ਕੇਜਰੀਵਾਲ ਦੀ ਨਿਹੰਗ ਬਾਣੇ ਦੀ ਫੋਟੋ ਛਾਪਣ ‘ਤੇ ਇੰਡੀਆ ਟੂਡੇ ਨੇ ਦਿੱਲੀ ਕਮੇਟੀ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ

ss1

ਕੇਜਰੀਵਾਲ ਦੀ ਨਿਹੰਗ ਬਾਣੇ ਦੀ ਫੋਟੋ ਛਾਪਣ ‘ਤੇ ਇੰਡੀਆ ਟੂਡੇ ਨੇ ਦਿੱਲੀ ਕਮੇਟੀ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ

27-73

ਨਵੀਂ ਦਿੱਲੀ, 27 ਜੁਲਾਈ (ਪ.ਪ.): ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛਾਪਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਕੀਤੀ ਗਈ ਕਾਨੂੰਨੀ ਕਾਰਵਾਈ ਦਾ ਅਸਰ ਸਾਹਮਣੇ ਆਇਆ ਹੈ। ਇੰਡੀਆ ਟੂਡੇ ਗਰੁੱਪ ਦੇ ਮੁਖ ਕਾਨੂੰਨੀ ਅਧਿਕਾਰੀ ਡਾ. ਪੁਨੀਤ ਜੈਨ ਨੇ ਇਸ ਸਬੰਧ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਕਾਨੂੰਨੀ ਨੋਟਿਸ ਦੇ ਜਵਾਬ ’ਚ ਰਸਾਲੇ ਦੀ ਇਸ ਗਲਤੀ ਲਈ ਖੇਦ ਪ੍ਰਗਟਾਇਆ ਹੈ। ਰਸਾਲੇ ਨੇ ਇਸ ਸਬੰਧੀ ਆਪਣੀ ਵੈਬਸਾਈਟ ਅਤੇ ਰਸਾਲੇ ਵਿਚ ਸਪਸ਼ਟੀਕਰਨ ਪ੍ਰਕਾਸ਼ਿਤ ਕਰਕੇ ਬਿਨਾਂ ਸ਼ਰਤ ਮੁਆਫੀ ਵੀ ਮੰਗੀ ਹੈ।
ਰਸਾਲੇ ਵੱਲੋਂ ਸਿੱਖ ਧਰਮ ਦਾ ਪੂਰਾ ਸਨਮਾਨ ਕਰਨ ਦੀ ਗੱਲ ਕਰਦੇ ਹੋਏ ਅਨਜਾਣੇ ਵਿਚ ਸਿੱਖ ਰਵਾਇਤਾਂ ਨੂੰ ਜਾਣਬੁਝ ਕੇ ਨੀਂਵਾ ਨਾ ਦਿਖਾਉਣ ਦਾ ਵੀ ਦਾਅਵਾ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੂੰ ਨਿਹੰਗ ਬਾਣੇ ’ਚ ਦਿਖਾਉਣ ਦੇ ਪਿੱਛੇ ਪੰਜਾਬ ਦੀ ਰਾਜਨੀਤੀ ਵਿਚ ਆਮ ਆਦਮੀ ਪਾਰਟੀ ਦੀ ਲਲਕਾਰ ਨੂੰ ਦਰਸਾਉਣ ਦਾ ਤਰਕ ਰਸਾਲੇ ਵੱਲੋਂ ਦਿੱਤਾ ਗਿਆ ਹੈ। ਰਸਾਲੇ ਅਨੁਸਾਰ ਕੇਜਰੀਵਾਲ ਦੀ ਉਕਤ ਫੋਟੋ ਨੂੰ ਛਾਪਣ ਦਾ ਮਕਸਦ ਸਿੱਖ ਕੌਮ ਜਾਂ ਨਿਹੰਗ ਸਿੰਘਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਾ ਹੋ ਕੇ ਪੰਜਾਬ ਦੇ ਸਭਿਆਚਾਰ ਦੇ ਨਾਲ ਕੇਜਰੀਵਾਲ ਨੂੰ ਜੁੜਿਆ ਹੋਇਆ ਦਿਖਾਉਣ ਦੀ ਸੀਂ। ਦਿੱਲੀ ਕਮੇਟੀ ਵੱਲੋਂ ਪ੍ਰੈਸ ਨੂੰ ਆਜ਼ਾਦੀ ਦੇ ਨਾਲ ਕੰਮ ਕਰਨ ਦੇ ਮਿਲੇ ਅਧਿਕਾਰ ਦੇ ਨਾਲ ਹੀ ਜਿੰਮੇਵਾਰੀ ਦੇ ਅਹਿਸਾਸ ਨੂੰ ਇੰਡੀਆ ਟੂਡੇ ਗਰੁੱਪ ਵੱਲੋਂ ਨਾ ਨਿਭਾਉਣ ਦੀ ਲੀਗਲ ਨੋਟਿਸ ਵਿਚ ਦਿੱਤੀ ਗਈ ਦਲੀਲ ਦੀ ਰਸਾਲੇ ਨੇ ਸਲਾਘਾ ਕਰਦੇ ਹੋਏ ਇਸ ਨਾਲ ਸਹਿਮਤੀ ਪ੍ਰਗਟਾਈ ਹੈ। ਰਸਾਲੇ ਵੱਲੋਂ ਦਿੱਲੀ ਕਮੇਟੀ ਦੇ ਇਤਰਾਜ ਦੇ ਤੁਰੰਤ ਬਾਅਦ ਰਸਾਲੇ ਦੇ ਕਵਰ ਪੇਜ ਨੂੰ ਵੈਬਸਾਈਟ ਤੋਂ ਹਟਾਉਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

Share Button