ਗਊ ਸੈੱਸ ਦੇ ਵਿਰੋਧ ‘ਚ ਕੱਢੀ ਰੋਸ ਰੈਲੀ ਅਤੇ ਫੂਕੀ ਸਰਕਾਰ ਦੀ ਅਰਥੀ

ss1

ਹੱਕੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ਼- ਕਿਸਾਨ ਅਗੂ

18-arthi-pic-2-2

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨ ਜਥੇਬੰਦੀਆਂ ਵੱਲੋਂ ਬੀਤੀ 5 ਸਤੰਬਰ ਨੂੰ ਧਰਨੇ ਦੌਰਾਨ ਪਹੁੰਚੇ ਕਿਸਾਨਾਂ ਦੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਕੁੱਟ ਮਾਰ ਦੇ ਰੋਸ ਵਜੋਂ ਅਤੇ ਜਬਰੀ ਲਗਾਏ ਜਾ ਰਹੇ ਗਊ ਸੈੱਸ ਦੇ ਵਿਰੋਧ ਵਿੱਚ ਅੱਜ ਖੇਤਰ ਦੇ ਪਿੰਡ ਲਹਿਰੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਰੋਸ ਰੈਲੀ ਕੱਢਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੇ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਜਨਰਲ ਸਕੱਤਰ ਜ਼ਿਲਾ ਮਾਨਸਾ, ਇਕਬਾਲ ਸਿੰਘ ਮਾਨਸਾ, ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਕੋਟ ਭਾਰਾ ਅਤੇ ਜਗਸੀਰ ਸਿੰਘ ਕੋਟਭਾਰਾ ਆਦਿ ਨੇ ਬੋਲਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਗਊ ਸੈਸ ਲਗਾ ਕੇ ਲੋਕਾਂ ਤੇ ਨਜ਼ਾਇਜ ਬੋਝ ਪਾ ਰਹੀ ਪ੍ਰੰਤੂ ਦੂਜੇ ਪਾਸੇ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਸੰਭਾਲ ਵੱਲ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਇਸ ਮੌਕੇ ਬਲਾਕ ਤਲਵੰਡੀ ਸਾਬੋ ਦੇ ਜਨਰਲ ਸਕੱਤਰ ਅਤੇ ਪਿੰਡ ਇਕਾਈ ਲਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਖਾਲਸਾ ਨੇ ਜਿੱਥੇ ਪਿੰਡ ਲਹਿਰੀ ਦੇ ਦਲਿਤ ਭਾਈਚਾਰੇ ਦੇ ਪੰਚ ਕਰਨੈਲ ਸਿੰਘ ਵਾਲੀ ਗਲੀ ਦੇ ਤੁਰੰਤ ਪੱਕੇ ਕਰਨ ਦੀ ਮੰਗ ਕੀਤੀ ਉੱਥੇ ਅਕਾਲੀ-ਭਾਜਪਾ ਸਰਕਾਰ ਦੀ ਰੱਜ ਕੇ ਨਿੰਦਿਆ ਕੀਤੀ। ਉਹਨਾਂ ਚਿਤਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਉਕਤ ਮੰਗਾਂ ਤੋਂ ਇਲਾਵਾ ਛੋਟੇ ਕਿਸਾਨਾਂ ਨੂੰ ਬਿਨ੍ਹਾਂ ਖਰਚੇ ਤੋਂ ਪਹਿਲ ਦੇ ਆਧਾਰ ‘ਤੇ ਬਿਜਲੀ ਕੁਨੈਕਸ਼ਨ ਮੁਹੱਈਆ ਨਹੀਂ ਕਰਵਾਉਂਦੀ ਤਾਂ ਭਰਾਤਰੀ ਯੂਨੀਅਨਾਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਬਲਵੀਰ ਸਿੰਘ ਢਿੱਲੋਂ, ਚਰਨਜੀਤ ਸਿੰਘ, ਸੁਖਵੀਰ ਸਿੰਘ, ਵੀਰਦਵਿੰਦਰ ਸਿੰਘ, ਵੀਰਪਾਲ ਕੌਰ ਪ੍ਰਧਾਨ ਪਿੰਡ ਇਕਾਈ, ਸਦੋ ਕੌਰ, ਬੀਰਬਲ ਸਿੰਘ ਆਦਿ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *