ਰਾਮਪੁਰਾ ਫੂਲ ਚ ਫਾਟਕਾਂ ਤੇ ਲੱਗੇ ਪੱਕੇ ਮੋਰਚੇ ਚ ਛੇਵੇਂ ਦਿਨ ਮੁਲਾਜ਼ਮਾਂ ਦਾ ਉਮੜਿਆ ਜਨ-ਸੈਲਾਬ

ਰਾਮਪੁਰਾ ਫੂਲ ਚ ਫਾਟਕਾਂ ਤੇ ਲੱਗੇ ਪੱਕੇ ਮੋਰਚੇ ਚ ਛੇਵੇਂ ਦਿਨ ਮੁਲਾਜ਼ਮਾਂ ਦਾ ਉਮੜਿਆ ਜਨ-ਸੈਲਾਬ
ਬੁਲਾਰਿਆਂ ਨੇ ਮੋਦੀ-ਬਾਦਲ ਜੋੜੀ ਤੇ ਸੇਧਿਆ ਨਿਸ਼ਾਨਾ

img-20161125-wa0124ਰਾਮਪੁਰਾ ਫੂਲ 25 ਨਵੰਬਰ (ਕੁਲਜੀਤ ਸਿੰਘ ਢੀਂਗਰਾ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੱਕੇ ਰੁਜ਼ਗਾਰ ਦੀ ਮੰਗ ਸਮੇਤ ਆਪਣੀਆਂ ਹੋਰ ਅਹਿਮ ਮੰਗਾਂ ਨੂੰ ਲੈ ਕੇ ਵਲੋਂ ਰਾਮਪੁਰਾ ਰੇਲਵੇ ਫਾਟਕਾਂ ‘ਤੇ ਅਣਮਿੱਥੇ ਸਮੇਂ ਲਈ ਲੱਗੇ ਮੋਰਚੇ ਨੂੰ ਆਏ ਰੋਜ਼ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਅੱਜ ਧਰਨੇ ਦੇ ਛੇਵੇਂ ਦਿਨ ਵੀ ਧਰਨੇ ਵਿਚ ਨਰਸਾਂ, ਅਧਿਆਪਕਾਵਾਂ, ਥਰਮਲਾਂ, ਜਲ ਸਪਲਾਈ ਐਂਡ ਸੈਨੀਟੇਸ਼ਨ ਤੇ ਹੋਰ ਮਹਿਕਮਿਆਂ ਦਾ ਮਹਿਲਾ ਕੇਡਰ ਬੱਚਿਆਂ ਅਤੇ ਪਰਿਵਾਰਾਂ ਸਮੇਤ ਵੱਡੀ ਗਿਣਤੀ ‘ਚ ਪਹੁੰਚਿਆ।ਇਸ ਮੌਕੇ ਬੋਲਦਿਆਂ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਥਰਮਲ ਪਲਾਂਟ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਤੋਂ ਰਜਿੰਦਰ ਸਿੰਘ ਢਿੱਲੋਂ, ਵੈਟੇਨਰੀ ਏ.ਆਈ. ਵਰਕਰਜ਼ ਯੂਨੀਅਨ ਪੰਜਾਬ ਤੋਂ ਮਾਨ ਸਿੰਘ ਪੋਲਾ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਰੇਸ਼ਮ ਸਿੰਘ ਗਿੱਲ, ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਹਰਮੀਤ ਸਿੰਘ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ, ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਦੀਦਾਰ ਸਿੰਘ ਮੁੱਦਕੀ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡਇੰਪ: ਕੰਟਰੈਕਟ ਵਰਕਰ ਅਤੇ ਲੇਬਰ ਯੂਨੀ. ਤੋਂ ਸ਼ੇਰ ਸਿੰਘ ਖੰਨਾ, ਰੈਗੂਲਰ ਐਂਡ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਪੀ.ਆਰ.ਟੀ.ਸੀ. ਤੋਂ ਜਸਪਾਲ ਸਿੰਘ, ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਤੋਂ ਵੀਰਪਾਲ ਕੌਰ ਸਿਧਾਨਾ, ਐੱਨ.ਆਰ.ਐੱਚ.ਐੱਮ. ਪੰਜਾਬ ਸਟਾਫ ਨਰਸਜ਼ ਇੰਮਪਲੋਇਜ਼ ਯੂਨੀਅਨ ਪੰਜਾਬ ਤੋਂ ਨਵਨੀਤ ਕੌਰ, ਮਾਡਲ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਤੋਂ ਡਾ. ਅਮ੍ਰਿਤਪਾਲ ਸਿੰਘ, ਪੀ.ਡਬਲਿਉ.ਡੀ. ਇਲੈਕਟ੍ਰੀਕਲ ਆਉਟਸੋਰਸਿੰਗ ਮੁੁਲਾਜ਼ਮ ਯੂਨੀਅਨ ਪੰਜਾਬ ਤੋਂ ਜਸਪ੍ਰੀਤ ਸਿੰਘ ਗਗਨ, ਸੀ.ਐੱਸ.ਐੱਸ. ਹਿੰਦੀ ਟੀਚਰ ਯੂਨੀਅਨ ਪੰਜਾਬ ਤੋਂ ਸ਼ਮਿੰਦਰ ਸਿੰਘ ਮਾਨ, ਕੰਨਟਰੈਕਟ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਤੋਂ ਨਿੰਦਰ ਕੌਰ, ਕਿਰਨਜੀਤ ਕੌਰ, ਆਈ.ਈ.ਵੀ. ਯੂਨੀਅਨ ਪੰਜਾਬ ਤੋਂ ਜਸਵੰਤ ਸਿੰਘ, ਪੰਜਾਬ ਕੰਨਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ ਯੂਨੀਅਨ ਤੋਂ ਗੁਰਦੀਪ ਸਿੰਘ ਮੋਗਾ ਨੇ ਕਿਹਾ ਕਿ ਇਕ ਪਾਸੇ ਅਕਾਲੀ-ਭਾਜਪਾ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦ ਕੇ ਲੋਕਾਂ ਦੀ ਸਿਹਤ ਸੁਧਾਰਨ ਲਈ ਵੱਡੇ ਹਸਪਤਾਲ ਖੋਲਣ ਦਾ ਪਾਖੰਡ ਕਰ ਰਹੀ ਹੈ ਤੇ ਦੂਜੇ ਪਾਸੇ ਸਮੂਹ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆ ਦਾ ਪੱਖ ਪੂਰ ਰਹੀ ਹੈ ਅਤੇ ਹੱਕੀ ਮੰਗਾਂ ਨੂੰ ਲੈ ਕੇ ਛੇ ਦਿਨਾਂ ਤੋਂ ਦਿਨ-ਰਾਤ ਦੇ ਧਰਨੇ ਤੇ ਬੈਠੇ ਠੇਕਾ ਮੁਲਾਜ਼ਮਾਂ ਦੀ ਅਣਦੇਖੀ ਕਰ ਰਹੀ ਹੈ।ਲਾਰਿਆਂ ਨੇ ਕਿਹਾ ਕਿ ਵਿੱਦਿਆ, ਸਿਹਤ, ਜਲ ਸਪਲਾਈ, ਥਰਮਲਜ਼, ਸੀਵਰੇਜ਼, ਟਰਾਂਸਪੋਰਟ, ਪਸ਼ੂ-ਪਾਲਣ, ਪੰਚਾਇਤੀ, ਪੀ.ਡਬਲਿਉ.ਡੀ. ਆਦਿ ਸਰਕਾਰੀ ਵਿਭਾਗਾ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਅਸਲ ਵਿਚ ਇਹਨਾਂ ਵਿਭਾਗਾ ਦੇ ਨਿੱਜੀ ਕਰਨ ਵਿਰੋਧੀ ਲੜਾਈ ਦਾ ਹੀ ਅੰਗ ਹੈ ਜੋ ਕੱਚੇ ਕਾਮਿਆਂ ਦੇ ਨਾਲ-ਨਾਲ ਸਮੂਹ ਲੋਕਾਂ ਦੀ ਮੰਗ ਬਣਦੀ ਹੈ।ਉਹਨਾਂ ਆਖਿਆ ਕਿ ਜੇਕਰ ਇਹਨਾਂ ਅਦਾਰਿਆਂ ਨੂੰ ਨਿੱਜੀ ਹੱਥਾ ਵਿਚ ਦੇ ਦਿਤਾ ਜਾਂਦਾ ਹੈ ਤਾਂ ਇਸ ਨਾਲ ਸਮੂਹ ਲੋਕਾਂ ਲਈ ਸਿਹਤ, ਸਿੱਖਿਆ, ਬਿਜਲੀ, ਪਾਣੀ, ਆਵਾਜਾਈ ਆਦਿ ਸਹੂਲਤਾਂ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜਿੱਥੇ ਇਹਨਾਂ ਵਿਭਾਗਾ ਦੇ ਮੁਲਾਜ਼ਮਾਂ ਨੂੰ ਠੇਕੇ ਤੇ ਰੱਖ ਕੇ ਨਿਗੁਣੀਆਂ ਤਨਖਾਹਾਂ ਦੇ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ।ਉੱਥੇ ਇਹਨਾਂ ਸਹੂਲਤਾਂ ਨੂੰ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਕਰਕੇ ਸਮੂਹ ਜਨਤਾ ਨਾਲ ਧ੍ਰੋਹ ਕਮਾ ਰਹੀ ਹੈ। ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿਚ ਸ਼ਾਮਿਲ ਹਰ ਤਰਾਂ ਦੇ ਠੇਕਾ, ਪ੍ਰੋਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਕੰਪਨੀਆਂ, ਠੇਕੇਦਾਰਾਂ, ਇੰਨਲਿਸਟਮੈਂਟ, ਆਉਟ-ਸੋਰਸਿੰਗ, ਸਵੈ-ਰੁਜ਼ਗਾਰ, ਸੁਸਾਇਟੀ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਸੰਬੰਧਤ ਵਿਭਾਗ ਵਿਚ ਸ਼ਿਫਟ ਕਰਕੇ ਪੂਰੀ ਤਨਖਾਹ ਸਮੇਤ ਭੱਤੇ ਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦਾ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਜਾਂਦਾ ਉਦੋਂ ਤੱਕ ਮੋਰਚੇ ਦਾ ਪੱਕਾ ਧਰਨਾ ਲਗਾਤਾਰ ਜਾਰੀ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਮੋਰਚੇ ਦੀਆਂ ਜਥੇਬੰਦੀਆਂ ਦੀਆਂ ਮੰਗਾਂ ਦੇ ਉਲਟ ਕੋਈ ਨੋਟੀਫਿਕੇਸ਼ਨ ਲੈ ਕੇ ਆਉਂਦੀ ਹੈ ਤਾਂ ਮੋਰਚਾ ਇਸ ਤੋਂ ਵੀ ਤਿੱਖਾ ਸੰਘਰਸ਼ ਕਰੇਗਾ।ਧਰਨੇ ਦੀ ਲਗਾਤਾਰਤਾ ਬਣਾਏ ਰੱਖਣ ਲਈ ਠੇਕਾ ਮੁਲਾਜ਼ਮਾਂ, ਭਰਤਾਰੀ ਜਥੇਬੰਦੀਆ ਤੇ ਹੋਰ ਅਦਾਰਿਆਂ ਵਲੋਂ ਮਾਇਕ ਸਹਾਇਤਾ ਦਿੱਤੀ ਗਈ।ਅੱਜ ਦੇ ਧਰਨੇ ਵਿਚ ਭਰਾਤਰੀ ਜਥੇਬੰਦੀਆਂ ‘ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਸ਼ਿੰਗਾਰਾ ਸਿੰਘ ਮਾਨ ਅਤੇ ਮੋਠੂ ਸਿੰਘ ਕੋਟੜਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ ਅਤੇ ਲਛਮਣ ਸਿੰਘ ਸੇਵੇਵਾਲਾ, ਟੈਕੀਕਲ ਅਤੇ ਮਕੈਨੀਕਲ ਇੰਪ. ਯੂਨੀਅਨ ਦੇ ਸੁਬਾਈ ਆਗੂ ਮਲਾਗਰ ਸਿੰਘ ਖਮਾਣੋ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਸੁਰਮੁਖ ਸਿੰਘ ਸੇਲਵਰਾਹ , ਓਮਾਹੀ ਖੇਤ ਮਜ਼ਦੂਰ ਯੂਨੀਅਨ ਤੋਂ ਗੁਰਜੰਟ ਸਿੰਘ, ਪੰਜਾਬ ਕਿਸਾਨ ਯੂਨੀਅਨ ਤੋਂ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *