12 ਬੱਚਿਆਂ ਦੀ ਮਾਂ ਨੇ 89 ਸਾਲ ਦੀ ਉਮਰ ‘ਚ ਕੀਤੀ ਗ੍ਰੈਜੂਏਸ਼ਨ!

ss1

12 ਬੱਚਿਆਂ ਦੀ ਮਾਂ ਨੇ 89 ਸਾਲ ਦੀ ਉਮਰ ‘ਚ ਕੀਤੀ ਗ੍ਰੈਜੂਏਸ਼ਨ!

ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਪੇਂਡੂ ਖੇਤਰ ‘ਚ ਪੈਦਾ ਹੋਈ ਐਲਾ ਵਾਸ਼ਿੰਗਟਨ ਨੇ 89 ਸਾਲ ਦੀ ਉਮਰ ‘ਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਕੁੱਝ ਸਾਲ ਪਹਿਲਾਂ 12 ਬੱਚਿਆਂ ਦੀ ਮਾਂ ਐਲਾ ਨੇ ਵਰਜੀਨੀਆ ‘ਚ ਲਿਬਰਟੀ ਯੂਨੀਵਰਸਿਟੀ ‘ਚ ਦਾਖਲਾ ਲੈਣ ਦਾ ਫੈਸਲਾ ਲਿਆ। ਲਿਬਰਟੀ ਯੂਨੀਵਰਸਿਟੀ ਨੇ ਕਿਹਾ ਕਿ ਆਖਰ ਐਲਾ ਨੇ ਆਪਣਾ ਗ੍ਰੈਜੂਏਸ਼ਨ ਦਾ ਸੁਪਨਾ ਪੂਰਾ ਕਰ ਲਿਆ ਅਤੇ ਉਨ੍ਹਾਂ ਨੇ ਪਿਛਲੇ ਸ਼ਨੀਵਾਰ ਨੂੰ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰ ਲਈ। ਲਿਬਰਟੀ ਯੂਨੀਵਰਸਿਟੀ ਦੇ 2018 ਦੇ ਬੈਚ ਦੀ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ ਐਲਾ ਨੇ ਕਿਹਾ ਕਿ ਪੜ੍ਹਾਈ ਕਰਨਾ ਤੁਹਾਡੇ ਆਪਣੇ ਲਈ ਚੰਗਾ ਹੈ।

ਛੇਵੀਂ ਜਮਾਤ ‘ਚ ਛੱਡਣੀ ਪਈ ਸੀ ਪੜ੍ਹਾਈ—
ਪਰਿਵਾਰ ਦੇ ਖੇਤਾਂ ‘ਚ ਕੰਮ ਕਰਨ ਲਈ ਐਲਾ ਨੇ ਛੇਵੀਂ ਜਮਾਤ ‘ਚ ਹੀ ਪੜ੍ਹਾਈ ਛੱਡ ਦਿੱਤੀ ਸੀ। ਇਸ ਮਗਰੋਂ ਉਸ ਦਾ ਵਿਆਹ ਹੋਇਆ ਅਤੇ ਆਪਣਾ ਪਰਿਵਾਰ ਪਾਲਣਾ ਸ਼ੁਰੂ ਕੀਤਾ। ਜਦ ਉਸ ਨੇ ਪਰਿਵਾਰ ਸ਼ੁਰੂ ਕੀਤਾ ਤਾਂ ਉਹ ਵਾਸ਼ਿੰਗਟਨ ਡੀ. ਸੀ. ਚਲੇ ਗਏ। ਉੱਥੇ ਪਰਿਵਾਰ ਪਾਲਣ ਲਈ ਉਸ ਨੇ ਕਈ ਨੌਕਰੀਆਂ ਕੀਤੀਆਂ। ਪੈਂਟਾਗਨ ਦੇ ਇਕ ਸਟੋਰ ‘ਚ ਕੰਮ ਕਰਨ ਤੋਂ ਲੈ ਕੇ ਨਰਸਿੰਗ ਦੀ ਸਹਾਇਕ ਬਣਨ ਤਕ ਦੇ ਕਈ ਛੋਟੇ-ਵੱਡੇ ਕੰਮ ਕੀਤੇ। ਇਸ ਦੌਰਾਨ ਉਸ ਨੇ 12 ਬੱਚਿਆਂ ਦਾ ਵੀ ਪਾਲਣ-ਪੋਸ਼ਣ ਕੀਤਾ ਪਰ ਫਿਰ ਵੀ ਪੜ੍ਹਾਈ ਲਈ ਉਸ ਦਾ ਰੁਝਾਨ ਘੱਟ ਨਾ ਹੋਇਆ।

ਪੜ੍ਹਾਈ ਪ੍ਰਤੀ ਕਦੇ ਘੱਟ ਨਹੀਂ ਹੋਇਆ ਰੁਝਾਨ—
ਐਲਾ ਦੀ ਧੀ ਏਲੇਨ ਮਿਸ਼ੇਲ ਨੇ ਲਿਬਰਟੀ ਯੂਨੀਵਰਸਿਟੀ ਨੂੰ ਦੱਸਿਆ ਕਿ ਇਕ ਬਹੁਤ ਹੀ ਘੱਟ ਪੜ੍ਹੀ-ਲਿਖੀ ਕਾਲੇ ਰੰਗ ਦੀ ਮਹਿਲਾ ਲਈ ਵਾਸ਼ਿੰਗਟਨ ਡੀ. ਸੀ. ‘ਚ ਵਧੇਰੇ ਮੌਕੇ ਨਹੀਂ ਸਨ। ਫਿਰ ਵੀ ਉਸ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਉਹ ਸਭ ਕੁੱਝ ਕੀਤਾ ਜੋ ਉਹ ਬੱਚਿਆਂ ਲਈ ਕਰ ਸਕਦੀ ਸੀ। ਇਸ ਦੌਰਾਨ ਉਸ ਨੇ ਸਾਰੇ ਬੱਚਿਆਂ ਦੀ ਸਿੱਖਿਆ ‘ਤੇ ਧਿਆਨ ਕੇਂਦਰਿਤ ਕੀਤਾ। ਮਿਸ਼ੇਲ ਨੇ ਕਿਹਾ,”ਉਹ ਹਮੇਸ਼ਾ ਇਕ ਵਿਦਿਆਰਥਣ ਰਹੀ ਹੈ। ਸਿੱਖਣ ਅਤੇ ਪੜ੍ਹਾਈ ਲਈ ਉਸ ਦੀ ਇੱਛਾ ਰੂਹ ਤੋਂ ਬਣੀ ਰਹੀ।”

2012 ‘ਚ ਲਿਬਰਟੀ ਯੂਨੀਵਰਸਿਟੀ ‘ਚ ਲਿਆ ਦਾਖਲਾ—
49 ਸਾਲ ਦੀ ਉਮਰ ‘ਚ ਐਲਾ ਨੇ ਪੜ੍ਹਾਈ ਪੂਰੀ ਕਰਨ ਦਾ ਮਨ ਬਣਾ ਲਿਆ। ਉਸ ਨੇ ਜੀ. ਈ. ਡੀ. ਡਿਪਲੋਮਾ ਪ੍ਰਾਪਤ ਕਰਨ ਲਈ ਇਕ ਸਿੱਖਿਆ ਪ੍ਰੋਗਰਾਮ ‘ਚ ਦਾਖਲਾ ਲਿਆ। 24 ਸਾਲ ਬਾਅਦ ਉਹ ਫਿਰ ਤੋਂ ਆਪਣੀ ਪੜ੍ਹਾਈ ਕਰ ਰਹੀ ਸੀ। 83 ਸਾਲ ਦੀ ਉਮਰ ‘ਚ ਐਲਾ ਦੀ ਧੀ ਮਿਸ਼ੇਲ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਕਾਲਜ ‘ਚ ਦਾਖਲਾ ਲੈ ਕੇ ਆਪਣੀ ਪੜ੍ਹਾਈ ਦੇ ਟੀਚੇ ਨੂੰ ਪੂਰਾ ਕਰੇ। ਐਲਾ ਨੇ 2012 ‘ਚ ਲਿਬਰਟੀ ਯੂਨੀਵਰਸਿਟੀ ‘ਚ ਦਾਖਲਾ ਲਿਆ ਅਤੇ ਆਪਣੀ ਐਸੋਸੀਏਟ ਦੀ ਡਿਗਰੀ ਨੂੰ ਪੂਰਾ ਕੀਤਾ। ਉਸ ਨੇ ਕਦੇ ਹਾਰ ਨਾ ਮੰਨੀ ਅਤੇ ਅੱਜ ਉਹ ਸਭ ਲਈ ਮਿਸਾਲ ਹੈ।

Share Button

Leave a Reply

Your email address will not be published. Required fields are marked *