ਹੁਲਕਾ ਵਿਖੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਵਿਵਾਦ ਗਰਮਾਇਆ

ss1

ਹੁਲਕਾ ਵਿਖੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਵਿਵਾਦ ਗਰਮਾਇਆ

ਪੰਚਾਇਤੀ ਰਾਜ ਵੱਲੋਂ ਬਣਾਏ ਜਾ ਰਹੇ ਨਾਲੇ ਦਾ ਕੰਮ ਬੰਦ ਕਰਾਉਣ ਲਈ ਇੱਕ ਧਿਰ ਅਦਾਲਤ ਵਿੱਚ ਪੁੱਜੀ

 

29-1
ਬਨੂੜ, 29 ਅਗਸਤ (ਰਣਜੀਤ ਸਿੰਘ ਰਾਣਾ): ਨਜ਼ਦੀਕੀ ਪਿੰਡ ਹੁਲਕਾ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਏ ਜਾਣ ਵਾਲੇ ਨਾਲੇ ਦਾ ਵਿਵਾਦ ਗਰਮਾ ਗਿਆ ਹੈ। ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਪਟਿਆਲਾ ਵੱਲੋਂ ਪੰਜ ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਨਾਲੇ ਦੀ ਪੁਟਾਈ ਮੁਕੰਮਲ ਹੋ ਗਈ ਸੀ ਤੇ ਇੱਕ ਪਾਸੇ ਤੋਂ ਇਸਦਾ ਨਿਰਮਾਣ ਵੀ ਆਰੰਭ ਕਰ ਹੋ ਗਿਆ ਸੀ ਪਰ ਪਿੰਡ ਦੀ ਇੱਕ ਧਿਰ ਨੇ ਨਾਲੇ ਦੀ ਥਾਂ ਦੀ ਮਿਣਤੀ ਕਰਾਉਣ ਦੀ ਮੰਗ ਕਰਦਿਆਂ ਕੰਮ ਬੰਦ ਕਰਾ ਦਿੱਤਾ ਹੈ।
ਜਿੱਥੇ ਨਾਲੇ ਦਾ ਕੰਮ ਬੰਦ ਕਰਾਉਣ ਵਾਲੀ ਧਿਰ ਨੇ ਆਪਣੀ ਮਿਣਤੀ ਕਰਾਉਣ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਉੱਥੇ ਨਾਲੇ ਦਾ ਨਿਰਮਾਣ ਕਰ ਰਹੇ ਵਿਭਾਗ ਨੇ ਐਸਡੀਐਮ ਮੁਹਾਲੀ ਨੂੰ ਦਰਖਾਸਤ ਦੇ ਕੇ ਨਾਲੇ ਦਾ ਕੰਮ ਮੁਕੰਮਲ ਕਰਾਉਣ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਐਸਡੀਐਮ ਦੀ ਰਿਪੋਰਟ ਮਗਰੋਂ ਡਿਪਟੀ ਕਮਿਸ਼ਨਰ ਮੁਹਾਲੀ ਨੇ ਜ਼ਿਲਾ ਪੁਲੀਸ ਮੁਖੀ ਪਟਿਆਲਾ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਾਉਣ ਤੇ ਨਾਇਬ ਤਹਿਸੀਲਦਾਰ ਬਨੂੜ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਦੇ ਨਾਲ ਲੱਗਦੇ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਹੁਲਕਾ ਪਿੰਡ ਦੇ ਰਸਤੇ ਵਿੱਚ ਤਿੰਨ ਤਿੰਨ ਪਾਣੀ ਫ਼ੁੱਟ ਪਾਣੀ ਭਰਿਆ ਖੜਾ ਸੀ। ਪੰਜਾਬ ਸਰਕਾਰ ਵੱਲੋਂ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਪਟਿਆਲਾ ਨੂੰ ਪੰਜ ਲੱਖ ਦੀ ਗਰਾਂਟ ਦਿੱਤੀ ਸੀ। ਉਨਾਂ 20 ਅਗਸਤ ਨੂੰ ਨਾਲੇ ਦੀ ਪੁਟਾਈ ਕੀਤੀ ਸੀ ਤੇ 21 ਅਗਸਤ ਨੂੰ ਕੰਮ ਆਰੰਭ ਕੀਤਾ ਹੀ ਸੀ ਕਿ ਪਿੰਡ ਦੀ ਇੱਕ ਧਿਰ ਵੱਲੋਂ ਇਸ ਦਾ ਵਿਰੋਧ ਹੋ ਗਿਆ ਤੇ ਉਦੋਂ ਤੋਂ ਹੀ ਨਾਲੇ ਦਾ ਕੰਮ ਬੰਦ ਪਿਆ ਹੈ। ਨਾਲੇ ਦੇ ਨਾਲ ਲੱਗਦੇ ਘਰਾਂ ਦੇ ਵਸਨੀਕਾਂ ਜਸਵੰਤ ਸਿੰਘ, ਦਿਲਵਰ ਸਿੰਘ, ਮੋਹਨ ਸਿੰਘ, ਮੋਹਨ ਸਿੰਘ, ਨੈਬ ਸਿੰਘ ਆਦਿ ਨੇ ਦੱਸਿਆ ਕਿ ਨਾਲੇ ਦਾ ਕੰਮ ਬੰਦ ਹੋਣ ਕਾਰਨ ਉਨਾਂ ਦੇ ਘਰਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੈ, ਕਿਉਂਕਿ ਚਾਰ ਚਾਰ ਫ਼ੁੱਟ ਪੁਟਾਈ ਕੀਤੀ ਹੋਈ ਹੈ ਤੇ ਮੀਂਹ ਪੈਣ ਦੀ ਸੂਰਤ ਵਿੱਚ ਸਾਰਾ ਪਾਣੀ ਮਕਾਨਾਂ ਦੀਆਂ ਨੀਹਾਂ ਵਿੱਚ ਜਾਵੇਗਾ। ਉਨਾਂ ਤੁਰੰਤ ਨਾਲੇ ਦਾ ਕੰਮ ਮੁਕੰਮਲ ਕਰਾਉਣ ਦੀ ਮੰਗ ਕੀਤੀ।
ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਨੇ ਵੀ ਐਸਡੀਐਮ ਮੁਹਾਲੀ ਨੂੰ ਲਿਖੇ ਪੱਤਰ ਵਿੱਚ ਆਖਿਆ ਹੈ ਕਿ ਨਾਲੇ ਦਾ ਕੰਮ ਬੰਦ ਹੋਣ ਦੀ ਸੂਰਤ ਵਿੱਚ ਘਰਾਂ ਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਨਾਲੇ ਦੀ ਪੁਟਾਈ ਹੋ ਚੁੱਕੀ ਹੈ। ਉਨਾਂ ਨਾਲੇ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਨਾਲੇ ਦੀ ਉਸਾਰੀ ਮੁਕੰਮਲ ਕਰਾਉਣ ਲਈ ਲੋੜੀਂਦੀ ਫ਼ੋਰਸ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ।
ਉੱਧਰ ਨਾਲੇ ਦਾ ਕੰਮ ਰੁਕਵਾਉਣ ਵਾਲੀ ਧਿਰ ਦੇ ਮੋਹਰੀ ਕਾਮਰੇਡ ਗੁਰਨਾਮ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਨਾਲੇ ਦੀ ਉਸਾਰੀ ਤੇ ਕੋਈ ਇਤਰਾਜ਼ ਨਹੀਂ ਹੈ ਪਰ ਨਾਲਾ ਨਿਯਮਿਤ ਥਾਂ ਤੇ ਬਣਨਾ ਚਾਹੀਦਾ ਹੈ। ਉਨਾਂ ਕਿਹਾ ਕਿ ਨਾਲਾ ਸਿਰਫ਼ ਹੁਕਮਰਾਨ ਧਿਰ ਦੇ ਆਗੂਆਂ ਨੂੰ ਖੁਸ਼ ਕਰਨ ਲਈ ਉਨਾਂ ਦੇ ਘਰਾਂ ਅੱਗਿਉਂ ਹੀ ਬਣਾਉਣਾ ਆਰੰਭ ਕੀਤਾ ਗਿਆ ਹੈ, ਜਦੋਂ ਕਿ ਉਸ ਨੂੰ ਸੜਕ ਦੇ ਸਿਰੇ ਤੋਂ ਬਣਾਉਣਾ ਚਾਹੀਦਾ ਹੈ ਤਾਂ ਕਿ ਦੂਜੇ ਘਰਾਂ ਨੂੰ ਵੀ ਇਸ ਦਾ ਫ਼ਾਇਦਾ ਪੁੱਜ ਸਕੇ। ਉਨਾਂ ਕਿਹਾ ਕਿ ਉਹ ਪੰਚਾਇਤੀ ਰਾਜ ਲੋਕ ਨਿਰਮਾਣ ਦੇ ਅਧਿਕਾਰੀਆਂ ਅਤੇ ਪੰਚਾਇਤ ਕੋਲੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਨਾਲੇ ਦੀ ਨਿਸ਼ਾਨਦੇਹੀ ਲੈ ਕੇ ਮਿਣਤੀ ਕਰਾਉਣ ਉਪਰੰਤ ਹੀ ਨਾਲਾ ਬਣਾਇਆ ਜਾਵੇ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਅਦਾਲਤ ਵਿੱਚ ਗਏ ਹਨ ਤੇ ਅਦਾਲਤ ਵੱਲੋਂ ਸਮੁੱਚੀਆਂ ਧਿਰਾਂ ਨੂੰ 30 ਅਗਸਤ ਨੂੰ ਜਵਾਬ ਦਾਅਵਾ ਪੇਸ਼ ਕਰਨ ਲਈ ਕਿਹਾ ਗਿਆ ਹੈ। ਪਿੰਡ ਦੇ ਸਰਪੰਚ ਨਰਿੰਦਰ ਸਿੰਘ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਨਾਲਾ ਮਿਣਤੀ ਹੋ ਕੇ ਹੀ ਬਣਨਾ ਚਾਹੀਦਾ ਹੈ। ਉਨਾਂ ਕਿਹਾ ਕਿ ਉਹ ਅਦਾਲਤ ਅੱਗੇ ਵੀ ਆਪਣਾ ਇਹੀਉ ਪੱਖ ਰੱਖਣਗੇ। ਉਨਾਂ ਅਦਾਲਤ ਵੱਲੋਂ ਸੰਮਨ ਆਉਣ ਦੀ ਵੀ ਪੁਸ਼ਟੀ ਕੀਤੀ।

Share Button

Leave a Reply

Your email address will not be published. Required fields are marked *