ਸਫਲਤਾ ਦੀ ਪ੍ਰਾਪਤੀ ਲਈ ਖੁਦ ‘ਤੇ ਭਰੋਸਾ ਰੱਖੋ

ss1

ਸਫਲਤਾ ਦੀ ਪ੍ਰਾਪਤੀ ਲਈ ਖੁਦ ‘ਤੇ ਭਰੋਸਾ ਰੱਖੋ

ਅੱਜ ਕੱਲ ਦੇ ਨੌਜਵਾਨਾਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਕੁਝ ਕਮੀਆਂ ਹਨ, ਜੋ ਉਨਾਂ ਨੂੰ ਉਸ ਸਫਲਤਾ ਤੋਂ ਦੂਰ ਰੱਖਦੀਆਂ ਹਨ, ਜਿਸ ਦੇ ਉਹ ਹੱਕਦਾਰ ਹਨ। ਇਨਾਂ ਕਮੀਆਂ ਨੂੰ ਦੂਰ ਕਰ ਦਈਏ ਤਾਂ ਉਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਹਾਲ ਹੀ ਦੇ ਕੁਝ ਸਾਲਾਂ ਵਿੱਚ ਭਾਰਤੀ ਵਿਦਿਆਰਥੀਆਂ ਵਿੱਚ ਕਾਫੀ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਪਹਿਲਾਂ ਜਿੱਥੇ ਉਹ ਆਪਣੇ ਉੱਪਰ ਕਾਫੀ ਪ੍ਰੈਸਰ ਮਹਿਸੂਸ ਕਰਦੇ ਸਨ, ਆਪਣੇ ਵਿਊਜ਼ ਦੇਣ ਤੋਂ ਸੰਕੋਚ ਕਰਦੇ ਸਨ, ਉੱਥੇ ਹੀ ਅੱਜ ਉਨਾਂ ਨੇ ਆਪਣੇ ਉੱਪਰੋਂ ਪ੍ਰੈਸ਼ਰ ਕਾਫੀ ਹੱਦ ਤੱਕ ਦੂਰ ਕਰ ਦਿੱਤਾ ਹੈ। ਉਹ ਬੇਖੌਫ ਹੋ ਕੇ ਆਪਣੇ ਵਿਊਜ਼ ਵੀ ਲੋਕਾਂ ਨੂੰ ਦਿੰਦੇ ਹਨ। ਜੋ ਚੀਜ਼ ਉਨਾਂ ਨੂੰ ਸਹੀ ਨਹੀਂ ਲੱਗਦੀ, ਉਸ ਬਾਰੇ ਉਹ ਆਪਣੇ ਵਿਚਾਰ ਰੱਖਣਵਿੱਚ ਸੰਕੋਚ ਨਹੀਂ ਕਰਦੇ। ਉਹ ਲਗਾਤਾਰ ਬਦਲਾਅ ਚਾਹੁੰਦੇ ਹਨ ਤੇ ਇਸ ਲਈ ਜੇਕਰ ਲੋੜ ਪੈਂਦੀ ਹੈ ਤਾਂ ਵੱਡੇ ਫੈਸਲੇ ਵਿੱਚ ਵੀ ਝਿਜਕਦੇ ਨਹੀਂ। ਵਿਦਿਆਰਥੀਆਂ ਅੰਦਰ ਤੇਜ਼ੀ ਨਾਲ ਵਧ ਰਹੀ ਇਹ ਨਵੀਂ ਕੁਆਲਟੀ ਪੱਕਾ ਹੀ ਦੇਸ਼ ਨੂੰ ਸਾਰੇ ਸੈਕਟਰਾਂ ਵਿੱਚ ਅੱਗੇ ਲਿਜਾਣ ਦਾ ਕੰਮ ਕਰੇਗੀ।
ਆਪਣੀ ਖੂਬੀ ਦੀ ਪਹਿਚਾਣ ਕਰੋ:
ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਅਜਿਹਾ ਸਕਿੱਲ ਜਰੂਰ ਹੁੰਦਾ ਹੈ, ਜੋ ਉਸ ਨੂੰ ਹੋਰਾਂ ਤੋਂ ਵੱਖ ਕਰ ਦਿੰਦਾ ਹੈ, ਉਸਦਾ ਖੁਦ ‘ਤੇ ਯੂਨੀਕ ਬਣਾਉਂਦਾ ਹੈ ਪਰ ਪਤਾ ਨਹੀਂ ਕਿਉਂ ਬਹੁਤ ਸਾਰੇ ਵਿਦਿਆਰਥੀ ਆਪਣੇ ਅਜਿਹੇ ਗੁਣਾਂ ‘ਤੇ ਧਿਆਨ ਕਿਉਂ ਨਹੀਂ ਦਿੰਦੇ ? ਜੌਬ ਮਿਲ ਜਾਣ ਜਾਂ ਫਿਰ ਮਨਚਾਹੇ ਕੋਰਸ ਜਾਂ ਕਾਲਜ਼ ਵਿੱਚ ਦਾਖਲਾ ਮਿਲ ਜਾਣ ‘ਤੇ ਉਹ ਇਸ ਨੂੰ ਭੁੱਲ ਹੀ ਜਾਂਦੇ ਹਨ। ਯਾਦ ਰੱਖੋ, ਆਪਣੇ ਸਕਿੱਲਸ ਨੂੰ ਹਮੇਸ਼ਾ ਮਜਬੂਤ ਕਰਦੇ ਰਹੋ। ਘੱਟੋ ਘੱਟ ਇਸ ਨੂੰ ਹੌਬੀ ਦੇ ਰੂਪ ਵਿੱਚ ਤਾਂ ਜਿੰਦਾ ਰੱਖੋ ਹੀ। ਕਦੇ ਨਾਂ ਕਦੇ ਇਹ ਜਰੂਰ ਕੰਮ ਆਉਂਦਾ ਹੈ।
ਸੋਚ ਨੂੰ ਬਦਲਣ ਦੀ ਲੋੜ:
ਅੱਜ ਸਾਰੇ ਖੇਤਰਾਂ ਵਿੱਚ ਭਾਰਤ ਦੀ ਤੁਲਨਾ ਚੀਨ ਨਾਲ ਹੋ ਰਹੀ ਹੈ। ਚੀਨ ਸਾਡੇ ਤੋਂ ਬਹੁਤ ਸਾਰੀਆਂ ਚੀਜਾਂ ਵਿੱਚ ਅੱਗੇ ਹੈ ਤੇ ਇਹ ਫਰਕ ਵਧ ਵੀ ਰਿਹਾ ਹੈ। ਇਸਦਾ ਬੱਸ ਇੱਕੋ ਕਾਰਨ ਹੈ, ਉੱਥੇ ਕ੍ਰਇਏਟੀਵਿਟੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਜੋ ਜਿਸ ਸਬਜੈਕਟ ਜਾਂ ਫੀਲਡ ਵਿੱਚ ਬਿਹਤਰ ਕਰ ਰਿਹਾ ਹੈ, ਉਸ ਨੂੰ ਉਸੇ ਵਿੱਚ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਇੱਥੇ ਹਾਲੇ ਇਸ ਤਰਾਂ ਦੀ ਸੋਚ ਵਿਕਸਤ ਨਹੀਂ ਹੋਈ। ਅਸੀਂ ਓਵਰਆਲ ਪਰਫਾਰਮੈਂਸ ਦੀ ਗੱਲ ਕਰਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ‘ਕੰਪਲੀਟ’ ਸ਼ਬਦ ਵਿੱਚ ਹਮੇਸ਼ਾ ਨਵਾਂ ਕਰਨ ਦੀ ਗੁੰਜਾਇਸ਼ ਬਣੀ ਰਹਿੰਦੀ ਹੈ । ਦੂਜਿਆਂ ਦੀਆਂ ਕਮੀਆਂ ਨਾਂ ਕੱਢੋ। ਪਹਿਲਾਂ ਖੁਦ ਨੂੰ ਦੇਖੋ। ਜ਼ਮੀਨੀ ਪੱਧਰ’ਤੇ ਜੋ ਕੰਮ ਨੂੰ ਅਕਾਰ ਦਿੰਦਾ ਹੈ, ਅਸਲ ਸਫਲਤਾ ਉਸ ਨੂੰ ਹੀ ਹਾਸਲ ਹੁੰਦੀ ਹੈ।
ਗਲਤੀਆਂ ਤੋਂ ਹਮੇਸ਼ਾ ਸਿੱਖਦੇ ਰਹੋ:
ਗਲਤੀਆਂ ਕਿਸ ਤੋਂ ਨਹੀਂ ਹੁੰਦੀਆਂ ਪਰ ਇਨਾਂ ਤੋਂ ਡਰ ਕੇ ਕੰਮ ਬੰਦ ਕਰਨਾ ਸਭ ਤੋਂ ਵੱਡੀ ਗਲਤੀ ਹੈ। ਗਲਤੀਆਂ ਤੋਂ ਹੀ ਅਸੀਂ ਸਿੱਖਦੇ ਹਾਂ। ਨਵੇਂ ਪ੍ਰਯੋਗ ਕਰਨ ਤੋਂ ਕਦੇ ਨਾਂ ਡਰੋ। ਇੱਥੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤੀਆਂ ‘ਤੇ ਬੱਚਿਆਂ ਨੂੰ ਡੀਮੋਰਲਾਈਜ਼ ਨਾਂ ਕਰਨ। ਉਨਾਂ ਦੀ ਮਦਦ ਕਰਨ। ਫਿਰ ਦੇਖਿਓ ਉਹ ਕਿੰਨੀ ਤੇਜ਼ੀ ਨਾਲ ਅੱਗੇ ਵੱਧਦੇ ਹਨ। ਕਿਸੇ ਦੇ ਨੈਗੇਟਿਵ ਪੁਆਇੰਟਸ ਨੂੰ ਗਿਣਾਉਣ ਦੀ ਬਜਾਏ ਪੋਜ਼ਟਿਵ ਪੁਆਇੰਟਸ ਹੀ ਗਿਣਾਓ। ਸਗੋਂ ਖੁਦ ਆਪਣੇ ਨੈਗੇਟਿਵ ਪੁਆਇੰਟਸ ਤੇ ਝਾਤ ਮਾਰੋ ਇੱਕ ਨਹੀਂ ਕਈ ਮਿਲ ਜਾਣਗੇ।
ਟੈਲੇਂਟ ਦੀ ਭਾਲ ਕਰੋ:
ਅੱਜ ਜੋ ਟੈਲੇਂਟਿਡ ਵਿਦਿਆਰਥੀ ਸਾਡੇ ਸਾਹਮਣੇ ਹਨ, ਉਨਾਂ ਤੋਂ ਕਿਤੇ ਜ਼ਿਆਦਾ ਗੁੰਮਨਾਮੀਆਂ ਵਿੱਚ ਗੁਮ ਹੋ ਗਏ ਹਨ। ਬਹੁਤ ਸਾਰੇ ਲੋਕ ਟੈਲੇਂਟ ਦਾ ਪੈਮਾਨਾ ਨੰਬਰ ਮੰਨਦੇ ਹਨ ਪਰ ਐਵਰੇਜ਼ ਸਟੂਡੈਂਟ ਜਾਂ ਫਿਰ ਉਸ ਤੋਂ ਵੀ ਹੇਠਾਂ ਦੇ ਵਿਦਿਆਰਥੀ ਵਿੱਚ ਵੀ ਗਜ਼ਬ ਦਾ ਟੈਲੇਂਟ ਹੁੰਦਾ ਹੈ। ਉਨਾਂ ਕੋਲ ਵੱਖ ਵੱਖ ਤਰਾਂ ਦਾ ਨਜ਼ਰੀਆ ਹੁੰਦਾ ਹੈ, ਜੋ ਸਾਨੂੰ ਹੈਰਾਨੀ ਵਿੱਚ ਪਾ ਦਿੰਦਾ ਹੈ ਪਰ ਅਸੀਂ ਇਹਨਾਂ ਨੂੰ ਠੀਕ ਤਰਾਂ ਨਾਲ ਸਮਾਜ ਦੇ ਸਾਹਮਣੇ ਨਹੀਂ ਲਿਆ ਰਹੇ ਹਾਂ। ਸਾਡੇ ਵਿਚਕਾਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਟੈਲੇਂਟ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਇਨਾਂ ਤੋਂ ਬਚਦੇ ਹੋਏ ਵਿਦਿਆਰਥੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਜੇ ਵਿਦਿਆਰਥੀ ਇਨਾਂ ਕਮੀਆਂ ਨੂੰ ਦੂਰ ਕਰ ਲੈਣ, ਤਾਂ ਉਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਸਾਨੂੰ ਸਭ ਨੂੰ ਆਪਣੇ ਆਪ ਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕੋਈ ਵੀ ਜੋਖਮ ਜਾਂ ਕੰਮ ਵਧੀਆ ਤਰੀਕੇ ਨਾਲ ਕਰਕੇ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਜਿੰਨਾਂ ਨੇ ਖੁਦ ਤੇ ਭਰੋਸਾ ਕੀਤਾ ਹੈ ਅੱਜ ਉਹ ਉੱਚੇ ਮੁਕਾਮ ਤੇ ਪਹੁੰਚ ਚੁੱਕੇ ਹਨ ਸੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਗਰ ਜਿੰਦਗੀ ਵਿੱਚ ਤਰੱਕੀ ਕਰਨੀ ਹੈ ਤਾਂ ਸਾਨੂੰ ਖੁਦ ਤੇ ਭਰੋਸਾ ਰੱਖ ਕੇ ਮਿਹਨਤ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।

ਲੇਖਕ : ਪ੍ਰਮੋਦ ਧੀਰ ਜੈਤੋ
ਕੰਪਿਊਟਰ ਅਧਿਆਪਕ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਰੋੜੀਕਪੂਰਾ (ਫਰੀਦਕੋਟ)
ਮੋਬਾਇਲ ਨੰਬਰ 98550-31081

Share Button

Leave a Reply

Your email address will not be published. Required fields are marked *