10 ਨਵੰਬਰ ਦੇ ਸਰਬੱਤ ਖਾਲਸਾ ਨੂੰ ਲੈ ਕੇ ਤਿਆਰੀਆਂ ਆਰੰਭ, ਜਥੇਦਾਰਾਂ ਨੇ ਸਰਬੱਤ ਖਾਲਸਾ ਵਾਲੀ ਜਗ੍ਹਾ ਦਾ ਲਿਆ ਜਾਇਜਾ

ss1

10 ਨਵੰਬਰ ਦੇ ਸਰਬੱਤ ਖਾਲਸਾ ਨੂੰ ਲੈ ਕੇ ਤਿਆਰੀਆਂ ਆਰੰਭ, ਜਥੇਦਾਰਾਂ ਨੇ ਸਰਬੱਤ ਖਾਲਸਾ ਵਾਲੀ ਜਗ੍ਹਾ ਦਾ ਲਿਆ ਜਾਇਜਾ
ਸਰਬੱਤ ਖਾਲਸਾ ਨੂੰ ਲੈ ਕੇ ਆਖੰਡ ਪਾਠਾਂ ਦੀ ਲੜੀ ਗੁ: ਜੰਡਾਲੀਸਰ ਸਾਹਿਬ ਵਿਖੇ ਸ਼ੁਰੂ

sarbat-khalsa-picਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬੇਅਦਬੀ ਘਟਨਾਵਾਂ ਤੋਂ ਬਾਅਦ ਚੱਬਾ ਵਿਖੇ ਬੁਲਾਏ ਸਰਬੱਤ ਖਾਲਸਾ ਵਿੱਚ ਵੱਖ-ਵੱਖ ਤਖਤ ਸਾਹਿਬਾਨ ਦੇ ਥਾਪੇ ਗਏ ਜਥੇਦਾਰਾਂ ਵੱਲੋਂ ਅਗਲਾ ਸਰਬੱਤ ਖਾਲਸਾ 10 ਨਵੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਦੀ ਧਰਤੀ ਤਲਵੰਡੀ ਸਾਬੋ ਵਿਖੇ ਬੁਲਾਏ ਜਾਣ ਉਪਰੰਤ ਹੁਣ ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਲੈ ਕੇ ਸਰਗਰਮੀਆਂ ਨੇ ਜੋਰ ਫੜ ਲਿਆ ਹੈ। ਇਸੇ ਕੜੀ ਵਿੱਚ ਅੱਜ ਜਿੱਥੇ ਸਰਬੱਤ ਖਾਲਸਾ ਕਰਵਾਉਣ ਵਾਲੀ ਜਗ੍ਹਾ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਵੱਲੋਂ ਜਾਇਜਾ ਲਿਆ ਗਿਆ ਉੱਥੇ ਹੀ ਜਥੇਦਾਰ ਦਾਦੂਵਾਲ ਦੇ ਮੁੱਖ ਅਸਥਾਨ ਗੁ: ਜੰਡਾਲੀਸਰ ਸਾਹਿਬ (ਪਾ:10 ਵੀਂ) ਕੋਟਸ਼ਮੀਰ ਵਿਖੇ ਸਰਬੱਤ ਖਾਲਸਾ ਨੂੰ ਲੈ ਕੇ ਸ੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਦਿੱਤੀ ਗਈ ਹੈ।

ਅੱਜ ਅਚਾਨਕ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਥਾਨਕ ਨੱਤ ਰੋਡ ਤੇ ਸਰਬੱਤ ਖਾਲਸਾ ਲਈ ਚੁਣੀ ਗਈ ਜਗ੍ਹਾ ਦਾ ਨਿਰੀਖਣ ਕਰਨ ਲਈ ਪੁੱਜੇ ਤੇ ਉਨ੍ਹਾਂ ਸਰਬੱਤ ਖਾਲਸਾ ਵਾਲੀ ਥਾਂ ਤੇ ਕੀਤੀ ਜਾਣ ਵਾਲੀ ਪਾਰਕਿੰਗ, ਸੰਗਤਾਂ ਲਈ ਲਗਾਏ ਜਾਣ ਵਾਲੇ ਲੰਗਰਾਂ ਅਤੇ ਸੰਗਤਾਂ ਦੇ ਪੁੱਜਣ ਲਈ ਬਣਾਏ ਜਾਣ ਵਾਲੇ ਆਰਜੀ ਰਾਸਤਿਆਂ ਦਾ ਨਿਰੀਖਣ ਕੀਤਾ।ਨਿਰੀਖਣ ਤੋਂ ਬਾਦ ਜਿੱਥੇ ਜਥੇਦਾਰ ਮੰਡ ਨੇ ਦੱਸਿਆ ਕਿ ਅਜੇ ਉਕਤ ਜਗ੍ਹਾ ਦਾ ਫੈਸਲਾ ਰਾਖਵਾਂ ਰੱਖਿਆ ਗਿਆ ਹੈ ਤੇ ਮੀਟਿੰਗ ਉਪਰੰਤ ਹੀ ਫੈਸਲਾ ਕੀਤਾ ਜਾਣਾ ਹੈ ਕਿ ਸਰਬੱਤ ਖਾਲਸਾ ਇਸੇ ਜਗ੍ਹਾ ਹੋਵੇਗਾ ਜਾਂ ਕਿਤੇ ਹੋਰ ਉੱਥੇ ਹੀ ਜਥੇਦਾਰ ਦਾਦੂਵਾਲ ਦੀ ਕਹਿਣਾ ਸੀ ਕਿ ਇਸ ਮੌਕੇ ਸਿੱਖ ਕੌਮ ਇੱਕ ਮੰਚ ਤੇ ਇਕੱਠੀ ਹੈ ਤੇ ਸਰਬੱਤ ਖਾਲਸਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਪੁੱਜਣਾ ਹੈ ਕਿਉਂਕਿ ਸਾਲ ਤੋਂ ਵੀ ਉੱਪਰ ਸਮਾਂ ਬੀਤ ਜਾਣ ਦੇ ਬਾਵਜੂਦ ਆਪਣੇ ਆਪ ਨੂੰ ਪੰਥਕ ਕਹਾਂਉਦੀ ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦੁਆਉਣ ਵਿੱਚ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਸੂਤਰਧਾਰਾਂ ਨੂੰ ਲੱਭਣ ਵਿੱਚ ਨਾਕਾਮ ਰਹੀ ਹੈ।ਉਨ੍ਹਾ ਦੱਸਿਆ ਕਿ 10 ਨਵੰਬਰ ਦੇ ਸਰਬੱਤ ਖਾਲਸਾ ਵਿੱਚ ਸਮੁੱਚੀ ਕੌਮ ਨੂੰ ਠੋਸ ਪ੍ਰੋਗਰਾਮ ਦਿੱਤਾ ਜਾਵੇਗਾ।

ਉੱਧਰ ਅੱਜ ਸਵੇਰੇ ਜਥੇਦਾਰ ਦਾਦੂਵਾਲ ਦੇ ਮੁੱਖ ਅਸਥਾਨ ਗੁ: ਜੰਡਾਲੀਸਰ ਸਾਹਿਬ ਕੋਟਸ਼ਮੀਰ ਵਿਖੇ ਸਰਬੱਤ ਖਾਲਸਾ ਨੂੰ ਲੈ ਕੇ ਸ੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਗਈ ਹੈ। ਆਰੰਭਤਾ ਦੀ ਅਰਦਾਸ ਜਥੇਦਾਰ ਦਾਦੂਵਾਲ ਨੇ ਕੀਤੀ ਜਦੋਂ ਕਿ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਰਬੱਤ ਖਾਲਸਾ ਕੰਟਰੋਲ ਰੂਮ ਦੇ ਇੰਚਾਰਜ ਭਾਈ ਜਗਮੀਤ ਸਿੰਘ ਨੇ ਦੱਸਿਆ ਕਿ ਲੜੀ ਵਿੱਚ ਪੰਜ ਆਖੰਡ ਪਾਠ ਸਾਹਿਬ ਕੀਤੇ ਜਾਣਗੇ।ਪਾਠਾਂ ਦੀ ਆਰੰਭਤਾ ਮੌਕੇ ਭਾਈ ਧਿਆਨ ਸਿੰਘ ਮੰਡ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਜਿਲ਼੍ਹਾ ਪ੍ਰਧਾਨ ਅਕਾਲੀ ਦਲ (ਅ), ਭਾਈ ਸੁਖਦੇਵ ਸਿੰਘ ਕਿੰਗਰਾ ਸਰਕਲ ਪ੍ਰਧਾਨ, ਭਾਈ ਗੁਰਪਾਲ ਸਿੰਘ, ਭਾਈ ਦਰਸ਼ਨ ਸਿੰਘ ਬੋਲਾ, ਭਾਈ ਸੁਖਪਾਲ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਦਲੇਰ ਸਿੰਘ, ਭਾਈ ਮਨੀ ਸਿੰਘ, ਭਾਈ ਗੁਰਮੁਖ ਸਿੰਘ ਤੇ ਭਾਈ ਜਗਸੀਰ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *