110 ਵਰ੍ਹਿਆਂ ਦੇ ਸੰਘਰਸ਼ ਮਗਰੋਂ ਆਖਿਰ ਰਾਸ਼ਟਰੀ ਰਾਜਧਾਨੀ ‘ਚ ਲਾਗੂ ਹੋਇਆ ਆਨੰਦ ਮੈਰਿਜ ਐਕਟ

ss1

110 ਵਰ੍ਹਿਆਂ ਦੇ ਸੰਘਰਸ਼ ਮਗਰੋਂ ਆਖਿਰ ਰਾਸ਼ਟਰੀ ਰਾਜਧਾਨੀ ‘ਚ ਲਾਗੂ ਹੋਇਆ ਆਨੰਦ ਮੈਰਿਜ ਐਕਟ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-110 ਵਰ੍ਹਿਆਂ ਦੇ ਸੰਘਰਸ਼ ਤੋਂ ਬਾਅਦ ਆਖਿਰਕਾਰ ਆਨੰਦ ਮੈਰਿਜ ਐਕਟ  ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਲਾਗੂ ਹੋ ਗਿਆ ਹੈ। ਇਹ ਐਕਟ ਲਾਗੂ ਕਰਨ ਦੀ ਮੰਗ 1909 ਵਿਚ ਪਹਿਲੀ ਵਾਰ ਉਠੀ ਸੀ। ਉਪ ਰਾਜਪਾਲ ਅਨਿਲ ਬੈਜਲ ਨੇ ਇਹ ਐਕਟ ਰਾਸ਼ਟਰੀ ਰਾਜਧਾਨੀ ਵਿਚ ਲਾਗੂ ਕਰਨ ਲਈ ਫਾਈਲ ‘ਤੇ ਸਹੀ ਪਾ ਦਿੱਤੀ ਹੈ। ਇਹ ਪ੍ਰਗਟਾਵਾ  ਦਿੱਲੀ ਸਿੱਖ  ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ਵਿਚ ਐਕਟ ਲਾਗੂ ਕਰਨ ਲਈ  ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਉਪ ਰਾਜਪਾਲ ਸ੍ਰੀ ਅਨਿਲ ਬੈਜਲ ਦੇ ਧੰਨਵਾਦੀ ਹਨ ਕਿਉਂਕਿ ਇਹ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਇਹ ਇੱਛਾ ਹੈ ਕਿ ਇਹ ਐਕਟ ਸਾਰੇ ਦੇਸ਼ ਵਿਚ ਲਾਗੁ ਹੋਵੇ ਤੇ ਉਹ ਇਸ ਵਾਸਤੇ ਵੱਖ ਵੱਖ ਸਰਕਾਰਾਂ ਤੇ ਪ੍ਰਸ਼ਾਸਕਾਂ ਕੋਲ ਇਹ ਮਾਮਲਾ ਉਠਾ ਰਹੇ ਹਨ। ਉਹਨਾਂ ਕਿਹਾ ਕਿ ਐਕਟ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਪ੍ਰਮੁੱਖ ਰਾਜਾਂ ਵਿਚ ਲਾਗੂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਇਹ ਐਕਟ ਲਾਗੂ ਹੋਣ ਦੀ ਆਪਣੀ ਮਹੱਤਤਾ ਹੈ ਕਿਉਂਕਿ ਰਾਸ਼ਟਰੀ ਰਾਜਧਾਨੀ ਵਿਚ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਸਿੱਖ ਭਾਈਚਾਰੇ ਦੇ  ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਦੇ ਤਹਿਤ ਕਰਵਾਉਣ ਤੇ ਇਸਦਾ ਲਾਭ ਉਠਾਉਣ। ਉਹਨਾਂ ਕਿਹਾ ਕਿ ਕੋਈ ਵੀ ਇਸ ਐਕਟ  ਦੇ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਦਾ ਹੈ ਭਾਵੇਂ ਕਿ ਵਿਆਹ ਐਕਟ ਲਾਗੂ ਹੋਣ ਦੀ ਮਿਤੀ ਤੋਂ ਪਹਿਲਾਂ ਹੋਇਆ ਹੋਵੇ।  ਉਹਨਾਂ ਕਿਹਾ ਕਿ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰੇਸ਼ਨ ਕਰਵਾਉਣ ਨਾਲ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਮਿਲਦੀ ਹੈ। ਸ੍ਰੀ ਸਿਰਸਾ ਨੇ ਹੋਰ ਦੱਸਿਆ ਕਿ ਉਹ ਉਹਨਾਂ ਰਾਜਾਂ ਦੇ ਸੰਪਰਕ ਵਿਚ ਹਨ ਜਿਥੇ ਐਕਟ ਹਾਲੇ ਲਾਗੂ ਨਹੀਂ ਹੋਇਆ ਤੇ ਬਿਹਾਰ ਤੇ ਆਸਾਮ ਵਿਚ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਨੇੜੇ ਪਹੁੰਚ ਗਈ ਹੈ।  ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਹ  ਛੇਤੀ ਹੀ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਹੋ ਜਾਵੇਗਾ।

Share Button

Leave a Reply

Your email address will not be published. Required fields are marked *