ਲੀਹ ‘ਤੇ ਆਉਣ ਲੱਗੇ ਭਾਰਤ ਨੇਪਾਲ ਸੰਬਧ

ss1

ਲੀਹ ‘ਤੇ ਆਉਣ ਲੱਗੇ ਭਾਰਤ ਨੇਪਾਲ ਸੰਬਧ

ਭਾਰਤ ਅਤੇ ਨੇਪਾਲ ਦੇ ਆਪਸੀ ਰਿਸ਼ਤਿਆਂ ਵਿੱਚ ਕੁੱਝ ਸਮੇਂ ਤੋਂ ਜੋ ਖਟਾਸ ਤੇ ਹਾਲਾਤ ਬਣੇ ਸਨ ਹੁਣ ਮੌਜੂਦਾ ਸਮੇਂ ਦੇ ਮਹੱਤਵ ਨੂੰ ਦੇਖਦੇ ਹੋਏ ਦੋਹਾਂ ਦੇਸ਼ਾਂ ਦੇ ਸੰਬਧ ਫਿਰ ਲੀਹ ‘ਤੇ ਆਉਂਦੇ ਨਜਰ ਆ ਰਹੇ ਹਨ।ਦੋਹਾਂ ਦੇਸ਼ਾਂ ਦੇ ਵਿੱਚ ਵਿਗੜਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਇਹ ਕੋਸ਼ਿਸ਼ ਕਾਫੀ ਅਹਿਮ ਮੰਨੀ ਜਾ ਰਹੀ ਹੈ। ਭਾਰਤ ਤੇ ਗੁਆਂਢੀ ਦੇਸ਼ਾਂ ਦੇ ਨਾਲ ਸੰਬਧ ਠੀਕ ਨਹੀਂ ਹਨ,ਉਹ ਕਿਤੇ ਨਾ ਕਿਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਅੱਡੇ ਬਣਦੇ ਜਾ ਰਹੇ ਸਨ। ਪਾਕਿਸਤਾਨ ਇਸਦੀ ਸਭ ਤੋਂ ਵੱਡੀ ਉਦਾਹਰਣ ਹੈ।ਹਾਲੇ ਜਿਆਦਾ ਦਿਨ ਨਹੀਂ ਹੋਏ ਜਦੋਂ ਨੇਪਾਲ ਨੂੰ ਲੈ ਕੇ ਵੀ ਇਸ ਤਰ੍ਹਾਂ ਦੇ ਖਦਸ਼ੇ ਸਾਹਮਣੇ ਆਉਣ ਲੱਗੇ ਸੀ। ਪਰ ਭਾਰਤ ਦੌਰੇ ‘ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਨੇ ਜਿਸ ਤਰ੍ਹਾਂ ਭਰੋਸਾ ਦਵਾਇਆ ਕਿ ਨੇਪਾਲ ਕਦੇ ਵੀ ਆਪਣੀ ਧਰਤੀ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨਹੀਂ ਚੱਲਣ ਦੇਵੇਗਾ।ਉਸ ਨਾਲ ਦੋਹਾਂ ਦੇਸ਼ਾਂ ਵਿੱਚ ਆਪਸੀ ਵਿਸ਼ਵਾਸ ਕਾਫੀ ਵਧਿਆ ਹੈ।ਦੋਨਾਂ ਦੇਸ਼ਾਂ ਵਿੱਚ ਗੱਲਬਾਤ ਦੌਰਾਨ ਸੁਰੱਖਿਆ ਮੁੱਦੇ,ਸੜਕ ਨਿਰਮਾਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਲਗਾਮ ਲਾਉਣ ਸਮੇਤ ਅੱਠ ਸਮਝੌਤਿਆਂ ‘ਤੇ ਹਸਤਾਖਰ ਵੀ ਹੋਏ। ਭਾਰਤ ਅਤੇ ਨੇਪਾਲ ਆਪਣੇ ਰਾਜਨੀਤਿਕ ਸੰਬਧਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ। ਦੇਖਿਆ ਜਾਵੇ ਤਾਂ ਕੁੱਝ ਸਮਾਂ ਪਹਿਲਾਂ ਨੇਪਾਲ ਵਿੱਚ ਚੀਨ ਜਿਸ ਤਰ੍ਹਾਂ ਦਿਲਚਸਪੀ ਦਿਖਾ ਰਿਹਾ ਹੈ,ਉਸ ਨੂੰ ਦੇਖਦੇ ਹੋਏ ਇਸ ਗੱਲਬਾਤ ਵਿੱਚ ਰਣਨੀਤਿਕ ਪੱਧਰ ‘ਤੇ ਗੰਭੀਰ ਅਤੇ ਅਹਿਮ ਮੁੱਦਿਆਂ ‘ਤੇ ਵਿਸਤਾਰ ਨਾਲ ਕੀਤੀ ਗਈ ਗੱਲਬਾਤ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ। ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਹ ਖਬਰ ਆਈ ਸੀ ਕਿ ਨੇਪਾਲ ਨੂੰ ਭਾਰਤ ਵੱਲੋਂ ਦਿੱਤੀ ਜਾ ਰਹੀ ਮਦਦ ਘੱਟ ਕੇ ਅੱਧੀ ਰਹਿ ਗਈ ਹੈ ਤਾਂ ਚੀਨ ਨੇ ਆਪਣੇ ਵੱਲੋਂ ਨੇਪਾਲ ਨੂੰ ਸਹਾਇਤਾ ਦੇ ਤੌਰ ‘ਤੇ ਜਾਰੀ ਰਾਸ਼ੀ ਨੂੰ ਦੁੱਗਣਾ ਕਰ ਦਿੱਤਾ ਹੈ।ਇਨ੍ਹਾਂ ਦਿਨਾਂ ਵਿੱਚ ਭਾਰਤ ਅਤੇ ਚੀਨ ਦੇ ਵਿਚਕਾਰ ਜਿਸ ਤਰ੍ਹਾਂ ਦੀ ਖਿੱਚੋਤਾਨ ਚੱਲ ਰਹੀ ਹੈ,ਉਸ ਵਿੱਚ ਨੇਪਾਲ ‘ਤੇ ਚੀਨ ਦੇ ਪ੍ਰਭਾਵ ਨੂੰ ਵਧਣ ਦੇਣਾ ਇੱਕ ਰਣਨੀਤਿਕ ਭੁੱਲ ਮੰਨੀ ਜਾਵੇਗੀ।ਇਸ ਲਈ ਨੇਪਾਲ ਦੇ ਭਰੋਸੇ ਨੂੰ ਪਹਿਲਾਂ ਵਾਂਗ ਬਹਾਲ ਕਰਨਾ ਭਾਰਤ ਦੇ ਲਈ ਬਹੁਤ ਜਰੂਰੀ ਸੀ।ਨੇਪਾਲ ਵਿੱਚ ਅਪ੍ਰੈਲ 2015 ਦੇ ਭੁਚਾਲ ਤੋਂ ਬਾਅਦ ਰਾਹਤ ਕਾਰਜਾਂ ਦੇ ਲਈ ਭਾਰਤ ਨੇ ਇਕ ਅਰਬ ਡਾਲਰ ਦੇਣ ਦੀ ਘੋਸ਼ਣਾ ਕੀਤੀ ਸੀ ।ਇਸ ਲਈ ਨੇਪਾਲ ਦੇ ਪ੍ਰਧਾਨ ਮੰਤਰੀ ਦੇਊਬਾ ਦੇ ਇਸ ਭਾਰਤ ਦੌਰੇ ਵਿੱਚ ਨੇਪਾਲ ਦੇ 50 ਹਜਾਰ ਘਰਾਂ ਦੇ ਮੁੜਵਸੇਬੇ,ਸਿੱਖਿਆ ,ਸੰਸਕ੍ਰਿਤਿਕ ਵਿਰਾਸਤ ਅਤੇ ਸਿਹਤ ਖੇਤਰ ਵਿੱਚ ਕਈ ਸਮਝੌਤੇ ਹੋਏ।ਭਾਰਤ ਅਤੇ ਨੇਪਾਲ ਵਿੱਚ ਜਿਹੋ ਜਿਹੇ ਸੰਬਧ ਰਹੇ ਉਸ ਦੀ ਬਰਾਬਰੀ ਹੋਰ ਦੂਜੇ ਦੇਸ਼ਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ।ਦੋਹਾਂ ਦੇਸ਼ਾਂ ਦੀ ਆਪਸੀ ਸਰਹੱਦ ਖੁੱਲੀ ਹੋਈ ਹੈ ਅਤੇ ਦੋਹਾਂ ਪਾਸੇ ਦੇ ਲੋਕਾਂ ਦੇ ਵਿਚਕਾਰ ਸੰਪਰਕ ਅਤੇ ਸੰਬਧਾਂ ਦਾ ਚੰਗਾ ਤਾਣਾਬਾਣਾ ਬਣਿਆ ਹੋਇਆ ਹੈ। ਭਾਰਤ ਨੇ ਨੇਪਾਲ ਦੇ ਲੋਕਾਂ ਨੂੰ ਆਪਣੇ ਇਥੇ ਪੜ੍ਹਾਈਲਿਖਾਈ ਕਰਨ,ਰਹਿਣ ਅਤੇ ਕੰਮ ਕਰਨ ਦੀਆਂ ਸਹੂਲਤਾਂਵਾਂ ਦਿੱਤੀਆਂ ਹੋਈਆਂ ਹਨ। ਨੇਪਾਲ ਦੀ ਅਰਥ ਵਿਵਸਥਾ ਕਈ ਮਾਇਨਿਆਂ ਵਿੱਚ ਭਾਰਤ ‘ਤੇ ਨਿਰਭਰ ਹੈ।ਇਹੀ ਕਾਰਨ ਹੈ ਜਦੋਂ ਦੋਹਾਂ ਦੇ ਵਿੱਚ ਸੰਬਧਾ ਵਿੱਚ ਖਟਾਸ ਆਉਂਦੀ ਹੈ ਤਾਂ ਉਸਦਾ ਸਿੱਧਾ ਅਸਰ ਬਹੁਤ ਸਾਰੇ ਲੋਕਾਂ ਦੀ ਰੋਜਮੱਰਾ ਦੀ ਜਿੰਦਗੀ ‘ਤੇ ਪੈਂਦਾ ਹੈ। ਇਹ ਸੰਤੁਸ਼ਟੀ ਦੀ ਗੱਲ ਹੈ ਕਿ ਤਾਜਾ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚਕਾਰਾ ਸੰਬਧ ਫਿਰ ਤੋਂ ਠੀਕ ਹੋ ਜਾਣ ਦਾ ਭਰੋਸਾ ਜਾਗਿਆ ਹੈ।ਇਸ ਦਾ ਚੰਗਾ ਸਿੱਟਾ ਜਲਦੀ ਵੇਖਣ ਨੂੰ ਮਿਲੇਗਾ।

ਹਰਪ੍ਰੀਤ ਸਿੰਘ ਬਰਾੜ
( MS.w, PGDGC,B.Ed, DRTM)
ਸਾਬਕਾ ਡੀ.ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫ਼ੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *