ਹਰਸਿਮਰਤ ਕੌਰ ਬਾਦਲ ਨੇ 235 ਅਲਾਟੀਆਂ ਨੂੰ ਸਾਈਟ ਐਂਡ ਸਰਵਿਸ ਸਕੀਮ ਤਹਿਤ ਅਲਾਟਮੈਂਟ ਪੱਤਰ ਸੌਂਪੇ

ss1

ਹਰਸਿਮਰਤ ਕੌਰ ਬਾਦਲ ਨੇ 235 ਅਲਾਟੀਆਂ ਨੂੰ ਸਾਈਟ ਐਂਡ ਸਰਵਿਸ ਸਕੀਮ ਤਹਿਤ ਅਲਾਟਮੈਂਟ ਪੱਤਰ ਸੌਂਪੇ
ਕਿਹਾ ਬਾਦਲ ਸਰਕਾਰ ਵਲੋਂ ਚਲਾਈਆਂ ਗਰੀਬ ਭਲਾਈ ਸਕੀਮਾਂ ਦੀ ਕੋਈ ਸੂਬਾ ਬਰਾਬਰੀ ਨਹੀਂ ਕਰ ਸਕਦਾ
ਉੜੀ ਅੱਤਵਾਦੀ ਹਮਲੇ ਨੂੰ ਬਹੁਤ ਹੀ ਮੰਦਭਾਗੀ ਘਟਨਾ ਕਰਾਰ ਦਿੱਤਾ

picture1ਬਠਿੰਡਾ, 18 ਸਤੰਬਰ (ਪਰਵਿੰਦਰ ਜੀਤ ਸਿੰਘ): ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ 235 ਵਿਅਕਤੀਆਂ ਨੂੰ ਸਾਇਟ ਐਂਡ ਸਰਵਿਸ ਸਕੀਮ ਤਹਿਤ ਅਲਾਟਮੈਂਟ ਪੱਤਰ ਵੰਡਦਿਆਂ ਕਿਹਾ ਕਿ ਪੰਜਾਬ ਗਰੀਬਾਂ ਦੀ ਭਲਾਈ ਵਾਲੀਆਂ ਸਕੀਮਾਂ ਲਾਗੂ ਕਰਨ ਵਿਚ ਮੋਹਰੀ ਸੂਬਾ ਹੈ।
ਸਥਾਨਿਕ ਮਾਡਲ ਟਾਊਨ ਫੇਜ਼-1 ਦੇ ਕਮਿਊਨਿਟੀ ਸੈਂਟਰ ਵਿਚ ਬੇਅੰਤ ਨਗਰ ਦੇ 235 ਵਿਅਕਤੀਆਂ ਨੂੰ ਅਲਾਟਮੈਂਟ ਪੱਤਰ ਸੌਂਪਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਹਮੇਸ਼ਾ ਗਰੀਬਾਂ ਦੀ ਭਲਾਈ ਲਈ ਸਕੀਮਾਂ ਨੂੰ ਲਾਗੂ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਜਦ ਵੀ ਬਣੀ ਹੈ ਉਦੋਂ ਗਰੀਬਾਂ ਦੀ ਭਲਾਈ ਲਈ ਵਿਸ਼ੇਸ਼ ਸਕੀਮਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਵਿਚ ਸ਼ਗਨ ਸਕੀਮ, ਮੈਰੀਟੋਰੀਅਸ ਸਕੂਲ, ਪੈਨਸ਼ਨਾਂ ਵਿਚ ਵਾਧਾ ਆਦਿ ਵਿਸ਼ੇਸ਼ ਤੌਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੱਲ ਰਹੀਆਂ ਭਲਾਈ ਸਕੀਮਾਂ ਦੀ ਅੱਜ ਕੋਈ ਵੀ ਸੂਬਾ ਬਰਾਬਰੀ ਨਹੀਂ ਕਰ ਸਕਦਾ ਅਤੇ ਪੰਜਾਬ ਭਲਾਈ ਸਕੀਮਾਂ ਵਿਚ ਮੋਹਰੀ ਸੂਬਾ ਬਣ ਚੁੱਕਾ ਹੈ।
ਮੌਕੇ ‘ਤੇ ਇਕੱਤਰ ਲੋੜਵੰਦਾਂ ਨੂੰ ਅਲਾਟਮੈਂਟ ਪੱਤਰ ਦਿੰਦਿਆਂ ਸ੍ਰੀਮਤੀ ਬਾਦਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਸਰਵੇ ਤੋਂ ਬਾਅਦ ਕੁਲ 1225 ਵਿਚੋਂ ਪੰਜਾਬ ਸਰਕਾਰ ਨੇ 502 ਅਲਾਟਮੈਂਟਾਂ 2009 ਵਿਚ ਸੌਂਪ ਦਿੱਤੀਆਂ ਸਨ ਅਤੇ 235 ਅਲਾਟਮੈਂਟਾਂ ਅੱਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਅਲਾਟਮੈਂਟ ਪੱਤਰੀ ਵੀ ਜਲਦ ਹੀ ਲੋੜਵੰਦਾਂ ਨੂੰ ਸੌਂਪ ਦਿੱਤੇ ਜਾਣਗੇ।
ਸਮਾਗਮ ਉਪਰੰਤ ਪੱਤਰਕਾਰਾਂ ਵਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀਮਤੀ ਬਾਦਲ ਨੇ ਉੜੀ ਅੱਤਵਾਦੀ ਹਮਲੇ ਦੀ ਘਟਨਾ ਦੀ ਨਿੰਦਾ ਕਰਦਿਆਂ ਇਸਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਭਾਰਤ ਦੀ ਏਕਤਾ ਅਤੇ ਆਖੰਡਤਾ ਨੂੰ ਤੋੜਨ ਲਈ ਚੱਲੀਆਂ ਜਾ ਰਹੀਆਂ ਕੋਝੀਆਂ ਸਾਜ਼ਿਸ਼ਾਂ ਖਿਲਾਫ ਦੁਨੀਆ ਦੀਆਂ ਸਰਕਾਰਾਂ ਨੂੰ ਕੌਮਾਂਤਰੀ ਪੱਧਰ ‘ਤੇ ਦਬਾਅ ਬਣਾ ਕੇ ਅੱਤਵਾਦੀ ਸਰਗਰਮੀਆਂ ਖਿਲਾਫ ਸਖਤ ਸੁਨੇਹਾ ਦੇਣਾ ਚਾਹੀਦਾ ਹੈ।
ਇਸ ਮੌਕੇ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਨੇ ਅਲਾਟਮੈਂਟ ਪੱਤਰ ਜਾਰੀ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਗਰੀਬਾਂ ਨਾਲ ਕੀਤੇ ਵਾਅਦੇ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ।
ਮੇਅਰ ਸ੍ਰੀ ਬਲਵੰਤ ਰਾਏ ਨਾਥ ਨੇ ਵੱਖ ਵੱਖ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਇੰਨ ਬਿੰਨ ਲਾਗੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਫਲਤਾਪੂਰਵਕ ਚੱਲ ਰਹੀਆਂ ਇਨ੍ਹਾਂ ਸਕੀਮਾਂ ਦਾ ਲੋਕਾਂ ਨੂੰ ਭਾਰੀ ਫਾਇਦਾ ਹੋ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਿਆਲ ਦਾਸ ਸੋਢੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਕੌਂਸਲਰ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *