ਖਬਰੀ ਚੈਨਲਾਂ ਵੱਲੋਂ ਹੁੰਦਾ ਖੇਡਾਂ ਦਾ ਵਪਾਰੀਕਰਨ

ss1

ਖਬਰੀ ਚੈਨਲਾਂ ਵੱਲੋਂ ਹੁੰਦਾ ਖੇਡਾਂ ਦਾ ਵਪਾਰੀਕਰਨ

ਘਟਨਾਵਾਂ ਦਰ ਘਟਨਾਵਾਂ ਭਾਰਤ ‘ਚ ਟੀ.ਵੀ ਚੈਨਲਾਂ ਵੱਲੋਂ ਲੋਕਾਂ ਨੂੰੰ ਮਾਨਸਿਕ ਤੌਰ ‘ਤੇ ਨਿਪੁੰਸਕ ਬਣਾਉਣ ਦੀ ਕਵਾਇਤ ਆਪਣੀ ਚਰਮ ਸੀਮਾ ‘ਤੇ ਹੈ। ਟੀ.ਵੀ. ਕਿਸੇ ਦਾਨਵ ਵਾਂਗ ਹਰ ਰੋਜ ਲੋਕਾਂ ਨੂੰ ਡਰਾਉਣ ਦਾ ਕੰਮ ਕਰਦਾ ਜਾ ਰਿਹਾ ਹੈ ਤੇ ਲੁਕੇ ਛਿਪੇ ਆਪਣੇ ਮਾਲਕ ਦੇ ਗੈਰਕਾਨੂੰਨੀ ਪੱਖਾਂ ਨੂੰ ਅਮਲੀ ਜਾਮਾਂ ਪਹਿਨਾਉਣ ਦਾ ਕੰਮ ਬੜੀ ਹੁਸ਼ਿਆਰੀ ਨਾਲ ਕਰਦਾ ਹੈ। ਇੱਕ ਦੌਰ ਸੀ ਜਦ ਗਿਆਨ ਦੀ ਤੀਜੀ ਅੱਖ ਦੇ ਤੌਰ ਉੱਤੇ ਟੀ.ਵੀ. ਚੈਨਲਾਂ ‘ਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ਲੋਕਾਂ ਨੂੰ ਆਜਾਦ ਸੋਚ ਦਾ ਰਾਹ ਦਿੰਦੇ ਸਨ, ਪਰ ਅਜ ਗੰਗਾ ਦੀ ਧਾਰਾ ਉਲਟੀ ਵਹਿਣ ਲੱਗ ਗਈ ਹੈ। ਟੈਕਨੋਲੋਜੀ ਦੇ ਯੁੱਗ ਨੇ ਲੋਕਾਂ ਨੂੰ ਬਹੁਤ ਸੁੱਖ ਦਿੱਤਾ ਪਰ ਇਸ ਦਾ ਕੰਟਰੋਲ ਪ੍ਰਾਈਵੇਟ ਹੱਥਾਂ ‘ਚ ਜਾਂ ਸਿੱਧੇ ਕਹਿ ਲਵੋ ਬਹੁ ਅਮੀਰ ਘਰਾਣੇ ਦੇ ਕਾਰਪੋਰੇਟਾਂ ਦੀਆਂ ਉਂਗਲਾਂ ‘ਤੇ ਨੱਚਦਾ ਹੈ। ਕਾਰਪੋਰੇਟ ਸੈਕਟਰਾਂ ਨੇ ਲੋਕਾਂ ਨੂੰ ਕੰਕਰੀਟ ਦੀਆਂ ਕੰਧਾਂ ਦੇ ਅੰਦਰ ਬੰਦ ਕਰਕੇ ਰੱਖ ਦਿੱਤਾ ਹੈ। ਲੋਕਾਂ ਨੂੰ ਉਹੀ ਪਰੋਸਿਆ ਜਾ ਰਿਹਾ ਹੈ, ਜਿਵੇਂ ਦਾ ਏ.ਸੀ. ‘ਚ ਬੈਠ ਕੇ ਤੈਅ ਕੀਤਾ ਜਾਂਦਾ ਹੈ। ਜਦੋਂ ਦਾ ਟੀ.ਵੀ. ਦੇ ਯੁੱਗ ‘ਚ ਇਨਕਲਾਬ ਆਇਆ ਹੈ ਤਾਂ ਹਰ ਇੱਕ ਚੀਜ ਜੋ ਵੀ ਟੀ.ਵੀ. ਉੱਤੇ ਪੇਸ਼ ਕੀਤੀ ਜਾਂਦੀ ਹੈ, ਉਸ ਦੀ ਅਸਲ ਰੂਹ ਨੂੰ ਨਚੋੜ ਕੇ ਗਲੀ ਸੜੀ ਲਾਸ਼ ਦੇ ਤੌਰ ‘ਤੇ ਹੀ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਹਰ ਇਤਿਹਾਸਿਕ ਘਟਨਾ ਦਾ ਵਿਚਾਰਵਾਦੀ ਵਖਿਆਨ ਕੀਤਾ ਜਾ ਰਿਹਾ ਹੈ। ਇਤਿਹਾਸ ਨਾਟਕਾਂ ਦੀਆਂ ਝਾਕੀਆਂ ‘ਚ ਮੁਨਾਫੇ ਲਈ ਲੋਕਾਂ ਦੇ ਦਰ੍ਹਾਂ ਮੂਹਰੇ ਟੀ.ਵੀ ਚੈਨਲਾਂ ‘ਚ ਪਰੋਸਿਆ ਜਾ ਰਿਹਾ ਹੈ। ਅਸਲੀਅਤ ਨੂੰ ਝੂਠੀ ਨਾਟਕੀਕਰਨ ਦੀ ਸਿਊਂਕ ਚੁੰਬੜੀ ਹੋਈ ਹੈ। ਨਾਟਕ ਰੁਪਾਂਤਰਣ ਤੋਂ ਲੈ ਕੇ ਗੀਤ-ਸੰਗੀਤ ਹਰ ਇੱਕ ਵਿਸ਼ਾ ਭਿਆਨਕ ਅਸੱਭਿਅਤਾ ਦੇ ਸੁਮੇਲ ਦੇ ਗੰਧਲੇ ਚਰਿੱਤਰ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਲੋਕਾਂ ਦੀ ਮਾਨਸਿਕ ਹਾਲਤਾਂ ਨੂੰ ਬੰਨ੍ਹ ਪਾਉਣ ‘ਚ ਹਰ ਪੱਧਰ ‘ਤੇ ਹਮਲੇ ਤੇਜ ਹਨ
ਇਨ੍ਹਾਂ ਸਾਰਿਆਂ ‘ਚ ਖਬਰਾਂ ਦੇ ਪ੍ਰਸਾਰਨ ਨੇ ਅਜੀਬੋ ਗਰੀਬ ਸਥਿਤੀ ਧਾਰਨ ਕਰ ਲਈ ਹੈ। ਜਿਸ ਦਾ ਭਿਆਨਕ ਰੁਝਾਨ ਐਂਕਰਾਂ ਦੁਆਰਾ ਸਾਰੀਆਂ ਘਟਨਾਵਾਂ ਨੂੰ ਇੱਕ ਬਿੰਦੂ ‘ਤੇ ਪੇਸ਼ ਕਰਨ ਦੀ ਚਾਲਾਂ ‘ਚ ਸਪਸ਼ਟ ਹੁੰਦਾ ਹੈ। ਬਹੁ ਆਬਾਦੀ ਤੇ ਬਹੁ ਭਾਸ਼ੀ ਸਭਿਅਤਾ ਦੇ ਦੇਸ਼ ਦੇ ਸਾਰੇ ਮੁੱਦੇ ਰੁੱਤਾਂ ਵਾਂਗ ਪ੍ਰਸਾਰਿਤ ਹੁੰਦੇ ਝੋਨੇ ਕਣਕ ਦੀ ਫਸਲ ਦਾ ਹੀ ਗੇੜ ਬਣ ਗਏ ਹਨ। ਦੇਸ਼ ‘ਚ ਮਜਦੂਰ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਤੇ ਸਾਰੇ ਚੈਨਲਾਂ ਵੱਲੋਂ ਪਾਕਿਸਤਾਨ ਨੂੰ ਗਾਲਾਂ ਕੱਢਣ ਦਾ ਰੁਝਾਨ ਤੇਜ਼ ਹੈ। ਅਸੀਂ ਖਬਰਾਂ ਨੂੰ ਦੇਸ਼ ਦੁਨੀਆਂ ਦੀ ਜਾਣਕਾਰੀ ਲੈਣ ਦੇ ਲਈ ਸੁਣਦੇ ਆ ਰਹੇ ਹਾਂ। ਹਰ ਸਮੇਂ ਇੱਕ ਚੇਤਨ ਮਨੁੱਖ ਦੁਨੀਆਂ ਦੀ ਜਾਣਕਾਰੀ ਨੂੰ ਗ੍ਰਹਿਣ ਕਰਨ ਦੇ ਲਈ ਹੀ ਆਪਣੇ ਆਪ ਨੂੰ ਟੀ.ਵੀ ਦੇ ਸਾਹਮਣੇ ਪੇਸ਼ ਕਰਦਾ ਹੈ। ਉਹ ਸ਼ਾਂਤ ਚਿਤ ਹੋ ਕੇ ਵੀ ਭਟਕਣ ‘ਚ ਰਹਿੰਦਾ ਹੈ। ਭਾਰਤੀ ਪ੍ਰਾਈਵੇਟ ਨਿਊਜ ਚੈਨਲਾਂ ਦਾ ਕਿਰਦਾਰ ਆਪਣੇ ਆਪ ‘ਚ ਚੁੜੇਲਾਂ ਦਾ ਗੜ ਹੈ, ਜਿੱਥੇ ਮਨੁੱਖੀ ਕਰਦਾਂ ਦੀ ਕੋਈ ਕੀਮਤ ਨਹੀਂ। ਖਬਰਾਂ ਰਫਤਾਰਾਂ ‘ਚ ਪੇਸ਼ ਹੁੰਦੀਆਂ ਹਨ। ਖਬਰ ਦਾ ਦਰੋਪਤੀ ਵਾਂਗ ਚੀਰ ਹਰਨ ਕੀਤਾ ਜਾਂਦਾ ਹੈ ਤੇ ਸਾਰੇ ਦੇਸ਼ ਦੇ ਲੋਕ ਕੌਰਵ-ਪਾਂਡਵਾਂ ਦੀ ਸਭਾ ‘ਚ ਬੈਠਿਆਂ ਵਾਂਗ ਸੋਚਣ ਤੋਂ ਸੱਖਣੇ ਹੋ ਜਾਂਦੇ ਹਨ ਤੇ ਇੱਕ ਇੱਕ ਖਬਰ ਦੇਖਣ ਵਾਲੇ ਵਿਅਕਤੀ ਦੇ ਸਾਹਮਣੇ ਟੀ.ਵੀ. ਦੀ ਆੜ ‘ਚ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਬਲਾਤਕਾਰ ਸਵੇਰ ਤੋਂ ਸ਼ਾਮ ਤੱਕ ਹਰ ਰੋਜ਼ ਹੁੰਦਾ ਹੈ।
ਭਾਰਤ ਨੂੰ ਭਾਰਤ ਪਾਕਿਸਤਾਨ ‘ਚ 14-15 ਅਗਸਤ 1947 ਦੀ ਅੱਧੀ ਰਾਤ ਨੂੰ ਦੋਫਾੜ ਕਰ ਦਿੱਤਾ। ਸਦੀਆਂ ਤੋਂ ਇੱਕ ਹੀ ਵਿਰਾਸਤ ਦੇ ਖੁਦਮੁਖਤਿਆਰੀ ਲੋਕ ਨਫਰਤ ਦੀ ਅੱਗ ਦਾ ਸ਼ਿਕਾਰ ਹੋ ਗਏ। ਵੰਡ ਹੋਈ ਤਾਂ ਇਸ ਨੇ ਅੰਨ੍ਹੇ ਕਤਲਿਆਮ ਨਾਲ ਦੋਨਾਂ ਪਾਸੇ ਦੇ ਸਰਹੱਦੀ ਸੂਬਿਆਂ ਨੂੰ ਮਨੁੱਖਾਂ ਦੇ ਕਤਮ ਨਾਲ ਰੰਗ ਦਿੱਤਾ। ਟ੍ਰੇਨਾਂ ਬੁਛੜਖਾਂਨੇ ਬਣ ਗਏ ਤੇ ਸਰਹੱਦੀ ਅੱਡੇ ਹੱਡਾਰੋੜੀਆਂ ‘ਚ ਬਦਲ ਗਏ। ਧਰਤੀ ਨੂੰ ਲਾਲ ਪਾਣੀ ਨਾਲ ਸਿੰਝੀਆ ਗਿਆ ਤੇ ਮੁਨਾਫੇ ਨੂੰ ਦੁਨੀਆਂ ਦੀ ਸਰਮਾਏਦਾਰੀ ਨੇ ਨਫਰਤ ਦੀ ਸ਼ਕਲ ‘ਚ ਬੀਜ ਕੇ ਭਵਿੱਖ ਦੀ ਗਰਭ ‘ਚ ਲੁਕੋ ਦਿੱਤਾ। ਸਮੇਂ ਸਮੇਂ ‘ਤੇ ਸਰਕਾਰਾਂ ਦੇ ਰਾਜਨੀਤਿਕ ਮੁਦਿਆਂ ਦੇ ਧਿਆਨ ‘ਚ ਹੁੰਦੇ ਯੁੱਧਾਂ ਨੇ ਇਸ ਵੰਡ ਦੀ ਲਕੀਰ ਨੂੰ ਖਾਈ ‘ਚ ਬਦਲ ਦਿੱਤਾ। ਅੱਜ ਹਰ ਇੱਕ ਚੀਜ ਉੱਤੇ ਸਰਮਾਏਦਾਰੀ ਰੰਗਤ ਪਾਰੀ ਹੋਣ ਕਰਕੇ ਮੁਨਾਫੇ ਨੂੰ ਪਹਿਲ ਦੇ ਅਧਾਰ ‘ਚ ਘਟਨਾਵਾਂ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਸਰਮਾਇਆ ਪਸ਼ੂਆਂ ਦੇ ਸੂਣ ਵਾਂਗ ਵਾਧੇ ਦਾ ਗੁਣ ਰੱਖਦਾ ਹੈ ਤੇ ਮੁਨਾਫਾ ਹਮੇਸ਼ਾ ਤੋਂ ਹੀ ਇਸ ਦੀ ਰੂਹ ਰਹੀ ਹੈ। ਦੁਨੀਆਂ ਦਾ ਕੋਈ ਕੋਨਾ, ਕੋਈ ਚੀਜ ਅਜਿਹੀ ਨਹੀਂ ਜਿਸ ‘ਤੇ ਸਾਰਮਾਏਦਾਰਾਂ ਨੇ ਆਪਣੇ ਮੁਨਾਫੇ ਨੂੰ ਬੁਣਨ ਦਾ ਕੰਮ ਨਾ ਕੀਤਾ ਹੋਵੇ। ਭਵਿੱਖ ਦੀ ਕੁੱਖ ‘ਚ ਰੱਖਿਆ ਬੀਜ ਅੱਜ ਭਾਰਤੀ ਪਾਕਿਸਤਾਨੀ ਸਰਕਾਰਾਂ ਦੇ ਹੱਥ ‘ਚ ਜੰਗੀ ਸਮਾਨ ਦੀ ਖਰੀਦ ਨਾਲ ਜੁਆਨ ਹੋ ਗਿਆ ਹੈ। ਜਿੱਥੇ ਬੇਰੁਜ਼ਗਾਰੀ, ਗਰੀਬੀ, ਬਿਮਾਰੀਆਂ ਆਦਿ ਸਭ ਸਰਮਾਏ ਦੇ ਏਕੀਕਰਨ ਦੇ ਨਾਲ ਬੌਣੇ ਮੁੱਦੇ ਬਣ ਗਏ ਹਨ। ਦੇਸ਼ ਦੀਆਂ ਘਟਨਾਵਾਂ ਸਿਰਫ ਦੇਸ਼ਭਗਤੀ ਤੱਕ ਹੀ ਸੀਮਿਤ ਹੋ ਗਈਆਂ ਹਨ।
ਸ਼ਰਮਾਏ ਦਾ ਏਕੀਕਰਨ ਹਰ ਮੁੱਦੇ ਨੂੰ ਵਰਗਲਾਉਣ ਲਈ ਜੋਸ਼ੀਲੇ ਢੰਗ ਨਾਲ ਲੋਕਾਂ ‘ਚ ਫੈਲਾਉਂਦਾ ਹੈ। ਹਰ ਇੱਕ ਵਰਤਾਰਾ ਸਰਮਾਏ ਦੀ ਮਾਲਕੀ ਵਾਲੀ ਧਿਰ ਦੇ ਇਸ਼ਾਰਿਆਂ ‘ਤੇ ਨੱਚਦਾ ਹੈ। ਖੇਡਾਂ ਦੀ ਬਲੀ ਵੀ ਇਸ ‘ਚ ਇੱਕ ਖਾਸ ਰੋਲ ਨਿਭਾਉਂਦੀ ਹੈ।ਮਨੁੱਖ ਜਦੋਂ ਤੋਂ ਜਨਮ ਲੈਂਦਾ ਹੈ, ਉਸਦਾ ਸ਼ਰੀਰ ਖੇਡਾਂ ਦੀ ਕਿਰਿਆਵਾਂ ‘ਚ ਨਿਰੰਤਰ ਜਵਾਨ ਹੁੰਦਾ ਰਹਿੰਦਾ ਹੈ। ਕਿਰਿਆਵਾਂ ਅੱਗੇ ਜਾ ਕੇ ਨਿਯਮਾਂ ਦਾ ਰੂਪ ਲੈਂਦੀਆਂ ਹਨ, ਜਿੱਥੇ ਅਨੁਸ਼ਾਸ਼ਨ ਨਾਲ ਕਾਈਦੇ ਕਾਨੂੰਨਾਂ ‘ਚ ਮਨੋਰੰਜਣ ਦੇ ਲਈ ਖੇਡਾਂ ਦਾ ਜਨਮ ਸੰਸਾਰ ਦੀ ਪਟੜੇ ਤੇ ਖੇਡਿਆ ਜਾਂਦਾ ਹੈ। ਇਹ ਖੇਡਾਂ ਨੂੰ ਅੱਜ ਇੱਕ ਪ੍ਰਮੁੱਖ ਹਥਿਆਰ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈੈ। ਜਿੱਥੇ ਇੱਕ ਪਾਸੇ ਲੋਕਾਂ ਨੂੰ ਖੇਡ ਦਾ ਲੁਤਫ ਪੇਸ਼ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ‘ਚ ਇਹ ਰਾਸ਼ਟਰ ਨੂੰ ਬਾਕੀ ਸਾਰੇ ਰਾਸ਼ਟਰਾਂ ਨਾਲੋਂ ਹਿਟਲਰੀ ਸ੍ਰੇਸ਼ਟ ਹੋਣ ਦਾ ਰੁਤਬਾ ਥੋਪਦਾ ਹੈ। ਖਿਡਾਰੀਆਂ ਦੀ ਜਰਸੀ, ਬੂਟ, ਸੰਦ ਆਦਿ ਸਭ ਮਸ਼ਹੂਰੀਆਂ ਦੇ ਚਿੱਕੜ ਨਾਲ ਲਿੱਬੜੇ ਪਏ ਹਨ। ਖਿਡਾਰੀ ਲੱਖਾਂ ਦੀ ਖੇਡ ਖੇਡਦਾ ਹੈ ਤੇ ਲੋਕ ਤੰਗੀਆਂ ‘ਚ ਜਿਆਦਾ ਪਿਸਦੇ ਹੋਏ ਕੱਪੜਿਆਂ ‘ਚੋਂ ਬਾਹਰ ਹੋ ਰਹੇ ਹਨ।
ਦੇਸ਼ਾਂ ਦੀਆਂ ਆਪਣੀਆਂ ਸੱਭਿਅਤਾਵਾਂ ਹੋਣ ਕਰਕੇ ਹਰ ਦੇਸ਼ ਦੀ ਪੇਂਡੂ ਖੇਡ ਕਲਾ ਤੋਂ ਲੈ ਕੇ ਇੱਕ ਰਾਸ਼ਟਰੀ ਖੇਡ ਨਿਖਰ ਕੇ ਸਾਹਮਣੇ ਆਈ। ਸ਼ੁਰੂ ਸ਼ੁਰੂ ‘ਚ ਖੇਡਾਂ ਨਾਲ ਰਾਜਨੀਤਿਕ ਸੰਬੰਧਾਂ ਨੂੰ ਮਜਬੂਤੀ ਮਿਲਣ ਲਈ ਵੀ ਵਰਤਿਆ ਗਿਆ ਪਰ ਅੱਜ ਦੇ ਦਿਨ੍ਹਾਂ ‘ਚ ਖੇਡਾਂ ਦੇ ਜਰਇਏ ਕੁਝ ਟੀ.ਵੀ. ਚੈਨਲ ਨਫਰਤ ਦਾ ਜਹਿਰ ਹੀ ਵੰਡ ਰਹੇ ਹਨ। ਹਰ ਚੀਜ਼ ਅੱਜ ਦੇ ਦੌਰ ‘ਚ ਵਿਕਣ ਲਈ ਹੀ ਜਨਮ ਲੈਂਦੀ ਹੈ। ਹਰ ਇੱਕ ਵਰਤਾਰਾ ਰਾਜਨੀਤਿਕ ਜਿਣਸ ਬਣ ਕੇ ਪੇਸ਼ ਹੁੰਦਾ ਹੈ। ਇਸ ਦਾ ਪ੍ਰਭਾਵ ਹੋਰ ਵੀ ਗਾੜ੍ਹਾ ਹੈ, ਜਿੱਥੇ ਕਿਸੇ ਇੱਕ ਖੇਡ ‘ਚ ਪੈਸਾ ਪ੍ਰਧਾਨ ਬਣ ਜਾਂਦਾ ਹੈ।
ਭਾਰਤ ਪਾਕਿਸਤਾਨ ਅੱਜ ਹਰ ਇੱਕ ਪੱਧਰ ‘ਤੇ ਦੁਸ਼ਮਣ ਦੇ ਤੌਰ ਉੱਤੇ ਹੀ ਪੇਸ਼ ਕੀਤੇ ਜਾ ਰਹੇ ਹਨ। ਇਨਸਾਨੀਅਤ ਤਾਂ ਪਿਆਰ ਵੰਡਣਾਂ ਸਿਖਾਉਂਦੀ ਹੈ। ਜੇ ਦਹਿਸ਼ਤਗਰਦੀ ਦਾ ਖੇਲ ਖੇਡਿਆ ਜਾ ਰਿਹਾ ਹੈ ਤਾਂ ਬਾਰਡਰ ਤੱਕ ਤਾਂ ਰਾਸ਼ਟਰ ਨੂੰ ਬਚਾਉਣ ਦੀ ਗੱਲ੍ਹ ਠੀਕ ਲਗਦੀ ਹੈ, ਪਰ ਜੇ ਖੇਡ ਦਾ ਮੈਦਾਨ ਹੀ ਜੰਗ ਵਾਂਗ ਪੇਸ਼ ਕੀਤਾ ਜਾਵੇ ਤਾਂ ਸਾਨੂੰ ਜਰੂਰ ਧਿਆਂਨ ਦੇਣਾ ਚਾਹੀਦਾ ਹੈ ਕਿ ਹੋਰ ਵੀ ਕੁਝ ਅਜਿਹਾ ਘੱਟ ਰਿਹਾ ਹੈ, ਜਿਸ ਤੋਂ ਲੋਕਾਂ ਦਾ ਧਿਆਨ ਮੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਖਬਰੀ ਚੈਨਲ ਨਿਊਜ ਰੂਮ ‘ਚ ਬੈਠ ਕੇ ਯਮਰਾਜ ਵਾਂਗ ਹਰ ਇੱਕ ਖਿਡਾਰੀ ਦਾ ਵਹੀ ਖਾਤਾ ਲੋਕਾਂ ਅੱਗੇ ਪੇਸ਼ ਕਰ ਦਿੰਦੇ ਹਨ। ਖਿਡਾਰੀ ਤੇ ਅੱਤਵਾਦੀ ਸਭ ਇੱਕ ਹੀ ਤਰ੍ਹਾਂ ਦੁਸ਼ਮਣ ਬਣਾ ਕੇ ਪੇਸ਼ ਕੀਤੇ ਜਾਂਦੇ ਹਨ। ਜਿੱਤ ਨੂੰ ਆਪਣੀ ਪੇਟੈਂਟ ਕਰਵਾਈ ਕਾਰਵਾਈ ਬਣਾ ਕੇ ਖਿਡਾਰੀਆਂ ਨੂੰ ਸ਼ੇਰਾਂ ਦਾ ਬੁਰਕਾ ਪਾ ਕੇ ਖਿਡਾਇਆ ਜਾਂਦਾ ਹੈ। ਪਰ ਅਸੀਂ ਹਰ ਪੱਖ ਤੋਂ ਸਿਰਫ ਹਾ ਹਾ ਹੂ ਹੂ ਕਰਨ ਜੋਗੇ ਹੀ ਰਹਿ ਗਏ ਹਾਂ। ਗੁਰਬਾਣੀ ਨੂੰ ਕੰਠ ਤਾਂ ਕਰੀਂ ਫਿਰਦੇ ਹਾਂ ਪਰ ਪਹਿਰਾ ਦੇਣ ਵੇਲੇ ਸਾਡੇ ਲੱਕ ਟੁੱਟ ਜਾਂਦੇ ਹਨ।
ਪਵਣੁ ਗੁਰੁ ਪਾਣੀ ਪਿਤਾ,
ਮਾਤਾ ਧਰਤੁ ਮਹੱਤ
ਇਹ ਸਲੋਕ ਦੀਆਂ ਸਤਰਾਂ ਹੀ ਸਾਨੂੰ ਸਾਂਝੀਵਾਲਤਾ ਦੀਆਂ ਕਹਾਣੀਆਂ ਸੁਣਾ ਦਿੰਦਾ ਹੈ। ਅਸੀਂ ਇੱਕ ਹੀ ਧਰਤੀ ਦੇ ਰਹਿਣ ਵਾਲੇ ਹੋ ਕੇ, ਇੱਕ ਤਰ੍ਹਾਂ ਦਾ ਪਾਣੀ ਪੀ ਕੇ ਵੀ ਨਾ ਤਾਂ ਧਰਤ ਨੂੰ ਮਾਤਾ ਮੰਨਦੇ ਹਾਂ ਤੇ ਨਾ ਹੀ ਪਾਣੀ ਨੂੰ ਪਿਤਾ। ਜੇ ਹਿੰਦਸਤਾਨ ਜਿੱਤ ਜਾਂਦਾ ਹੈ ਤਾਂ ਪਾਕਿਸਤਾਨ ਦੀ ਛਿੱਡੀ ਪਤਲੀ ਕਰਨੀ ਉਹ ਆਪਣਾ ਧਰਮ ਮੰਨਦੇ ਹਨ ਤੇ ਸਰਕਾਰਾਂ ਅੰਨ੍ਹਾਂ ਪੈਸਾ ਵੰਡ ਕੇ ਵਾਹ ਵਾਹੀ ਖੱਟ ਜਾਂਦੀਆਂ ਹਨ ਤੇ ਜੇ ਹਿੰਦਸਥਾਨ ਹਾਰ ਜਾਂਦਾ ਹੈ ਤਾਂ ਸਾਡੇ ਚੈਨਲਾਂ ਦੇ ਮੂਹੋਂ ਇੱਕ ਸ਼ਬਦ ਨਹੀਂ ਨਿਕਲਦਾ ਉਨ੍ਹਾਂ ਜਿੱਤਿਆਂ ਖਿਡਾਰੀਆਂ ਲਈ, ਜਿਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਦੇ ਝੰਡੇ ਗੱਡ ਕੇ ਖੇਡ ਦੀ ਰਸਮ ਨੂੰ ਪੂਰਾ ਕੀਤਾ। ਫਿਰ ਸਾਨੂੰ ਪਾਗਲ ਹੋਣ ਤੋਂ ਬਚਣਾ ਚਾਹੀਦਾ ਹੈ। ਸਾਡੇ ਸਾਹਣੇ ਸਿਰਫ ਕਾਰਪੋਰੇਟ ਘਰਾਣਿਆਂ ਦਾ ਦਿਖਾਇਆ ਫਰੇਬੀ ਰੱਟਾ ਕਿਤੇ ਸਾਡੇ ਸਮਾਜ ਦੀਆਂ ਅੱਖਾਂ ‘ਚ ਘੱਟਾ ਪਾਉਂਦਾ ਸਮਾਜ ਨੂੰ ਅੰਨ੍ਹਾਂ ਨਾ ਕਰ ਦੇਵੇ ਤੇ ਸਾਡੇ ਬੁਨਿਆਦੀ ਸਵਾਲਾਂ ਨੂੰ ਖੋਰਾ ਲਾ ਕੇ ਆਪਣਾ ਉੱਲੂ ਸਿੱਧਾ ਨਾ ਕਰਦਾ ਹੋਵੇ। ਜੇ ਅਸੀਂ ਚੇਤਨ ਹਾਂ ਤਾਂ ਸਾਨੂੰ ਜਰੂਰ ਇਸ ਫਰੇਬ ਦਾ ਸਾਰਥਕ ਹੱਲ ਲੱਭਣਾ ਚਾਹੀਦਾ ਹੈ। ਬਿਹਤਰ ਕਰਨ ਵਾਲੇ ਦੀ ਤਾਰੀਫ ਥਾਪੀ ਦਾ ਕੰਮ ਕਰਦੀ ਹੈ, ਜੋ ਮਾੜਾ ਖੇਡਣ ਵਾਲੇ ਨੂੰ ਭਵਿਖ ਲਈ ਜਿਤੂ ਬਣਨ ਲਈ ਤਿਆਰ ਕਰਦੀ ਹੈ।

ਪਰਮ ਪੜਤੇਵਾਲਾ
7508053857

Share Button

Leave a Reply

Your email address will not be published. Required fields are marked *