15 ਦਿਨ ਪਹਿਲਾਂ ਜੰਮੇ ਪੁੱਤ ਦਾ ਮੂੰਹ ਵੀ ਨਹੀਂ ਦੇਖ ਸਕਿਆ ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋਇਆ ਸੁਖਬੀਰ

ss1

15 ਦਿਨ ਪਹਿਲਾਂ ਜੰਮੇ ਪੁੱਤ ਦਾ ਮੂੰਹ ਵੀ ਨਹੀਂ ਦੇਖ ਸਕਿਆ ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋਇਆ ਸੁਖਬੀਰ

ਕਹਿੰਦੇ ਹਨ ਕਿ ਧਰਤੀ ‘ਤੇ ਪੈਦਾ ਹੋਏ ਹਰ ਇਨਸਾਨ ਦੀ ਮੌਤ ਦੀ ਤਰੀਕ ਤੇ ਸਥਾਨ ਪ੍ਰਮਾਤਮਾ ਵੱਲੋਂ ਪਹਿਲਾਂ ਹੀ ਤੈਅ ਕੀਤਾ ਜਾਂਦਾ ਹੈ ਅਤੇ ਉਹ ਇਨਸਾਨ ਖੁਦ ਉਸ ਜਗ੍ਹਾ ‘ਤੇ ਚੱਲ ਕੇ ਪਹੁੰਚਦਾ ਹੈ। ਸਮਾਂ ਪੂਰਾ ਹੋਣ ‘ਤੇ ਮੌਤ ਦਾ ਕਾਲ ਉਸ ਇਨਸਾਨ ਨੂੰ ਆਪਣੇ ਕਲਾਵੇ ‘ਚ ਲੈਣ ਸਮੇਂ ਕੋਈ ਤਰਸ ਨਹੀਂ ਕਰਦਾ। ਅਜਿਹਾ ਕੁਝ ਹੀ ਵਾਪਰਿਆ ਹੈ ਨਜ਼ਦੀਕੀ ਪਿੰਡ ਸੁਖਾਨੰਦ ਦੇ ਪਰਿਵਾਰ ਦੇ ਇਕਲੌਤੇ ਲੜਕੇ ਸੁਖਬੀਰ ਸਿੰਘ ਨਾਲ। ਕਰੀਬ 2 ਸਾਲ ਪਹਿਲਾਂ ਕੈਨੇਡਾ ਗਏ ਸੁਖਬੀਰ ਨਾਲ ਹੋਣੀ ਨੇ ਵੀ ਬਹੁਤ ਹੀ ਦਰਦਨਾਕ ਖੇਡ ਖੇਡੀ। ਸੁਖਬੀਰ ਸਿੰਘ ਦੇ ਪਿਤਾ ਜਰਨੈਲ ਸਿੰਘ ਦੀ ਕੈਂਸਰ ਨਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਪਿਛਲੇ ਦਿਨੀਂ ਕੈਨੇਡਾ ਦੇ ਓਨਟਾਰੀਓ ‘ਚ ਨੈਸ਼ਨਲ ਹਾਈਵੇ ‘ਤੇ ਟਰਾਲਾ ਲਿਜਾਂਦੇ ਸਮੇਂ ਦੂਸਰੇ ਟਰਾਲੇ ਨਾਲ ਭਿਆਨਕ ਟੱਕਰ ਦੌਰਾਨ ਪਰਿਵਾਰ ਦਾ ਇਹ ਸੂਹਾ ਅਤੇ ਮਹਿਕਦਾ ਫੁੱਲ ਹਮੇਸ਼ਾ ਲਈ ਮੁਰਝਾਅ ਗਿਆ ਅਤੇ ਜਦੋਂ ਇਸ ਦੀ ਖਬਰ ਪਿੰਡ ਪਹੁੰਚੀ ਤਾਂ ਸੁਖਬੀਰ ਦੀ ਪਤਨੀ, ਜੋ ਕਿ ਖੁਦ ਆਪਣੇ ਪਿਆਰੇ ਪਤੀ ਕੋਲ ਕੈਨੇਡਾ ਜਾਣ ਦੇ ਅੱਖਾਂ ‘ਚ ਸੁਪਨੇ ਸਮਾ ਕੇ ਬੈਠੀ ਸੀ ਅਤੇ ਉਸ ਦੀ ਮਾਤਾ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮਿਲਾਪੜੇ ਸੁਭਾਅ ਦੇ ਮਾਲਕ ਸੁਖਬੀਰ ਦੀ ਮੌਤ ਨਾਲ ਸੁਖਾਨੰਦ ਪਰਿਵਾਰ ਹੀ ਨਹੀਂ ਬਲਕਿ ਇਲਾਕੇ ‘ਚ ਵੀ ਸੋਗ ਦੀ ਲਹਿਰ ਦੌੜ ਗਈ।

ਸਾਲ ਪਹਿਲਾਂ ਹੋਇਆ ਸੀ ਵਿਆਹ ਅਤੇ 14 ਦਿਨ ਪਹਿਲਾਂ ਹੋਇਆ ਪੁੱਤਰ ਦਾ ਜਨਮ
ਸੁਖਬੀਰ ਸਿੰਘ ਦਾ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਹੀ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਸੁਖਬੀਰ ਦੀ ਪਤਨੀ ਰਮਨਦੀਪ ਕੌਰ ਨੇ ਕਰੀਬ 14 ਦਿਨ ਪਹਿਲਾਂ ਹੀ ਚੰਨ ਵਰਗੇ ਪੁੱਤਰ ਨੂੰ ਜਨਮ ਦਿੱਤਾ ਹੈ। ਹੋਣੀ ਦੇਖੋ ਕਿੰਨੀ ਬਲਵਾਨ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਪਿਤਾ ਨੂੰ ਪੁੱਤਰ ਅਤੇ ਪੁੱਤਰ ਨੂੰ ਪਿਤਾ ਦੇਖਣਾ ਵੀ ਨਸੀਬ ਨਹੀਂ ਹੋਇਆ। ਇਕ ਪਾਸੇ ਤਾਂ ਸੁਖਬੀਰ ਦੇ ਘਰ ਨੰਨ੍ਹੇ ਰਾਜਕੁਮਾਰ ਦੇ ਜਨਮ ਦੀਆਂ ਖੁਸ਼ੀਆਂ ਫੈਲੀਆਂ ਹੋਈਆਂ ਸਨ, ਜਦਕਿ ਉਸ ਦੀ ਬੇਵਕਤੀ ਮੌਤ ਦੀ ਮਨਹੂਸ ਖਬਰ ਪਿੰਡ ਪਹੁੰਚੀ।
ਸੁਖਬੀਰ ਦੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦਾ ਸਾਥ ਦੇਵੇ ਅਤੇ ਭਾਰਤ ਸਰਕਾਰ ਨੂੰ ਅਪੀਲ ਕਰੇ ਕਿ ਉਹ ਪਰਿਵਾਰ ਨੂੰ ਅੰਤਿਮ ਰਸਮਾਂ ਕਰਨ ਵਾਸਤੇ ਕੁਝ ਸਮੇਂ ਲਈ ਕੈਨੇਡਾ ਦਾ ਵੀਜ਼ਾ ਦਿਵਾਏ ਤਾਂ ਜੋ ਪਰਿਵਾਰ ਸੁਖਬੀਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।

Share Button

Leave a Reply

Your email address will not be published. Required fields are marked *