’ਸੇਵਾ ਕੇਂਦਰ’ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ : ਪ੍ਰਕਾਸ਼ ਚੰਦ ਗਰਗ

ss1

‘ਸੇਵਾ ਕੇਂਦਰ’ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ : ਪ੍ਰਕਾਸ਼ ਚੰਦ ਗਰਗ
ਮਾਡਲ ਟਾਊਨ ਫੇਜ਼-3 ਦੇ ਕਮਿਊਨਿਟੀ ਸੈਂਟਰ ਵਿੱਚ ਸੇਵਾ ਕੇਂਦਰ ਦਾ ਉਦਘਾਟਨ
ਮੁੱਖ ਸੰਸਦੀ ਸਕੱਤਰ ਨੇ ਪੰਜਾਬ ਖਿਲਾਫ਼ ਕੂੜ-ਪ੍ਰਚਾਰ ਕਰ ਰਹੇ ਸਿਆਸੀ ਦਲਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

 

ਬਠਿੰਡਾ, 12 ਅਗਸਤ (ਪਰਵਿੰਦਰ ਜੀਤ ਸਿ਼ੰਘ): ਮੁੱਖ ਪਾਰਲੀਮਾਨੀ ਸਕੱਤਰ ਖੁਰਾਕ ਅਤੇ ਸਿਵਲ ਸਪਲਾਈਜ਼ ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਅੱਜ ਸਥਾਨਕ ਮਾਡਲ ਟਾਉਨ ਫੇਜ਼-3 ਦੇ ਕਮਿਊਨਿਟੀ ਸੈਂਟਰ ਵਿਚ ‘ਸੇਵਾ ਕੇਂਦਰ’ ਦਾ ਉਦਘਾਟਨ ਕਰਦਿਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਜਿੱਥੇ ਲੋਕਾਂ ਨੂੰ ਆਸਾਨ ਅਤੇ ਬਿਨ੍ਹਾਂ ਕਿਸੇ ਦੇਰੀ ਤੋਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਨਿਵੇਕਲੀ ਪਹਿਲ ਕਦਮੀ ਦਸਦਿਆਂ ਕਿਹਾ ਕਿ ਇਹ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿਚ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗਾ।
ਸ਼੍ਰੀ ਗਰਗ ਨੇ ਕਿਹਾ ਕਿ ਬਠਿੰਡਾ ਸਮੇਤ ਪੂਰੇ ਪੰਜਾਬ ਵਿਚ ਸ਼ੁਰੂ ਹੋ ਰਹੇ ਸੇਵਾ ਕੇਂਦਰ ਨਾਗਰਿਕਾਂ ਨੂੰ ਤੈਅ ਸਮਾਂ ਹੱਦ, ਬਿਨਾਂ ਕਿਸੇ ਅੜਚਨ ਅਤੇ ਪ੍ਰੇਸ਼ਾਨੀ ਤੋਂ 9 ਵਿਭਾਗਾਂ ਦੀਆਂ 62 ਸੇਵਾਵਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਰਾਹੀਂ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੇ ਲੋਕ ਆਪਣੀਆਂ ਰਿਹਾਇਸ਼ੀ ਥਾਵਾਂ ਦੇ ਬਿਲਕੁੱਲ ਨਜ਼ਦੀਕ ਹੀ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਟਾਈਪ-2 ਸੇਵਾ ਕੇਂਦਰ ਸ਼ਹਿਰੀ ਖੇਤਰਾਂ ਵਿਚ ਅੱਜ ਸ਼ੁਰੂ ਹੋ ਰਹੇ ਹਨ ਜਦਕਿ ਟਾਈਪ-3 ਦੇ ਸੇਵਾ ਕੇਂਦਰ ਪੇਂਡੂ ਖੇਤਰਾਂ ਵਿਚ ਸਤੰਬਰ ਮਹੀਨੇ ਵਿਚ ਸ਼ੁਰੂ ਹੋ ਜਾਣਗੇ। ਸ਼੍ਰੀ ਗਰਗ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿਚ ਕੁੱਲ 123 ਸੇਵਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ 34 ਸ਼ਹਿਰੀ ਅਤੇ 89 ਪੇਂਡੂ ਖੇਤਰਾਂ ਵਿਚ ਖੋਲ੍ਹੇ ਜਾ ਰਹੇ ਹਨ।
ਮੇਅਰ ਸ਼੍ਰੀ ਬਲਵੰਤ ਰਾਏ ਨਾਥ ਸਮੇਤ ਸੇਵਾ ਕੇਂਦਰ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਰਾਹੀਂ ਲੋਕਾਂ ਨੂੰ ਮਾਲ, ਸਿਹਤ, ਪ੍ਰਸੋਨਲ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਭਲਾਈ, ਗ੍ਰਹਿ, ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪ੍ਰਸ਼ਾਸ਼ਨਿਕ ਸੁਧਾਰਾਂ ਆਦਿ ਵਿਭਾਗਾਂ ਨਾਲ ਸਬੰਧਤ 62 ਅਤਿ ਲੋੜੀਂਦੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾ ਸਹੂਲਤਾਂ ਵਿਚ ਜਨਮ ਤੇ ਮੌਤ ਦੇ ਸਰਟੀਫ਼ਿਕੇਟਾਂ ਦੀ ਰਜਿਸਟ੍ਰੇਸ਼ਨ, ਸਰਟੀਫ਼ਿਕੇਟਾਂ ਵਿੱਚ ਸੋਧ, ਮੈਡੀਕਲ ਸਰਟੀਫ਼ਿਕੇਟ, ਐਮ.ਐਲ.ਆਰ. ਦੀ ਕਾਪੀ, ਵੱਖ-ਵੱਖ ਤਰ੍ਹਾਂ ਦੇ ਲਾਇਸੰਸਾਂ ਦੀ ਮਿਆਦ ਵਧਾਉਣਾ ਅਤੇ ਉਨ੍ਹਾਂ ਨੂੰ ਜਾਰੀ ਕਰਨਾ, ਰਿਹਾਇਸ਼ ਦਾ ਸਰਟੀਫਿਕੇਟ, ਅੰਗਹੀਣਾਂ ਨੂੰ ਪਹਿਚਾਣ ਪੱਤਰ, ਸੀਨੀਅਰ ਸਿਟੀਜਨਾਂ ਨੂੰ ਪਹਿਚਾਣ ਪੱਤਰ, ਸਮਾਜਿਕ ਸੁਰੱਖਿਆ ਵਿਭਾਗ ਵਲੋਂ ਬਜ਼ੁਰਗਾਂ, ਅੰਗਹੀਣਾਂ, ਵਿਧਵਾਵਾਂ ਆਦਿ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਵੱਖ-ਵੱਖ ਤਰ੍ਹਾਂ ਦੇ ਸਰਟੀਫ਼ਿਕੇਟ ਜਾਰੀ ਕਰਨੇ, ਸੂਚਨਾ ਦੇ ਅਧਿਕਾਰ ਨਾਲ ਸਬੰਧਤ ਜਾਣਕਾਰੀ, ਪੇਂਡੂ ਖੇਤਰ ਨਾਲ ਸਬੰਧਤ ਸਰਟੀਫ਼ਿਕੇਟ ਆਦਿ ਸੇਵਾਵਾਂ ਤੈਅ ਸਮਾਂ ਸੀਮਾ ਵਿਚ ਇੱਕੋ ਛੱਤ ਹੇਠ ਮਿਲਣਗੀਆਂ। ਉਨ੍ਹਾਂ ਸੇਵਾ ਕੇਂਦਰਾਂ ਦੀ ਸਥਾਪਤੀ ਨੂੰੂ ਭ੍ਰਿਸ਼ਟਾਚਾਰ ਦੇ ਖਾਤਮੇ ਵੱਲ ਅਹਿਮ ਕਦਮ ਦਸਦਿਆਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਸ਼ੁਰੂਆਤ ਨਾਲ ਨਾਗਰਿਕ ਸੇਵਾਵਾਂ ਸੁਖਾਲੇ ਢੰਗ ਨਾਲ ਮਿਲਣਗੀਆਂ।
ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਗਰਗ ਨੇ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਸਿਰਫ਼ ‘ਤੇ ਸਿਰਫ਼ ਵੋਟਾਂ ਦੀ ਰਾਜਨੀਤੀ ਤਹਿਤ ਬੇਵਜਾ ਪੰਜਾਬ ਅੰਦਰ ਕੂੜ ਪ੍ਰਚਾਰ ਵਿਚ ਲੱਗੀਆਂ ਹੋਈਆਂ ਹਨ ਜਦਕਿ ਸੱਚ ਤਾਂ ਇਹ ਹੈ ਕਿ ਰਾਜ ਵਿਚ ਪਿਛਲੇ 9 ਸਾਲਾਂ ਦੌਰਾਨ ਰਿਕਾਰਡ ਵਿਕਾਸ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੇ ਪਿਛਲੇ ਸਾਲਾਂ ਦੌਰਾਨ ਬਿਜਲੀ, ਸਿੱਖਿਆ, ਪ੍ਰਸ਼ਾਸਨਿਕ ਸੁਧਾਰਾਂ, ਸੜਕੀ ਆਵਾਜਾਈ, ਬੁਨਿਆਦੀ ਢਾਂਚੇ ਦੇ ਵਿਕਾਸ ਆਦਿ ਖੇਤਰਾਂ ਵਿਚ ਲਾਮਿਸਾਲ ਤਰੱਕੀ ਕੀਤੀ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਸ਼੍ਰੀ ਬਲਵੰਤ ਰਾਏ ਨਾਥ ਨੇ ਸੇਵਾ ਕੇਂਦਰਾਂ ਦੀ ਸਥਾਪਤੀ ਨੂੰ ਪੰਜਾਬ ਸਰਕਾਰ ਦਾ ਇਤਹਾਸਿਕ ਕਦਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਨਾਗਰਿਕ ਸੇਵਾਵਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਅਤੇ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਅਜਿਹੇ ਕਦਮ ਨਾਗਰਿਕਾਂ ਨੂੰ ਬੇਹਤਰ ਸਹੂਲਤਾਂ ਪ੍ਰਦਾਨ ਕਰਨ ਵਿਚ ਬੇਹੱਦ ਕਾਰਗਰ ਸਾਬਤ ਹੋ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਇੱਥੇ ਜਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਖੇਤਰ ਵਿਚ 10 ਸੇਵਾ ਕੇਂਦਰ ਕਮਿਊਨਿਟੀ ਸੈਂਟਰ ਮਾਡਲ ਟਾਊਨ, ਫੇਜ਼-3, ਸਰਕਾਰੀ ਬਹੁਤਕਨੀਕੀ ਕਾਲਜ ਬੀਬੀ ਵਾਲਾ ਰੋਡ, ਸ਼ਹਿਰੀ ਕਮਿਊਨਿਟੀ ਹੈਲਥ ਸੈਂਟਰ ਜੰਤਾ ਨਗਰ, ਸ਼ਹਿਰੀ ਕਮਿਊਨਿਟੀ ਹੈਲਥ ਸੈਂਟਰ ਜੋਗੀ ਨਗਰ, ਨਜ਼ਦੀਕ ਬੀਕਾਨੇਰ ਬਾਈਪਾਸ ਅਮਰਪੁਰਾ ਬਸਤੀ, ਈ.ਐਸ.ਆਈ. ਡਿਸਪੈਂਸਰੀ ਊਧਮ ਸਿੰਘ ਨਗਰ, ਪੀ.ਐਸ.ਪੀ.ਸੀ.ਐਲ. ਥਰਮਲ ਦਫ਼ਤਰ ਖੇਤਾ ਸਿੰਘ ਬਸਤੀ, ਆਈ.ਟੀ.ਆਈ. ਚੌਕ ਮਾਨਸਾ ਰੋਡ, ਡੀ-ਐਡੀਕਸ਼ਨ ਸੈਂਟਰ ਸੁੱਚਾ ਸਿੰਘ ਨਗਰ ਅਤੇ ਸ਼ਹਿਰੀ ਕਮਿਊਨਿਟੀ ਹੈਲਥ ਸੈਂਟਰ ਪੁਲਿਸ ਕਲੋਨੀ ਸੁਭਾਸ਼ ਬਸਤੀ ਵਿਚ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ ਰਾਮਪੁਰਾ, ਫੂਲ, ਭਗਤਾ, ਮਹਿਰਾਜ, ਮਲੂਕਾ, ਭਾਈਰੂਪਾ, ਕੋਠਾ ਗੁਰੂ, ਭੁੱਚੋ, ਨਥਾਣਾ, ਗੋਨਿਆਣਾ, ਲਹਿਰਾ ਮੁਹੱਬਤ, ਮੌੜ-1, ਮੌੜ-2, ਬਾਲਿਆਂਵਾਲੀ, ਚਾਉਕੇ, ਮੰਡੀ ਕਲਾਂ, ਰਾਮਪੁਰਾ, ਸੰਗਤ, ਕੋਟਫੱਤਾ, ਕੋਟਸ਼ਮੀਰ, ਰਾਮਾਂ-1, ਰਾਮਾਂ-2, ਤਲਵੰਡੀ-1 ਅਤੇ ਤਲਵੰਡੀ-2 ਵਿਚ ਵੀ ਟਾਈਪ-2 ਸੇਵਾ ਕੇਂਦਰ ਖੋਲ੍ਹੇ ਗਏ ਹਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ, ਐਸ.ਡੀ.ਐਮ. ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਈ-ਗਵਰਨੈਂਸ ਵਿਭਾਗ ਤੋਂ ਸ਼੍ਰੀ ਗਗਨ ਗੋਇਲ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *