14 ਜੂਨ – ਵਿਸ਼ਵ ਲਹੂਦਾਤਾ ਦਿਵਸ

ss1

14 ਜੂਨ – ਵਿਸ਼ਵ ਲਹੂਦਾਤਾ ਦਿਵਸ

1

ਸੰਸਾਰ ਭਰ ਵਿੱਚ 14 ਜੂਨ ਨੂੰ ਵਿਸ਼ਵ ਲਹੂਦਾਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।ਸਾਲ 2004 ਤੋਂ ਇਹ ਦਿਨ ਆਏ ਸਾਲ ਸਮਾਜ ਵਿੱਚ ਲਹੂਦਾਨ ਦੇ ਵੱਧਦੇ ਮਹੱਤਵ ਦੇ ਸੰਬੰਧ ਵਿੱਚ ਜਾਗਰੂਕਤਾ ਅਤੇ ਪ੍ਰੇਰਣਾ ਪੈਦਾ ਕਰਨ ਦੇ ਮੰਤਵ ਨਾਲ ਮਨਾਇਆ ਜਾ ਰਿਹਾ ਹੈ।ਲਹੂਦਾਨ ਕਰਕੇ ਕਿਸੇ ਵਿਅਕਤੀ ਨੂੰ ਜੀਵਨ ਦਾ ਅਨਮੋਲ ਤੋਹਫਾ ਦਿੱਤਾ ਜਾ ਸਕਦਾ ਹੈ।ਲਹੂ ਦਾਨ ਕਰਤਾ ਵੱਲੋਂ ਕੀਤਾ ਲਹੂ ਦਾਨ ਕਈ ਲੋਕਾਂ ਨੂੰ ਨਵੀਆਂ ਜ਼ਿੰਦਗੀਆਂ ਬਖ਼ਸ਼ਦਾ ਹੈ। ਲਹੂ ਕੁਦਰਤ ਦੀ ਵਡਮੁੱਲੀ ਦਾਤ ਹੈ, ਇਹ ਫੈਕਟਰੀਆਂ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ।ਲਹੂਦਾਨ ਦੀ ਮਹੱਤਤਾ ਦਾ ਅਹਿਸਾਸ ਸਾਨੂੰ ਓਦੋਂ ਹੁੰਦਾ ਹੈ ਜਦ ਅਸੀਂ ਜਾਂ ਸਾਡਾ ਆਪਣਾ ਕੋਈ ਲਹੂ ਦੇ ਲਈ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲਟਕ ਰਿਹਾ ਹੁੰਦਾ ਹੈ।
ਲਹੂ ਦੇ ਚਾਰ ਗਰੁੱਪ ਹਨ ਏ, ਬੀ, ਏ-ਬੀ ਅਤੇ ਓ।ਆਸਟ੍ਰੇਲੀਅਨ ਫਿਜੀਸ਼ੀਅਨ ਕਾਰਲ ਲੈਂਡਸਟੀਨਰ ਨੇ 1900 ਵਿੱਚ ਪਹਿਲੇ ਤਿੰਨ ਮਨੁੱਖੀ ਲਹੂ ਗਰੁੱਪ ਏ, ਬੀ, ਓ ਲੱਭੇ, ਇਸਦੇ ਲਈ ਉਹਨਾਂ ਨੂੰ 1930 ਵਿੱਚ ਨੋਬਲ ਪੁਰਸਕਾਰ ਵੀ ਦਿੱਤਾ ਗਿਆ।ਕਾਰਲ ਲੈਂਡਸਟੀਨਰ ਦੇ ਜਨਮ ਦਿਨ 14 ਜੂਨ 1868 ਈ. ਨੂੰ ਸਮਰਪਿਤ, 14 ਜੂਨ ਨੂੰ ਸੰਸਾਰ ਭਰ ਵਿੱਚ ਵਿਸ਼ਵ ਲਹੂ ਦਾਤਾ ਦਿਵਸ ਮਨਾਇਆ ਦੇ ਤੌਰ ਤੇ ਮਨਾਇਆ ਜਾਂਦਾ ਹੈ।ਭਾਰਤ ਵਿੱਚ ਰਾਸ਼ਟਰੀ ਪੱਧਰ ਤੇ 1 ਅਕਤੂਬਰ ਨੂੰ ਰਾਸ਼ਟਰੀ ਲਹੂ-ਦਾਨ ਦਿਵਸ ਮਨਾਇਆ ਜਾਂਦਾ ਹੈ।
ਅੰਕੜਿਆ ਦੇ ਅਨੁਸਾਰ ਦੇਸ਼ ਵਿੱਚ ਹਰ ਸਾਲ ਤਕਰੀਬਨ 5 ਕਰੋੜ ਯੂਨਿਟ ਲਹੂ ਦੀ ਜ਼ਰੂਰਤ ਹੁੰਦੀ ਹੈ ਪਰ ਮੁਸ਼ਕਲ ਨਾਲ 80 ਲੱਖ ਯੂਨਿਟ ਹੀ ਲਹੂ ਦਾਨ ਸਦਕਾ ਪ੍ਰਾਪਤ ਹੁੰਦਾ ਹੈ।ਹਰ 2 ਸੈਕਿੰਡ ਵਿੱਚ ਕਿਸੇ ਨਾ ਕਿਸੇ ਨੂੰ ਲਹੂ ਦੀ ਲੋੜ ਹੁੰਦੀ ਹੈ ਅਤੇ ਇਸ ਤਰ੍ਹਾਂ ਹਰ ਦਿਨ 38000 ਲਹੂ ਦਾਨ ਕਰਨ ਵਾਲਿਆਂ ਦੀ ਜ਼ਰੂਰਤ ਹੈ, ਲੇਕਿਨ ਇਹ ਵਿਡੰਬਨਾ ਹੀ ਹੈ ਕਿ ਲਹੂ ਦਾਨ ਕਰਨ ਸੰਬੰਧੀ ਸਮਾਜ ਵਿੱਚ ਫੈਲੀਆਂ ਨਕਰਾਤਮਕ ਅਫਵਾਹਾਂ ਅਤੇ ਜਾਗਰੂਕਤਾ ਦੀ ਘਾਟ ਸਦਕਾ ਲੋਕ ਲਹੂ ਦਾਨ ਕਰਨ ਲਈ ਅੱਗੇ ਨਹੀਂ ਆਉਂਦੇ।ਜਿਸ ਕਰਕੇ ਲਹੂ ਦੀ ਘਾਟ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ, ਕਿੰਨੀਆਂ ਹੀ ਜ਼ਿੰਦਗੀਆਂ ਲਹੂ ਦੀ ਸਮੇਂ ਸਿਰ ਪੂਰਤੀ ਨਾ ਹੋਣ ਤੇ ਦਮ ਤੋੜ ਦਿੰਦੀਆਂ ਹਨ।
ਇੱਕ ਔਸਤ ਵਿਅਕਤੀ ਦੇ ਸਰੀਰ ਵਿੱਚ 10 ਯੂਨਿਟ ਭਾਵ 5 ਤੋਂ 6 ਲੀਟਰ ਲਹੂ ਹੁੰਦਾ ਹੈ।ਲਹੂ ਦਾਨ ਕਰਦੇ ਸਮੇਂ ਸਿਰਫ਼ 1 ਯੂਨਿਟ ਲਹੂ ਹੀ ਲਿਆ ਜਾਂਦਾ ਹੈ ਅਤੇ ਇਸਨੂੰ ਤਕਰੀਬਨ 10 ਮਿੰਟਾਂ ਵਿੱਚ ਲੈ ਲਿਆ ਜਾਂਦਾ ਹੈ।18 ਤੋਂ 60 ਸਾਲ ਦੀ ਉਮਰ ਦਾ ਕੋਈ ਵੀ ਤੰਦਰੁਸਤ ਪੁਰਸ਼ ਜਾਂ ਔਰਤ ਲਹੂ ਦਾਨ ਕਰ ਸਕਦੀ ਹੈ।ਲਹੂ ਦਾਨ ਕਰਤਾ ਦਾ ਵਜ਼ਨ ਘੱਟੋ ਘੱਟ 45 ਕਿਲੋ ਹੋਣਾ ਚਾਹੀਦਾ ਹੈ।ਪੁਰਸ਼ 90 ਦਿਨਾਂ ਅਤੇ ਔਰਤਾਂ 120 ਦਿਨਾਂ ਬਾਦ ਦੁਬਾਰਾ ਲਹੂ ਦਾਨ ਕਰ ਸਕਦੇ ਹਨ।ਕਿਸੇ ਬਿਮਾਰੀ ਤੋਂ ਗ੍ਰਸਤ ਔਰਤ ਜਾਂ ਪੁਰਸ਼ ਨੂੰ ਲਹੂ ਦਾਨ ਨਹੀਂ ਕਰਨਾ ਚਾਹੀਦਾ।ਮਹਾਂਵਾਰੀ ਦੇ ਦੌਰਾਨ ਔਰਤਾਂ ਨੂੰ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਲਹੂ ਦਾਨ ਨਹੀਂ ਕਰਨਾ ਚਾਹੀਦਾ।ਲਹੂ ਦਾਨ ਕਰਨ ਤੋਂ ਬਾਦ ਸਿਹਤ ਲਈ ਲੋੜੀਂਦਾ ਖਾਣ-ਪਾਣ ਕਰਨਾ ਚਾਹੀਦਾ ਹੈ ਅਤੇ ਲਹੂ ਦਾਨ ਕਰਨ ਤੋਂ ਬਾਦ 1-2 ਘੰਟੇ ਤੱਕ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ।
ਭਾਰਤ ਵਿੱਚ 7% ਲੋਕਾਂ ਦਾ ਲਹੂ ਗਰੁੱਪ ਹੀ ਓ-ਨੈਗੇਟਿਵ ਹੈ, ਇਸ ਗਰੁੱਪ ਨੂੰ ਯੂਨੀਵਰਸਲ ਡੋਨਰ ਵੀ ਕਹਿੰਦੇ ਹਨ।ਕਿਸੇ ਵੀ ਹੋਰ ਲਹੂ ਗਰੁੱਪ ਵਾਲਿਆਂ ਨੂੰ ਇਹ ਲਹੂ ਦਿੱਤਾ ਜਾ ਸਕਦਾ ਹੈ।ਜਦਕਿ ਓ-ਪੋਜ਼ੀਟਿਵ ਲਹੂ ਸਿਰਫ਼ ਏ, ਬੀ, ਏ-ਬੀ ਅਤੇ ਓ ਪੋਜ਼ੀਟਿਵ ਗਰੁੱਪ ਵਾਲਿਆਂ ਨੂੰ ਹੀ ਦਿੱਤਾ ਜਾ ਸਕਦਾ ਹੈ।ਭਾਰਤ ਵਿੱਚ ਸਿਰਫ਼ 0.4% ਲੋਕਾਂ ਦਾ ਲਹੂ ਗਰੁੱਪ ਏ-ਬੀ ਹੁੰਦਾ ਹੈ।ਇਸ ਲਹੂ ਗਰੁੱਪ ਦੇ ਪਲਾਜ਼ਮਾ ਨੂੰ, ਕਿਸੇ ਵੀ ਹੋਰ ਲਹੂ ਗਰੁੱਪ ਦੇ ਲੋਕਾਂ ਨੂੰ ਐਮਰਜੈਂਸੀ ਵਿੱਚ ਲਗਾ ਸਕਦੇ ਹਾਂ।
ਕਈ ਤਰ੍ਹਾਂ ਦੀਆਂ ਬਿਮਾਰੀਆਂ, ਅਪਰੇਸ਼ਨਾਂ ਜਾਂ ਐਮਰਜੈਂਸੀ ਆਦਿ ਦੌਰਾਨ ਲਹੂ ਚੜਾਉਣ ਦੀ ਜ਼ਰੂਰਤ ਪੈਂਦੀ ਹੈ।ਜੇਕਰ ਸਹੀ ਮਾਤਰ ਵਿੱਚ ਸਮੇਂ ਰਹਿੰਦੇ ਲਹੂ ਨਾ ਮਿਲੇ ਤਾਂ ਸੰਬੰਧਤ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਦੇਸ਼ ਭਰ ਵਿੱਚ ਲਹੂ ਦਾਨ ਸੰਬੰਧੀ ਨਾਕੋ, ਰੈੱਡ ਕ੍ਰਾਸ ਵਰਗੀਆਂ ਕਈ ਸੰਸਥਾਵਾਂ ਲੋਕਾਂ ਵਿੱਚ ਲਹੂਦਾਨ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੀਆਂ ਹਨ।ਇਹਨਾਂ ਦੀਆਂ ਕੋਸ਼ਿਸ਼ਾਂ ਤਦ ਹੀ ਸਫ਼ਲ ਹੋਣਗੀਆਂ ਜਦੋਂ ਅਸੀਂ ਖੁਦ ਲਹੂ ਦਾਨ ਕਰਨ ਲਈ ਅੱਗੇ ਆਵਾਂਗੇ ਅਤੇ ਆਪਣੇ ਸੰਬੰਧੀਆਂ ਨੂੰ ਵੀ ਲਹੂ ਦਾਨ ਕਰਨ ਲਈ ਪ੍ਰੇਰਿਤ ਕਰਾਂਗੇ।
ਜੇਕਰ ਕੋਈ 18 ਸਾਲ ਦੀ ਉਮਰ ਤੋਂ 60 ਸਾਲ ਦੀ ਉਮਰ ਤੱਕ ਹਰ 90 ਦਿਨਾਂ ਬਾਦ ਲਹੂ ਦਾਨ ਕਰਦੇ ਹੋਵੇ ਤਾਂ ਲੱਗਭੱਗ 30 ਗੇਲਨ ਲਹੂੂ ਦਾਨ ਕਰ ਚੁੱਕੇ ਹੋਵੇਗਾ ਜਿਹੜਾ ਕਿ 500 ਲੋਕਾਂ ਦੀ ਜਾਨ ਬਚਾ ਸਕਦਾ ਹੈ।
ਸਮੇਂ ਦਾ ਤਕਾਜਾ ਹੈ ਕਿ ਸਾਨੂੰ ਮਾਨਵ ਜੀਵਨ ਦੀ ਮਹੱਤਤਾ ਸਮਝਦੇ ਹੋਏ, ਲਹੂ ਵਰਗੀ ਵਡਮੁੱਲੀ ਦਾਤ ਨੂੰ ਦਾਨ ਕਰਨ ਦੀ ਪ੍ਰਿਤ ਦਾ ਹਿੱਸਾ ਬਣਨਾ ਚਾਹੀਦਾ ਹੈ।ਕਿਉਂਕਿ ਸਾਡੇ ਵੱਲੋਂ ਕੀਤਾ ਲਹੂ ਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ, ਕਿਸੇ ਦੇ ਪਰਿਵਾਰ ਦੇ ਮੁਰਝਾਏ ਚਿਹਰੇ ਤੇ ਰੌਣਕ ਲਿਆਉਣ ਵਿੱਚ ਸਹਾਈ ਹੋ ਸਕਦਾ ਹੈ।ਲਹੂ ਦਾਨ ਕਰਨ ਤੋਂ ਬਾਦ ਜੋ ਤੁਹਾਨੂੰ ਆਤਮਿਕ ਸੰਤੁਸ਼ਟੀ ਅਤੇ ਮਨ ਨੂੰ ਜੋ ਅਥਾਂਹ ਖ਼ੁਸ਼ੀ ਮਿਲੇਗੀ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।

 

DSC_0025ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 92560-66000

Share Button

Leave a Reply

Your email address will not be published. Required fields are marked *