Sat. Sep 14th, 2019

ਰਾਜਪੁਰਾ ਵਿੱਚ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਹੀ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਫਿਰ ਹੋਇਆ ਅਪਮਾਨ

ਰਾਜਪੁਰਾ ਵਿੱਚ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਹੀ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਫਿਰ ਹੋਇਆ ਅਪਮਾਨ
ਪੰਜਵੀ ਵਾਰ ਫਿਰ ਕਿਸੇ ਸ਼ਰਾਰਤੀ ਅਨਸਰ ਨੇ ਬੁੱਤ ਤੋਂ ਪਿਸਤੋਲ ਤੋੜੀ
ਲੋਕਾਂ ਵਿੱਚ ਸ਼ਹੀਦ ਦੇ ਬੁੱਤ ਨਾਲ ਵਾਰ ਵਾਰ ਹੋ ਰਹੇ ਅਪਮਾਨ ਕਾਰਣ ਭਾਰੀ ਰੋਸ਼

ਰਾਜਪਰਾ 30 ਜੁਲਾਈ (ਐਚ.ਐਸ.ਸੈਣੀ)-ਰਾਜਪੁਰਾ ਵਿਖੇ ਕੌਮੀ ਸ਼ਾਹ ਮਾਰਗ ਨੰਬਰ 1 ਦਿੱਲੀ-ਅੰਮ੍ਰਿਤਸਰ ਰੋਡ ‘ਤੇ ਪੈਂਦੇ ਨਵੇਂ ਬੱਸ ਸਟੈਡ ਦੇ ਐਂਟਰੀ ਗੇਟ ਨੇੜੇ ਸਥਾਪਿਤ ਸ਼ਹੀਦ ਉਧਮ ਸਿੰਘ ਦੇ ਬੁੱਤ ਤੋਂ ਲੰਘੇ ਦਿਨੀ ਕੋਈ ਸ਼ਰਾਰਤ ਅਨਸਰ ਪੰਜਵੀਂ ਵਾਰ ਹੱਥ ਵਿੱਚ ਫੜੀ ਪਿਸਤੋਲ ਤੋੜ ਕੇ ਲੈ ਗਿਆ ਹੈ। ਇਸ ਥਾਂ ‘ਤੇ ਇਲਾਕੇ ਦੇ ਲੋਕਾਂ ਵੱਲੋਂ 31 ਜੁਲਾਈ 2017 ਨੂੰ ਸ਼ਹੀਦੀ ਸਮਾਗਮ ਮਨ੍ਹਾਂ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣੇ ਹਨ। ਜਿਸਦੇ ਚਲਦਿਆਂ ਇਸ ਮੰਦਭਾਗੀ ਘਟਨਾ ਕਾਰਣ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਸੰਨ 2006 ਵਿਚ ਨਵੇ ਬੱਸ ਸਟੈਡ ਦੇ ਐਟਰੀ ਪੁਆਇੰਟ ਨੇੜੇ ਸ਼ਹੀਦ ਰਾਮ ਮੁਹੰਮਦ ਸਿੰਘ ਅਜਾਦ ਫਾਊਡੇਸ਼ਨ ਵੱਲੋਂ ਸ਼ਹੀਦ ਉਧਮ ਸਿੰਘ ਦਾ ਫਾਈਬਰ ਗਲਾਸ ਮਟੀਰੀਅਲ ਦਾ ਬੁੱਤ ਤਿਆਰ ਕਰਕੇ ਲਗਵਾਇਆ ਸੀ। ਇਸ ਬੁੱਤ ਦੇ ਇਕ ਹੱਥ ਵਿਚ ਪਿਸਤੋਲ ਤੇ ਦੂਸਰੇ ਹੱਥ ਵਿਚ ਕਿਤਾਬ ਫੜੀ ਦਿਖਾਈ ਗਈ ਸੀ। ਇਸ ਬੁੱਤ ਨੂੰ ਜਦੋ ਇਥੇ ਸਥਾਪਿਤ ਕੀਤਾ ਗਿਆ ਤਾਂ ਪਰਦਾ ਹਟਾਉਣ ਦੀ ਰਸਮ ਉਸ ਸਮੇਂ ਦੇ ਫੂਡ ਅਤੇ ਸਪਲਾਈ ਮੰਤਰੀ ਸ੍ਰੀ ਅਵਤਾਰ ਹੈਨਰੀ ਨੇ 23 ਜੁਲਾਈ 2006 ਨੂੰ ਕੀਤੀ ਸੀ। ਇਸ ਉਪਰੰਤ ਸ਼ਹੀਦ ਦੇ ਬੁੱਤ ਤੋਂ ਦਸੰਬਰ 2009 ਅਤੇ ਅਗਸਤ 2010 ਤੇ ਫਰਵਰੀ 2013, ਫਰਵਰੀ 2017 ਵਿਚ ਕੋਈ ਸ਼ਰਾਰਤੀ ਅਨਸਰਾਂ ਨੇ ਸ਼ਹੀਦ ਦੇ ਬੁੱਤ ਤੋਂ ਪਿਸਤੋਲ ਤੋੜਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਹੁਣ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਕੇ ਸ਼ਹੀਦ ਦਾ ਅਪਮਾਨ ਕੀਤਾ ਹੈ। ਫਾਊਡੇਸ਼ਨ ਪ੍ਰਧਾਨ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸ਼ਨ ਦੀ ਢਿੱਲ ਕਾਰਣ ਵਾਰ-ਵਾਰ ਅਜਿਹੀ ਮੰਦਭਾਗੀ ਘਟਨਾ ਵਾਪਰਨਾ ਸ਼ਹੀਦ ਨੂੰ ਅਪਮਾਨਤ ਕਰਨ ਦੇ ਬਰਾਬਰ ਹੈ। ਇਸ ਤੋਂ ਪਹਿਲਾ ਵੀ ਕਈ ਵਾਰ ਸ਼ਰਾਰਤੀ ਅਨਸਰਾਂ ਵੱਲੋਂ ਬੁੱਤ ਨੂੰ ਨੁੱਕਸਾਨ ਪਹੁੰਚਾਉਣ ਦੇ ਨਾਲ ਨਾਲ ਇਸ ਬੁੱਤ ਦੁਆਲੇ ਸੁਰੱਖਿਆ ਲਈ ਲਗਾਈਆਂ ਲੋਹੇ ਦੀਆਂ ਗਰਿਲਾਂ ਨੂੰ ਵੀ ਨੁੱਕਸਾਨ ਪਹੁੰਚਾਇਆ ਹੈ। ਇਸ ਸਬੰਧੀ ਜਦੋ ਪਹਿਲਾ ਹੋਏ ਨੁੱਕਸਾਨ ਸਬੰਧੀ ਜਦੋ ਉਨ੍ਹਾਂ ਨੇ ਇਸ ਬੁੱਤ ਦੀ ਸੁਰੱਖਿਆਂ ਸਬੰਧੀ ਮੁੱਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਪੱਤਰ ਲਿੱਖਿਆ ਸੀ ਤਾਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਪਟਿਆਲਾ ਸz ਦੀਪਿੰਦਰ ਸਿੰਘ ਨੇ ਬੁੱਤ ਦੀ ਮੁਰੰਮਤ ਕਰਵਾਈ ਸੀ ਤੇ ਨਾਲ ਹੀ ਬੁੱਤ ਦੀ ਇਫਾਜਤ ਦਾ ਭਰੋਸਾ ਵੀ ਦੁਆਇਆ ਸੀ। ਪਰ ਇਸਦੇ ਬਾਵਜੂਦ ਵੀ ਵਾਰ ਵਾਰ ਪ੍ਰਸ਼ਾਸ਼ਨ ਨੂੰ ਬੁੱਤ ਦੀ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਪੱਤਰ ਵਿਹਾਰ ਕੀਤੇ ਜਾਣ ਤੋਂ ਬਾਅਦ ਵੀ ਕੋਈ ਹੱਲ ਨਹੀ ਨਿਕਲਿਆ। ਕੁੱਝ ਸਾਲ ਪਹਿਲਾ ਨਵੇ ਬੱਸ ਸਟੈਡ ਵਿੱਚ ਸਿਟੀ ਥਾਣੇ ਅਧੀਨ ਇਕ ਪੁਲਿਸ ਚੌਕੀ ਵੀ ਸਥਾਪਿਤ ਕੀਤੀ ਗਈ ਸੀ ਪਰ ਹੁੱਣ ਨਵੇ ਬੱਸ ਸਟੈਡ ਵਿਚੋਂ ਪੁਲਿਸ ਚੌਕੀ ਖਤਮ ਹੋਣ ਕਾਰਣ ਫਿਰ ਸ਼ਰਾਰਤੀ ਅਨਸਰਾਂ ਨੇ ਬੁੱਤ ਤੋਂ ਪਿਸਤੋਲ ਤੋੜ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
-ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਨਾਲ ਵਾਰ-ਵਾਰ ਹੋਏ ਅਪਮਾਨ ਸਬੰਧੀ ਉਹ ਜਲਦ ਹੀ ਬੁੱਤ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਆਪ ਦੇ ਸੀਨੀਅਰ ਆਗੂ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਕੰਬੋਜ਼ ਭਾਈਚਾਰੇ ਦੇ ਜਸਵਿੰਦਰ ਸਿੰਘ ਜੱਸੀ, ਜਥੇਦਾਰ ਸੁਖਪਾਲ ਸਿੰਘ ਪਾਲਾ, ਸੀ.ਪੀ.ਐਮ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਕਿਹਾ ਕਿ ਵਾਰ-ਵਾਰ ਸ਼ਹੀਦ ਦੇ ਬੁੱਤ ਦਾ ਅਪਮਾਨ ਹੋਣਾ ਬੜ੍ਹਾ ਮੰਦਭਾਗਾ ਹੈ।

ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਡੀ.ਐਸ.ਪੀ ਕ੍ਰਿਸ਼ਨ ਕੁਮਾਰ ਪੈਂਥ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਚੋਰੀ ਹੋਈ ਪਿਸਤੋਲ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬੱਸ ਸਟੈਂਡ ਵਿੱਚ ਮੁੜ ਤੋਂ ਪੁਲਸ ਚੌਂਕੀ ਸਥਾਪਤ ਕਰਨ ਦੇ ਲਈ ਪੁਲਸ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *

%d bloggers like this: