10 ਨਵੰਬਰ ਦਾ ਸਰਬੱਤ ਖਾਲਸਾ ਥਾਪੇ ਗਏ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਅਗਵਾਈ ਹੇਠ ਹੀ ਹੋਵੇਗਾ

ss1

10 ਨਵੰਬਰ ਦਾ ਸਰਬੱਤ ਖਾਲਸਾ ਥਾਪੇ ਗਏ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਅਗਵਾਈ ਹੇਠ ਹੀ ਹੋਵੇਗਾ
ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ ਦੇ ਵੇਰਵੇ ਕੀਤੇ ਜਾਰੀ

_20161005_183230ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਰਬੱਤ ਖਾਲਸਾ ਵੱਲੋਂ ਐਲਾਨੇ ਵੱਖ-ਵੱਖ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ 10 ਨਵੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਵਿੱਚ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ਨੂੰ ਲੈ ਕੇ ਸਥਾਨਕ ਗੁ:ਬੁੰਗਾ ਮਸਤੂਆਣਾ ਸਾਹਿਬ ਵਿਖੇ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਕੱਲ੍ਹ ਕੀਤੀ ਗਈ ਮੀਟਿੰਗ ਦੇਰ ਰਾਤ ਸਮਾਪਤ ਹੋਈ।

ਮੀਟਿੰਗ ਦੀ ਸਮੁੱਚੀ ਕਾਰਵਾਈ ਤੇ ਤਸਵੀਰਾਂ ਅੱਜ ਪ੍ਰੈੱਸ ਨੂੰ ਜਾਰੀ ਕਰਦਿਆਂ ਦੱਸਿਆ ਗਿਆ ਕਿ ਮੀਟਿੰਗ ਦੌਰਾਨ ਭਾਈ ਧਿਆਨ ਸਿੰਘ ਮੰਡ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਵੱਲੋਂ ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਲੈ ਕੇ ਪੰਥਕ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਜਥੇਦਾਰਾਂ ਨੇ ਪੰਥਕ ਆਗੂਆਂ ਨੂੰ ਕਿਹਾ ਕਿ ਜਿਹੜੇ ਸੰਤ ਮਹਾਂਪਪੁਰਸ਼, ਧਾਰਮਿਕ ਆਗੂ ਪਿਛਲੇ ਸਰਬੱਤ ਖਾਲਸਾ ਵਿੱਚ ਨਹੀਂ ਸਨ ਹਾਜ਼ਰ ਹੋ ਸਕੇ ਉਨ੍ਹਾਂ ਦੀ 10 ਨਵੰਬਰ ਵਾਲੇ ਸਰਬੱਤ ਖਾਲਸਾ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ।ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਦੇ ਪੰਥਕ ਜਜਬੇ ਦੀ ਸ਼ਲਾਘਾ ਕੀਤੀ ਗਈ। ਜਥੇਦਾਰ ਹਵਾਰਾ ਸਮੇਤ ਸਮੂੰਹ ਰਾਜਸੀ ਬੰਦੀਆਂ ਦੀ ਰਿਹਾਈ ਲਈ ਫੇੈਸਲਾਕੁੰਨ ਸੰਘਰਸ਼ ਤੇਜ ਕਰਨ ਲਈ ਵੀਚਾਰਾਂ ਕੀਤੀਆਂ ਗਈਆਂ। ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ਦੀ ਪੰਜ ਸਿੰਘਾਂ ਮੇਜਰ ਸਿੰਘ, ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਖਾਲਸਾ, ਮੰਗਲ ਸਿੰਘ, ਤਰਲੋਕ ਸਿੰਘ ਨੂੰ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਉੱਪਰ ਅਗਵਾਈ ਦੇਣ ਨੂੰ ਸਿੱਖ ਪ੍ਰੰਪਰਾਵਾਂ ਤੇ ਸਿਧਾਂਤਾ ਮੁਤਾਬਿਕ ਸਹੀ ਨਹੀ ਦੱਸਿਆ ਗਿਆ। ਆਗੂਆਂ ਮੁਤਾਬਿਕ ਪੰਜ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਸਨ ਜੋ ਸਿੱਖ ਇਤਿਹਾਸ ਵਿੱਚ ਸਥਾਈ ਹਨ। ਆਗੂਆਂ ਅਨੁਸਾਰ ਅੰਮ੍ਰਿਤ ਸੰਚਾਰ ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਪੰਜ ਪਿਆਰੇ ਵਕਤੀ ਤੌਰ ਤੇ ਹੁੰਦੇ ਹਨ ਅਤੇ ਸਮਾਗਮ ਤੋਂ ਬਾਦ ਪੰਜ ਪਿਆਰੇ ਸੰਗਤ ਦਾ ਹੀ ਹਿੱਸਾ ਹੁੰਦੇ ਹਨ।
ਆਗੂਆਂ ਨੇ ਕਿਹਾ ਕਿ ਭਾਈ ਸਤਨਾਮ ਸਿੰਘ ਖੰਡੇ ਹੁਰੀਂ ਸਾਰੇ ਸਮੁੱਚੇ ਰੂਪ ਵਿੱਚ 2015 ਵਾਲੇ ਸਰਬੱਤ ਖਾਲਸਾ ਵਿੱਚ ਸ਼ਾਮਿਲ ਨਹੀ ਸਨ ਹੋਏ ਪ੍ਰੰਤੂ ਉਨ੍ਹਾਂ ਦੇ 2016 ਦੇ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਣ ਦਾ ਸਵਾਗਤ ਤੇ ਸਤਿਕਾਰ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪੰਥਕ ਸਖਸ਼ੀਅਤਾਂ ਤੇ ਧਾਰਮਿਕ ਆਗੂ ਜੋ ਪਿਛਲੇ ਸਰਬੱਤ ਖਾਲਸਾ ਵਿੱਚ ਸ਼ਾਮਿਲ ਨਹੀ ਸਨ ਹੋਏ ਉਨ੍ਹਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਸ਼ਾਮਿਲ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਪੰਥਕ ਜਥੇਬੰਦੀਆਂ ਦੇ ਹਾਜ਼ਰ ਆਗੂਆਂ ਨੇ ਕਿਹਾ ਕਿ ਸਰਬੱਤ ਖਾਲਸਾ ਥਾਪੇ ਗਏ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਅਗਵਾਈ ਹੇਠ ਹੀ ਕੀਤਾ ਜਾਵੇਗਾ ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਇਨ੍ਹਾਂ ਸੇਵਾਵਾਂ ਨੂੰ ਬਾਖੂਬੀ ਨਿਭਾ ਰਹੇ ਹਨ ਅਤੇ ਸਾਰਿਆਂ ਨੂੰ ਜਥੇਦਾਰ ਸਾਹਿਬਾਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਆਗੂਆਂ ਨੇ ਦੱਸਿਆ ਕਿ ਜਲਦ ਹੀ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਲਈ ਤਿਹਾੜ ਜੇਲ ਜਾਵੇਗਾ ਤੇ ਉਨਾਂ੍ਹ ਨੂੰ ਹਾਲਾਤਾਂ ਤੋਂ ਜਾਣੂੰ ਕਰਵਾਵੇਗਾ।
ਮੀਟਿੰਗ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਪੈਦਾ ਹੋਏ ਤਣਾਅ ਤੇ ਡੂੰਘੀ ਵੀਚਾਰ ਤੇ ਚਿੰਤਾ ਪ੍ਰਗਟ ਕੀਤੀ ਗਈ। 1947 ਵਿੱਚ ਲੱਖਾਂ ਸਿੱਖਾਂ ਅਤੇ ਪੰਜਾਬੀਆਂ ਦੇ ਕਤਲੇਆਮ, ਧਾਰਮਿਕ ਸਥਾਨਾਂ ਦਾ ਵਿਛੋੜਾ, ਪਿਛਲੀਆਂ ਜੰਗਾਂ ਦੌਰਾਨ ਵਾਪਰੇ ਘੱਲੂਘਾਰਿਆਂ ਨੂੰ ਯਾਦ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਅੱਜ ਫਿਰ ਪੰਜਾਬ ਵਿੱਚ ਜੰਗ ਕਾਰਨ ਭਾਰੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇੱਕ ਹਜਾਰ ਦੇ ਲੱਗਪੱਗ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਘਰਾਂ ਤੇ ਪਰਿਵਾਰਾਂ ਸਮੇਤ ਬੇਘਰ ਕਰ ਦਿੱਤਾ ਗਿਆ ਹੈ।ਆਗੂਆਂ ਨੇ ਇਨ੍ਹਾਂ ਹਾਲਾਤਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਹੋਰ ਸਿਆਸੀ ਪਾਰਟੀਆਂ ਜੰਗ ਨੂੰ ਉਤਸ਼ਾਹਿਤ ਕਰਕੇ ਪੰਜਾਬ ਦਾ ਨੁਕਸਾਨ ਕਰਵਾਉਣਾ ਚਾਹੁੰਦੀਆਂ ਹਨ ਤੇ ਇਸ ਮਸਲੇ ਤੇ ਮੋਦੀ ਦੇ ਨਾਲ ਹਨ ਉਨ੍ਹਾਂ ਦੀ ਵੀ ਨਿੰਦਾ ਕਰਨੀ ਬਣਦੀ ਹੈ। ਉਨਾਂ੍ਹ ਕਿਹਾ ਕਿ ਮੌਜੂਦਾ ਹਾਲਾਤਾਂ ਤੋਂ ਪਹਿਲਾਂ ਜਿਹੜਾ ਸਿੱਖ ਕੌਮ ਨੂੰ ਭਰੋਸੇ ਵਿੱਚ ਨਹੀ ਲਿਆ ਗਿਆ ਉਸਦੀ ਵੀ ਨਿਖੇਧੀ ਕੀਤੀ ਜਾਂਦੀ ਹੈ।ਹਿੰਦ-ਪਾਕਿ ਜੰਗ ਦਾ ਵਿਰੋਧ ਕਰਦਿਆਂ ਇਸਨੂੰ ਟਾਲਣ ਲਈ ਯਤਨ ਤੇਜ ਕਰਨ ਦਾ ਫੇੈਸਲਾ ਲਿਆ ਗਿਆ ਤੇ ਨਾਲ ਹੀ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਤੇ ਸਿੱਖ ਜੰਗ ਨਹੀ ਸਗੋਂ ਅਮਨ ਚਾਹੁੰਦੇ ਹਨ।
ਉਕਤ ਮੀਟਿੰਗ ਵਿੱਚ ਜਥੇਦਾਰ ਮੰਡ ਤੇ ਜਥੇਦਾਰ ਦਾਦੂਵਾਲ ਤੋਂ ਇਲਾਵਾ ਅਕਾਲੀ ਦਲ (ਅ) ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਯੁਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਤੇ ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ (1920) ਦੇ ਭਾਈ ਬੂਟਾ ਸਿੰਘ ਰਣਸ਼ੀਂਹ, ਅਕਾਲੀ ਦਲ ਸੁਤੰਤਰ ਦੇ ਭਾਈ ਪਰਮਜੀਤ ਸਿੰਘ ਸਹੌਲੀ, ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਪ੍ਰੋ. ਮਹਿੰਦਰਪਾਲ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾ. ਕਰਨੈਲ ਸਿੰਘ ਨਾਰੀਕੇ, ਭਾਈ ਸੁੁਰਜੀਤ ਸਿੰਘ ਕਾਲਾਬੂਲਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਈਸ਼ਰ ਸਿੰਘ ਹੈਦਰਾਬਾਦ, ਭਾਈ ਵੱਸਣ ਸਿੰਘ ਜਫਰਵਾਲ, ਸਤਨਾਮ ਸਿੰਘ ਮਨਾਵਾਂ, ਪ੍ਰਸ਼ੋਤਮ ਸਿੰਘ ਫੱਗੂਵਾਲਾ, ਪਰਮਜੀਤ ਸਿੰਘ ਜਿਜੇਆਣੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਬਲਵਿੰਦਰ ਸਿੰਘ ਮੰਡੇਰ, ਭਾਈ ਹਰਭਜਨ ਸਿੰਘ ਕਸ਼ਮੀਰੀ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *