ਔਰਤਾਂ ਨੂੰ ਕਦੋ ਮਿਲੇਗਾ ਮਰਦਾਂ ਦੇ ਬਰਾਬਰ ਦਾ ਦਰਜਾ

ਔਰਤਾਂ ਨੂੰ ਕਦੋ ਮਿਲੇਗਾ ਮਰਦਾਂ ਦੇ ਬਰਾਬਰ ਦਾ ਦਰਜਾ
ਔਰਤਾਂ ਤੇ ਹੁੰਦੇ ਜੁਲਮ ਨੂੰ ਰੋਕਣ ਲਈ ਔਰਤ ਵਰਗ ਨੂੰ ਖੁਦ ਹੀ ਮਾਰਨਾ ਪਵੇਗਾ ਹੰਭਲਾ

ਇੱਕ ਔਰਤ ਇਨਸਾਨ ਨਾਲ ਬਹੁਤ ਸਾਰੇ ਰਿਸ਼ਤਿਆ ਨਾਲ ਜੁੜੀ ਹੁੰਦੀ ਹੈ ਮਾਂ, ਭੈਣ, ਧੀ, ਮਾਸੀ, ਨਾਨੀ, ਭੂਆ ਆਦਿ ਸਾਰੇ ਹੀ ਰਿਸ਼ਤੇ ਬਹੁਤ ਪਵਿੱਤਰ ਅਤੇ ਸਨਮਾਨ ਯੋਗ ਹੁੰਦੇ ਹਨ।ਜਿਨਾਂ ਨੂੰ ਨਿਭਾਉਣ ਵਾਲਾ ਇਨਸਾਨ ਸਹੀ ਅਰਥਾਂ ਵਿੱਚ ਇਨਸਾਨ ਕਹਾਉਣ ਲਾਇਕ ਬਣਦਾ ਹੈ।
ਲੜਕੀ ਨੂੰ ਪੈਦਾ ਹੋਣ ਤੋ ਪਹਿਲਾਂ ਹੀ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਕਈ ਲੜਕੀਆਂ ਨੂੰ ਜਨਮ ਤੋ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ, ਕੁਝ ਲੜਕੀਆਂ ਦਰਿੰਦੇ ਆਪਣੀ ਵਾਸ਼ਨਾਂ ਦਾ ਸ਼ਿਕਾਰ ਬਣਾਕੇ ਮਾਰ ਦਿੰਦੇ ਹਨ ਤੇ ਕਈ ਦਹੇਜ਼ ਦੀ ਬਲੀ ਚੜ ਜਾਂਦੀਆਂ ਹਨ। ਔਰਤ ਨੂੰ ਮਰਦਾਂ ਨੇ ਸਦੀਆਂ ਤੋ ਦਬਾਕੇ ਰੱਖਿਆ ਹੋਇਆ ਹੈ ਉਹ ਨਹੀ ਚਾਹੁੰਦਾ ਕਿ ਔਰਤਾਂ ਮਰਦਾਂ ਤੋ ਅੱਗੇ ਲੰਘ ਜਾਣ।
ਔਰਤਾਂ ਕੀ ਨਹੀ ਕਰ ਸਕਦੀਆਂ ਦੇਸ਼ ਦੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੀ ਸਪੀਕਰ, ਮੁੱਖ ਮੰਤਰੀ, ਫੌਜ਼, ਪੁਲਿਸ ਅਤੇ ਖੇਡਾਂ ਵਿੱਚ ਸਾਨੀਆਂ ਮਿਰਜਾਂ ਜਿਹੀਆਂ ਕੁੜੀਆਂ ਨੇ ਨਾਮਣਾ ਖੱਟਿਆ ਹੈ। ਕਿਰਨ ਬੇਦੀ ਨੂੰ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਹੋਣ ਦਾ ਮਾਣ ਹਾਸਿਲ ਹੈ, ਝਾਂਸੀ ਦੀ ਰਾਣੀ ਨੇ ਜੱਗ ਵਿੱਚ ਆਪਣੀ ਬਹਾਦਰੀ ਦਾ ਲੋਹਾ ਮੰਨਵਾਇਆ, ਅਤੇ ਇਸ ਤਰਾਂ ਹੀ ਪਲਾੜ ਯਾਤਰੀਆਂ ਵਿੱਚ ਸੁਨੀਤਾ ਵਿਲਿਅਮ ਤੇ ਕਲਪਨਾ ਚਾਵਲਾ ਜਿਹੀਆਂ ਧੀਆਂ ਨੇ ਵੀ ਆਪਣੀ ਵੱਖਰੀ ਪਛਾਣ ਬਣਾਕੇ ਮਾਣ ਖੱਟਿਆ ਹੈ।
ਕੋਈ ਵੀ ਅਜਿਹਾ ਖੇਤਰ ਨਹੀ ਜਿੱਥੇ ਔਰਤਾਂ ਨੇ ਝੰਡੇ ਨਾ ਗੱਡੇ ਹੋਣ ਫਿਰ ਕਿਉ ਔਰਤ ਵਰਗ ਤੇ ਜੁਲਮ ਹੁੰਦਾ ਹੈ, ਕਈ ਕਈ ਦਰਿੰਦੇ ਇੱਕਠੇ ਹੋ ਕੇ ਇਕੱਲੀ ਲੜਕੀ ਦੀ ਆਬਰੂ ਲੁੱਟ ਲੈਦੇ ਹਨ ਅਤੇ ਫਿਰ ਉਸ ਨੂੰ ਕਤਲ ਕਰ ਦਿੰਦੇ ਹਨ, ਇਸੇ ਤਰਾਂ ਹੀ ਦੋ ਦੋ ਸਾਲ ਦੀਆਂ ਬੱਚੀਆਂ ਦੀ ਆਬਰੂ ਵੀ ਤਾਰ ਤਾਰ ਕਰ ਦਿੱਤੀਆਂ ਜਾਂਦੀਆਂ ਹਨ। ਬਹੁਤੀਆਂ ਮਹਿਲਾਵਾਂ ਦਾ ਜਿਨਸੀ ਸੋਸ਼ਣ ਬਚਪਨ ਤੋ ਹੀ ਸੁਰੂ ਹੋ ਜਾਂਦਾ ਹੈ ਜ਼ੋ ਕਿ ਮਰਦੇ ਦਮ ਤੱਕ ਉਨਾਂ ਦਾ ਪਿੱਛਾ ਨਹੀ ਛੱਡਦਾ।ਇਸ ਗੰਦੇ ਘਿਨਾਉਣੇ ਕੰਮ ਵਿੱਚ ਕਈ ਨੇੜਲੇ ਰਿਸ਼ਤੇਦਾਰ ਜਾਣ ਪਛਾਣ ਵਾਲਾ ਜਾਂ ਰਿਸ਼ਤੇਦਾਰ ਹੀ ਹੁੰਦੇ ਹਨ।
ਸੜਕ ਉਪਰ ਲੰਘਦੀ ਹਰ ਔਰਤ ਨੂੰ ਵਾਸ਼ਨਾਂ ਭਰੀਆਂ ਨਿਗਾਹਾਂ ਨਾਲ ਵੇਖਦੇ ਹਨ ਕਿਉ ਨਹੀ ਔਰਤ ਵਿੱਚ ਆਪਣੀ ਮਾਂ, ਭੈਣ ਦਿਸਦੀ ਅਤੇ ਹਰੇਕ ਔਰਤ ਨੂੰ ਭੈਅ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਜਵਾਨ ਲੜਕੀਆਂ ਨੂੰ ਸੜਕਾਂ ਤੇ ਤੁਰਨ ਸਮੇਂ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਦਾ ਹੈ। ਜਿਆਦਾਤਰ ਲੋਕਾਂ ਦੀ ਸੋਚ ਹੈ ਕਿ ਸਾਡੇ ਘਰ ਦੀ ਕਿਸੇ ਔਰਤ ਵੱਲ ਕੋਈ ਮਾੜੀ ਨਿਗਾਹ ਨਾਲ ਨਾ ਵੇਖੇ ਪਰ ਅਸ਼ੀ ਸਾਰੀਆਂ ਔਰਤਾਂ ਨੂੰ ਭੈੜੀਆਂ ਨਿਗਾਹਾਂ ਨਾਲ ਵੇਖਦੇ ਰਹੀਏ।
ਕੁਝ ਲੜਕੀਆਂ ਨਵੇਂ ਜਮਾਨੇ ਦੀ ਹਵਾ ਤੋ ਪ੍ਰਭਾਵਿਤ ਹੋ ਕੇ ਕਿਸੇ ਅਣਜਾਣ ਗਲਤ ਅਨਸ਼ਰ ਨਾਲ ਸ਼ਾਦੀ ਕਰਵਾ ਲੈਦੀਆਂ ਹਨ। ਬੇਸੱਕ ਸਾਡੇ ਸਮਾਜ ਅੰਦਰ ਲਵ ਮੈਰਿਜ ਗੁਨਾਹ ਨਹੀ ਪਰ ਜ਼ਦੋ ਕਿਸੇ ਇੱਜਤਦਾਰ ਪਰਿਵਾਰ ਦੀ ਧੀ ਕਿਸੇ ਨਸ਼ੇੜੀ ਵਿਹਲੇ ਜਾਂ ਸਮਾਜ ਵਿਰੋਧੀ ਅਨਸ਼ਰ ਨਾਲ ਘਰੋ ਦੌੜ ਜਾਂਦੀ ਹੈ ਤਾਂ ਉਸਦੇ ਮਾਪਿਆਂ ਦੀ ਹਾਲਤ ਤਰਸਯੋਗ ਹੁੰਦੀ ਹੈ।ਲੜਕੀ ਬਚਪਨ ਵਿੱਚ ਮਾਂ ਪਿਉ ਦੀਆਂ ਲੋਰੀਆਂ ਅਤੇ ਭਰਾਵਾਂ ਦਾ ਪਿਆਰ ਭੁਲਾਕੇ ਆਪਣਿਆ ਦੀ ਦੁਸ਼ਮਣ ਬਣ ਜਾਂਦੀ ਹੈ ਅਤੇ ਇੱਕ ਅਣਜਾਣ ਆਦਮੀ ਜਿਸ ਨਾਲ ਕੁਝ ਦਿਨ ਪਹਿਲਾਂ ਹੀ ਮਿਲੀ ਹੁੰਦੀ ਹੈ ਉਸ ਨੂੰ ਹੀ ਸਭ ਕੁਝ ਮੰਨ ਲੈਦੀ ਹੈ। ਮਾਪੇ ਕਦੇ ਵੀ ਆਪਣੀ ਧੀ ਦਾ ਵਿਆਹ ਗਲਤ ਥਾਂ ਨਹੀ ਕਰਦੇ ਅਤੇ ਉਹ ਤਾਂ ਹਮੇਸ਼ਾ ਧੀ ਦਾ ਭਲਾ ਹੀ ਲੋਚਦੇ ਹਨ।ਕਈ ਔਰਤਾਂ ਪਰਾਏ ਮਰਦਾਂ ਦੇ ਮੱਕੜ ਜਾਲ ਵਿੱਚ ਪੈ ਕਿ ਆਪਣੇ ਘਰਦਿਆਂ, ਬੱਚਿਆਂ ਇੱਥੋ ਤੱਕ ਕਿ ਪਤੀ ਦਾ ਕਤਲ ਵੀ ਕਰ ਦਿੰਦੀਆਂ ਹਨ ਜਿਸ ਦਾ ਨਤੀਜਾ ਬਹੁਤ ਹੀ ਮਾੜਾ ਨਿਕਲਦਾ ਹੈ।ਉਹ ਜਿੱਥੇ ਖੁਦ ਸ਼ਰਮਸਾਰ ਹੁੰਦੀਆਂ ਹਨ ਉਥੇ ਹੀ ਪੂਰੀ ਜਿੰਦਗੀ ਜੇਲ ਵਿੱਚ ਬੀਤਦੀ ਹੈ ਅਤੇ ਸਮਾਜ ਅੰਦਰ ਪਰਿਵਾਰ ਦੀ ਵੀ ਬਹੁਤ ਬਦਨਾਮੀ ਹੁੰਦੀ ਹੈ।ਨਜਾਇਜ਼ ਸਬੰਧ ਕਦੇ ਵੀ ਕਿਸੇ ਔਰਤ ਮਰਦ ਨੂੰ ਸੁੱਖ ਨਹੀ ਦੇ ਸਕਦੇ ਜਿਸ ਦਾ ਨਤੀਜ ਹਮੇਸ਼ਾ ਮਾੜਾ ਹੀ ਨਿਕਲਦਾ ਹੈ।ਇੱਕ ਦਿਨ ਅਜਿਹਾ ਆਉਦਾ ਹੈ ਕਿ ਦੋਵਾਂ ਧਿਰਾਂ ਸਭ ਕੁਝ ਗੁਆ ਬੈਠਦੀਆਂ ਹਨ ਸਿਵਾਏ ਬਦਨਾਮੀ ਦੇ ਕੁਝ ਹਾਸਿਲ ਨਹੀ ਹੁੰਦਾ।
ਜਿੱਥੇ ਔਰਤ ਸਮਾਜ ਅੰਦਰ ਵੱਡਾ ਮਾਣ ਸਨਮਾਨ ਹਾਸਿਲ ਕਰ ਰਹੀਆਂ ਹਨ ਉਥੇ ਕੁਝ ਭੜਕੀਆਂ ਧੀਆਂ, ਭੈਣਾਂ ਅਤੇ ਔਰਤਾਂ ਗਲਤ ਰਾਸਤਾ ਚੁਣਕੇ ਬਦਨਾਮੀ ਸਹੇੜ ਲੈਦੀਆਂ ਹਨ।ਜਿਨਾਂ ਪਿਆਰ ਸਾਨੂੰ ਆਪਣੇ ਕਰ ਸਕਦੇ ਹਨ ਉਨਾਂ ਦੂਸਰਾ ਕਦੇ ਵੀ ਨਹੀ। ਜਿਹੜਾ ਆਦਮੀ ਆਪਣੀ ਸੇਹਰਿਆਂ ਨਾਲ ਵਿਆਹੀ ਔਰਤ ਨਾਲ ਰਿਸ਼ਤਾ ਨਹੀ ਨਿਭਾ ਸਕਿਆ ਉਹ ਬੇਗਾਨੀ ਔਰਤ ਦਾ ਕਦੇ ਨਹੀ ਬਣੇਗਾ।
ਪੜਾਈ ਕਰ ਰਹੀਆਂ ਨੌਜਵਾਨ ਲੜਕੀਆਂ ਨੂੰ ਪੜਾਈ ਸਮੇਂ ਪੜਾਈ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਵਿਆਹ ਦੀ ਉਮਰ ਹੋਣ ਤੇ ਆਪਣੇ ਜੀਵਨ ਸਾਥੀ ਦੀ ਚੋਣ ਬੜੇ ਸੋਚ ਵਿਚਾਰ ਨਾਲ ਕਰਨੀ ਚਾਹੀਦੀ ਹੈ। ਜਵਾਨੀ ਦੀ ਉਮਰ ਅੱਗ ਦੇ ਅੰਗਾਰਿਆਂ ਤੇ ਚੱਲਣ ਵਾਂਗ ਹੈ ਅਤੇ ਇਸ ਮਾੜੇ ਚੰਗੇ ਦਾ ਕੁਝ ਵੀ ਪਤਾ ਨਹੀ ਚਲਦਾ। ਜਿਹੜਾ ਇਸ ਉਮਰ ਵਿੱਚ ਸੰਭਲ ਗਿਆ ਤਾਂ ਸਮਝੋ ਜਿੰਦਗੀ ਸਵਰ ਗਈ। ਮਾਪਿਆਂ ਦਾ ਫਰਜ਼ ਹੈ ਕਿ ਜਵਾਨ ਧੀ ਨਾਲ ਪੂਰਾ ਪਿਆਰ, ਸਨੇਹ ਅਤੇ ਗੱਲ ਸਾਂਝੀ ਕਰਨੀ ਚਾਹੀਦੀ ਹੈ।ਕਈ ਮਾਪੇ ਦਸ ਸਾਲ ਦੀਆਂ ਕੁੜੀਆਂ ਨੂੰ ਮੋਬਾਇਲ ਲੈ ਕੇ ਦੇ ਦਿੰਦੇ ਹਨ ਅਤੇ ਬਿਨਾਂ ਵਜਾ ਲੜਕੀਆਂ ਨੂੰ ਫੋਨ ਨਹੀ ਰੱਖਣੇ ਚਾਹੀਦੇ।ਭੋਲੀਆਂ ਭਾਲੀਆਂ ਲੜਕੀਆਂ ਨੂੰ ਵਾਸਨਾ ਦੇ ਦਰਿੰਦੇ ਮੋਬਾਇਲ ਫੋਨਾਂ ਵਿੱਚ ਅਸ਼ਲੀਲ ਫੋਟੋ ਖਿੱਚਕੇ ਬਲੈਕ ਮੇਲ ਵੀ ਕਰਦੇ ਹਨ ਅਤੇ ਅਸ਼ਲੀਲ ਸਾਇਟਾਂ ਤੇ ਲੜਕੀਆਂ ਦੇ ਅਸ਼ਲੀਲ ਫੋਟੋ ਅਤੇ ਵੀਡੀਓ ਪਾਕੇ ਉਸਦੇ ਪੂਰੇ ਪਰਿਵਾਰ ਨੂੰ ਬਦਨਾਮ ਕਰ ਦਿੰਦੇ ਹਨ।
ਲੜਕੀਆਂ ਨੂੰ ਅਜਿਹੇ ਲੋਕਾਂ ਤੋ ਸੁਚੇਤ ਰਹਿਣ ਦੀ ਲੋੜ ਹੈ ਮੋਬਾਇਲ ਜਰੂਰ ਰੱਖੋ, ਜ਼ੋ ਚੀਜ ਸਹੂਲਤ ਲਈ ਬਣੀ ਹੈ ਜਰੂਰ ਵਰਤੋ ਪਰ ਇਹ ਨਾ ਹੋਵੇ ਕਿ ਇਹ ਜ਼ਹਿਰ ਦਾ ਕੰਮ ਕਰ ਜਾਵੇ। ਅੱਜ ਦਾ ਸਮਾਂ ਅਜਿਹਾ ਹੈ ਹਰ ਔਰਤ ਅਤੇ ਜਵਾਨ ਲੜਕੀ ਨੂੰ ਆਪਣੀ ਸੁਰੱਖਿਆ ਖੁਦ ਕਰਨੀ ਚਾਹੀਦੀ ਹੈ। ਸੁਰੱਖਿਆ ਤਹਾਨੂੰ ਆਪਣੇ ਹੀ ਦੇ ਸਕਦੇ ਹਨ ਨਾ ਕਿ ਬੇਗਾਨੇ। ਕਈ ਵਾਰ ਅਜਿਹਾ ਹੁੰਦਾ ਹੈ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ।
ਕਈ ਲਾਲਚੀ ਔਰਤਾਂ ਪੁੱਤਰ ਦੇ ਵਿਆਹ ਮੌਕੇ ਮੂੰਹੋਂ ਮੰਗ ਦਾ ਦਾਜ ਲੈਦੀਆਂ ਹਨ ਅਤੇ ਕਈ ਵਾਰ ਨੂੰਹਾਂ ਨੂੰ ਦਾਜ ਪਿੱਛੇ ਕੁਟ ਮਾਰ ਅਤੇ ਕਤਲ ਤੱਕ ਕਰ ਦਿੰਦੀਆਂ ਹਨ।ਕਈ ਥਾਂਈ ਸੱਸਾਂ ਨੂੰਹਾਂ ਨੂੰ ਕਈ ਨੂੰਹਾਂ ਬੁਢਾਪੇ ਸਮੇਂ ਤੰਗ ਕਰਦੀਆਂ ਹਨ।
ਔਰਤ ਮਹਾਨ ਹੈ ਪੂਜਣਯੋਗ ਹੈ ਇਸ ਦੇ ਬਿਨਾਂ ਧਰਤੀ ਤੇ ਜੀਵਨ ਦੀ ਕਲਪਨਾ ਨਹੀ ਕੀਤੀ ਜਾ ਸਕਦੀ। ਇਸ ਨੇ ਵੱਡੇ ਵੱਡੇ ਸੂਰਬੀਰ ਯੋਧਿਆਂ, ਰਾਜੇ ਮਹਾਂਰਾਜਿਆਂ ਅਤੇ ਪੀਰਪੰਗਬਰਾਂ ਨੂੰ ਜਨਮ ਦਿੱਤਾ ਹੈ।ਪਰ ਕੁਝ ਭਟਕੀਆਂ ਔਰਤਾਂ ਜੀਵਨ ਦਾ ਉਦੇਸ਼ ਭੁੱਲ ਕੇ ਵਾਸਨਾਂ ਵੱਸ ਹੋਕੇ ਔਰਤ ਜਾਤੀ ਨੂੰ ਦਾਗ ਦਾਰ ਕਰ ਰਹੀਆਂ ਹਨ। ਕੁਝ ਔਰਤਾਂ ਕਰਕੇ ਹਰੇਕ ਔਰਤ ਪ੍ਰਤੀ ਸੋਚ ਮਾੜੀ ਨਹੀ ਰੱਖਣੀ ਚਾਹੀਦੀ।ਅੱਜ ਦਾ ਇਨਸਾਨ ਵਾਸਨਾ ਵੱਸ ਪਿਉ ਧੀ ਤੱਕ ਦੇ ਰਿਸ਼ਤੇ ਨੂੰ ਕਲੰਕਿਤ ਕਰ ਜਾਦਾ ਹੈ ਜ਼ੋ ਕਿ ਬਹੁਤ ਹੀ ਵੱਡਾ ਗੁਨਾਹ ਹੈ। ਕਿਸੇ ਪਰਾਏ ਮਰਦ ਦੇ ਚੱਕਰ ਵਿੱਚ ਪੈਣ ਵਾਲੀਆਂ ਖੁਦ ਬਰਬਾਦ ਹੁੰਦੀਆਂ ਹਨ ਅਤੇ ਬਦਨਾਮੀ ਦਾ ਦਾਗ਼ ਕਈ ਪੀੜੀਆਂ ਤੱਕ ਪਰਿਵਾਰ ਦਾ ਪਿੱਛਾ ਨਹੀ ਛੱਡਦਾ। ਔਰਤ ਜੇਕਰ ਨੇਕ ਇਰਾਦਾ ਧਾਰ ਲਵੇ ਤਾਂ ਕੀ ਨਹੀ ਕਰ ਸਕਦੀ। ਜੇਕਰ ਉਹੀ ਔਰਤ ਗਲਤ ਇਰਾਦੇ ਤੇ ਆ ਜਾਵੇ ਪਤਾ ਨਹੀ ਕਿੰਨੇ ਘਰ ਪਲਾਂ ਵਿੱਚ ਬਰਬਾਦ ਕਰ ਦੇਵੇ।
ਅੱਜ ਸਮੇਂ ਦੀ ਮੰਗ ਹੈ ਕਿ ਔਰਤ ਜਾਤੀ ਪਹਿਲਾਂ ਔਰਤ ਨੂੰ ਪਹਿਲ ਦੇਵੇ, ਮਾਂ ਆਪਣੀ ਧੀ ਦੇ ਨਾਲ ਨੂੰਹ ਨੂੰ ਵੀ ਆਪਣੀ ਧੀ ਸਮਝੇ।ਅਜਿਹਾ ਕਰਨ ਨਾਲ ਦਹੇਜ਼ ਵਰਗੀ ਲਾਹਨਤ ਦਾ ਖਾਤਮੇ ਹੋਵੇਗਾ।ਉਧਰ ਸਮੇਂ ਅਨੁਸਾਰ ਔਰਤ ਜਾਤੀ ਕੁੱਖਾਂ ਵਿੱਚ ਧੀਆਂ ਨੂੰ ਕਤਲ ਕਰਨ ਵਾਲੇ ਲੋਕਾਂ ਖਿਲਾਫ ਅਵਾਜ਼ ਬੁਲੰਦ ਕਰੇ ਅਤੇ ਉਨਾਂ ਦੇ ਕੀਤੇ ਜਾਂਦੇ ਇਸ ਘਿਨਾਉਣੇ ਕੰਮ ਵਿੱਚ ਸ਼ਾਮਿਲ ਨਾ ਹੋਵੇ ਜਿਸ ਨਾਲ ਧੀਆਂ ਨੂੰ ਇਸ ਧਰਤੀ ਤੇ ਆਉਣ ਦਾ ਮੌਕਾ ਦਿੱਤਾ ਜਾਵੇ।ਦਹੇਜ਼ ਵਰਗੀ ਲਾਹਨਤ ਨੂੰ ਖਤਮ ਕਰਨ ਦੇ ਲਈ ਔਰਤ ਨੂੰ ਹੀ ਅੱਗੇ ਆ ਕੇ ਹੰਭਲਾ ਮਾਰਨਾ ਪਵੇਗਾ।

ਹਰਪ੍ਰੀਤ ਸਿੰਘ ਗਿੱਲ
ਵਿਦਿਆਰਥੀ ਐਮ ਏ ਜਰਨਲਿਜਮ ਪਟਿਆਲਾ
81959-00263

Share Button

Leave a Reply

Your email address will not be published. Required fields are marked *

%d bloggers like this: