Fri. May 24th, 2019

31 ਮਈ – ਕੌਮਾਂਤਰੀ ਤੰਬਾਕੂਮੁਕਤ ਦਿਵਸ

31 ਮਈ – ਕੌਮਾਂਤਰੀ ਤੰਬਾਕੂਮੁਕਤ ਦਿਵਸ

ਭਾਰਤ ਪੂਰੀ ਦੁਨੀਆਂ ਵਿੱਚੋਂ ਤੰਬਾਕੂ ਦਾ ਦੂਜਾ ਸਭ ਤੋਂ ਵੱਡਾ ਉਪਭੋਗਤਾ, ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ ਵਿੱਚ ਤੰਬਾਕੂ ਦਾ ਪੌਦਾ ਪੁਰਤਗਾਲੀਆਂ ਦੁਆਰਾ ਸੰਨ 1608 ਈ. ਵਿੱਚ ਲਿਆਇਆ ਗਿਆ ਅਤੇ ਬਾਦ ਵਿੱਚ ਇਸਦੀ ਖੇਤੀ ਪੂਰੇ ਦੇਸ਼ ਵਿੱਚ ਫੈਲ ਗਈ।ਭਾਰਤ ਵਿਸ਼ਵ ਦੇ ਕੁੱਲ ਉਤਪਾਦਨ ਦਾ ਲਗਭਗ 7.8 ਫੀਸਦੀ ਤੰਬਾਕੂ ਪੈਦਾ ਕਰਦਾ ਹੈ।
ਅੰਕੜਿਆ ਅਨੁਸਾਰ ਭਾਰਤ ਵਿੱਚ 35 ਫੀਸਦੀ ਤੋਂ ਜ਼ਿਆਦਾ ਬਾਲਗ ਤੰਬਾਕੂ ਦਾ ਸੇਵਨ ਕਰਦੇ ਹਨ। ਤੰਬਾਕੂ ਉਤਪਾਦਾਂ ਦਾ ਸੇਵਨ ਅਨੇਕ ਰੂਪਾਂ ਵਿੱਚ ਕੀਤਾ ਜਾਂਦਾ ਹੈ ਜਿਵੇਂ ਕਿ ਬੀੜੀ, ਸਿਗਰਟ, ਗੁਟਖਾ, ਜਰਦਾ, ਖੈਨੀ, ਹੁੱਕਾ, ਚਿਲਮ ਆਦਿ। ਤੰਬਾਕੂ ਇੱਕ ਧੀਮੀ ਗਤੀ ਦਾ ਜ਼ਹਿਰ ਹੈ ਜੋ ਕਿ ਇਸਦਾ ਸੇਵਨ ਕਰਨ ਵਾਲੇ ਨੂੰ ਹੌਲੀ ਹੌਲੀ ਮੌਤ ਦੀ ਗ੍ਰਿਫਤ ਵਿੱਚ ਜਕੜ ਲੈਂਦਾ ਹੈ। ਭਾਰਤ ਵਿੱਚ ਸਿਗਰਟ ਨਾਲੋਂ ਬੀੜੀ ਜਿਆਦਾ ਪੀਤੀ ਜਾਂਦੀ ਹੈ। ਤਕਰੀਬਨ 48 ਫੀਸਦੀ ਮਰਦ ਅਤੇ 20 ਫੀਸਦੀ ਔਰਤਾਂ ਤੰਬਾਕੂ ਦਾ ਸੇਵਨ ਕਰਦੀਆਂ ਹਨ। 4000 ਤੋਂ ਜ਼ਿਆਦਾ ਵਿਭਿੰਨ ਪ੍ਰਕਾਰ ਦੇ ਰਸਾਇਣ ਤੰਬਾਕੂ ਅਤੇ ਤੰਬਾਕੂ ਦੇ ਧੂੰਏ ਵਿੱਚ ਪਾਏ ਜਾਂਦੇ ਹਨ। ਆਈ.ਏ.ਆਰ.ਸੀ. ਦੁਆਰਾ ਕੀਤੇ ਗਏ ਕੈਂਸਰ ਅਨੁਸੰਧਾਨ ਵਿੱਚ ਇਹਨਾਂ ਰਸਾਇਣਾਂ ਵਿੱਚ 60 ਨੂੰ ਕਾਰਸੀਨੋਜਨ (ਕੈਂਸਰ ਪੈਦਾ ਕਰਨ ਵਾਲੇ ਏਜੇਂਟ) ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਤੰਬਾਕੂ ਵਿੱਚ ਨਿਕੋਟੀਨ ਹੁੰਦਾ ਹੈ ਜਿਹੜਾ ਕਿ ਬਹੁਤ ਨਸ਼ੀਲਾ ਰਸਾਇਣ ਹੈ।ਇਸਦਾ ਲੰਬੇ ਸਮੇਂ ਤੱਕ ਪ੍ਰਯੋਗ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਇਸਤੇ ਨਿਰਭਰ ਬਣਾ ਦਿੰਦਾ ਹੈ।
ਤੰਬਾਕੂ ਦੇ ਸੇਵਨ ਕਾਰਨ ਕਈ ਨਾਮੁਰਾਦ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਗਲੇ-ਮੂੰਹ ਦੇ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬਿਮਾਰੀਆਂ, ਅੰਧਾਪਣ/ਬੋਲਾਪਣ, ਫੇਫੜਿਆਂ ਦੇ ਰੋਗ, ਪੇਟ ਦੇ ਅਲਸਰ, ਐਸੇਡਿਟੀ ਅਤੇ ਦੰਦ ਮਸੂੜਿਆਂ ਦੀਆਂ ਬਿਮਾਰੀਆਂ ਆਦਿ। ਮਰਦਾਂ ਵਿੱਚ ਸਭ ਤਰਾਂ ਦੇ ਕੈਂਸਰਾਂ ਦਾ ਲੱਗਭਗ 45 ਫੀਸਦੀ ਅਤੇ ਔਰਤਾਂ ਵਿੱਚ 17 ਫੀਸਦੀ ਮੂੰਹ ਦਾ ਕੈਂਸਰ ਹੈ ਅਤੇ 80 ਫੀਸਦੀ ਤੋਂ ਜ਼ਿਆਦਾ ਮੂੰਹ ਦਾ ਕੈਂਸਰ ਤੰਬਾਕੂ ਦੀ ਵਰਤੋਂ ਕਾਰਨ ਹੁੰਦਾ ਹੈ। 2010 ਵਿੱਚ ਭਾਰਤ ਵਿੱਚ ਤੰਬਾਕੂ ਨਾਲ ਸੰਬੰਧਤ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਲਗਭਗ 1.2 ਲੱਖ ਸੀ।ਐੱਨ.ਐੱਸ.ਐੱਸ.ਓ. ਦੇ ਸਰਵੇ ਵਿੱਚ ਹੈਰਾਨੀਜਨਕ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਪ੍ਰਤੀਦਿਨ ਤਕਰੀਬਨ 5500 ਨਵੇਂ ਲੋਕ ਤੰਬਾਕੂ ਦੇ ਸੇਵਨ ਨਾਲ ਜੁੜ ਰਹੇ ਹਨ। ਬਹੁਤੇ ਲੋਕ ਕਿਸ਼ੋਰਅਸਵਥਾ ਜਾਂ ਚੜਦੀ ਉਮਰ ਵਿੱਚ ਤੰਬਾਕੂ ਪਦਾਰਥਾਂ ਦਾ ਸ਼ੌਂਕੀਆ ਸੇਵਨ ਸ਼ੁਰੂ ਕਰਦੇ ਹਨ ਅਤੇ ਕਦੋਂ ਇਹ ਸ਼ੌਂਕ ਲਤ ਜਾਂ ਆਦਤ ਚ ਬਦਲ ਜਾਂਦਾ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਦਾ।
ਸੰਸਾਰ ਦੇ ਬਹੁਤੇ ਦੇਸ਼ਾਂ ਦੇ ਵਾਂਗ ਸਾਡੇ ਦੇਸ਼ ਵਿੱਚ ਵੀ ਜਨਤਕ ਥਾਵਾਂ ਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਤਾਂ ਕਿ ਇਸ ਦੀ ਮਾਰ ਤੋਂ ਬਚਿਆ ਜਾ ਸਕੇ। ਲੋਕਾਂ ਨੂੰ ਜਾਗਰੂਕ ਕਰਨ ਲਈ ਤੰਬਾਕੂ ਪਦਾਰਥਾਂ ਦੇ ਉਪੱਰ ਇਸਦੇ ਹਾਨੀਕਾਰਕ ਪ੍ਰਭਾਵ ਦਰਸਾਉਣ ਵਾਲੀ ਚੇਤਾਵਨੀ, ਚਿੱਤਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਸੰਸਾਰ ਵਿੱਚ ਦਸ ਮੌਤਾਂ ਵਿੱਚੋਂ ਇੱਕ ਮੌਤ ਸਿਗਰਟਨੋਸ਼ੀ ਕਾਰਨ ਹੁੰਦੀ ਹੈ। ਸਿਗਰਟਨੋਸ਼ੀ ਕਰਦੇ ਸਮੇਂ ਉਸਦੇ ਨਜ਼ਦੀਕ ਬੈਠੇ ਲੋਕਾਂ ਤੇ ਵੀ ਇਸਦੇ ਧੂੰਏ ਦਾ ਮਾੜਾ ਅਸਰ ਪੈਂਦਾ ਹੈ। ਸਿਗਰਟਨੋਸ਼ੀ ਕਰਨ ਵਾਲੇ ਦੀ ਸੰਗਤ ਵਿੱਚ ਧੂੰਏ ਦੀ ਲਪੇਟ ਚ ਆਉਣ ਨੂੰ ਪੈਸਿਵ ਸਮੋਕਿੰਗ ਜਾਂ ਸੈਕਿੰਡ ਹੈਂਡ ਸਮੋਕਿੰਗ ਕਿਹਾ ਜਾਂਦਾ ਹੈ ਅਤੇ ਇਹ ਵੀ ਸਿਹਤ ਉੱਤੇ ਮਾੜਾ ਅਸਰ ਪਾਉਂਦੀ ਹੈ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਸਿਗਰਟਨੋਸ਼ੀ ਕਰ ਰਿਹਾ ਹੈ ਤਾਂ ਉਸਦੇ ਧੂੰਏ ਤੋਂ ਬਚਿਆ ਜਾਵੇ। ਕਿਉਂਕਿ ਪੈਸਿਵ ਸਮੋਕਿੰਗ ਸਦਕਾ ਵੀ ਫੇਫੜਿਆਂ ਦਾ ਕੈਂਸਰ ਹੋਣ ਦਾ 20 ਤੋਂ 30 ਫੀਸਦੀ ਜੋਖਮ ਹੁੰਦਾ ਹੈ।
ਸੰਸਾਰ ਪੱਧਰ ਤੇ ਲੋਕਾਂ ਨੂੰ ਤੰਬਾਕੂ ਦੇ ਸੇਵਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਛੱਡਣ ਲਈ ਪ੍ਰੇਰਿਤ ਕਰਨ ਦੇ ਮਨੋਰਥ ਨਾਲ 31 ਮਈ ਨੂੰ ਕੌਮਾਂਤਰੀ ਤੰਬਾਕੂਮੁਕਤ ਦਿਹਾੜਾ ਮਨਾਇਆ ਜਾਂਦਾ ਹੈ। ਇੱਕ ਸਿਹਤਮੰਦ ਜਿੰਦਗੀ ਜਿਉਣ ਲਈ ਜ਼ਰੂਰੀ ਹੈ ਕਿ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਸੇਵਨ ਨੂੰ ਹਮੇਸ਼ਾਂ ਲਈ ਨਾਂਹ ਕਹੀ ਜਾਵੇ। ਕੋਈ ਵੀ ਨਸ਼ੇ ਦਾ ਆਦੀ ਨਸ਼ਾ ਛੱਡ ਸਕਦਾ ਹੈ ਲੋੜ ਹੈ ਨਸ਼ਾ ਛੱਡਣ ਲਈ ਦ੍ਰਿੜ ਇੱਛਾ ਸ਼ਕਤੀ ਦੀ। ਤੰਬਾਕੂ ਜਾਂ ਨਸ਼ਾ ਛੱਡਣ ਲਈ ਹੌਲੀ ਹੌਲੀ ਆਪਣੀ ਡੋਜ਼ ਨੂੰ ਘਟਾਉਂਦੇ ਹੋਏ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਜ਼ਰੂਰਤ ਅਨੁਸਾਰ ਡਾਕਟਰੀ ਸਲਾਹ ਵੀ ਲਈ ਜਾ ਸਕਦੀ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰਬਰ : 092560-66000

Leave a Reply

Your email address will not be published. Required fields are marked *

%d bloggers like this: