Fri. Jul 19th, 2019

ਰਿਓ ਓਲੰਪਿਕ ਖੇਡਾਂ ਜਾਹੋਜਲਾਹਾ ਨਾਲ ਸੰਪਨ

ਰਿਓ ਓਲੰਪਿਕ ਖੇਡਾਂ ਜਾਹੋਜਲਾਹਾ ਨਾਲ ਸੰਪਨ

22-17
31ਵੀਂ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਰਿਓ ਡੀ ਜਨਾਰੀਓ ਵਿੱਚ ਇਤਿਹਾਸਕ ਪੰਨ੍ਹਿਆਂ ਵਿੱਚ ਆਪਣੀ ਪਛਾਣ ਬਣਾਉਂਦੀਆ ਸੰਪਨ ਹੋਈਆਂ। ਸਾਊਥ ਅਫਰੀਕਾ ਨੇ ਓਲੰਪਿਕ ਖੇਡਾਂ ਦਾ ਆਯੋਜਨ ਪਹਿਲੀ ਵਾਰ ਕੀਤਾ ਹੈ। ਇਨ੍ਹਾਂ ਓਲੰਪਿਕ ਖੇਡਾਂ ਵਿੱਚ ਕਈ ਨਵੇਂ ਸਟਾਰ ਖਿਡਾਰੀ ਉੱਭਰ ਕੇ ਸਾਹਮਣੇ ਆਏ। ਕਈ ਪੁਰਾਣੇ ਰਿਕਾਰਡ ਟੁੱਟੇ ਤੇ ਨਵੇਂ ਰਿਕਾਰਡ ਬਣੇ। ਰਿਓ ਵਿੱਚ ਪੂਰੀ ਦੁਨੀਆਂ ਦੇ ਕੁੱਲ 205 ਦੇਸ਼ਾਂ ਦੇ 11,303 ਖਿਡਾਰੀਆਂ ਨੇ ਇਨ੍ਹਾਂ ਓਲੰਪਿਕ ਖੇਡਾਂ ਦੀ ਸ਼ਾਨ ਨੂੰ ਚਾਰ ਚੰਨ੍ਹ ਲਾਏ। ਇਨ੍ਹਾਂ ਓਲੰਪਿਕ ਖੇਡਾਂ ਵਿੱਚ 45 ਪ੍ਰਤੀਸ਼ਤ ਮਹਿਲਾਵਾਂ ਦੀ ਭਾਗੀਦਾਰੀ ਰਹੀ। ਇਸ ਰਿਓ ਓਲੰਪਿਕ ਵਿੱਚ ਲਗਭਗ 64 ਨਵੇਂ ਓਲੰਪਿਕ ਰਿਕਾਰਡ ਤੇ 19 ਨਵੇਂ ਵਰਲਡ ਰਿਕਾਰਡ ਬਣੇ। ਸਾਲ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਲਗਭਗ 11 ਵਰਲਡ ਰਿਕਾਰਡ ਬਣੇ ਸਨ। ਇਨ੍ਹਾਂ ਖੇਡਾਂ ਵਿੱਚ 60 ਤਗਮੇ ਜਿਨ੍ਹਾਂ ਵਿਚੋਂ 14 ਸੋਨ ਤਗਮੇ ਯੂਥ ਖਿਡਾਰੀਆਂ ਨੇ ਜਿੱਤੇ। ਇਸ ਰਿਓ ਓਲੰਪਿਕ ਖੇਡਾਂ ਦੀ ਬ੍ਰਾਜ਼ੀਲ ਨੇ ਮੇਜ਼ਬਾਨੀ ਕਰਕੇ ਪੂਰੀ ਦੁਨੀਆਂ ਦੀ ਵਾਹਵਾਹ ਖੱਟੀ। ਇਨ੍ਹਾਂ ਖੇਡਾਂ ਵਿੱਚ ਲਗਭਗ 5000 ਤੋਂ ਉੱਪਰ ਖਿਡਾਰੀਆਂ ਦੇ ਡੋਪ ਟੈਸਟ ਲਏ ਗਏ। ਰਿਓ ਓਲੰਪਿਕ ਖੇਡਾਂ ਨੂੰ ਪੂਰੀ ਦੁਨੀਆਂ ਨੇ ਟੀ.ਵੀ., ਰੇਡਿਓ, ਸੋਸ਼ਲ ਮੀਡੀਆ ਰਾਹੀਂ ਪਲਪਲ ਦੀ ਜਾਣਕਾਰੀ ਹਾਸਲ ਕੀਤੀ। ਰਿਓ 2016 ਐਪ ਵੀ ਦਰਸ਼ਕਾਂ ਲਈ ਬੜਾ ਕਾਰਗਰ ਸਾਬਤ ਹੋਇਆ। ਜੇਕਰ ਗੱਲ ਰਿਓ ਓਲੰਪਿਕ ਦੇ ਖਿਡਾਰੀਆਂ ਦੀ ਕਰੀਏ ਤਾਂ ਦੁਨੀਆਂ ਦੇ ਦੋ ਮਹਾਨ ਖਿਡਾਰੀ ਸਭ ਤੋਂ ਤੇਜ਼ ਦੌੜਾਕ ਉਸੇਨ ਬੁਲੇਟ ਤੇ ਸਟਾਰ ਤੈਰਾਕ ਮਾਈਕਲ ਫਿਲੀਪਸ ਉੱਪਰ ਪੂਰੀ ਦੁਨੀਆਂ ਦੀ ਨਜ਼ਰ ਰਹੀ। ਉਸੇਨ ਬੁਲੇਟ ਨੇ 100 ਮੀਟਰ, 200 ਮੀਟਰ, 4&100 ਮੀਟਰ ਤਿਨੋਂ ਇਵੈਂਟਾਂ ਵਿੱਚ ਸੋਨ ਤਗਮਾ ਜਿੱਤਕੇ ਗੋਲਡਨ ਅਥਲੀਟ ਦਾ ਖਿਤਾਬ ਹਾਸਲ ਕੀਤਾ। ਦੂਜੇ ਮਹਾਨ ਤੈਰਾਕ ਮਾਈਕਲ ਫਿਲੀਪਸ ਨੇ ਓਲੰਪਿਕ ਖੇਡਾਂ ਵਿੱਚ ਆਪਣਾ 23ਵਾਂ ਸੋਨ ਤਗਮਾ ਜਿੱਤਕੇ ਇਤਿਹਾਸ ਦੇ ਪੰਨ੍ਹਿਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਮਾਈਕਲ ਫਿਲੀਪਸ ਦੁਨੀਆਂ ਦਾ ਪਹਿਲਾ ਖਿਡਾਰੀ ਬਣਿਆ ਜਿਸਨੇ ਓਲੰਪਿਕ ਖੇਡਾਂ ਵਿੱਚ 23 ਸੋਨ ਤਗਮੇ ਜਿੱਤੇ ਹੋਣ।
ਇਨ੍ਹਾਂ ਰਿਓ ਓਲੰਪਿਕ ਖੇਡਾਂ ਵਿੱਚ ਅਮਰੀਕਾ ਨੇ ਇਕ ਵਾਰੀ ਫੇਰ ਪੂਰੀ ਦੁਨੀਆਂ ਨੂੰ ਇਹ ਦਿਖਾ ਦਿੱਤਾ ਕਿ ਅੱਜ ਵੀ ਖੇਡਾਂ ਦੀ ਦੁਨੀਆਂ ਵਿੱਚ ਅਮਰੀਕਾ ਦੀ ਸਰਦਾਰੀ ਕਾਇਮ ਹੈ। 31ਵੀਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅਮਰੀਕਾ ਨੇ ਪਹਿਲੇ ਦਿਨ ਤੋਂ ਲੈਕੇ ਖੇਡਾਂ ਦੇ ਅਖਿਰਲੇ ਦਿਨ ਤੱਕ ਸੋਨ ਤਗਮਿਆਂ ਦੀ ਝੜੀ ਲਗਾਈ ਰੱਖੀ। ਅਮਰੀਕੀ ਦਲ ਵਿੱਚ ਕੁੱਲ 38 ਖੇਡਾਂ ਦੇ 332 ਇਵੈਂਟਾਂ ਲਈ 702 ਅਥਲੀਟਾਂ ਨੇ ਆਪਣੀ ਚੁਣੋਤੀ ਪੇਸ਼ ਕੀਤੀ। ਜਿਸ ਵਿੱਚ ਅਮਰੀਕਾ 46 ਸੋਨ, 37 ਚਾਂਦੀ ਤੇ 38 ਕਾਂਸੀ ਕੁਲ 121 ਤਗਮੇ ਜਿੱਤਣ ਵਿੱਚ ਸਫਲ ਹੋਇਆ। ਓਲੰਪਿਕ ਇਤਿਹਾਸ ਵਿੱਚ ਅਮਰੀਕਾ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਨੂੰ ਛੱਡ ਬਾਕੀ ਸਾਰੀਆਂ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਰਿਹਾ ਹੈ। ਜੇਕਰ ਗੱਲ ਇੰਗਲੈਂਡ ਦੀ ਕਰੀਏ ਤਾਂ ਇੰਗਲੈਂਡ ਨੇ ਰਿਓ ਓਲੰਪਿਕ ਖੇਡਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇੰਗਲੈਂਡ ਦਲ ਵਿੱਚ ਕੁੱਲ 31 ਖੇਡਾਂ ਦੇ 295 ਇਵੈਂਟਾਂ ਲਈ 372 ਅਥਲੀਟਾਂ ਨੇ ਦਾਅਵੇਦਾਰੀ ਪੇਸ਼ ਕੀਤੀ। ਜਿਸ ਵਿੱਚ 27 ਸੋਨ, 23 ਚਾਂਦੀ, 17 ਕਾਂਸੇ ਕੁਲ 67 ਤਗਮੇ ਜਿੱਤ ਇੰਗਲੈਂਡ ਦੀ ਝੋਲੀ ਪਾਏ। ਹੁਣ ਤੱਕ ਇੰਗਲੈਂਡ ਨੇ 27 ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਚੀਨ ਨੇ ਵੀ ਬਹੁਤ ਸ਼ਾਨਦਾਰ ਪ੍ਰਦਸ਼ਰਨ ਕੀਤਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਰਿਓ ਓਲੰਪਿਕ ਵਿੱਚ 35 ਖੇਡਾਂ ਦੇ 27 ਇਵੈਂਟਾਂ ਲਈ 406 ਅਥਲੀਟਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ। ਜਿਸ ਵਿੱਚ 26 ਸੋਨ, 18 ਚਾਂਦੀ ਤੇ 26 ਕਾਂਸੇ ਦੇ ਕੁਲ 70 ਤਗ਼ਮੇ ਜਿੱਤਣ ਵਿੱਚ ਸਫਲ ਹੋਏ। ਚੀਨ ਵੀ ਖੇਡਾਂ ਦੀ ਦੁਨੀਆਂ ਵਿੱਚ ਆਪਣਾ ਅਹਿਮ ਸਥਾਨ ਰੱਖਦੀ ਹੈ। ਚੀਨ ਨੇ ਪਹਿਲੀ ਵਾਰ 1932 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ, ਫਿਰ ਲਗਾਤਾਰ 32 ਸਾਲ ਉਸਨੇ ਓਲੰਪਿਕ ਖੇਡਾਂ ਵਿੱਚ ਭਾਗ ਲੈਣਾ ਬੰਦ ਕਰ ਦਿੱਤਾ ਤੇ 1984 ਦੀਆਂ ਲਾੱਸ ਏਂਜਲਸ ਓਲੰਪਿਕ ਖੇਡਾਂ ਵਿੱਚ ਫੇਰ ਚੀਨ ਨੇ ਆਪਣੇ ਖਿਡਾਰੀਆਂ ਨੂੰ ਭੇਜਿਆ। ਹੁਣ ਤੱਕ ਚੀਨ 12 ਓਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ।
ਜੇਕਰ ਗੱਲ ਭਾਰਤ ਦੀ ਕਰੀਏ ਤਾਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਸੰਨ 1900 ਈ. ਤੋਂ ਆਪਣਾ ਓਲੰਪਿਕ ਦਾ ਸਫ਼ਰ ਸ਼ੁਰੂ ਕੀਤਾ। 1928 ਤੋਂ 1980 ਤੱਕ ਭਾਰਤ ਦੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ 8 ਸੋਨ ਤਗਮੇ ਜਿੱਤੇ। ਭਾਰਤ ਨੇ ਹੁਣ ਤੱਕ 23 ਵਾਰੀ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਹੈ। ਭਾਰਤ ਓਲੰਪਿਕ ਖੇਡਾਂ ਵਿੱਚ ਕੁਲ 9 ਸੋਨ, 4 ਚਾਂਦੀ ਤੇ 11 ਕਾਂਸੇ ਦੇ ਤਗ਼ਮੇ ਜਿੱਤਣ ਵਿੱਚ ਸਫ਼ਲ ਹੋਇਆ ਹੈ। 31ਵੀਂ ਰਿਓ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਦਲ ਓਲੰਪਿਕ ਖੇਡਾਂ ਲਈ ਭੇਜਿਆ ਸੀ। ਭਾਰਤੀ ਦਲ ਨੇ ਕੁਲ 15 ਖੇਡਾਂ ਤੇ 223 ਇਵੈਂਟਾਂ ਲਈ 119 ਅਥਲੀਟਾਂ ਨੂੰ ਮੈਦਾਨ ਉਤਾਰਿਆ ਸੀ। ਪਰ ਦੁਨੀਆਂ ਦੀ ਦੂਜੇ ਨੰਬਰ ਤੇ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਭਾਰਤ ਸਿਰਫ਼ ਦੋ ਤਗਮੇ ਜਿੱਤਣ ਹੀ ਸਫਲ ਹੋ ਸਕਿਆ। ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚਾਂਦੀ ਦਾ ਤਗ਼ਮਾ ਤੇ ਸਾਕਸ਼ੀ ਮਲਿਕ ਨੇ ਕੁਸ਼ਤੀ 58 ਕਿਲੋਗ੍ਰਾਮ ਵਿੱਚ ਕਾਂਸੀ ਦਾ ਤਗਮਾ ਭਾਰਤ ਲਈ ਜਿੱਤਿਆ। ਭਾਰਤ ਦੇ ਦਿਗਜ਼ ਖਿਡਾਰੀ ਅਭਿਨਵ ਬਿੰਦਰਾ, ਯੋਗੇਸ਼ਵਰ ਦੱਤ, ਸਾਇਨਾ ਨੇਹਵਾਲ, ਸਾਨੀਆ ਮਿਰਜ਼ਾ ਅਤੇ ਹੋਰ ਅਨੇਕਾਂ ਖਿਡਾਰੀ ਜਿਨ੍ਹਾਂ ਤੋਂ ਤਗਮਿਆਂ ਦੀ ਆਸ ਸੀ, ਪਰ ਉਹ ਆਪਣੀ ਕੋਸ਼ਿਸ਼ ਨੂੰ ਤਗਮਿਆਂ ਵਿੱਚ ਤਬਦੀਲ ਕਰਨ ਵਿੱਚ ਸਫਲ ਨਾ ਹੋ ਸਕੇ। ਭਾਵੇਂ ਭਾਰਤ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਨਾ ਸਮਝਿਆ ਜਾਵੇ, ਪਰ ਅੱਜ ਦੀਪਾ ਕਰਮਾਕਰ, ਪੀ.ਵੀ. ਸਿੰਧੂ, ਸਾਕਸ਼ੀ ਮਲਿਕ ਵਰਗੀਆਂ ਖਿਡਾਰਨਾਂ ‘ਤੇ ਪੂਰੇ ਭਾਰਤ ਨੂੰ ਮਾਣ ਹੈ ਕਿਉਂਕਿ ਇਨ੍ਹਾਂ ਖਿਡਾਰਨਾਂ ਨੇ ਹੀ ਭਾਰਤ ਦੀ ਸ਼ਾਖ਼ ਨੂੰ ਬਚਾਇਆ ਹੈ। ਆਸ ਕਰਦੇ ਹਾਂ ਕਿ ਇਨ੍ਹਾਂ ਖੇਡ ਨਤਿਜਿਆਂ ਤੋਂ ਬਾਅਦ ਭਾਰਤੀ ਖੇਡ ਅਥਾਰਿਟੀ, ਸਪੋਰਟਸ ਐਸੋਸੀਏਸ਼ਨ, ਖੇਡ ਪ੍ਰਬੰਧਧਕ ਤੇ ਖਿਡਾਰੀ ਜ਼ਰੂਰ ਸਬਕ ਲੈਣਗੇ ਕਿਉਂਕਿ ਖੇਡਾਂ ਹਰ ਦੇਸ਼ ਦੀ ਸ਼ਾਨ ਹੁੰਦੀਆਂ ਹਨ ਤੇ ਆਉਣ ਵਾਲੀਆਂ 2020 ਟੋਕਿਓ ਓਲੰਪਿਕ ਖੇਡਾਂ ਵਿੱਚ ਭਾਰਤ ਵੱਧ ਤੋਂ ਵੱਧ ਤਗ਼ਮੇ ਜਿੱਤਕੇ ਲਿਆਉਣ ਦੀ ਆਸ ਰੱਖਦਾ ਹੈ।000

ਖਿਡਾਰੀ ਖੇਡ ਮੈਦਾਨ ਤੋਂ

ਜਗਦੀਪ ਸਿੰਘ ਕਾਹਲੋਂ

ਅੰਤਰਰਾਸ਼ਟਰੀ ਸਾਇਕਲਿਸਟ

ਮੋਬਾ: 918288847042       

 

Leave a Reply

Your email address will not be published. Required fields are marked *

%d bloggers like this: