ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਨਹੀਂ ਲੱਗਣ ਦਿੰਦੀਆਂ ਕਾਪੀਆਂ ‘ਤੇੇ ਛਪੀਆਂ ਫਿਲਮੀ ਜਿਲਦਾਂ

ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਨਹੀਂ ਲੱਗਣ ਦਿੰਦੀਆਂ ਕਾਪੀਆਂ ‘ਤੇੇ ਛਪੀਆਂ ਫਿਲਮੀ ਜਿਲਦਾਂ
(ਸਕੂਲੀ ਪਾਠਕ੍ਰਮ ਦੀਆਂ ਕਾਪੀਆਂ ‘ਤੇ ਫਿਲਮੀ ਐਕਟਰਾਂ ‘ਤੇ ਗਾਇਕਾਂ ਦੀ ਫੋਟੋ ਵਾਲੀਆਂ ਜਿਲਦਾਂ ਨਹੀਂ ਹੋਣੀਆਂ ਚਾਹੀਦੀਆਂ)

ਬਾਜ਼ਾਰ ਵਿੱਚ ਵਿਕ ਰਹੀਆਂ ਕਾਪੀਆਂ ਦੀਆਂ ਜਿਲਦਾਂ ਦੇ ਪੋਸਟਰ।

ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ ‘ਤੇ ‘ਆਦਰਸ਼’ ਦੀ ਥਾਂ ‘ਅਨੈਤਿਕਤਾ’ ਪਰੋਸੀ ਜਾ ਰਹੀ ਹੈ। ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦਾ ਨਾਅਰਾ ਤਾਂ ਭਾਵੇਂ ਸਕੂਲਾਂ ਦੇ ਮੁੱਖ ਗੇਟਾਂ ‘ਤੇ ਲਿਖਿਆ ਮਿਲਦਾ ਹੈ ਪਰ ਇਨਾਂ ਵਿਚ ਪੜਦੇ ਬੱਚਿਆਂ ਦੇ ਬਸਤਿਆਂ ਵਿਚ ਜੋ ਕਾਪੀਆਂ (ਨੋਟ ਬੁੱਕਸ) ਹੁੰਦੀਆਂ ਹਨ, ਉਨਾਂ ਦੀਆਂ ਜਿਲਦਾਂ ‘ਤੇ ਫਿਲਮੀ ਐਕਟਰਾਂ,ਐਕਟਰਸਾਂ, ਗਾਇਕਾਂ, ਮਾਡਲਾਂ, ਖਿਡਾਰੀਆਂ, ਫਿਲਮਾਂ ਆਦਿ ਦੀਆਂ ਫੋਟੋ ਛਪੀਆਂ ਹੁੰਦੀਆਂ ਹਨ ਜੋ ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਇਕਾਗਰ ਨਹੀਂ ਹੋਣ ਦਿੰਦੀਆਂ। ਉਨਾਂ ਦੀਆਂ ਜਿਲਦਾਂ ‘ਤੇ ‘ਸਰਦਾਰਾ ਮੇਰੀ ਕਾਲੀ ਗੁੱਤ ਨੇ ਡੰਗ ਸੱਪਾਂ ਨੂੰ ਸਿਖਾਏ ਹੋਏ ਨੇ’, ‘ਸਾਨੂੰ ਬੱਲੀਏ ਨੀਂ ਦੇਖ-ਦੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇੇ’ ਅਤੇ ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਐ, ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ’ ਜਿਹੇ ਗੀਤਾਂ ਦੇ ਗਾਇਕਾਂ ਦੀਆਂ ਤਸਵੀਰਾਂ ਛਪੀਆਂ ਹੁੰਦੀਆਂ ਹਨ। ਕਾਪੀਆਂ ਦੀਆਂ ਜਿਲਦਾਂ ‘ਤੇ ਗੀਤਾਂ ਦੇ ਮੁਖੜੇ ਅਤੇ ਸਿਰਲੇਖ ਵੀ ਲਿਖੇ ਹੁੰਦੇ ਹਨ। ਇਨਾਂ ਕਾਪੀਆਂ ਨੂੰ ਆਕਰਸ਼ਕ ਬਣਾਉਣ ਲਈ ਵੱਧ ਤੋਂ ਵੱਧ ਰੰਗ-ਬਿਰੰਗਾ ਅਤੇ ਭੜਕੀਲਾ ਕੀਤਾ ਜਾਂਦਾ ਹੈ। ਇਨਾਂ ਕਾਪੀਆਂ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਪਹਿਚਾਨਣਾ ਔਖਾ ਹੋ ਜਾਂਦਾ ਹੈ ਕਿ ਇਹ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ ਹਨ ਜਾਂ ਕਿਸੇ ਫਿਲਮ ਅਤੇ ਗੀਤਾਂ ਵਾਲੀ ਸੀ.ਡੀ. ਦਾ ਕਵਰ ਪੇਜ਼ ਹੈ। ਮਨੋਵਿਸ਼ਲੇਸ਼ਕਾਂ ਅਨੁਸਾਰ ਸਕੂਲੀ ਕਾਪੀਆਂ ਦਾ ਇਹ ‘ਰੂਪ’ ਨਾ ਸਿਰਫ ਬਾਲ ਮਨਾਂ ਦੀ ‘ਮਨੋਦਿਸ਼ਾ’ ਅਤੇ ‘ਮਨੋਦਸ਼ਾ’ ਨੂੰ ਹੀ ਵਿਗਾੜਦਾ ਹੈ ਸਗੋਂ ਸਕੂਲਾਂ ਅਤੇ ਘਰਾਂ ਵਿੱਚ ਪੜਾਈ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਕੂਲੀ ਕਾਪੀਆਂ ਦਾ ਮੌਜੂਦਾ ਰੂਪ ਵਿੱਦਿਅਕ ਮਾਹੌਲ ਦੇ ਅਨੁਕੂਲ ਨਹੀਂ ਹੈ। ਸਕੂਲੀ ਕਾਪੀ ‘ਤੇ ਬਣੇ ਗਾਣੇ ਦੇ ਦ੍ਰਿਸ਼ ਦੇਖ ਕੇ ਬੱਚੇ ਆਪ ਮੁਹਾਰੇ ਉਹੀ ਗਾਣਾ ਗੁਣਗੁਣਾਉਣ ਲੱਗ ਪੈਂਦੇ ਹਨ ਜਾਂ ਫਿਰ ਦਿਮਾਗ ਵਿਚ ਉਸੇ ਗਾਣੇ,ਐਕਟਰ,ਗਾਇਕ ਆਦਿ ਦੇ ਫਿਮਾਂਕਣ ਬਾਰੇ ਸੋਚਣ ਲੱਗ ਪੈਂਦੇ ਹਨ। ਕਾਪੀਆਂ ਦੇ ਨਿਰਮਾਤਾਵਾਂ ਅਤੇ ਗਾਇਕਾਂ, ਅਦਾਕਾਰਾਂ ਵੱਲੋਂ ਕੀਤੇ ਵਪਾਰਕ ਸਮਝੌਤੇ ਤਹਿਤ ਹੀ ਕਾਪੀਆਂ ਦੀਆਂ ਅਜਿਹੀਆਂ ਜਿਲਦਾਂ ਤਿਆਰ ਕੀਤੀਆਂ ਜਾਂਦੀਆਂ ਹਨ ਤਾਂ ਜੋ ਗਾਇਕਾਂ, ਅਦਾਕਾਰਾਂ ‘ਤੇ ਖਿਡਾਰੀਆਂ ਦੀ ਮਸ਼ਹੂਰੀ ਘਰ ਘਰ ਅਤੇ ਬੱਚੇ ਬੱਚੇ ਤੱਕ ਹੋ ਜਾਵੇ। ਇਹ ਬੜੀ ਤਰਾਸਦੀ ਹੈ ਕਿ ਪੰਜਾਬ ਦੇ ਮਹਾਨ ਨਾਇਕਾਂ, ਸੂਰਬੀਰਾਂ,ਯੋਧਿਆਂ,ਦੇਸ਼ ਭਗਤਾਂ,ਜਰਨਲ ਨਾਲਿਜ਼ ਦੀਆਂ ਗੱਲਾਂ ਆਦਿ ਨੂੰ ਵਿਸਾਰ ਕੇ ਊਲ-ਜਲੂਲ ਗਾਉਣ ਵਾਲਿਆਂ ਨੂੰ ਵਿਦਿਆਰਥੀਆਂ ਦੇ ਬਸਤਿਆਂ ਅਤੇ ਪੜਨ ਸਮੱਗਰੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜਿਸ ‘ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ‘ਤੇ ਉਨਾਂ ਦੇ ਮਾਪਿਆਂ ਨੂੰ ਇਸ ਤਰਾਂ ਦੀਆਂ ਘਟੀਆ ਜਿਲਦਾਂ ਵਾਲੀਆਂ ਕਾਪੀਆਂ ਨਹੀਂ ਖਰੀਦਣੀਆਂ ਚਾਹੀਦੀਆਂ ਤੇ ਨਾਂ ਹੀ ਅਖਬਾਰਾਂ ਦੇ ਫਿਲਮੀ ਪੇਜ ਵਾਲੀਆਂ ਜਿਲਦਾਂ ਕਾਪੀਆਂ ਕਿਤਾਬਾਂ ਆਦਿ ਤੇ ਚੜਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਇਸ ਤਰਾਂ ਦੇ ਕਵਰ ਤਿਆਰ ਕਰਨ ਵਾਲੀਆਂ ਕੰਪਨੀਆਂ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ‘ਅਨੈਤਿਕਤਾ’ ਦੀ ਥਾਂ ਤੇ ‘ਆਦਰਸ਼’ ਵੱਲ ਵਧ ਸਕਣ ਤੇ ਉਹਨਾਂ ਦੀ ਪੜਾਈ ਤੋਂ ਇਕਾਗਰਤਾ ਭੰਗ ਨਾਂ ਹੋਵੇ ਅਤੇ ਉਹ ਮਨ ਲਗਾ ਕੇ ਪੜਾਈ ਕਰਦੇ ਹੋਏ ਸਫਲਤਾ ਦੀਆਂ ਪਾਉੜੀਆਂ ਚੜ ਸਕਣ।

ਲੇਖਕ:
ਪ੍ਰਮੋਦ ਧੀਰ ਜੈਤੋ
ਕੰਪਿਊਟਰ ਅਧਿਆਪਕ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੋੜੀਕਪੂਰਾ (ਫਰੀਦਕੋਟ)

Share Button

Leave a Reply

Your email address will not be published. Required fields are marked *

%d bloggers like this: