ ਯਾਦ ਕਰਨ ਲੱਗੀਏ ਤਾਂ ਹਰ ਅੱਖ ਵਿੱਚੋਂ ਹੰਝੂ ਚੋ ਸਕਦੇ ਹਨ । ਲਵਲੀ ਨੂਰ ਦਾ ਗਾਇਆ ਗੀਤ ਇਸੇ ਸੱਚ ਨੂੰ ਦਰਸਾਉਂਦਾ ਹੈ ਕਿ,

“ ਦਿਨ ਰਾਤ ਕੀਤਾ ਜਿਹਨੇ ਇੱਕ ਮੇਰੇ ਲਈ, ਪਲ ਵੀ ਨਹੀਂ ਬੈਠਾ ਜਿਹੜਾ ਟਿਕ ਮੇਰੇ ਲਈ,
ਕਿੰਨੇ ਅਹਿਸਾਨ ਮੇਰੇ ਸਿਰ ‘ਤੇ ਸੋਚ-ਸੋਚ ਅੱਖੋਂ ਹੰਝੂ ਚੋ ਗਿਆ ।
ਬਾਪੂ ਤੇਰੇ ਕਰਕੇ ਮੈਂ ਪੈਰਾਂ ‘ਤੇ ਖਲ੍ਹੋ ਗਿਆ । ਤੂੰ ਸਾਈਕਲਾਂ ‘ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ।”

ਦੁਖਾਂਤ ਇਹ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਪਿਤਾ ਨੂੰ ਜ਼ਮੀਨਾਂ-ਜ਼ਾਇਦਾਦਾਂ ਜਾਂ ਪੈਨਸ਼ਨ ਦੇਣ ਤੱਕ ਹੀ ਸੀਮਿਤ ਸਮਝਿਆ ਜਾਂਦਾ ਹੈ । ਪਿਤਾ ਦੇ ਹੱਥੀਂ ਪੈਣਾ ਤਾਂ ਆਮ ਗੱਲ ਹੈ । ਇੱਥੇ ਜ਼ਮੀਨ-ਜ਼ਾਇਦਾਦਾਂ ਲਈ ਪਿਉ ਕਤਲ ਤੱਕ ਕਰ ਦਿੱਤਾ ਜਾਂਦਾ ਹੈ । ਜਿਸ ਬਾਪ ਕੋਲ ਬੁਢਾਪੇ ਵਿੱਚ ਜ਼ਮੀਨ,ਜ਼ਾਇਦਾਦ ਜਾਂ ਪੈਨਸ਼ਨ ਨਹੀਂ ਹੈ ਉਸਦਾ ਬੁਢਾਪਾ ਰੁਲ੍ਹ ਜਾਂਦਾ ਹੈ ।ਔਲਾਦ ਉਸਨੂੰ ਇੱਕ ਡੰਗ ਦੀ ਰੋਟੀ ਵੀ ਨਹੀਂ ਦਿੰਦੀ । ਉਹ ਆਸ਼ਰਮਾਂ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੱਟਣ ਲਈ ਮਜ਼ਬੂਰ ਹੁੰਦਾ ਹੈ । ਜੋ ਪਿਤਾ ਆਪਣੀਆਂ ਸਾਰੀਆਂ ਜ਼ਮੀਨਾਂ-ਜ਼ਾਇਦਾਦਾਂ ਵੇਚ ਕੇ, ਕਰਜ਼ੇ ਚੁੱਕ ਆਪਣੀ ਔਲਾਦ ਨੂੰ ਵਿਦੇਸ਼ ਭੇਜਦਾ ਹੈ ਉਹ ਔਲਾਦ ਮੁੜ ਕਦੀ ਉਸਦਾ ਹਾਲ ਤੱਕ ਵੀ ਨਹੀਂ ਪੁੱਛਦੀ । ਪੈਲ਼ੀ ਗਹਿਣੇ ਪਾ ਕੇ ਅਫਸਰ ਬਣਾਏ ਧੀ-ਪੁੱਤ ਬਾਪ ਨੂੰ ਪਿਤਾ ਕਹਿਣ ਨਾਲੋਂ ਆਪਣਾ ਨੌਂਕਰ ਦੱਸਣ ਵਿੱਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ । ਕੌੜਾ ਸੱਚ ਹੈ ਕਿ ਪਿਤਾ ਦੇ ਪਿਆਰ-ਸਤਿਕਾਰ ਨੂੰ ਸਿਰਫ ‘ਪਿਤਾ ਦਿਵਸ’ ਉੱਤੇ ਮੀਡੀਆ ਜਾਂ ਸ਼ੋਸ਼ਲ ਮੀਡੀਆ ਉੱਪਰ ਪਿਤਾ ਨਾਲ ਫੋਟੋਆਂ ਪਾ ਕੇ ਪੋਸਟ ਪਾਉਣ ਤੱਕ ਸੀਮਿਤ ਸਮਝਿਆ ਜਾਂਦਾ ਹੈ ।
ਅੰਤ ਵਿੱਚ ਬਸ ਇਹੀ ਕਹਾਂਗਾ ਕਿ ਪਰਿਵਾਰ ਵਿੱਚ ਬਾਪ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਉਸਨੇ ਆਪਣੀ ਸਾਰੀ ਉਮਰ ਹੀ ਆਪਣੇ ਬੱਚਿਆਂ ਲਈ ਲਾਈ ਹੁੰਦੀ ਹੈ । ਬਹੁਤ ਸਾਰੇ ਬਲੀਦਾਨ ਕਰਕੇ ਆਪਣੇ ਬੱਚਿਆਂ ਨੂੰ ਮੰਜਿਲ ਤੱਕ ਪਹੁੰਚਾਇਆ ਹੁੰਦਾ ਹੈ । ਆਪਣੇ ਮੌਜ਼ੂਦਾ ਸਾਧਨਾਂ ਦੀ ਵਰਤੋਂ ਕਰਕੇ ਹੱਡਭੰਨਵੀਂ ਮਿਹਨਤ ਰਾਹੀਂ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਅਤੇ ਕਿਸੇ ਕਾਬਿਲ ਬਣਾਇਆ ਹੁੰਦਾ ਹੈ । ਇਸ ਲਈ ਸਾਨੂੰ ਸਭ ਨੂੰ ਸਿਰਫ ‘ਪਿਤਾ ਦਿਵਸ’ ਉੱਤੇ ਮੀਡੀਆ ਜਾਂ ਸ਼ੋਸ਼ਲ ਮੀਡੀਆ ਰਾਹੀਂ ਹੀ ਨਹੀਂ ਬਲਕਿ ਹਰ ਰੋਜ਼ ਆਪਣੇ ਪਿਤਾ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ । ਉਸਨੂੰ ਬੁਢਾਪੇ ਵਿੱਚ ਵੱਧ ਤੋਂ ਵੱਧ ਸੁਖ-ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ । ਉਸਨੇ ਜਿਹੜੀਆਂ ਰੀਝਾਂ ਸਾਡੇ ਲਈ ਆਪਣੇ ਮਨ ਵਿੱਚ ਹੀ ਦਬਾ ਲਈਆਂ ਸਨ ਸਾਨੂੰ ਉਸਦੀਆਂ ਉਹ ਰੀਝਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ । ਜ਼ਮੀਨ-ਜ਼ਾਇਦਾਦਾਂ ਜਾਂ ਪੈਨਸ਼ਨ ਲਈ ਪਿਤਾ ਨੂੰ ਮਾਣ ਨਾ ਦੇ ਕੇ ਬਲਕਿ ਦਿਲੋਂ ਨਿਰਸੁਆਰਥ ਉਸ ਦੁਆਰਾ ਕੀਤੇ ਬਲੀਦਾਨਾਂ ਨੂੰ ਯਾਦ ਕਰਕੇ ਆਪ ਵੀ ਨਿਰਸੁਆਰਥ ਉਸ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣਾ ਹੀ ‘ਪਿਤਾ ਦਿਵਸ’ ਦੀ ਅਸਲ ਸਾਰਥਿਕਤਾ ਹੈ । ਅਫਸਰ ਬਣ ਕੇ ਵੀ ਪਿਤਾ ਨੂੰ ਪਿਤਾ ਹੀ ਕਹਿ ਕੇ ਮਾਣ ਮਹਿਸੂਸ ਕਰੋ ।ਵਿਦੇਸ਼ੋਂ ਪਰਤ ਕੇ ਰੁਲ੍ਹਦੇ ਬੁਢਾਪੇ ਨੂੰ ਸਾਂਭੋਂ । ਇਹੀ ‘ਪਿਤਾ ਦਿਵਸ’ ਦੀ ਸਾਰਥਿਕਤਾ ਹੈ ।

Leave a Reply

Your email address will not be published. Required fields are marked *

%d bloggers like this: