ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ

ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ

ਪਾਲੀ ਖ਼ਾਦਿਮ ਦਾ ਭਾਵੇਂ ਇਹ ਪਹਿਲਾ ਤਜ਼ਰਬਾ ਹੈ ਪ੍ਰੰਤੂ ਕਈ ਗੱਲਾਂ ਉਸਨੇ ਨਿਵੇਕਲੀਆਂ ਕਰਕੇ ਵੱਖ਼ਰਾ ਕੀਰਤੀਮਾਨ ਸਥਾਪਤ ਕੀਤਾ ਹੈ। ਆਮ ਤੌਰ ਤੇ ਹਰ ਨਵਾਂ ਲੇਖਕ ਆਪਣੇ ਆਪ ਨੂੰ ਸਥਾਪਤ ਕਰਨ ਲਈ ਕਿਸੇ ਵੱਡੇ ਲੇਖਕ ਦਾ ਸਹਾਰਾ ਲੈਂਦਾ ਹੈ। ਉਸਤੋਂ ਉਹ ਆਪਣੀ ਪੁਸਤਕ ਦਾ ਮੁੱਖ-ਬੰਦ ਲਿਖਵਾਉਂਦਾ ਹੈ ਤਾਂ ਜੋ ਸਾਹਿਤਕਾਰਾਂ ਵਿਚ ਉਸਦੀ ਭੱਲ ਬਣ ਜਾਵੇ ਕਿ ਵੱਡੇ ਲੇਖਕ ਨੇ ਉਸ ਬਾਰੇ ਲਿਖਿਆ ਹੈ, ਇਸ ਲਈ ਉਹ ਜ਼ਰੂਰ ਚੰਗਾ ਲਿਖਾਰੀ ਹੋਵੇਗਾ। ਪ੍ਰੰਤੂ ਪਾਲੀ ਖ਼ਾਦਿਮ ਨੇ ਅਜਿਹਾ ਨਹੀਂ ਕੀਤਾ। ਉਸਨੇ ਆਪ ਹੀ ”ਗ਼ਜ਼ਲ ਨਾਲ ਸਾਂਝ” ਨਾਂ ਦੇ ਸਿਰਲੇਖ ਅਧੀਨ ਸਿਰਫ਼ ਗ਼ਜ਼ਲ ਅਤੇ ਉਸਦੇ ਤਕਨੀਕੀ ਪੱਖ ਬਾਰੇ ਜਾਣਕਾਰੀ ਦਿੱਤੀ ਹੈ। ਪੁਸਤਕ ਦਾ ਕੋਈ ਤੱਤਕਰਾ ਵੀ ਨਹੀਂ ਦਿੱਤਾ, ਸਿਰਫ਼ ਇਹ ਪੁਸਤਕ ਉਸਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਜਸਵੀਰ ਕੌਰ ਨੂੰ ਸਮਰਪਣ ਕੀਤੀ ਹੈ। ਇਸ ਤੋਂ ਹੀ ਲੇਖਕ ਦੀ ਸੋਚ ਦਾ ਪਤਾ ਲੱਗਦਾ ਹੈ। ਸਵੈ ਦੀ ਤਸਦੀਕ ਪਾਲੀ ਖ਼ਾਦਿਮ ਦੀ ਪਲੇਠੀ ਗ਼ਜ਼ਲਾਂ ਦੀ ਪੁਸਤਕ ਹੈ, ਜਿਹੜੀ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ ਕਹੀ ਜਾ ਸਕਦੀ ਹੈ ਕਿਉਂਕਿ ਇਸ ਪੁਸਤਕ ਦੀਆਂ ਸਾਰੀਆਂ ਗ਼ਜ਼ਲਾਂ ਵਿਚ ਘੱਟੋ ਘੱਟ ਇੱਕ ਮਿਸਰਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹੈ। ਕਈ ਗ਼ਜ਼ਲਾਂ ਵਿਚ ਤਾਂ ਕਈ ਵਿਸ਼ਿਆਂ ਨੂੰ ਛੂਹਿਆ ਗਿਆ ਹੈ। ਸਮਾਜ ਵਿਚਲੇ ਭਖ਼ਦੇ ਮਸਲਿਆਂ ਨੂੰ ਉਸਨੇ ਆਪਣੀਆਂ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ, ਜਿਨਾਂ ਵਿਚ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਨਸ਼ਿਆਂ ਦੀ ਵਰਤੋਂ, ਬਜ਼ੁਰਗਾਂ ਦੀ ਬੇਕਦਰੀ, ਇਨਸਾਨੀਅਤ ਵਿਚ ਨਿਘਾਰ, ਰਾਜ ਪ੍ਰਬੰਧ ਦੀ ਨਾਕਾਮੀ, ਪੰਜਾਬ ਦੇ ਮਾੜੇ ਦਿਨਾ ਦੀ ਤਰਾਸਦੀ ਅਤੇ ਮਾਨਸਿਕ ਉਲਝਣਾ ਸ਼ਾਮਲ ਹਨ। ਇਸਤੋਂ ਹੀ ਪਤਾ ਲੱਗਦਾ ਹੈ ਕਿ ਉਹ ਸਮਾਜਕ ਤਾਣੇ ਬਾਣੇ ਬਾਰੇ ਕਿਤਨਾ ਚਿੰਤਾਤੁਰ ਹੈ। ਗ਼ਜ਼ਲਾਂ ਦਾ ਇੱਕ-ਇੱਕ ਸ਼ਬਦ, ਮਿਸਰਾ ਅਤੇ ਸ਼ਿਅਰ ਅਰਥ ਭਰਪੂਰ ਹਨ ਜੋ ਆਪਣੇ ਵਿਚ ਜ਼ਿੰਦਗੀ ਦੀ ਵਿਚਾਰਧਾਰਾ ਨੂੰ ਸਮੋਈ ਬੈਠੇ ਹਨ। ਆਮ ਤੌਰ ਤੇ ਸਰਸਰੀ ਜਿਹੇ ਤੌਰ ਤੇ ਗ਼ਜ਼ਲ ਨੂੰ ਰੁਮਾਂਸਵਾਦੀ ਪ੍ਰਧਾਨ ਕਿਹਾ ਜਾਂਦਾ ਹੈ। ਭਾਵੇਂ ਇਸ ਪੁਸਤਕ ਵਿਚ ਵੀ ਕੁਝ ਕੁ ਸ਼ਿਅਰ ਰੁਮਾਂਸਵਾਦੀ ਹਨ ਜੋ ਮੁਹੱਬਤ ਦਾ ਪ੍ਰਗਟਾਵਾ ਵੀ ਕਰਦੇ ਹਨ। ਪ੍ਰੰਤੂ ਮੁੱਖ ਤੌਰ ਤੇ ਪੁਸਤਕ ਸਮਾਜਿਕ ਸਰੋਕਾਰਾਂ ਦੀ ਗਾਥਾ ਹੈ। ਲੇਖਕ ਉਪਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਪ੍ਰਭਾਵ ਪ੍ਰਤੱਖ ਵਿਖਾਈ ਦਿੰਦਾ ਹੈ। ਪੁਸਤਕ ਦੀ ਪਹਿਲੀ ਗ਼ਜ਼ਲ ਵਿਚ ਹੀ ਮਨੁੱਖੀ ਮਾਨਸਿਕਤਾ ਦੀ ਉਥਲ-ਪੁਥਲ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਨਸਾਨ ਕੋਲ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਉਹ ਆਪਣੇ ਆਪ ਨੂੰ ਖਾਲੀ-ਖਾਲੀ ਮਹਿਸੂਸ ਕਰਦਾ ਹੈ। ਅਜਿਹਾ ਉਹ ਕਿਉਂ ਕਰ ਰਿਹਾ ਹੈ? ਕਿਉਂਕਿ ਮਨੁੱਖ ਆਪਣੇ ਆਪ ਨੂੰ ਅਸੰਤੁਸ਼ਟ ਅਤੇ ਅਪੂਰਣ ਸਮਝਦਾ ਹੈ। ਲੇਖਕ ਲਿਖਦਾ ਹੈ-

ਚੰਨ, ਸੂਰਜ, ਦੀਪ, ਜੁਗਨੂੰ, ਤੇ ਦੀਪ ਸਿਤਾਰੇ ਤਮਾਮ, ਪਰ
ਲਾਪਤਾ ਹੈ ਜ਼ਿੰਦਗੀ ‘ਚੋਂ ਰੌਸ਼ਨੀ ਕਿਉਂ? ਪਤਾ ਕਰੋ।
ਵਿਗਿਆਨਕ ਯੁਗ ਵਿਚ ਇਨਸਾਨ ਕੋਲ ਸੁਖ ਆਰਾਮ ਦੀ ਹਰ ਸਹੂਲਤ ਉਪਲਭਧ ਹੈ ਤਾਂ ਵੀ ਉਹ ਸੰਤੁਸ਼ਟ ਨਹੀਂ ਹੈ। ਉਸਦੇ ਮਨ ਦੀ ਰੌਸ਼ਨੀ ਗਾਇਬ ਹੈ। ਮਾਨਸਿਕ ਤੌਰ ਤੇ ਉਹ ਮਜ਼ਬੂਤ ਨਹੀਂ ਹੈ। ਸਮੁੱਚੀ ਗ਼ਜ਼ਲ ਨੂੰ ਪੜਨ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਆਪਣੇ ਆਪ ਨੂੰ ਸਮਾਜ ਦੇ ਫਿਟ ਨਹੀਂ ਸਮਝਦਾ। ਅਸੰਤੁਸ਼ਟਤਾ ਹਰ ਸ਼ਿਅਰ ਵਿਚ ਝਲਕਦੀ ਹੈ। ਇੱਕ ਹੋਰ ਗ਼ਜ਼ਲ ਵਿਚ ਪਾਲੀ ਖ਼ਾਦਿਮ ਲਿਖਦਾ ਹੈ ਕਿ ਇਨਸਾਨ ਦਾ ਮਨ ਕਿਤਨਾ ਚੰਚਲ ਅਤੇ ਭਟਕਿਆ ਹੋਇਆ ਹੈ ਕਿ ਉਹ ਸੋਚਦਾ ਕੁਝ ਹੋਰ ਹੈ ਪ੍ਰੰਤੂ ਕਰਦਾ ਉਸਦੇ ਉਲਟ ਹੈ ਕਿਉਂਕਿ ਉਹ ਦਿਮਾਗ਼ੀ ਤੌਰ ਤੇ ਸਥਿਰ ਨਹੀਂ ਹੈ। ਉਸਦਾ ਇੱਕ ਸ਼ਿਅਰ ਹੈ-
ਝਾਂਜਰ ਦੇ ਮਗਰ ਤੁਰ ਕੇ, ਕਿਸ ਮੋੜ ‘ਤੇ ਆ ਪਹੁੰਚੇ,
ਨਿਕਲੇ ਸੀ ਬਹਾਰਾਂ ਲਈ, ਪਤਝੜ ਦਾ ਪਤਾ ਮਿਲਿਆ।
ਪੈਰਾਂ ‘ਚ ਜ਼ੰਜ਼ੀਰਾਂ ਨੇ ਤੇ ਖੰਭ ਕੁਤਰ ਦਿੱਤੇ,
ਪੰਛੀ ਨੂੰ ਉਡਾਰੀ ਦਾ ਕੈਸਾ ਸਿਲਾ ਮਿਲਿਆ।
ਝਾਂਜਰ ਅਤੇ ਜ਼ੰਜ਼ੀਰਾਂ ਬਿੰਬ ਹਨ, ਜਿਹੜੇ ਇੱਕ-ਇੱਕ ਸ਼ਬਦ ਵਿਚ ਹੀ ਪੂਰੇ ਵਿਰਤਾਂਤ ਦਾ ਪ੍ਰਗਟਾਵਾ ਕਰਦੇ ਹਨ। ਇੱਕ ਹੋਰ ਗ਼ਜ਼ਲ ਵਿਚ ਲੇਖਕ ਸਮਾਜਿਕ ਤਾਣੇ ਬਾਣੇ ਦੇ ਵਿਵਹਾਰ ਵਿਚ ਆ ਰਹੀ ਧੋਖੇ ਅਤੇ ਫ਼ਰੇਬ ਦੀ ਪ੍ਰਵਿਰਤੀ ਦਾ ਜ਼ਿਕਰ ਕਰਦਾ ਲਿਖਦਾ ਹੈ ਕਿ ਇਨਸਾਨ ਆਪਣੀ ਨਿੱਜੀ ਖ਼ੁਦਗਰਜੀ ਲਈ ਮਿੱਤਰ ਮਾਰ ਵੀ ਕਰ ਜਾਂਦਾ ਹੈ। ਇਨਸਾਨ ਦਾ ਮਨ ਮਕਾਰੀਆਂ ਨਾਲ ਭਰਿਆ ਪਿਆ ਹੈ। ਨੌਜਵਾਨ ਸਲੀਕਿਆਂ ਨੂੰ ਤਿਆਗ ਚੁੱਕਾ ਹੈ, ਸ਼ਿਸ਼ਟਾਚਾਰ ਖ਼ਤਮ ਹੋ ਗਿਆ ਹੈ। ਉਹ ਲਿਖਦਾ ਹੈ-
ਮੈਂ ਯਾਰ ਯਾਰ ਜਿਸਨੂੰ ਦਿਲੋਂ ਸੀ ਪੁਕਾਰਿਆ।
ਮੈਨੂੰ ਸਦਾ ਹੀ ਉਸਨੇ ਦਿਲ ‘ਚੋਂ ਵਿਸਾਰਿਆ।
ਅੱਗੋਂ ਉਹ ਕਹਿੰਦਾ ਹੈ ਕਿ ਜਦੋਂ ਇਨਸਾਨ ਆਪਣੇ ਮਨ ਵਿਚੋਂ ਇਨਾਂ ਸਮਾਜਿਕ ਬੁਰਾਈਆਂ ਨੂੰ ਕੱਢ ਦਿੰਦਾ ਹੈ, ਉਸ ਤੋਂ ਬਾਅਦ ਉਹ ਕੁੰਦਨ ਦੀ ਤਰਾਂ ਸਵੱਛ ਹੋ ਜਾਂਦਾ ਹੈ। ਜੇਕਰ ਇਨਸਾਨ ਚੰਗਿਆਈ ਦਾ ਪੱਲਾ ਫੜਕੇ ਚਲੇ ਫਿਰ ਉਸਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬੁਰਾਈ ਕਰਨ ਨਾਲੋਂ ਤਾਂ ਮੌਤ ਵੀ ਚੰਗੀ ਹੈ। ਇਸ ਲਈ ਉਹ ਸਿੱਖ ਧਰਮ ਦੀ ਇੱਕ ਘਟਨਾ ਦਾ ਸਹਾਰਾ ਲੈਂਦਾ ਹੋਇਆ ਇੱਕ ਸ਼ਿਅਰ ਵਿਚ ਪਵਿਤਰ ਉਦਾਹਰਣ ਦਿੰਦਾ ਲਿਖਦਾ ਹੈ-
ਬੇਦਾਵਾ ਲਿਖ ਮਿਲੀਆਂ ਵੰਗਾਂ ਲਾਹਨਤ ਤੇ ਫਿਟਕਾਰਾਂ ਵੀ,
ਇਹਦੇ ਨਾਲੋਂ ਹੱਸ ਕੇ ਸਿਰ ਕਟਵਾ ਲੈਂਦੇ ਤਾਂ ਚੰਗਾ ਸੀ।
ਲੇਖਕ ਦੀ ਸੋਚ ਉਸਾਰੂ ਹੈ, ਇਸ ਲਈ ਉਹ ਮਨੁੱਖਤਾ ਨੂੰ ਮਿਹਨਤ, ਮਜ਼ਦੂਰੀ ਅਤੇ ਸਿਰੜ ਨਾਲ ਸਖ਼ਤ ਮਿਹਨਤ ਕਰਕੇ ਜ਼ਿੰਦਗੀ ਸਫਲ ਕਰਨ ਦੀ ਪ੍ਰੇਰਨਾ ਵੀ ਦਿੰਦਾ ਹੈ। ਹੱਥ ‘ਤੇ ਹੱਥ ਧਰਕੇ ਬੈਠਣ ਨਾਲ ਕੁਝ ਵੀ ਪੱਲੇ ਨਹੀਂ ਪੈਂਦਾ, ਜਿਹੜਾ ਮਿਹਨਤ ਕਰਦਾ ਹੈ ਸਫਲਤਾ ਉਸਦੇ ਪੈਰ ਚੁੰਮਦੀ ਹੈ। ਅੱਜ ਦਾ ਕੰਮ ਕਲ ਤੇ ਨਾ ਛੱਡਣ ਦੀ ਨਸੀਅਤ ਦਿੰਦਾ ਹੈ। ਜਾਤ ਪਾਤ ਅਜੇ ਵੀ ਕਾਇਮ ਹੈ। ਜਾਤਾਂ ਦੇ ਆਧਾਰ ਤੇ ਧਾਰਮਿਕ ਸਥਾਨ ਬਣੇ ਹੋਏ ਹਨ। ਉਹ ਆਦਮੀ ਨੂੰ ਸਾਦਗੀ, ਸਲੀਕਾ, ਸਹਜ, ਸਾਫਗੋਈ ਤੇ ਪਹਿਰਾ ਦੇਣ ਲਈ ਪ੍ਰੇਰਦਾ ਹੈ-
ਹਾਰ ਕੇ ਜੋ ਟੁੱਟਿਆ ਨਾ ਤੜਪਿਆ ਨਾ ਵਿਲਕਿਆ,
ਮੰਜ਼ਿਲਾਂ ਨੇ ਓਸਦੇ ਪੈਰਾਂ ਨੂੰ ਨਿਵ ਕੇ ਚੁੰਮਿਆਂ।
ਅੱਗ ਵਿਚ ਸੋਨਾ ਜਿਵੇਂ ਹੈ ਨਿਖ਼ਰਦਾ ਮੈਂ ਨਿਖ਼ਰਿਆ।
ਹੌਂਸਲਾ ਮੇਰਾ, ਮੁਸੀਬਤ ਨੇ ਜਦੋਂ ਵੀ ਪਰਖਿਆ।
ਲੇਖਕ ਦੀ ਇਸ ਰਚਨਾ ਦਾ ਭਾਵ ਹੈ ਕਿ ਜੋ ਇਨਸਾਨ ਦ੍ਰਿੜ ਇਰਾਦੇ, ਲਗਨ ਅਤੇ ਹਿੰਮਤ ਨਾਲ ਅੱਗੇ ਵੱਧਦੇ ਹਨ, ਸਫਲਤਾ ਉਨਾਂ ਦੀ ਗ਼ੁਲਾਮ ਬਣ ਜਾਂਦੀ ਹੈ। ਕਿਉਂਕਿ ਮੁਸੀਬਤ ਉਨਾਂ ਇਨਸਾਨਾ ਦੇ ਰਾਹ ਵਿਚ ਰੁਕਾਵਟ ਨਹੀਂ ਬਣਦੀ ਸਗੋਂ ਉਸਨੂੰ ਸਫਲਤਾ ਵਿਚ ਬਦਲਣ ਲਈ ਹਿੰਮਤ ਦਿੰਦੀ ਹੈ। ਸਮਾਜ ਵਿਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਹੁਣ ਜ਼ਮਾਨਾ ਬਦਲ ਗਿਆ ਹੈ, ਜਿਸ ਕਰਕੇ ਇਸਤਰੀਆਂ ਪ੍ਰਤੀ ਲੋਕਾਂ ਦਾ ਵਿਵਹਾਰ ਬਦਲ ਗਿਆ ਹੈ ਪ੍ਰੰਤੂ ਲੇਖਕ ਨੂੰ ਇਹ ਸਾਰੀਆਂ ਗੱਲਾਂ ਝੂਠੀਆਂ ਲਗਦੀਆਂ ਹਨ। ਉਹ ਲਿਖਦਾ ਹੈ ਕਿ ਅਜੇ ਵੀ ਔਰਤਾਂ ਨਾਲ ਅਨਿਆਂ ਹੋ ਰਿਹਾ ਹੈ। ਆਦਮੀ ਵੱਲੋਂ ਮਿੱਠੀਆਂ ਮਿੱਠੀਆਂ ਮੋਮੋ ਠਗਣੀਆਂ ਗੱਲਾਂ ਔਰਤਾਂ ਦੇ ਹੱਕ ਵਿਚ ਕਹੀਆਂ ਜਾ ਰਹੀਆਂ ਪ੍ਰੰਤੂ ਅਸਲੀਅਤ ਕੁਝ ਹੋਰ ਹੈ, ਇਹ ਗੱਲਾਂ ਜ਼ਹਿਰ ਦੀਆਂ ਪੁੜੀਆਂ ਹਨ। ਅਜੇ ਵੀ ਭਰੂਣ ਹੱਤਿਆ ਹੋ ਰਹੀ ਹੈ। ਅਨੇਕਾਂ ਧਰਮ, ਦੇਵੀ ਦੇਵਤੇ ਅਤੇ ਪੂਜਾ ਸਥਾਨ ਹਨ ਪ੍ਰੰਤੂ ਇਸਦੇ ਬਾਵਜੂਦ ਵੀ ਇਨਸਾਨੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ-
ਇਤਰੀਂ ਮਿਲਾਕੇ ਜ਼ਹਿਰ ਅੱਜ, ਪੌਣਾਂ ‘ਚ ਕਿਸਨੇ ਘੋਲਿਆ,
ਮੁਰਝਾ ਰਿਹਾ ਹਰ ਫੁੱਲ ਹੀ, ਤਿਤਲੀ ਫਿਰੇ ਹੁਣ ਤੜਪਦੀ।
ਆਖਣ ਸਦੀ ਹੁਣ ਉਹ ਨਹੀਂ ਹੁਣ ਤਾਂ ਜ਼ਮਾਨਾ ਹੋਰ ਹੈ,
ਪਰ ਵੇਖਦਾਂ ਔਰਤ ਨੂੰ ਮੈਂ ਓਸੇ ਤਰਾਂ ਹੀ ਸੁਲਗਦੀ।
ਨਿਰਾਦਰ ਕੰਜਕਾਂ ਦਾ ਰੋਜ਼ ਹੁੰਦਾ ਏ ਗਰਾਂ ਅੰਦਰ,
ਮੁਰਾਰੀ ਬੰਸਰੀ ਫੜ ਮੁਸਕਾਵੇ ਮੰਦਰਾਂ ਅੰਦਰ।
ਲੇਖਕਾਂ ਨੂੰ ਵੀ ਉਹ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਜੇਕਰ ਇਨਸਾਫ ਦੀ ਜੰਗ ਜਿੱਤਣੀ ਹੈ ਅਤੇ ਸਮਾਜ ਵਿਚ ਸੁਧਾਰ ਕਰਨ ਦੀ ਇੱਛਾ ਹੈ ਤਾਂ ਤੁਹਾਨੂੰ ਸੱਚ ਤੇ ਪਹਿਰਾ ਦੇ ਕੇ ਸੱਚ ਲਿਖਣਾ ਹੋਵੇਗਾ। ਮੰਝਧਾਰ ਵਿਚੋਂ ਬਾਹਰ ਨਿਕਲਕੇ ਹੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਲੇਖਕਾਂ ਤੇ ਕਿੰਤੂ ਪ੍ਰੰਤੂ ਕਰਦਾ ਉਹ ਲਿਖਦਾ ਹੈ ਕਿ ਚਾਰ ਅੱਖ਼ਰ ਲਿਖਕੇ ਵੱਡਾ ਲੇਖਕ ਨਹੀਂ ਬਣਿਆਂ ਜਾ ਸਕਦਾ। ਮਾਨਾ ਸਨਮਾਨਾ ਲਈ ਸਰਕਾਰ ਦੇ ਅੱਗੇ ਸਿਰ ਝੁਕਾਉਣ ਵਾਲੇ ਲੇਖਕਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਪਹੁੰਚ ਸਕਦੈ ਦਰ ਤੇਰੇ ਬਾਜ਼ਾਰ ਹੁਣ, ਆਬਰੂ ਆਪਣੀ ‘ਤੇ ਪਹਿਰੇਦਾਰ ਰੱਖ।
ਜੰਗ ਜੇ ਲੜਨੀ ਹੈ ਜ਼ੁਲਮਾਂ ਦੇ ਖ਼ਿਲਾਫ਼, ਤੂੰ ਕਲਮ ਦੀ ਤੇਗ਼ ਵਰਗੀ ਧਾਰ ਰੱਖ।
ਲਿਖਾਰੀ ਨਾ ਹੋਵਣ ਜੋ ਆਪਣੀ ਕਲਮ ਦੀ, ਹਕੂਮਤ ਦੇ ਹੱਥਾਂ ‘ਚ ਦੇਵਣ ਲਗਾਮ।
ਸਿਆਸਤਦਾਨਾ ਤੇ ਕਿਰਦਾਰ ਤੇ ਉਂਗਲ ਉਠਾਉਂਦਿਆਂ ਉਹ ਲਿਖਦਾ ਹੈ ਕਿ ਉਹ ਧਰਮ ਸਥਾਨ ਬਣਾਉਣ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ ਪ੍ਰੰਤੂ ਉਨਾਂ ਨੇ ਗ਼ਰੀਬਾਂ ਦੀਆਂ ਝੁਗੀਆਂ ਦੀ ਹਾਲਤ ਸੁਧਾਰਨ ਦੀ ਗੱਲ ਕਦੀਂ ਨਹੀਂ ਕੀਤੀ। ਰਾਜ ਪ੍ਰਬੰਧ ਵਿਚ ਅਸਾਵੇਂਪਣ ਅਤੇ ਕੁਸ਼ਲਤਾ ਨਾ ਹੋਣ ਬਾਰੇ ਲਿਖਦਿਆਂ ਉਸਨੂੰ ਜੰਗਲ ਰਾਜ ਦਾ ਦਰਜਾ ਦਿੰਦਾ ਹੈ। ਮਜ਼ਹਬਾਂ ਦੇ ਝਗੜੇ ਝੇੜੇ, ਰੌਲੇ ਰੱਪੇ ਕਿਸੇ ਕੰਮ ਨਹੀਂ ਆਉਂਦੇ, ਇਨਸਾਨ ਸਾਰੇ ਬਰਾਬਰ ਹਨ। ਆਪਣੀਆਂ ਨਿੱਜੀ ਸਿਆਸੀ ਲੋੜਾਂ ਪੂਰੀਆਂ ਕਰਨ ਲਈ ਤਾਂ ਸਿਆਸਤਦਾਨ ਦੇਸ਼ ਨੂੰ ਵੀ ਵੰਡ ਸਕਦੇ ਹਨ ਪ੍ਰੰਤੂ ਲੋਕ ਭਲਾਈ ਬਾਰੇ ਸੋਚਣ ਤੋਂ ਭੱਜਦੇ ਹਨ। ਦੇਸ਼ ਦੀ ਵੰਡ ਦਾ ਦੁੱਖ ਵੀ ਲੇਖਕ ਮਹਿਸੂਸ ਕਰਦਾ ਲਿਖਦਾ ਹੈ-
ਉਹ ਕਹਿੰਦੇ ਮਸਜਿਦਾਂ, ਗੁਰੂ ਘਰ, ਅਤੇ ਮੰਦਰ ਬਣਾਵਾਂਗੇ।
ਕਦੀ ਨਹੀਂ ਆਖਦੇ ਕਿ ਬੇ-ਘਰਾਂ ਲਈ ਘਰ ਬਣਾਵਾਂਗੇ।
ਵਤਨ ਦੋ ਫਾੜ ਕਰਕੇ ਅਹਿਦ ਹੋਇਆ ਇਉਂ ਹਕੂਮਤ ਲਈ,
ਤੁਸੀਂ ਓਧਰ ਬਣਾ ਲੈਣਾ, ਅਸੀਂ ਇੱਧਰ ਬਣਾਵਾਂਗੇ।
ਸਿਆਸਤਦਾਨਾ ਨੂੰ ਆੜੇ ਹੱਥੀਂ ਲੈਂਦਾ ਲੇਖਕ ਲਿਖਦਾ ਹੈ ਕਿ ਸਾਰੇ ਪੁਆੜਿਆਂ ਦੀ ਜੜ ਸਿਆਸਤਦਾਨ ਹੀ ਹਨ। ਉਹ ਆਪ ਹੀ ਸਮੱਸਿਆ ਪੈਦਾ ਕਰਦੇ ਹਨ ਅਤੇ ਆਪ ਹੀ ਉਸ ਉਪਰ ਕਾਬੂ ਪਾਉਣ ਦਾ ਢਕਵੰਜ ਰਚਦੇ ਹਨ। ਜਦੋਂ ਹਾਲਾਤ ਬਿਗੜ ਜਾਣ ਤਾਂ ਨਿਜ਼ਾਮ ਬਦਲਣ ਦੀ ਲੋੜ ਹੁੰਦੀ ਹੈ-
ਇਹ ਸਭ ਨੂੰ ਝੂਠ ਬੋਲਣ ਦਾ ਹੁਨਰ ਆਪੇ ਸਿਖਾ ਦੇਵੇ।
ਸਿਆਸਤ ਚੀਜ਼ ਹੈ ਐਸੀ ਹਵਾ ਵਿੱਚ ਮਹਿਲ ਪਾ ਦੇਵੇ।
ਹਕੂਮਤ ਆਪ ਲਾਈ ਅੱਗ ਨੂੰ ਪਹਿਲਾਂ ਹਵਾ ਦੇਵੇ,
ਤੇ ਮਗਰੋਂ ਚੁੱਪ ਦਾ ਪਹਿਰਾ ਨਗਰ ਉਪਰ ਬਿਠਾ ਦੇਵੇ।
ਲੇਖਕ ਆਪਣੀਆਂ ਗ਼ਜ਼ਲਾਂ ਵਿਚ ਸਮਾਜ ਵਿਚ ਵਫ਼ਾਦਾਰਾਂ ਦੀ ਘਾਟ ਬਾਰੇ ਵੀ ਲਿਖਦਾ ਹੈ। ਲੋਕ ਮਖੌਟੇ ਪਹਿਨ ਕੇ ਫਿਰਦੇ ਹਨ, ਇਸ ਲਈ ਵਿਸ਼ਵਾਸ਼ ਕਿਸ ਤੇ ਕੀਤਾ ਜਾਵੇ। ਲੋਕ ਬੁਕਲਾਂ ਵਿਚ ਖ਼ੰਜਰਾਂ ਲੁਕਾਈ ਫਿਰਦੇ ਹਨ। ਸਦਾਚਾਰ ਅਤੇ ਤਹਿਜ਼ੀਬ ਜੀਵਨ ਵਿਚੋਂ ਮਨਫ਼ੀ ਹੋ ਗਏ ਹਨ। ਰਿਸ਼ਤਿਆਂ ਵਿਚ ਗਿਰਾਵਟ ਆ ਗਈ ਹੈ। ਅਮੀਰ ਲੋਕ ਇਨਸਾਨ ਰੂਪੀ ਫੁੱਲਾਂ ਨੂੰ ਵੀ ਮਹਿਕਣ ਦੀ ਇਜ਼ਾਜ਼ਤ ਨਹੀਂ ਦਿੰਦੇ। ਗ਼ਰੀਬਾਂ ਨਾਲ ਗ਼ਰੀਬ ਮਾਰ ਹੋ ਰਹੀ ਹੈ। ਗ਼ਰੀਬ ਮਾਂ ਬਾਪ ਬਾਰੇ ਲਿਖਦਾ ਹੈ-
ਬੱਚਿਆਂ ਨੂੰ ਰੋਟੀਆਂ ਦੇ ਖ਼ਾਬ ਦੇ ਕੇ ਆਪ ਉਹ,
ਪੀੜ, ਮਜ਼ਬੂਰੀ, ਗ਼ਮੀ ਦਿਲ ਵਿਚ ਦਬਾ ਕੇ ਸੌਂ ਗਿਆ।
ਪਾਲੀ ਖ਼ਾਦਿਮ ਦੀਆਂ ਬਹੁਤੀਆਂ ਗ਼ਜ਼ਲਾਂ ਇਨਸਾਨੀਅਤ ਦੀ ਗੱਲ ਕਰਦੀਆਂ ਹਨ। ਹਿੰਦ-ਪਾਕਿ ਦੀ ਵੰਡ ਤੋਂ ਵੀ ਲੇਖਕ ਅਸੰਤੁਸ਼ਟ ਲੱਗਦਾ ਹੈ। ਉਹ ਦੋਹਾਂ ਪੰਜਾਬਾਂ ਦੇ ਸਾਹਿਤਕ ਮੇਲ ਜੋਲ ਦੀ ਇੱਛਾ ਵੀ ਕਰਦਾ ਹੈ। ਸਮਾਜਿਕ ਸਰੋਕਾਰਾਂ ਦੇ ਨਾਲ ਹੀ ਪਾਲੀ ਖ਼ਾਦਿਮ ਨੇ ਮੁਹੱਬਤ ਵਾਲੀਆਂ ਗ਼ਜ਼ਲਾਂ ਵੀ ਲਿਖੀਆਂ ਹਨ। ਮੁਹੱਬਤ ਨੂੰ ਉਹ ਜੀਵਨ ਦਾ ਦੂਜਾ ਨਾਮ ਦਿੰਦਾ ਹੈ। ਮੁਹੱਬਤ ਜ਼ਿੰਦਗੀ ਨੂੰ ਮਹਿਕਣ ਲਾ ਦਿੰਦੀ ਹੈ ਅਤੇ ਇਨਸਾਨ ਤਰੋ ਤਾਜਾ ਮਹਿਸੂਸ ਕਰਦਾ ਹੈ। ਮੁਹੱਬਤ ਬਾਰੇ ਇੱਕ ਥਾਂ ਲਿਖਦਾ ਹੈ-
ਪਾਕ ਮੁਹੱਬਤ ਖ਼ਾਤਰ ਸੱਜਣਾ ਸੀਸ ਤਲੀ ‘ਤੇ ਧਰ ਜਾਵਾਂ।
ਬਿਨ ਖੰਭਾਂ ਤੋਂ ਵਿਚ ਅਸਮਾਨੀ ਦੂਰ ਉਡਾਰੀ ਭਰ ਜਾਵਾਂ।
ਇਸ਼ਕ ਹੁਸਨ ਦਾ ਮਾਰੂ ਸਾਗਰ ਨੇਰੇ ਦੇ ਵਿਚ ਤਰ ਜਾਵਾਂ।
ਐਪਰ ਸ਼ਾਂਤ ਨਦੀ ਦੇ ਕੋਲੋਂ ਚਾਨਣ ਵੇਲੇ ਡਰ ਜਾਵਾਂ।
ਨੌਜਵਾਲ ਗ਼ਜ਼ਲਗੋ ਦਾ ਪਹਿਲਾ ਉਦਮ ਹੀ ਸ਼ਲਾਘਾਯੋਗ ਹੈ ਕਿਉਂਕਿ ਉਸਨੇ ਪਿਆਰ ਮੁਹੱਬਤ ਦੀ ਥਾਂ ਸਮਾਜਿਕ ਸਰੋਕਾਰਾਂ ਵਾਲੀਆਂ ਗ਼ਜ਼ਲਾਂ ਲਿਖਣ ਨੂੰ ਪਹਿਲ ਦਿੱਤੀ ਹੈ। ਇਸ ਲਈ ਇਸ ਤੋਂ ਨੇੜ ਭਵਿਖ ਵਿਚ ਹੋਰ ਬਿਹਤਰੀਨ ਗ਼ਜ਼ਲਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

Share Button

Leave a Reply

Your email address will not be published. Required fields are marked *

%d bloggers like this: