50 ਘੰਟੇ ਬੀਤਣ ਤੋਂ ਬਾਅਦ ਵੀ ਸੰਭੂ ਬੈਰੀਅਰ ‘ਤੇ ਸਰਵਰ ਡਾਊਨ ਕਾਰਣ ਸਥਿੱਤੀ ਜਿਉਂ ਦੀ ਤਿਉਂ

ss1

50 ਘੰਟੇ ਬੀਤਣ ਤੋਂ ਬਾਅਦ ਵੀ ਸੰਭੂ ਬੈਰੀਅਰ ‘ਤੇ ਸਰਵਰ ਡਾਊਨ ਕਾਰਣ ਸਥਿੱਤੀ ਜਿਉਂ ਦੀ ਤਿਉਂ
-ਪੰਜਾਬ ਵਿੱਚ ਦਾਖਲ ਹੋਣ ਦੀ ਉਡੀਕ ਵਿੱਚ ਖੜੇ ਡਰਾਇਵਰਾਂ ਨੇ ਦੇਰ ਰਾਤ ਸੜਕ ਕਿਨਾਰੇ ਬਣਾਇਆ ਖਾਣਾ
-ਪੰਜਾਬ ਵਿੱਚ ਦਾਖਲ ਹੋਣ ਵਾਲੇ ਮਾਲ ਨਾਲ ਲੋਡ ਵਾਹਨਾਂ ਦੀਆਂ ਕਈ ਕਿਲੋਮੀਟਰ ਤੱਕ ਲੱਗੀਆਂ ਲੰਮੀਆਂ ਕਤਾਰਾਂ, ਸੰਭੂ ਬੈਰੀਅਰ ‘ਤੇ ਐਮਰਜੰਸੀ ਵਰਗਾ ਮਾਹੋਲ
-ਵਾਹਨ ਚਾਲਕਾਂ ਨੇ ਸੂਬਾ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੀਤੀ ਮੰਗ

ਰਾਜਪੁਰਾ, 9 ਜੂਨ (ਐਚ.ਐਸ.ਸੈਣੀ)-ਕੌਮੀ ਸ਼ਾਹ ਮਾਰਗ ਨੰਬਰ 1 ‘ਤੇ ਸਥਿੱਤ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਇਨਫਰਮੇਸ਼ਨ ਕੁਲੈਕਸ਼ਨ ਸੈਂਟਰਾਂ ਦੇ ਮੰਗਲਵਾਰ ਰਾਤ ਤੋਂ ਅੱਜ ਸ਼ੁਕਰਵਾਰ ਰਾਤ ਤੱਕ ਇੰਟਰਨੈਟ ਸਰਵਰ ਡਾਊਨ ਹੋਣ ਕਾਰਣ ਪੰਜਾਬ ਵਿੱਚ ਦਾਖਲ ਹੋਣ ਲਈ ਖੜੇ ਸੈਕੜੇ ਟਰੱਕ ਡਰਾਈਵਰਾ ਨੂੰ 50 ਘੰਟੇ ਬੀਤਣ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਾ ਨਿਕਲਣ ਕਾਰਣ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਬੀਤੀ ਰਾਤ ਤਾਂ ਡਰਾਈਵਰਾਂ ਨੇ ਸੜਕ ਕਿਨਾਰੇ ਸਾਂਝੇ ਤੌਰ ਤੇ ਰਾਤ ਦਾ ਖਾਣਾ ਆਪ ਤਿਆਰ ਕਰਕੇ ਖਾਇਆ। ਵਾਹਨ ਚਾਲਕਾਂ ਨੇ ਪੰਜਾਬ ਕਾਂਗਰਸ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣ ਦੀ ਮੰਗ ਕਰਦਿਆਂ ਸਬੰਧਤ ਵਿਭਾਗ ਦੀ ਇਸ ਮਾੜੀ ਕਾਰਗੁਜ਼ਾਰੀ ਖਿਲਾਫ ਰੋਸ ਵਿਅਕਤ ਕੀਤਾ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੰਭੂ ਬੈਰੀਅਰ ‘ਤੇ ਸਥਿੱਤ ਆਬਕਾਰੀ ਅਤੇ ਕਰ ਵਿਭਾਗ ਇੰਨਫਰਮੇਸ਼ਨ ਕੁਲੈਕਸ਼ਨ ਸੈਂਟਰ ‘ਤੇ ਮੰਗਲਵਾਰ ਰਾਤ ਤੋਂ ਇੰਟਰਨੈਟ ਦਾ ਸਰਵਰ ਡਾਊਨ ਹੋਣ ਕਾਰਣ ਬਾਹਰਲੇ ਸੂਬਿਆਂ ਤੋਂ ਮਾਲ ਨਾਲ ਲੋੜ ਟਰੱਕਾਂ ਤੇ ਭਾਰੀ ਵਾਹਨਾਂ ਦਾ ਪੰਜਾਬ ਵਿੱਚ ਦਾਲਖ ਨਾ ਹੋਣ ਕਾਰਣ ਸੜਕ ‘ਤੇ ਅੰਬਾਲਾ ਵੱਲ 8 ਕਿਲੋਮੀਟਰ ਦੀ ਦੂਰੀ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਸਬੰਧੀ ਟਰੱਕ ਡਰਾਇਵਰ ਭੀਮ ਸਿੰਘ, ਦਰਸ਼ਨ ਕੁਮਾਰ, ਰੰਗਾ ਰਾਮ, ਕੁਲਵੰਤ ਸਿੰਘ, ਰਾਜੂ ਯਾਦਵ, ਅਸਲਮ ਖਾਂ ਸਮੇਤ ਦਰਜ਼ਨਾਂ ਟਰੱਕ ਡਰਾਈਵਰਾਂ ਨੇ ਦੱਸਿਆ ਕਿ ਉਹ ਯੂ.ਪੀ, ਮੱਧ ਪ੍ਰਦੇਸ, ਗੁਜ਼ਰਾਤ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਤੋਂ ਪੰਜਾਬ ਵਿੱਚ ਵੱਖ-ਵੱਖ ਫਰਮਾਂ ਦਾ ਲੋਡ ਮਾਲ ਉਤਾਰਨ ਲਈ 3 ਦਿਨਾਂ ਤੋਂ ਲਾਈਨ ਵਿੱਚ ਲੱਗੇ ਹੋਏ ਹਨ। ਇਥੇ ਸੰਭੂ ਬੈਰੀਅਰ ‘ਤੇ ਆਈ.ਸੀ.ਸੀ ਸੈਂਟਰਾਂ ਵਿੱਚ ਇੰਟਰਨੈਟ ਦਾ ਕੰਮ ਬੰਦ ਹੋਣ ਕਾਰਣ ਆਪਣੇ ਬਿਲ ਤੇ ਬਿਲਟੀਆਂ ਦਾ ਆਨ ਲਾਈਨ ਮਿਲਾਉਣ ਨਾ ਹੋਣ ਕਾਰਣ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਬੈਰੀਅਰ ‘ਤੇ ਨਾ ਤਾਂ ਡਰਾਈਵਰਾਂ ਦੇ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਪਖਾਨੇ ਬਣਾਏ ਹੋਏ ਹਨ। ਡਰਾਈਵਰਾਂ ਨੇ ਸਾਂਝੇ ਤੌਰ ‘ਤੇ ਬੀਤੀ ਰਾਤ ਸੜਕ ਕਿਨਾਰੇ ਹੀ ਆਪਣਾ ਖਾਣਾ ਤਿਆਰ ਕਰਕੇ ਖਾਇਆ। ਜਦੋਂ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਦੇ ਹਨ ਤਾਂ ਉਨਾਂ ਦਾ ਰਟਿਆ ਰਟਾਇਆ ਬਿਆਨ ਹੁੰਦਾ ਹੈ ਕਿ ਪੰਜਾਬ ਪੱਧਰ ‘ਤੇ ਹੀ ਸਰਵਰ ਡਾਊਨ ਹੋਣ ਕਾਰਣ ਇਹ ਮੁਸ਼ਕਲ ਆ ਰਹੀ ਹੈ। ਜਦ ਕਿ ਅੱਜ 50 ਘੰਟੇ ਤੋਂ ਵੱਧ ਸਮਾਂ ਬੀਤ ਚੁੁਕਿਆ ਹੈ ਤੇ ਸਰਵਰ ਡਾਊਨ ਚਲ ਰਿਹਾ ਹੈ। ਇਸ ਸਬੰਧੀ ਥਾਣਾ ਸੰਭੂ ਪੁਲਸ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਉਹ ਖੁਦ ਸਮੇਤ ਪੁਲਸ ਫੋਰਸ ਅੰਬਾਲਾ ਵਾਲੇ ਪਾਸਿਓ ਆ ਰਹੇ ਹੋਰਨਾਂ ਵਾਹਨਾਂ ਨੂੰ ਨਿਰਵਿਘਨ ਲੰਘਾਉਣ ਵਿੱਚ ਪੂਰੀ ਤਰਾਂ ਚੌਕਸ ਹਨ। ਇਸ ਤਰਾਂ ਕਿਸੇ ਵੀ ਵਾਹਨ ਚਾਲਕ ਨੂੰ ਬਾਰਡਰ ਪਾਰ ਕਰਨ ਸਮੇਂ ਕੋਈ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾ ਰਹੀ।
ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਆਬਕਾਰੀ ਅਤੇ ਕਰ ਵਿਭਾਗ ਸੰਭੂ ਬੈਰੀਅਰ ਦੇ ਏ.ਈ.ਟੀ.ਸੀ ਸ਼ਰਨਜੀਤ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਸੂਬੇ ਅੰਦਰ ਬੈਰੀਅਰਾਂ ‘ਤੇ ਇੰਟਰਨੈਟ ਸਰਵਰ ਡਾਊਨ ਹੋਣ ਕਾਰਣ ਇਹ ਸਮੱਸਿਆ ਆ ਰਹੀ ਹੈ। ਜਦ ਕਿ ਸਾਡੇ ਮੁਲਾਜਮਾਂ ਵੱਲੋਂ ਨਿਰਵਿਘਨ ਮੈਨੂਅਲ ਤਰੀਕੇ ਨਾਲ ਕੰਮ ਚਲਾਇਆ ਜਾ ਰਿਹਾ ਹੈ। ਪਰ ਵਾਹਨਾਂ ਦੀਆਂ ਲਾਈਨਾਂ ਲੰਮੀਆਂ ਹੋਣ ਕਾਰਣ ਇਹ ਦਿੱਕਤ ਆ ਰਹੀ ਹੈ। ਇੰਟਰਨੈਟ ਸਰਵਰ ਦੇ ਅੱਜ ਰਾਤ ਤੱਕ ਠੀਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share Button

Leave a Reply

Your email address will not be published. Required fields are marked *