29 ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇ ਕੇ ਸਰਕਾਰਾਂ ਦਾ ਪਿੱਟ ਸਿਆਪਾ ਕਰਨ ਦਾ ਐਲਾਨ

29 ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇ ਕੇ ਸਰਕਾਰਾਂ ਦਾ ਪਿੱਟ ਸਿਆਪਾ ਕਰਨ ਦਾ ਐਲਾਨ

ਮਾਨਸਾ, 26 ਨਵੰਬਰ (ਰੀਤਵਾਲ): ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਝੋਨੇ ਦੀ ਮੁੱਖ ਫਸਲ ਸਮੇਤ ਹੋਰ ਫਸਲਾਂ ਦੀ ਅਦਾਇਗੀ ਅਜੇ ਤੱਕ ਕਿਸਾਨਾਂ ਨੂੰ ਨਾ ਦੇਣ ਦੇ ਖਿਲਾਫ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਿਲ੍ਹਾ ਪੱਧਰੀ ਸੰਘਰਸ਼ ਦਾ ਐਲਾਨ ਕਰਦਿਆਂ 29 ਨਵੰਬਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅੱਗੇ ਧਰਨਾ ਦੇ ਕੇ ਦੋਵੇਂ ਸਰਕਾਰਾਂ ਦਾ ਪਿੱਟ ਸਿਆਪਾ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇਸ ਗੰਭੀਰ ਮਸਲੇ ਨੂੰ ਵਿਚਾਰਨ ਲਈ ਗੁਰਦੁੁਆਰਾ ਸਿੰਘ ਸਭਾ ਮਾਨਸਾ ਵਿੱਚ ਹੋਈ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਲਏ ਗਏ ਫੈਸਲੇ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫਸਲ ਖਰੀਦ ਏਜੰਸੀਆਂ ਕੋਲ ਵੇਚੀ ਹੋਈ ਲਗਭਗ ਸਵਾ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਸਬੰਧਤ ਕਿਸਾਨਾਂ ਨੂੰ ਬਣਦੀ ਪੇਮੈਂਟ ਨਹੀਂ ਕੀਤੀ ਗਈ। ਜਿਸ ਕਾਰਨ ਪੀੜਤ ਕਿਸਾਨ ਭਾਰੀ ਮੁਸੀਬਤਾਂ ਦਾ ਬੋਝ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦਾ ਕਿਸਾਨ ਕਰਜੇ ਦੀ ਭਾਰੀ ਪੰਡ ਹੇਠ ਆ ਚੁੱਕਿਆ ਹੈ। ਜਿਸ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੋਈ ਪਈ ਹੈ। ਕਿਸੇ ਪਾਸਿਉਂ ਵੀ ਕੋਈ ਆਸ ਦੀ ਕਿਰਨ ਜਗਦੀ ਦਿਖਾਈ ਨਹੀਂ ਦਿੰਦੀ। ਹੁਣ ਸਰਕਾਰਾਂ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਪੇਮੈਂਟ ਦੇਣ ਤੋਂ ਪਾਸਾ ਵੱਟ ਲਿਆ ਜਿੰਨਾਂ ਨੇ ਮਹਿੰਗੇ ਵਿਆਜ ਦਰਾਂ ਉੱਤੇ ਕਰਜੇ ਚੁੱਕ ਕੇ 6 ਮਹੀਨੇ ਫਸਲਾਂ ਦਾ ਪਾਲਣਪੋਸ਼ਣ ਕਰਕੇ ਸਾਰੀ ਦੀ ਸਾਰੀ ਝੋਨੇ ਦੀ ਫਸਲ ਸਰਕਾਰ ਦੀਆਂ ਖਰੀਦ ਏਜੰਸੀਆਂ ਦੇ ਹਵਾਲੇ ਕੀਤੀ ਹੋਈ ਹੈ।ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨਾਂ ਨੂੰ ਵੇਚੀਆਂ ਫਸਲਾਂ ਦੀ ਬਣਦੀ ਪੇਮੈਂਟ ਨਹੀਂ ਦਿੱਤੀ ਜਾ ਰਹੀ ਦੂਜੀ ਸਮੱਸਿਆ ਨੋਟਬੰਦੀ ਕਾਰਨ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ 29 ਨਵੰਬਰ ਦੇ ਧਰਨੇ ਦੌਰਾਨ ਸਰਕਾਰਾਂ ਕੋਲੋਂ ਮੰਗ ਕੀਤੀ ਜਾਵੇਗੀ ਕਿ ਕਿਸਾਨਾਂ ਦੀ ਬਣਦੀ ਪੇਮੈਂਟ ਵਿਆਜ ਸਮੇਤ ਫੌਰੀ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 29 ਨਵੰਬਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ। ਮੀਟਿੰਗ ਨੂੰ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ, ਬਲਾਕ ਮਾਨਸਾ ਦੇ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ, ਬੁਢਲਾਡਾ ਦੇ ਜੋਗਿੰਦਰ ਸਿੰਘ ਦਿਆਲਪੁਰਾ, ਭੀਖੀ ਦੇ ਭੂਰਾ ਸਿੰਘ ਮੱਤੀ, ਸਰਦੂਲਗੜ੍ਹ ਦੇ ਰਾਮ ਸਿੰਘ ਜਟਾਣਾ, ਭਾਨ ਸਿੰਘ ਬਰਨਾਲਾ, ਗੁਰਜੀਤ ਸਿੰਘ ਟਾਹਲੀਆਂ, ਸਾਧੂ ਸਿੰਘ ਅਲੀਸ਼ੇਰ, ਸੀਰਾ ਸਿੰਘ ਦੋਦੜਾ, ਲਾਭ ਸਿੰਘ ਖੋਖਰ, ਮਹਿੰਦਰ ਸਿੰਘ ਖੜਕ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: