10 ਜਨਵਰੀ,2019 ਨੂੰ ਜਨਮ ਦਿਨ ਤੇ ਵਿਸ਼ੇਸ: ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ ਸੀ ਵਿਸ਼ਵ ਪ੍ਰਸਿੱਧ ਪਦਮਸ਼੍ਰੀ ਗਿਆਨਪੀਠ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ

10 ਜਨਵਰੀ,2019 ਨੂੰ ਜਨਮ ਦਿਨ ਤੇ ਵਿਸ਼ੇਸ: ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ ਸੀ ਵਿਸ਼ਵ ਪ੍ਰਸਿੱਧ ਪਦਮਸ਼੍ਰੀ ਗਿਆਨਪੀਠ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ
ਵਿਸ਼ਵ ਪ੍ਰਸਿੱਧ ਨਾਵਲਾਂ ਅਤੇ ਹੋਰ ਮਹਾਨ ਲਿਖਤਾਂ ਕਾਰਨ ਹਮੇਸ਼ਾ ਅਮਰ ਰਹਿਣਗੇ ਪ੍ਰੋ: ਗੁਰਦਿਆਲ ਸਿੰਘ ਰਾਹੀ

ਵਿਸ਼ਵ ਪ੍ਰਸਿਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਵਿਜੇਤਾ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ,ਇਹਨਾਂ ਦੀ ਸ਼ਾਦੀ 13 ਸਾਲ ਦੀ ਉਮਰ ਵਿੱਚ ਬਲਵੰਤ ਕੌਰ ਨਾਲ ਹੋਈ ਅਤੇ 16 ਅਗਸਤ,2016 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ ਸਨ। ਉਹ ਪਰਿਵਾਰ ਵਿੱਚ ਪਤਨੀ ਬਲਵੰਤ ਕੌਰ,ਬੇਟਾ ਰਵਿੰਦਰ ਸਿੰਘ ਰਾਹੀ, ਦੋ ਬੇਟੀਆਂ ਮਨਜੀਤੀ ਅਤੇ ਸੁਮੀਤੀ ਅਤੇ ਪੋਤਰਿਆਂ ਨੂੰ ਛੱਡ ਗਏ ਹਨ। ਉਹਨਾਂ ਨੇ ਮੁਢਲੀ ਸਿੱਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਫਿਰ ਉੁਹਨਾਂ ਨੇ ਗਿਆਨੀ,ਬੀ.ਏ ਅਤੇ ਐਮ.ਏ (ਪੰਜਾਬੀ) ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪਾਸ ਕੀਤੀ। ਉਹ 1945 ਤੋਂ 1953 ਤੱਕ ਕਾਰਪੇਂਟਰ ਦਾ ਕੰਮ ਕਰਦੇ ਰਹੇ,ਫਿਰ 1954 ਤੋਂ 62 ਤੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ,1963 ਤੋਂ 1970 ਤੱਕ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਟੀਚਰ, 1970 ਤੋਂ 86 ਤੱਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੰਜਾਬੀ ਲੈਕਚਰਾਰ, 1987 ਤੋਂ 1992 ਤੱਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਰੀਡਰ,1992 ਤੋਂ 1995 ਤੱਕ ਉੱਥੇ ਹੀ ਪੰਜਾਬੀ ਦੇ ਪ੍ਰੋਫੈਸਰ ਰਹੇ। ਉਹ ਭਾਰਤ ਦੇ ਮਹਾਨ ਲੇਖਕ ਸਨ ਜਿਨਾਂ ਨੂੰ ਨਾਵਲ ਲਿਖਣ ਤੇ ਭਾਰਤ ਦੇ ਪ੍ਰਸਿੱਧ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋ ਉਹਨਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ,’ਜਵਾਹਰ ਲਾਲ ਨਹਿਰੂ’ ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸੁਸਜਤ ਮਾਂ-ਬੋਲੀ ਦੇ ਸਮਰੱਥ ਨਾਵਲਕਾਰ ਗੁਰਦਿਆਲ ਸਿੰਘ ਦੇ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਿਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ। ਉਨਾਂ ਚਿਤਰਕਾਰੀ ਆਰੰਭੀ ਤੇ ਇਸ ਉਪਰੰਤ ਉਨਾਂ ਗਾਇਕੀ ਸ਼ੁਰੂ ਕੀਤੀ ਤੇ ਆਪਣੇ ਨਗਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਚ ਉਹ ਕੀਰਤਨ ਵੀ ਕਰਦੇ ਰਹੇ। ਇੱਥੇ ਵੀ ਜਦ ਉਨਾਂ ਦੀ ਤ੍ਰਿਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵੱਲ ਮੁੜੇ ਤੇ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’। ਕਲਮ ਨਾਲ ਉਨਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨਾਂ ਜੋ ਵੀ ਲਿਖਿਆ ਉਸਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨਾਂ ਦੇ ਪਹਿਲੇ ਕਹਾਣੀ-ਸੰਗ੍ਰਿਹ ‘ਸੱਗੀ ਫ਼ੁੱਲ’ ਨਾਲ ਉਹ ਕਹਾਣੀਕਾਰ ਤੇ ‘ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਏ। ਉਨਾਂ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨਾਂ ਦਾ ਪਲੇਠਾ ਨਾਵਲ ‘ਮੜੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਜਿਸਨੂੰ ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਆਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ ‘ਟ੍ਰੈਂਡ ਸੈੱਟਰ’ ਕਰਾਰ ਦਿੱਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੰਨੇ ਘੋੜੇ ਦਾ ਦਾਨ’ ‘ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਅੰਤਰ-ਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਅਤਿ ਨਿਮਨ ਪੇਂਡੂ ਵਰਗ ਦੇ ਜੀਵਨ ਅਤੇ ਉਸਨੂੰ ਦਰਪੇਸ਼ ਦੀਰਘ ਮੁਸ਼ਕਲਾਂ ਦੇ ਚਿਤੇਰੇ ਗੁਰਦਿਆਲ ਸਿੰਘ ਨੇ ਸਦਾ ਇਕ ਪ੍ਰਤੀਬੱਧ ਲੇਖਕ ਵੱਜੋਂ ਆਪਣਾ ਅਕਸ ਬਰਕਰਾਰ ਰੱਖਿਆ। ਉਨਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫ਼ੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇਕ ਮੁੱਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਹਿਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ ‘ਗਿਆਨਪੀਠ ਪੁਰਸਕਾਰ’ ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਮਾਣਯੋਗ ਲੇਖਕ ਸਨ। ਉਨਾਂ ਸੰਸਾਰ ਸਾਹਿਤ ਦੀਆਂ ਕਈ ਉਚਤਮ ਕਿਰਤਾਂ ਦੇ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੀ ਭੇਟ ਕੀਤੇ। ਹਾਲ ਹੀ ਵਿਚ ਉਨਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨਾਂ ਨੂੰ ‘ਪਦਮ ਸ਼੍ਰੀ’ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਮੈਂ 2002 ਵਿੱਚ ਐੱਮ. ਐਸ.ਸੀ (ਆਈ .ਟੀ) ਕਰਨ ਦੌਰਾਨ ਆਪਣਾ ਪ੍ਰੋਜੈਕਟ ਤਿਆਰ ਕਰਨਾ ਸੀ ਤਾਂ ਮੇਰੇ ਖਿਆਲ ਵਿੱਚ ਆਇਆ ਕਿ ਕਿਉਂ ਨਾ ਸਾਡੀ ਜੈਤੋ ਮੰਡੀ ਦਾ ਨਾਮ ਪੂਰੇ ਸੰਸਾਰ ਵਿੱਚ ਪ੍ਰਸਿੱਧ ਕਰਨ ਵਾਲੇ ਪ੍ਰੋ: ਗੁਰਦਿਆਲ ਸਿੰਘ ਜੀ ਦੀ ਜੀਵਣੀ ਤੇ ਹੀ ਪ੍ਰੋਜੈਕਟ ਤਿਆਰ ਕੀਤਾ ਜਾਵੇ ਤਾਂ ਮੈਂ ਆਪਣੇ ਸਾਥੀ ਪੰਕਜ ਮਿੱਤਲ ਨਾਲ ਰਲ ਕੇ ਇਹ ਪ੍ਰੋਜੈਕਟ ਤਿਆਰ ਕਰਨ ਸਬੰਧੀ ਪ੍ਰੋ. ਗੁਰਦਿਆਲ ਸਿੰਘ ਜੀ ਨੂੰ ਮਿਲੇ ‘ਤੇ ਉਹਨਾਂ ਦੀ ਸਹਿਮਤੀ ਲਈ। ਉਨਾਂ ਸਾਨੂੰ ਆਪਣੀ ਪੂਰੀ ਜੀਵਣੀ,ਪ੍ਰਾਪਤੀਆਂ,ਲਿਟਰੇਚਰ ਵਰਕ ਆਦਿ ਸਬੰਧੀ ਭਰਪੂਰ ਜਾਣਕਾਰੀ, ਫੋਟੋ ਆਦਿ ਮੁਹੱਈਆ ਕਰਵਾਏ। ਅਸੀਂ ਜਦੋਂ ਵੀ ਉਹਨਾਂ ਨੂੰ ਮਿਲਣ ਜਾਣਾ ਤਾਂ ਉਹ ਹਰ ਵਕਤ ਆਪਣੇ ਘਰ ਦੇ ਉੱਪਰ ਬਣੇੇ ਚੁੁੁਬਾਰੇ ਵਿੱਚ ਲਿਖ ਰਹੇ ਹੁੰਦੇ ਸਨ ਜਿੱਥੇ ਕਿ ਅੱਜ ਕੱਲ ਪ੍ਰੋ. ਗੁਰਦਿਆਲ ਸਿੰਘ ਮਿਊਜ਼ੀਅਮ ਖੋਲਿਆ ਹੋਇਆ ਹੈ। ਉਹ ਬੜੇ ਹੀ ਪਿਆਰ ਨਾਲ ਹੋਲੀ ਹੋਲੀ ਬੋਲ ਕੇ ਸਾਡੇ ਨਾਲ ਗੱਲਾਂ ਕਰਦੇ ਤੇ ਨਸੀਹਤ ਦਿੰਦੇ ਸਨ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਬਲਵੰਤ ਕੌਰ ਜੀ ਸਾਨੂੰ ਸਵਾਦ ਜਿਹੀ ਚਾਹ ਤੇ ਘਰ ਦੀ ਬਣੀ ਬਰਫੀ ਖਵਾਏ ਬਿਨਾਂ ਘਰੋਂ ਜਾਣ ਨਹੀਂ ਦਿੰਦੇ ਸਨ। ਜਦੋਂ ਸਾਡਾ ਇਹ ਪ੍ਰੋਜੈਕਟ “ਬਾਇਓਗ੍ਰਾਫੀ ਆਫ ਪ੍ਰੋ. ਗੁਰਦਿਆਲ ਸਿੰਘ” ਯੂਨੀਵਰਸਿਟੀ ਵਿੱਚ ਸਬਮਿਟ ਕਰਵਾਇਆ ਗਿਆ ਤਾਂ ਨਤੀਜਾ ਆਉਣ ਤੇ ਇਸ ਪ੍ਰੋਜੈਕਟ ਵਿੱਚੋਂ ਅਸੀਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਤੀਜੇ ਵਜੋਂ ਅੱਜ ਅਸੀਂ ਦੋਨੋਂ ਸਾਥੀ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਰਹੇ ਹਾਂ।
ਇੱਕ ਘਟਨਾ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਇੱਕ ਵਾਰ ਅਸੀਂ ਕੁਝ ਸਾਥੀਆਂ ਨੇ ਰਲ ਕੇ 2006 ਵਿੱਚ ਇੱਕ ਸੈਮੀਨਾਰ ਕਰਵਾਇਆ ਜਿਸ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਪ੍ਰੋ. ਗੁਰਦਿਆਲ ਸਿੰਘ ਜੀ ਸਨ, ਸਮਾਗਮ ਵਾਲੇ ਦਿਨ ਇਹਨਾਂ ਨੂੰ ਘਰੋਂ ਲੈ ਕੇ ਆਉਣ ਤੇ ਛੱਡਣ ਦੀ ਜਿੰਮੇਵਾਰੀ ਮੇਰੀ ਲਗਾਈ ਗਈ। ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਤੁਹਾਨੂੰ ਘਰੋਂ ਲੈ ਜਾਂ ਆਕੇ ? ਉਹਨਾਂ ਕਿਹਾ ਬੇਟਾ ਲੈ ਜੋ ਪਰ ਕੋਈ ਸਪੈਸ਼ਲ ਖੇਚਲ ਨਹੀਂ ਕਰਨੀ ਜੋ ਤੁਹਾਡੇ ਕੋਲ ਆਪਣਾ ਸਾਧਨ ਹੈ ਉਸੇ ਤੇ ਆ ਕੇ ਲੈ ਜਾਵੋ ਮੈਨੂੰ ਕੋਈ ਫੋਰਮੈਲਟੀ ਦੀ ਲੋੜ ਨਹੀਂ ਤਾਂ ਮੈਂ ਦੱਸਿਆ ਕਿ ਸਰ ਮੇਰੇ ਕੋਲ ਤਾਂ ਆਪਣਾ ਮੋਟਰ ਸਾਈਕਲ ਹੈ ਜੀ ਤਾਂ ਉਹ ਮੇਰੇ ਨਾਲ ਬੈਠ ਕੇ ਬਾਈਕ ਤੇ ਹੀ ਚਲੇ ਗਏ ਤੇ ਵਾਪਸੀ ਤੇ ਵੀ ਬਾਈਕ ਤੇ ਹੀ ਆਏ, ਨਹੀਂ ਤਾਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਦੇ ਮੁੱਖ ਮਹਿਮਾਨ ਕਾਰ ਤੋਂ ਘੱਟ ਗੱਲ ਨੀਂ ਕਰਦੇ। ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਜੈਤੋ ਮੰਡੀ ਦਾ ਨਾਮ ਪੂਰੇ ਸੰਸਾਰ ਵਿੱਚ ਪ੍ਰਸਿੱਧ ਕੀਤਾ ਜਿਸ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਾਣ ਹੈ ।
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂਆਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲੇ ਇਸ ਸਾਹਿਤਕਾਰ ਦਾ ਜੀਵਨ ‘ਦਰਬਾਰੀ ਰਾਗ਼’ ਅਲਾਪਣ ਵਾਲੇ ਲੇਖਕਾਂ ਲਈ ਨਸੀਹਤ ਵੀ ਹੈ। ਉਨਾਂ ਗੁਰਦਿਆਲ ਸਿੰਘ ਨੂੰ ਊਣਿਆਂ, ਵਿਹੂਣਿਆਂ, ਅਣਗੌਲਿਆਂ ਦਾ ਸਾਹਿਤਕਾਰ ਕਹਿ ਕੇ ਤਾਰੀਫ਼ ਕੀਤੀ ਅਤੇ ਖੁਲਾਸਾ ਕੀਤਾ ਕਿ ਉਨਾਂ ਦੀਆਂ ਕ੍ਰਿਤਾਂ ਬਹੁਤ ਸਾਰੇ ਦੇਸ਼ਾਂ ਵਿੱਚ ਅਨੁਵਾਦ ਹੋ ਕੇ ਛਪੀਆਂ। ਉਹਨਾਂ ਦੱਸਿਆ ਕਿ ਮਰਹੂਮ ਪ੍ਰੋ. ਗੁਰਦਿਆਲ ਸਿੰਘ ਜੀ ਦੇ ਜਨਮ ਦਿਨ ਮੌਕੇ 10 ਜਨਵਰੀ 2019 ਨੂੰ ਨਾਮਦੇਵ ਭਵਨ, ਬਠਿੰਡਾ ਰੋਡ ਜੈਤੋ ਵਿਖੇ ਸਵੇਰੇ 11 ਵਜੇ ਉਹਨਾਂ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਉੱਚ ਕੋਟੀ ਦੇ ਵਿਦਵਾਨ ਲੇਖਕ ਉਹਨਾਂ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਰਚਾ ਕਰਨਗੇ।

ਪ੍ਰਮੋਦ ਧੀਰ

ਜੈਤੋ ਮੰਡੀ
98550-31081

Share Button

Leave a Reply

Your email address will not be published. Required fields are marked *

%d bloggers like this: