ਰਾਸ਼ਨ ਡਿਪੂ ਮਾਲਕਾਂ ਹੱਥੋਂ ਆਮ ਲੋਕਾਂ ਨੂੰ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਜਗਬੀਰ ਸਿੰਘ ਸੋਖੀ

ss1

ਰਾਸ਼ਨ ਡਿਪੂ ਮਾਲਕਾਂ ਹੱਥੋਂ ਆਮ ਲੋਕਾਂ ਨੂੰ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਜਗਬੀਰ ਸਿੰਘ ਸੋਖੀ
ਨੀਲੇ ਕਾਰਡ ਸੰਬੰਧੀ ਜਾਣਕਾਰੀ ਲੈਣ ਲਈ ਲੋਕ ਮੋਬਾਈਲ ਐਪ ‘ਨੀਲਾ ਕਾਰਡ’ ਦੀ ਵਰਤੋਂ ਕਰਨ

ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਸ੍ਰ. ਜਗਬੀਰ ਸਿੰਘ ਸੋਖੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਆਟਾ ਦਾਲ ਯੋਜਨਾ ਤਹਿਤ ਲੋੜਵੰਦਾਂ ਨੂੰ ਨੀਲੇ ਕਾਰਡਾਂ ਰਾਹੀਂ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ। ਦੇਖਣ ਵਿੱਚ ਆਇਆ ਹੈ ਕਿ ਕੁਝ ਰਾਸ਼ਨ ਡਿਪੂ ਮਾਲਕ ਲਾਭਪਾਤਰੀਆਂ ਨੂੰ ਇਹ ਵੰਡ ਕਰਨ ਵਿੱਚ ਖੱਜਲ ਖੁਆਰ ਕਰਦੇ ਹਨ, ਜੋ ਕਿ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਅਜਿਹੇ ਰਾਸ਼ਨ ਡਿਪੂ ਮਾਲਕ ਬਾਜ਼ ਨਾ ਆਏ ਤਾਂ ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਚਾਲੂ ਕੀਤੀਆਂ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸੋਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਉਥਾਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਰਾਸ਼ਨ ਡਿਪੂ ਮਾਲਕ ਲਾਭਪਾਤਰੀਆਂ ਨੂੰ ਖੱਜਲ ਖੁਆਰ ਕਰਦੇ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਨੀਲਾ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੀਲੇ ਕਾਰਡ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੋਬਾਈਲ ਐਪਲੀਕੇਸ਼ਨ ‘ਨੀਲਾ ਕਾਰਡ’ ਦੀ ਵਰਤੋਂ ਕਰਨ। ਪੰਜਾਬ ਸਰਕਾਰ ਦੀ ਹਦਾਇਤ ‘ਤੇ ਸਾਰੇ ਨੀਲਾ ਕਾਰਡ ਧਾਰਕਾਂ ਦੇ ਆਧਾਰ ਕਾਰਡ ਆਪਸ ਵਿੱਚ ਲਿੰਕ ਕੀਤੇ ਜਾਣੇ ਹਨ ਤਾਂ ਜੋ ਉਨਾਂ ਨੂੰ ਵੱਧ ਤੋਂ ਵੱਧ ਯੋਜਨਾਵਾਂ ਦਾ ਲਾਭ ਦਿੱਤਾ ਜਾ ਸਕੇ। ਇਸ ਸੰਬੰਧੀ ਵੀ ਡਿਪੂ ਮਾਲਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ‘ਨੀਲਾ ਕਾਰਡ’ ਐਪ ‘ਤੇ ਲਾਭਪਾਤਰੀ ਨੂੰ ਆਪਣਾ ਮੋਬਾਈਲ ਨੰਬਰ ਫੀਡ ਕਰਨਾ ਪਵੇਗਾ। ਜਿਸ ਉਪਰੰਤ ਉਸਨੂੰ ਵੰਨ ਟਾਈਮ ਪਾਸਵਰਡ (ਓ ਟੀ ਪੀ) ਮਿਲੇਗਾ। ਜਿਸ ਨੂੰ ਵਰਤਣ ‘ਤੇ ਉਹ ਉਸ ਐਪ ‘ਤੇ ਰਜਿਸਟਰਡ ਹੋ ਜਾਵੇਗਾ। ਬਾਅਦ ਵਿੱਚ ਉਸਨੂੰ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਨੰਬਰ ਭਰਨਾ ਪਵੇਗਾ। ਜਿਸ ਉਪਰੰਤ ਲਾਭਪਾਤਰੀ ਨੂੰ ਆਪਣੇ ਨੀਲੇ ਕਾਰਡ ਬਾਰੇ ਹਰ ਤਰਾਂ ਦੀ ਜਾਣਕਾਰੀ ਮਿਲ ਜਾਵੇਗੀ। ਇਹ ਵੀ ਪਤਾ ਲੱਗ ਜਾਵੇਗਾ ਕਿ ਕੀ ਉਸਦਾ ਆਧਾਰ ਕਾਰਡ ਨੰਬਰ ਉਸ ਨਾਲ ਲਿੰਕ ਹੋ ਗਿਆ ਹੈ ਜਾਂ ਨਹੀਂ ? ਇਸ ਤਰਾਂ ਰਾਸ਼ਨ ਲਾਭ ਪਾਤਰੀ ਨਾਲ ਕਿਸੇ ਵੀ ਤਰਾਂ ਦਾ ਧੋਖਾ ਨਹੀਂ ਹੋ ਸਕੇਗਾ। ਉਨਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਰਾਸ਼ਨ ਡਿਪੂ ਮਾਲਕ ਉਨਾਂ ਨੂੰ ਕਿਸੇ ਵੀ ਤਰਾਂ ਗੁੰਮਰਾਹ ਕਰਦਾ ਹੈ ਤਾਂ ਉਹ ਸੰਬੰਧਤ ਵਿਭਾਗ ਜਾਂ ਉਨਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ। ਉਨਾਂ ਕਿਹਾ ਕਿ ਇਸੇ ਤਰਾਂ ਪੰਜਾਬ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਵੀ ਸੰਬੰਧਤ ਭਾਈਚਾਰਿਆਂ ਅਤੇ ਕਿਸੇ ਵੀ ਜਾਤੀ ਦੇ ਅਪੰਗ ਵਿਅਕਤੀਆਂ ਦੀ ਭਲਾਈ ਕਈ ਆਰਥਿਕ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਵੱਖ-ਵੱਖ ਜ਼ਰੂਰਤਾਂ ਲਈ ਨਿਗਮ ਵੱਲੋਂ 20 ਲੱਖ ਰੁਪਏ ਤੱਕ ਦਾ ਕਰਜ਼ਾ ਸਿਰਫ਼ 8 ਫੀਸਦੀ ਵਿਆਜ਼ ਦੀ ਦਰ ਨਾਲ ਦਿੱਤਾ ਜਾਂਦਾ ਹੈ। ਉਨਾਂ ਕਿਹਾ ਇਨਾਂ ਯੋਜਨਾਵਾਂ ਦਾ ਲਾਭ ਲੈਣ ਲਈ ਲੋੜਵੰਦਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰ. ਸੋਖੀ ਨੇ ਪਿੰਡ ਖਵਾਜਕੇ ਅਤੇ ਪਿੰਡ ਰੌੜ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੀ ਵੰਡੇ।

Share Button

Leave a Reply

Your email address will not be published. Required fields are marked *