ਦਿੱਲੀ ਕਮੇਟੀ ਨੇ ਸ਼ੁਰੂ ਕੀਤੀ ਮਾਂ-ਬੋਲੀ ਸਤਿਕਾਰ ਲਹਿਰ

ss1

ਦਿੱਲੀ ਕਮੇਟੀ ਨੇ ਸ਼ੁਰੂ ਕੀਤੀ ਮਾਂ-ਬੋਲੀ ਸਤਿਕਾਰ ਲਹਿਰ

ਨਵੀਂ ਦਿੱਲੀ 11 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵੱਡਾ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕਮੇਟੀ ਵੱਲੋਂ ਮਾਂ-ਬੋਲੀ ਸਤਿਕਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ 769 ਅਤੇ ਉਰਦੂ ਅਧਿਆਪਕਾਂ ਦੀਆਂ 610 ਖਾਲੀ ਪਈ ਅਸਾਮੀਆਂ ਨੂੰ ਛੇਤੀ ਭਰਨ ਲਈ ਦਿੱਲੀ ਸਰਕਾਰ ਦੇ ਖ਼ਿਲਾਫ਼ ਸਿਆਸੀ ਘੇਰਾ ਬੰਦੀ ਸ਼ੁਰੂ ਕਰਨ ਦੀ ਗੱਲ ਕਹੀ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪ ਸਰਕਾਰ ਵੱਲੋਂ ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੇ ਬਿਨਾਂ ਅਖ਼ਬਾਰੀ ਇਸਤਿਹਾਰਬਾਜ਼ੀ ਕੀਤੇ ਜਾਣ ਕਰਕੇ ਸਰਕਾਰੀ ਖਜ਼ਾਨੇ ਦੇ ਹੋਏ ਨੁਕਸਾਨ ਨੂੰ ਲੁੱਟ-ਖਸੁੱਟ ਕਰਾਰ ਦਿੱਤਾ।
ਮਿਸ਼ਨ ਤਾਲੀਮ ਦੇ ਨਸੀਬ ਅੱਲੀ ਨੇ ਉਰਦੂ ਅਧਿਆਪਕਾਂ ਦੀ ਭਰਤੀ ਦਿੱਲੀ ਸਰਕਾਰ ਵੱਲੋਂ ਨਾ ਕੀਤੇ ਜਾਣ ਨੂੰ ਗੰਭੀਰ ਮਸਲਾ ਦੱਸਦੇ ਹੋਏ ਭਾਸ਼ਾ ਖੋਹਣ ਨੂੰ ਜੁਬਾਨ ਕੱਟੇ ਜਾਣ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਮਾਂ-ਬੋਲੀ ਸਤਿਕਾਰ ਲਹਿਰ ਦੇ ਤਹਿਤ ਦਿੱਲੀ ਦੇ ਪੰਜਾਬੀ ਪ੍ਰੇਮੀਆਂ ਨੂੰ ਆਪਣੇ ਘਰ, ਦਫ਼ਤਰ ਅਤੇ ਦੁਕਾਨ ‘ਤੇ ਲੱਗਣ ਵਾਲੇ ਪ੍ਰਚਾਰ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਦਾ ਲਾਜ਼ਮੀ ਇਸਤੇਮਾਲ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਕਿਉਂਕਿ ਸਰਕਾਰਾਂ ਨੇ ਹਮੇਸ਼ਾ ਹੀ ਭਾਸ਼ਾ ਨੂੰ ਖੁਸ਼ਹਾਲ ਕਰਨ ਦੀ ਥਾਂ ਬਦਹਾਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸ ਲਈ ਸਰਕਾਰਾਂ ਨੂੰ ਘੇਰਣ ਦੇ ਨਾਲ ਹੀ ਲੋਕਾਂ ਦੇ ਭਾਸ਼ਾ ਪ੍ਰੇਮ ਨੂੰ ਜਨਤਕ ਕਰਨ ਲਈ ਇਹ ਮੁਹਿੰਮ ਜਰੂਰੀ ਹੈ।
ਦਿੱਲੀ ਸਰਕਾਰ ਵੱਲੋਂ 24 ਜੂਨ 2016 ਨੂੰ ਪੰਜਾਬੀ ਅਤੇ ਉਰਦੂ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਕੱਢੇ ਗਏ ਆਦੇਸ਼ ਦੀ ਕਾਪੀ ਲਹਿਰਾਉਂਦੇ ਹੋਏ ਜੀ.ਕੇ. ਨੇ 15 ਮਹੀਨੇ ਬਾਅਦ ਵੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਨਾ ਹੋਣ ‘ਤੇ ਅਫਸੋਸ ਜਤਾਇਆ। ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਘੱਟ ਗਿਣਤੀਆਂ ਦੀ ਭਾਸ਼ਾ ਦੇ ਨਾਲ ਕੀਤੇ ਜਾ ਰਹੇ ਮਤਰੇਏ ਵਿਵਹਾਰ ਦੇ ਖ਼ਿਲਾਫ਼ ਦਿੱਲੀ ਕਮੇਟੀ ਨੇ ਪਿਛਲੇ ਦਿਨੀਂ ਦਿੱਲੀ ਹਾਈ ਕੋਰਟ ਵਿੱਚ ਲੋਕਹਿਤ ਅਰਜ਼ੀ ਦਰਜ ਕੀਤੀ ਸੀ ਜਿਸ ‘ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਦਿੱਲੀ ਦੇ ਸਕੂਲਾਂ ਵਿੱਚ ਤ੍ਰਿਭਾਸ਼ੀ ਫ਼ਾਰਮੂਲੇ ਦੀ ਉਲੰਘਣਾ ‘ਤੇ ਆਪਣੀ ਸਹਿਮਤੀ ਜਤਾਉਂਦੇ ਹੋਏ ਦਿੱਲੀ ਸਰਕਾਰ, ਪੰਜਾਬੀ ਅਕਾਦਮੀ, ਉਰਦੂ ਅਕਾਦਮੀ, ਕੇਂਦਰੀ ਮਨੁਖੀ ਸਰੋਤ ਵਿਕਾਸ ਮੰਤਰਾਲੇ ਅਤੇ ਸੀ.ਬੀ.ਐਸ.ਈ. ਨੂੰ ਨੋਟਿਸ ਜਾਰੀ ਕੀਤਾ ਸੀ।
ਜੀ.ਕੇ. ਨੇ ਦਿੱਲੀ ਵਿੱਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਣ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਕੂਲ ਸਿੱਖਿਆ ਨਿਯਮ 1973 ਦੀ ਧਾਰਾ 9 ਦੇ ਤਹਿਤ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਾਉਣਾ ਜਰੂਰੀ ਦੱਸਿਆ। ਹਾਈ ਕੋਰਟ ਵਿੱਚ ਚਲ ਰਹੇ ਉਕਤ ਕੇਸ ਦੀ ਅਗਲੀ ਸੁਣਵਾਈ 14 ਸਤੰਬਰ ਤੋਂ ਪਹਿਲਾਂ ਕਮੇਟੀ ਵੱਲੋਂ ਅੱਜ ਚੁੱਕੇ ਗਏ ਕਦਮਾਂ ਨੂੰ ਜੀ.ਕੇ. ਨੇ ਕੁੰਭਕਰਨੀ ਨੀਂਦ ਵਿੱਚ ਸੋ ਰਹੀ ਦਿੱਲੀ ਸਰਕਾਰ ਅਤੇ ਪੰਜਾਬੀ ਅਕਾਦਮੀ ਨੂੰ ਜਗਾਉਣ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ। ਬੀਤੇ 2 ਸਾਲਾਂ ਤੋਂ ਵੱਧ ਸਮੇਂ ਤੋਂ ਦਿੱਲੀ ਸਰਕਾਰ ਖ਼ਿਲਾਫ਼ ਲੜਾਈ ਲੜ ਰਹੀ ਦਿੱਲੀ ਕਮੇਟੀ ਦੇ ਭਾਸ਼ਾ ਪ੍ਰੇਮੀਆਂ ਦੇ ਸਹਿਯੋਗ ਨਾਲ ਲੜਾਈ ਜਿੱਤਣ ਦਾ ਜੀ.ਕੇ. ਨੇ ਭਰੋਸਾ ਜਤਾਇਆ।
ਜੀ.ਕੇ. ਨੇ ਸੰਭਾਵਨਾ ਜਤਾਈ ਕਿ ਸਕੂਲਾਂ ਵਿੱਚ ਪੰਜਾਬੀ ਨਾ ਪੜਾਏ ਜਾਣ ਕਾਰਨ ਬੱਚਿਆਂ ਦੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਚੋਂ ਪਾਠ ਕਰਨ ਅਤੇ ਕਾਲਜਾਂ ਵਿੱਚ ਡਿਗਰੀ ਕੋਰਸਾਂ ਵਿੱਚ ਦਾਖਲਾ ਲੈਣ ਦੇ ਮੌਕੇ ਖ਼ਤਮ ਹੋ ਜਾਣਗੇ। ਜੀ.ਕੇ. ਨੇ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਸਰਕਾਰ ਸਿੱਖਿਆ ਦੇ ਨਾਂ ‘ਤੇ ਭਾਰੀ ਬਜਟ ਖਰਚ ਕਰਨ ਦਾ ਦਾਅਵਾ ਕਰਦੀ ਹੈ ਤੇ ਦੂਜੇ ਪਾਸੇ ਸਕੂਲਾਂ ਵਿੱਚ ਪੰਜਾਬੀ ਤੇ ਉਰਦੂ ਭਾਸ਼ਾ ਦੇ ਅਧਿਆਪਕਾਂ ਦੀ ਪੱਕੀ ਭਰਤੀ ਤੋਂ ਕਿਨਾਰਾ ਕਰਦੀ ਹੈ। ਜੀ.ਕੇ. ਨੇ ਸਾਫ਼ ਕਿਹਾ ਕਿ ਆਰਜੀ ਜਾਂ ਠੇਕੇ ‘ਤੇ ਕੀਤੀ ਗਈ ਭਰਤੀ ਵਿਦਿਆਰਥੀਆਂ ਨੂੰ ਹਿੰਦੀ ਦੀ ਥਾਂ ‘ਤੇ ਹੋਰ ਭਾਸ਼ਾ ਲੈਣ ਤੋਂ ਰੋਕਦੀ ਹੈ ਕਿਉਂਕਿ ਵਿਦਿਆਰਥੀ ਨੂੰ ਇਸ ਗੱਲ ਦਾ ਖਦਸਾ ਲਗਿਆ ਰਹਿੰਦਾ ਹੈ ਕਿ ਸ਼ਾਇਦ ਪੂਰਾ ਸਾਲ ਉਸ ਨੂੰ ਅਧਿਆਪਕ ਉਪਲਬਧ ਨਾ ਹੋਵੇ।
ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪੰਜਾਬ ਚੋਣਾਂ ਤੋਂ ਬਾਅਦ ਪੰਜਾਬੀ ਭਾਸ਼ਾ ਤੋਂ ਦੂਰੀ ਬਣਾ ਲਈ ਹੈ ਜਿਸ ਕਰਕੇ ਪੰਜਾਬੀ ਪੜ੍ਹਨ ਦੇ ਇਛੁੱਕ ਬੱਚੇ ਪਰਭਾਵਿਤ ਹੋ ਰਹੇ ਹਨ। ਭਾਸ਼ਾਂ ਦੇ ਪ੍ਰਚਾਰ-ਪ੍ਰਸਾਰ ‘ਤੇ ਲੱਗੀ ਰੋਕ ਕਰਕੇ ਸਿਰਸਾ ਨੇ ਕਵੀ, ਸਾਹਿਤਕਾਰ ਅਤੇ ਇਤਿਹਾਸਕਾਰ ਪੰਜਾਬੀ ਭਾਸ਼ਾ ਵਿੱਚ ਨਾ ਉਭਰਨ ਦਾ ਵੀ ਖਦਸਾ ਜਤਾਇਆ। ਸਿਰਸਾ ਨੇ ਪੰਜਾਬੀ ਅਕਾਦਮੀ ਦੇ ਸਾਬਕਾ ਵਾਇਸ ਚੇਅਰਮੈਨ ਅਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਦਾ ਬਿਨਾਂ ਨਾਂ ਲਏ ਬਤੌਰ ਪੰਜਾਬੀ ਅਕਾਦਮੀ ਮੁਖੀ ਰਹਿੰਦੇ 2.25 ਕਰੋੜ ਰੁਪਏ ਦੇ ਕਥਿਤ ਘੱਪਲੇ ਕਰਨ ਦਾ ਦੋਸ਼ ਲਗਾਇਆ। ਸਿਰਸਾ ਨੇ ਆਪ ਆਗੂਆਂ ‘ਤੇ ਭਾਸ਼ਾ ਦੇ ਨਾਂ ‘ਤੇ ਫੰਡ ਨੂੰ ਲੁੱਟਣ ਅਤੇ ਦਬਾਉਣ ਦਾ ਆਰੋਪ ਵੀ ਲਗਾਇਆ। ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।

Share Button

Leave a Reply

Your email address will not be published. Required fields are marked *