Thu. Oct 17th, 2019

100 ਵੇਂ ਜਨਮ ਦਿਨ ਤੇ ਵਿਸ਼ੇਸ: ਇੱਕ ਸਦੀ ਦੇ ਹਾਣਦਾ ਹੋਇਆ ‘ਪੂਰਨਮਾਸੀ’ ਦਾ ਚੰਨ : ਜਸਵੰਤ ਕੰਵਲ

100 ਵੇਂ ਜਨਮ ਦਿਨ ਤੇ ਵਿਸ਼ੇਸ: ਇੱਕ ਸਦੀ ਦੇ ਹਾਣਦਾ ਹੋਇਆ ‘ਪੂਰਨਮਾਸੀ’ ਦਾ ਚੰਨ : ਜਸਵੰਤ ਕੰਵਲ

ਇੱਕ ਸਦੀ ਦੀ ਉਮਰ ਹੰਢਾਅ ਚੁੱਕੇ ਪੰਜਾਬੀ ਸਾਹਿਤ ਦੇ ਪ੍ਰਤਿਸ਼ਠਿਤ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮੋਗਾ ਜਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਹੋਇਆ । ਕੰਵਲ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ । ਸਿੱਖਿਆ ਪੱਖੋਂ ਕੰਵਲ ਭਾਵੇਂ ਦਸਵੀਂ ਪਾਸ ਤਾਂ ਨਹੀਂ ਕਰ ਸਕਿਆ , ਪਰ ਉਨਾਂ੍ਹ ਨੇ ਗਿਆਨੀ ਜਰੂਰ ਪਾਸ ਕਰ ਲਈ ਸੀ । ਪੰਜ ਸਾਲ ਦੀ ਉਮਰ ਵਿੱਚ ਪਿਤਾ ਦਾ ਛਾਇਆ ਸਿਰ ਤੋਂ ਉੱਠ ਜਾਣ ਕਾਰਨ ਘਰ ਦੀ ਆਰਥਿਕ ਸਥਿਤੀ ਡਾਵਾਂਡੋਲ ਰਹਿਣ ਲੱਗੀ । ਜਵਾਨੀਂ ਦੇ ਦਿਨਾਂ ਵਿੱਚ ਰੋਜ਼ੀ ਰੋਟੀ ਦੀ ਤਲਾਸ਼ ਲਈ ਆਪ ਨੂੰ ਮਲਾਇਆ ਦਾ ਰੁਖ ਕਰਨਾ ਪਿਆ । ਮਲਾਇਆ ਰਹਿੰਦਿਆਂ ਆਪ ਦਾ ਸੰਪਰਕ ਇੱਕ ਚੀਨੀ ਕੁੜੀ ਨਾਲ ਹੋ ਗਿਆ ।

ਪਰ ਕੰਵਲ ਦਾ ਇਹ ਪਲੇਠਾ ਪਿਆਰ ਵਕਤੀ ਮਜਬੂਰੀਆਂ ਅੱਗੇ ਹਾਰ ਮੰਨ ਗਿਆ । ਕੰਵਲ ਦੇ ਕਹਿਣ ਮੁਤਾਬਕ ਉਸ ਨੂੰ ਲਿਖਣ ਦੀ ਚੇਟਕ ਵੀ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਹੀ ਲੱਗੀ ਸੀ । ਕੰਵਲ ਆਪਣੀ ਲਿਖਣ ਕਲ੍ਹਾ ਨੂੰ ਮਲਾਇਆ ਦੀ ਸੌਗਾਤ ਮੰਨਦਾ ਹੈ । ਰੋਜ਼ਗਾਰ ਵਸੀਲੇ ਲਈ ਭਾਵੇਂ ਕੰਵਲ ਨੇ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਪਰ ਕੰਵਲ ਨੂੰ ਮਲਾਇਆ ਦਾ ਖੁਸ਼ਗਵਾਰ ਮੌਸਮ ਬਹੁਤਾ ਸਮਾਂ ਉੱਥੇ ਬੰਨ ਕੇ ਨਾਂ ਰੱਖ ਸਕਿਆ । ਆਰਥਿਕ ਤੌਰ ਤੇ ਭਾਵੇਂ ਕੰਵਲ ਨੂੰ ਮਲਾਇਆ ਵਿੱਚੋਂ ਬਹੁਤਾ ਕੁੱਝ ਨਾ ਮਿਲਿਆ , ਪਰ ਲਿਖਣ ਕਲ੍ਹਾ ਦੀ ਸੌਗਾਤ ਜਰੂਰ ਪੁੰਗਰਨੀ ਸੁਰੂ ਹੋ ਚੁੱਕੀ ਸੀ । ਦੋ ਢਾਈ ਸਾਲ ਦੇ ਅਰਸੇ ਬਾਅਦ ਕੰਵਲ ਨੂੰ ਆਪਣੇ ਪਿੰਡ ਵਾਪਿਸ ਪਰਤਣਾ ਪਿਆ । ਪਿੰਡ ਵਾਪਿਸ ਆ ਕੇ ਉਹਨਾਂ ਨੇ ਆਪਣੇ ਭਰਾ ਨਾਲ ਮਿਲ ਕੇ ਪਿੰਡ ਦਿਆਂ ਖੇਤਾਂ ਵਿੱਚ ਹਲ਼ ਵੀ ਵਾਹਿਆ । ਪਰ ਲਿਖਣ ਕਲਾ ਦਾ ਸਾਹਿਤ ਰੂਪੀ ਅੰਦਰਲਾ ਬੀਜ਼ ਵੀ ਪੁੰਗਰਦਾ ਰਿਹਾ । ਕੰਵਲ ਨੇ ਕੁੱਝ ਸਮਾਂ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਜੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਵੀ ਕੀਤੀ । ਇੱਥੇ ਰਹਿ ਕੇ ਕੰਵਲ ਨੇ ਆਪਣਾ ਵਿਹਲਾ ਸਮਾਂ ਸ੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਗੁਜਾਰਿਆਂ ਅਤੇ ਸਿੱਧੇ ਰੂਪ ਉਨਾਂ ਦਾ ਵਾਹ ਪੰਜਾਬੀ ਸਾਹਿਤ ਨਾਲ ਪੈ ਗਿਆ । ਮਲਾਇਆਂ ਤੋਂ ਸੁਰੂ ਹੋਇਆ ਕੰਵਲ ਦਾ ਸਾਹਿਤਕ ਸਫਰ ਪੰਜਾਬ ਦੀ ਫਿਜ਼ਾ ਅੰਦਰ ਪ੍ਰਵਾਨ ਚੜ੍ਹਨ ਲੱਗਿਆ । ਪੰਜਾਬੀ ਸਾਹਿਤ ਅੰਦਰ ਜਸਵੰਤ ਸਿੰਘ ਕੰਵਲ ਦਾ ਨਾਮ ਇੱਕ ਧੰਰੂ ਤਾਰੇ ਵਾਂਗ ਹਮੇਸ਼ਾ ਚਮਕਦਾ ਰਹੇਗਾ । ਇੱਕ ਸਦੀ ਦੀ ਉਮਰ ਹੰਢਾਅ ਚੁੱਕੇ ਇਸ ਸਾਹਿਤਕਾਰ ਦੇ ਅੰਦਰ ਅੱਜ ਵੀ ਪੰਜਾਬ , ਪੰਜਾਬੀ , ਅਤੇ ਪੰਜਾਬੀ ਲੋਕ ਜੀਵਨ ਪ੍ਰਤੀ ਸੰਜੀਦਗੀ ਦਾ ਮੋਹ ਸਮੁੰਦਰ ਦੇ ਵੇਗ ਠਾਠਾਂ ਮਾਰ ਰਿਹਾ ਹੈ । ਕੰਵਲ ਭਾਵੇਂ ਵਕਤੀ ਲਹਿਰਾਂ ਤੋਂ ਬਹੁਤ ਪ੍ਰਭਾਵਿਤ ਰਿਹਾ ਹੈ , ਪਰ ਇਹ ਵਕਤੀ ਲਹਿਰਾਂ ਕੰਵਲ ਦੀ ਸਾਹਿਤ ਸਿਰਜਣਾ ਦਾ ਅੰਗ ਬਣਦੀਆਂ ਰਹੀਆਂ । ਕੰਵਲ ਪੰਜਾਬੀ ਸਾਹਿਤ ਦਾ ਬਹੁ ਵਿਧਾਵੀ ਸਾਹਿਤਕਾਰ ਹੈ , ਜਿਸ ਨੇ ਕਵਿਤਾ , ਕਹਾਣੀ , ਵਾਰਤਕ, ਰੇਖਾ ਚਿੱਤਰ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ । ਪਰ ਕੰਵਲ ਦੀ ਵਧੇਰੇ ਮਕਬੂਲੀਅਤ ਇੱਕ ਨਾਵਲਕਾਰ ਵਜੋਂ ਹੀ ਹੋਈ ਹੈ । ਜਸਵੰਤ ਕੰਵਲ ਨੂੰ ਜੇ ਪੰਜਾਬੀ ਨਾਵਲ ਦਾ ਸਿਖਰ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀਂ ਨਹੀਂ ਹੋਵੇਗੀ ।

ਜਸਵੰਤ ਕੰਵਲ ਦੇ ਨਾਵਲਾਂ ਨੇ ਪੰਜਾਬੀ ਸਾਹਿਤਕ ਪਾਠਕਾਂ ਦਾ ਮੁਹਾਂਦਰਾਂ ਪੂਰਨ ਤੌਰ ਤੇ ਆਪਣੇ ਵੱਲ ਮੋੜ ਲਿਆ ਸੀ । ਕੰਵਲ ਦੇ ਪਾਠਕਾਂ ਗਿਣਤੀ ਅੱਜ ਵੀ ਬਹੁਤ ਵੱਡੀ ਹੈ । ਭਾਵੇਂ ਕਿ , ਅਲੋਚਕਾਂ ਦੀ ਕੰਵਲ ਦੇ ਨਾਵਲਾਂ ਪ੍ਰਤੀ ਵੱਖ-ਵੱਖ ਰਾਇ ਹੈ । ਪਰ ਪੰਜਾਬੀ ਨਾਵਲ ਜਗਤ ਵਿੱਚ ਕੰਵਲ ਦਾ ਕੋਈ ਸ਼ਾਨੀ ਨਹੀਂ । ਪਿੰਡਾਂ ਦਾ ਜੰਮਪਲ ਹੋਣ ਕਰਕੇ ਕੰਵਲ ਪੇਂਡੂ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਭਲੀ ਭਾਤ ਜਾਣੂ ਸੀ । ਇਸ ਲਈ ਕੰਵਲ ਦੇ ਨਾਵਲਾਂ ਵਿੱਚੋਂ , ਪੇਂਡੂ ਲੋਕਾਂ ਦੇ ਸਮਾਜਿਕ , ਰਾਜਨੀਤਕ , ਸੰਸ਼ਕ੍ਰਿਤਿਕ ਜੀਵਨ ਦਾ ਝਲਕਾਰਾ ਬਾਖੂਬੀ ਪੈਂਦਾ ਹੈ । ਕੰਵਲ ਦੇ ਨਾਵਲਾਂ ਦੇ ਪਾਤਰ ਤੰਗੀਆਂ ਤੁਰਸੀਆਂ ਨਾਲ ਜੂਝਦੇ , ਹੱਕਾਂ ਲਈ ਲੜਦੇ , ਮੁਸਕਲਾਂ ਨਾਲ ਆਢਾਂ ਲਾਉਂਦੇ ਜਿਊਦੇ ਜਾਗਦੇ ਹੱਡ ਮਾਸ ਦੇ ਯਥਾਰਥੀ ਪੁਤਲੇ ਜਾਪਦੇ ਹਨ । ਕੰਵਲ ਦੀ ਪਾਤਰ ਉਸਾਰੀ ਨੂੰ ਪਰਪੱਕਤਾ ਦੇਣ ਲਈ ਡਾ. ਪਰਮਿੰਦਰ ਸਿੰਘ ਨੇ ਲਿਖਿਆ ਹੈ ਕਿ “ ਪਾਤਰ ਉਸਾਰੀ ਪੱਖੋਂ ਕੰਵਲ ਨੂੰ ਆਪਣੇ ਸਮਕਾਲੀ ਨਾਵਲਕਾਰਾਂ ਨਾਲੋਂ ਵਧੇਰੇ ਸਫਲ ਆਖਿਆ ਜਾ ਸਕਦਾ ਹੈ , ਕਿਉਂਕਿ ਇਹ ਪਾਤਰ ਆਦਰਸ਼ਕ ਹੋਣ ਦੇ ਨਾਲ ਨਾਲ ਸਾਡੇ ਆਲੇ ਦੁਆਲੇ ਵਰਤਦੇ ਨਿੱਤ ਜੀਵਨ ਵਿੱਚੋਂ ਲਏ ਗਏ ਹਨ “। ਪੰਜਾਬੀ ਨਾਵਲ ਜਗਤ ਵਿੱਚ ਕੰਵਲ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ( 1944) ਵਿੱਚ ਆਪਣੇ ਨਾਵਲ ‘ਸ਼ੱਚ ਨੂੰ ਫਾਂਸੀ’ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕਰਦਾ ਹੈ । ਭਾਵੇਂ ਵਿਸ਼ੇ ਪੱਖ ਤੋਂ ਕੰਵਲ ਦੇ ਨਾਵਲ ਉਸਦੇ ਸਮਕਾਲੀਆਂ ਤੋਂ ਅੱਡਰੇ ਪ੍ਰਤੀਤ ਹੁੰਦੇ ਹਨ । ਪਰ ਨਾਵਲੀ ਜੁਗਤ ਦੇ ਤੌਰ ਤੇ ਉਹ ਆਪਣੇ ਸਮਕਾਲੀ ਨਾਵਲਕਾਰ ਨਾਨਕ ਸਿੰਘ ਦੀ ਪੈੜ ਵਿੱਚ ਪੈੜ ਰੱਖਦਾ ਨਜ਼ਰੀਂ ਪੈਂਦਾ ਹੈ । ਮੂਲ ਰੂਪ ਵਿੱਚ ਕੰਵਲ ਪੇਂਡੂ ਜੀਵਨ ਦੀਆਂ ਤਲਖ ਹਕੀਕਤਾਂ ਨਾਲ ਸੰਬਾਦ ਰਚਾਉਂਦਾ ਹੈ । 1949 ਵਿੱਚ ਜਦੋਂ ਜਸਵੰਤ ਕੰਵਲ ਦਾ ਤੀਜਾ ਨਾਵਲ “ਪੂਰਨਮਾਸੀ“ ਪੰਜਾਬੀ ਪਾਠਕਾਂ ਦੇ ਦ੍ਰਿਸਟੀਗੋਚਰ ਹੁੰਦਾ ਹੈ ਤਾਂ ਕੰਵਲ ਦੀ ਪ੍ਰਸਿੱਧੀ ਦੀਆਂ ਕੰਨਸੋਆਂ ਚੁਫੇਰੇ ਫੈਲ ਜਾਂਦੀਆਂ ਹਨ ।

ਕੰਵਲ ਦੇ ਦੱਸਣ ਮੁਤਾਬਕ ਪੂਰਨਮਾਸੀ ਨਾਵਲ ਦਾ ਜਨਮ ਖੇਤਾਂ ਦੀਆਂ ਵੱਟਾਂ ਤੇ ਹੋਇਆ । ਇਸ ਨਾਵਲ ਦੀ ਪ੍ਰਸਿੱਧੀ ਦਾ .ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਜਦੋਂ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇਸ ਨਾਵਲ ਬਾਰੇ ਕਿਹਾ ਸੀ ਕਿ ‘ਪੂਰਨਮਾਸੀ ‘ ਨਾਵਲ ਪੜ੍ਹਦਿਆਂ ਉਸ ਨੂੰ ਇਨਾਂ ਰਸ ਆਇਆ ਕਿ ਉਸ ਨੇ ਇੱਕੋ ਬੈਠਕ ਵਿੱਚ ਨਾਵਲ ਨੂੰ ਪੂਰਾ ਪੜ੍ਹ ਲਿਆ । ਆਦਰਸਵਾਦ, ਰੋਮਾਂਸਵਾਦ ਜੁਗਤੀ ਦਾ ਇਹ ਨਾਵਲ ਯਥਾਰਥਵਾਦ ਨਾਲ ਵੀ ਖਹਿੰਦਾ ਹੈ । ਪੂਰਨਮਾਸ਼ੀ ਨਾਵਲ ਕੰਵਲ ਦੀ ਜ਼ਿੰਦਗੀ ਦੀ ਸਾਹਿਤਕ ਪੂਰਨਮਾਸ਼ੀ ਹੋ ਨਿੱਬੜਿਆ । ਕਿਉਂਕਿ ਇਸ ਸਮੇਂ ਕੰਵਲ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਮੋੜ ਆਇਆ , ਜਦੋਂ ਉਸ ਨਾਲ ਖਤੋ ਖਿਤਾਬਤ ਕਰਦੀ ਸੂਰਜਪੁਰ ਮੈਡੀਕਲ ਫੈਕਟਰੀ ਦੀ ਮੈਡੀਕਲ ਇੰਚਾਰਜ਼ ਲੱਗੀ ਕੁੜੀ ਡਾ. ਜਸਵੰਤ ਕੌਰ ਗਿੱਲ ਉਹਨਾਂ ਦੀ ਜੀਵਨ ਸਾਥਣ ਬਣੀ । ਕੰਵਲ ਦੇ ਕਹਿਣ ਮੁਤਾਬਕ ਉਹ 1955 ਤੋਂ 1997 ਤੱਕ ਲਗਭੱਗ 42 ਸਾਲ ਇੱਕਠੇ ਰਹੇ । ਡਾ. ਜਸਵੰਤ ਕੌਰ ਗਿੱਲ ਨੂੰ ਕੰਵਲ ਆਪਣੇ ਸਹਿਤਕ ਸਫਰ ਆਦਰਸ ਮੰਨਦਾ ਹੈ , ਜਿਸ ਨੇ ਉਸ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ। ਪੰਜਾਬੀ ਸਾਹਿਤ ਦੀ ਝੋਲੀ ਭਰਨ ਵਾਲੇ ਇਸ ਲੇਖਕ ਨੇ ਲਗਭੱਗ 68 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਨਾਂ ਵਿੱਚ ਲੱਗਭੱਗ 30 ਨਾਵਲ ਸਾਮਿਲ ਹਨ । ਕੰਵਲ ਦੀਆਂ ਕਈ ਕਿਤਾਬਾਂ ਨੂੰ ਕਾਲਿਜਾਂ , ਯੂਨੀਵਰਸਿਟੀਆਂ ਦਾ ਸਿਲੇਬਸਾਂ ਦਾ ਹਿੱਸਾ ਬਣਨ ਦਾ ਵੀ ਮਾਣ ਹਾਸਿਲ ਹੈ । ਕੰਵਲ ਦੇ ਨਾਵਲ ‘ਤੋਸ਼ਾਲੀ ਦੀ ਹੰਸੋ’ ਨੂੰ ਸਾਹਿਤ ਅਕਾਦਮੀਂ ਦਾ ਪੁਰਸਕਾਰ ਵੀ ਮਿਲਿਆ ਹੈ ।

ਪੰਜਾਬੀ ਸਾਹਿਤ ਜਗਤ ਦਾ ਇਹ ‘ਬਾਬਾ ਬੋਹੜ’ ਅੱਜ ਆਪਣੀ ਉਮਰ ਦੇ 100 ਵਰ੍ਹੇ ਪੂਰੇ ਕਰ ਚੁੱਕਿਆ ਹੈ । ਇੱਕ ਸਦੀ ਨੂੰ ਢੁੱਕਿਆ ਪੰਜਾਬੀ ਦਾ ਇਹ ਮਹਾਨ ਸਾਹਿਤਕਾਰ ਅੱਜ ਵੀ ਪੂਰੇ ਜਲੌਅ ਵਿੱਚ ਨਜ਼ਰੀਂ ਪੈਂਦਾ ਹੈ । ਸਰੀਰਕ ਕਮਜੋਰੀ ਦੇ ਅੱਗੇ ਸਹਿਤਕ ਕਮਜੋਰੀ ਅੱਜ ਵੀ ਬੌਣੀ ਜਾਪਦੀ ਹੈ । ਉਮਰ ਦੇ ਆਖਰੀ ਪੜਾਅ ਤੇ ਪਹੁੰਦਿਆਂ ਉਨਾਂ ਦਾ ਆਦਰਸਵਾਦ , ਰੋਮਾਂਸਵਾਦ ਦਾ ਸਾਹਿਤਕ ਸਫਰ ਅੱਜ ਸਮਾਜਵਾਦੀ , ਮਾਰਕਸਵਾਦੀ ਵਿਚਾਰਧਾਰਾ ਵੱਲ ਮੋੜਾ ਖਾ ਚੁੱਕਿਆ ਹੈ । ਪੰਜਾਬੀ ਸਾਹਿਤਕ ਜਗਤ ਦਾ ਇਹ ਝੰਡਾ ਅਲੰਬਰਦਾਰ ਲੇਖਕ ਅੱਜ ਵੀ ਪੰਜਾਬ ਪ੍ਰਤੀ ਵਧੇਰੇ ਚਿੰਤਤ ਦਿਖਾਈ ਪੈਂਦਾ ਹੈ । ਸੋ ਸਾਹਿਤ ਪ੍ਰੇਮੀਂਆਂ ਵੱਲੋਂ ਆਪਣੇ ਇਸ ਮਹਿਬੂਬ ਸਾਹਿਤਕਾਰ ਦਾ 100 ਵਾਂ ਜਨਮ ਦਿਨ 27 ਜੂਨ ਨੂੰ ਉਨਾਂ ਦੇ ਪਿੰਡ ਢੁੱਕੀਕੇ (ਮੋਗਾ) ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ।

ਸੁਖਵੀਰ ਘੁਮਾਣ
ਦਿੜ੍ਹਬਾ
9815590209

Leave a Reply

Your email address will not be published. Required fields are marked *

%d bloggers like this: