ਦੋਹੇ

ss1

ਦੋਹੇ

ਆਪਣੀਆਂ ਗਰਜ਼ਾਂ ਖਾਤਰ, ਜੋ ਝੂਠ ਰਹੇ ਨੇ ਬੋਲ,
ਸੱਚ ਦੇ ਝੱਖੜ ਨੇ, ਉਹ ਮਿੱਟੀ ਵਿੱਚ ਦੇਣੇ ਰੋਲ।
ਕਿਸੇ ਅੱਗੇ ਹੱਥ ਕਰਕੇ ,ਜੋ ਭੀਖ ਰਹੇ ਨੇ ਮੰਗ,
ਰੱਬ ਕਰਕੇ ਉਨ੍ਹਾਂ ਨੂੰ, ਭੀਖ ਮੰਗਣ ਤੋਂ ਆ ਜਾਏ ਸੰਗ।
ਜਿਨ੍ਹਾਂ ਨੇ ਯਾਰ ਬਣਾ ਲਏ,ਆਪਣੀਆਂ ਅੱਖਾਂ ਕਰਕੇ ਬੰਦ,
ਫਿਰ ਉਹ ਕੀ ਕਰਨਗੇ, ਜਦ ਯਾਰ ਕੋਈ ਨਵਾਂ ਚੜ੍ਹਾ ਗਏ ਚੰਦ।
ਚੰਗਾ ਹੈ ,ਘਰ ਦੇ ਵਿੱਚ ਹੀ ਰੱਖ ਲਈਏ ਘਰ ਦੀ ਗੱਲ,
ਮਿਲ ਬੈਠ ਕੇ ਲੱਭ ਲਈਏ, ਇਸ ਸਮੱਸਿਆ ਦਾ ਹੱਲ।
ਮੰਦਰਾਂ, ਗੁਰਦੁਆਰਿਆਂ ਵਿੱਚ ਜਾ ਕੇ, ਜੋ ਸੀਸ ਝੁਕਾਣ,
ਰੱਬ ਕਰਕੇ ਉਹ ਮਾਤਾ, ਪਿਤਾ ਦੇ ਪੈਰੀਂ ਵੀ ਹੱਥ ਲਾਣ।
ਵਹਿਮ ਦੀ ਬੀਮਾਰੀ ਲਾ ਨਾ ਬਹਿਣਾ,ਇਹ ਹੈ ਬੇਇਲਾਜ,
ਜੇ ਇਕ ਵਾਰੀ ਲੱਗ ਗਈ, ਫਿਰ ਹੋਣਾ ਨਹੀਂ ਇਲਾਜ।
ਡੇਰੇ ਲਾ ਕੇ ਬਹਿ ਗਏ ਲਾਰੇ,ਜਿਸ ਪਿਆਰ ਦੇ ਵਿੱਚ,
ਫਿਰ ਉਸ ਪਿਆਰ ਦੇ ਵਿੱਚ, ਰਹਿੰਦੀ ਨੀ੍ਹ ਕੋਈ ਖਿੱਚ।
ਜਿਸ ਦਾ ਡੈਡੀ ਸਵੇਰੇ ਉਠਦੇ ਸਾਰ ਹੀ,ਪੀ ਲੈਂਦਾ ਸ਼ਰਾਬ,
ਉਹ ਬੱਚਾ ਕਿੱਦਾਂ ਸਕੂਲ ਜਾਵੇ,ਕਿੱਦਾਂ ਪੜ੍ਹੇ ਕਿਤਾਬ?
ਕੁੜੀਆਂ ਨੂੰ ਆਪਣੀ ਰਾਖੀ ਲਈ, ਹਿੰਮਤ ਕਰਨੀ ਪੈਣੀ ਆਪ।
ਉਨ੍ਹਾਂ ਦੇ ਨਾਲ ਹਰ ਵੇਲੇ ,ਘੁੰਮ ਸਕਦੇ ਨ੍ਹੀ ਮਾਂ,ਬਾਪ।
ਭਾਵੇਂ ਬਥੇਰੀ ਜਨਤਾ ਮਰ ਰਹੀ ਹੈ, ਮਹਿੰਗਾਈ ਦੇ ਨਾਲ,
ਹਾਕਮ ਫਿਰ ਵੀ ਖੁਸ਼ ਨਹੀਂ ,ਹੋਰ ਹਥਿਆਰ ਰਿਹਾ ਹੈ ਭਾਲ।

ਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Share Button

Leave a Reply

Your email address will not be published. Required fields are marked *