ਹਲਕਾ ਸ਼ੁਤਰਾਣਾ ‘ਚ ਕਾਂਗਰਸ ਦੇ ਉਮੀਦਵਾਰ ਤੋਂ ਕਾਂਗਰਸੀ ਵਰਕਰ ਨਾਖੁਸ਼

ss1

ਹਲਕਾ ਸ਼ੁਤਰਾਣਾ ‘ਚ ਕਾਂਗਰਸ ਦੇ ਉਮੀਦਵਾਰ ਤੋਂ ਕਾਂਗਰਸੀ ਵਰਕਰ ਨਾਖੁਸ਼
ਉਮੀਦਵਾਰ ਬਦਲਣ ਦੀ ਉੱਠੀ ਮੰਗ

ਪਾਤੜ੍ਹਾਂ : 19 ਦਸੰਬਰ ( ਪੱਤਰ ਪ੍ਰੇਰਕ ) ਕਾਂਗਰਸ ਪਾਰਟੀ ਵੱਲੋਂ ਲੋਕਾਂ ਦੀ ਚਾਹਤ ਦੇ ਉਲਟ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਕਰਵਾਏ ਸਰਵਿਆਂ ਦੇ ਨਤੀਜਿਆਂ ਦੇ ਉਲਟ ਹਲਕਾ ਸ਼ੁਤਰਾਣਾ ਦੀ ਟਿਕਟ ਨਿਰਮਲ ਸਿੰਘ ਨੂੰ ਦੇਣ ਕਾਰਣ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਹਲਕੇ ਦੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਨਿਰਮਲ ਪੰਨੂ, ਮੇਜਰ ਸਿੰਘ ਜਿਉਣਪੁਰਾ, ਹਰਬੰਸ ਸਿੰਘ ਪਾਤੜ੍ਹਾਂ, ਕਾਕਾ ਸਿੱਧੂ ਧਨੇਠਾ, ਮਨੀ ਵਿਰਕ ਧਨੇਠਾ, ਸ਼ੰਮੀ ਧਨੇਠਾ, ਸੰਗੀਤ ਗਰਗ, ਮੁਨੀਸ਼ ਗਰਗ, ਸਤੀਸ਼ ਅਰਨੋ, ਸੂਬਾ ਸਿੰਘ ਠਰੂਆ, ਰਮੇਸ਼ ਪਾਤੜ੍ਹਾਂ, ਸੁਰੇਸ਼ ਸ਼ੁਤਰਾਣਾ, ਏਮਨਦੀਪ ਸ਼ੁਤਰਾਣਾ, ਅੰਮ੍ਰਿਤ ਘੱਗਾ ਆਦਿ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਾਅਦਾ ਕੀਤਾ ਸੀ ਕਿ ਇਸ ਵਾਰ 35-40 ਗੈਰ ਰਾਜਨੀਤਿਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਟਿਕਟਾਂ ਦੇਵਾਂਗੇ ਪਰ ਕੈਪਟਨ ਸਾਹਿਬ ਨੇ ਆਪਣੇ ਜੱਦੀ ਜਿਲ੍ਹੇ ਵਿੱਚ ਇੱਕ ਵੀ ਨੌਜਵਾਨ ਨੂੰ ਉਮੀਦਵਾਰ ਨਹੀਂ ਬਣਾਇਆ । ਸਗੋਂ ਪੁਰਾਣੇ ਉਨ੍ਹਾਂ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ ਜੋ ਵਡੇਰੀ ਉਮਰ ਦੇ ਹੀ ਹਨ ਅਤੇ ਜਿਨ੍ਹਾਂ ਦਾ ਇਲਾਕੇ ਵਿੱਚ ਭਾਰੀ ਵਿਰੋਧ ਹੈ । ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿੱਚ ਵੀ ਸਾਰੇ ਸਰਵਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਅਤੇ ਹਲਕੇ ਦੀ ਪਹਿਲੀ ਪਸੰਦ ਬਣ ਚੁੱਕੇ ਪੜ੍ਹੇ ਲਿਖੇ ਨੌਜਵਾਨ ਆਗੂ ਇੰਜ. ਅਮਿਤ ਰਤਨ ਨੂੰ ਟਿਕਟ ਨਾ ਦੇਣ ਕਾਰਨ ਹਲਕੇ ਅੰਦਰ ਕਾਂਗਰਸ ਦੀ ਜਿੱਤ ਦੇ ਦਾਅਵੇ ਖੇਰੂੰ ਖੇਰੂੰ ਹੋ ਗਏ ਹਨ ਕਿਉਂਕਿ ਟਿਕਟ ਪ੍ਰਾਪਤ ਕਰਨ ਵਾਲੇ ਨਿਰਮਲ ਸਿੰਘ ਦਾ ਜਨਤਕ ਆਧਾਰ ਨਿੱਲ ਹੈ । ਉਨ੍ਹਾਂ ਕਦੇ ਵੀ ਕਾਂਗਰਸੀ ਵਰਕਰਾਂ ਨਾਲ ਹੁੰਦੇ ਧੱਕਿਆਂ ਵਿਰੁੱਧ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ । ਇਸਦੇ ਉਲਟ ਇੰਜ. ਅਮਿਤ ਰਤਨ ਨੇ ਕਾਂਗਰਸੀ ਵਰਕਰਾਂ ਤੇ ਪੈਂਦੇ ਝੂਠੇ ਪੁਲਿਸ ਕੇਸਾਂ ਨੂੰ ਰੋਕਿਆ ਸਗੋਂ ਕਈ ਕੇਸਾਂ ਦਾ ਨਿਪਟਾਰਾ ਵੀ ਕਾਂਗਰਸੀ ਵਰਕਰਾਂ ਦੇ ਹੱਕ ‘ਚ ਕਰਾਇਆ । ਇਸੇ ਲਈ ਹਲਕੇ ਨੂੰ ਇਹ ਆਸ ਬੱਝ ਗਈ ਸੀ ਕਿ ਇਸ ਵਾਰ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਨਿਧੜਕ ਆਗੂ ਹੀ ਉਮੀਦਵਾਰ ਬਣੇਗਾ । ਪਰੰਤੂ ਫਿਰ ਤੋਂ ਨਿਰਮਲ ਸਿੰਘ ਨੂੰ ਟਿਕਟ ਦੇ ਕੇ ਕੈਪਟਨ ਸਾਹਿਬ ਨੇ ਨੌਜਵਾਨਾਂ ਨਾਲ ਕੀਤਾ ਵਾਅਦਾ ਸਿਰੇ ਨਹੀਂ ਚੜਾਇਆ ਹੈ । ਉਹ ਕਾਂਗਰਸ ਹਾਈ ਕਮਾਂਡ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਨ ਕਿ ਹਲਕਾ ਸ਼ੁਤਰਾਣਾ ਦੈ ਉਮੀਦਵਾਰ ਨੂੰ ਬਦਲਿਆ ਜਾਵੇ ਤਾਂ ਜੋ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਆਪ ਜੀ ਦੇ ਝੋਲੀ ਪਾਈ ਜਾ ਸਕੇ ।

Share Button

Leave a Reply

Your email address will not be published. Required fields are marked *