ss1

ਝੋਨੇ ਵਿੱਚ ਕੀਟਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ ਬਾਰੇ ਕੈਂਪ ਲਾਇਆ

12-1

ਦਿੜ੍ਹਬਾ ਮੰਡੀ, 12 ਅਗਸਤ (ਰਣ ਸਿੰਘ ਚੱਠਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਪਿੰਡ ਕਾਂਝਲਾ ਦੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਵਿਖੇ ਝੋਨੇ ਵਿੱਚ ਕੀਟਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਸੁਨੀਲ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ 5 ਪ੍ਰਤੀਸ਼ਤ ਅਤੇ ਬਾਸਮਤੀ ਵਿੱਚ 2 ਪ੍ਰਤੀਸ਼ਤ ਗੋਭਾਂ ਸੁੱਕਣ ‘ਤੇ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 10 ਪ੍ਰਤੀਸ਼ਤ ਹਮਲਾ ਹੋਣ ‘ਤੇ ਹੀ ਸਿਫਾਰਸ਼ ਕੀਤੀਆਂ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨਾਂ ਝੋਨੇ ਵਿੱਚ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ ਆਦਿ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਬਾਰੇ ਵੀ ਦੱਸਿਆ। ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਿਸਾਨਾਂ ਨੂੰ ਖੇਤੀ ਵਿੱਚ ਵਿਗਿਆਨਕ ਢੰਗ-ਤਰੀਕੇ ਅਪਣਾ ਕੇ ਖੇਤੀ ਖਰਚੇ ਘਟਾਉਣ ਦੇ ਨੁਕਤੇ ਦੱਸੇ। ਉਨਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਜੈਵਿਕ ਖਾਦਾਂ ਵਰਤਣ ਦੀ ਸਲਾਹ ਵੀ ਦਿੱਤੀ। ਇੰਜ. ਅਪੂਰਵ ਪ੍ਰਕਾਸ਼, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਦੱਸਿਆ। ਉਨਾਂ ਜ਼ੋਰ ਦੇ ਕੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਇਆਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ। ਇਸ ਮੌਕੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਅਤੇ ਹੈਪੀ ਸੀਡਰ ਬਾਰੇ ਖੇਤੀ ਸਾਹਿਤ ਵੀ ਵੰਡਿਆ ਗਿਆ। ਪਿੰਡ ਦੇ ਕਿਸਾਨ ਕੁਲਵਿੰਦਰ ਸਿੰਘ ਦੇ ਖੇਤ ਵਿਖੇ ਮਿਰਚ ਦੀ ਫ਼ਸਲ ਦਾ ਮੁਆਇਨਾ ਕੀਤਾ ਗਿਆ। ਸ. ਜਰਨੈਲ ਸਿੰਘ, ਸਕੱਤਰ, ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ, ਕਾਂਝਲਾ ਨੇ ਸਭਨਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਕੇਸਰ ਸਿੰਘ, ਜਗਤਾਰ ਸਿੰਘ, ਕਰਮਜੀਤ ਸਿੰਘ, ਕਰਨੈਲ ਆਦਿ ਕਿਸਾਨ ਵਿਸ਼ੇਸ ਤੌਰ ਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *