ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਮੰਦਰ-ਕਮ-ਪਨੋਰਮਾ ਕੰਪਲੈਕਸ ਮਨੁੱਖਤਾ ਨੂੰ ਸਮਰਪਿਤ

ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਮੰਦਰ-ਕਮ-ਪਨੋਰਮਾ ਕੰਪਲੈਕਸ ਮਨੁੱਖਤਾ ਨੂੰ ਸਮਰਪਿਤ
ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਮੰਦਰ-ਕਮ-ਪਨੋਰਮਾ ਕੰਪਲੈਕਸ ਸੂਬਾ ਸਰਕਾਰ ਦੀ ਨਿਮਾਣਾ ਜਿਹੀ ਸ਼ਰਧਾਂਜਲੀ

untitled-1ਅੰਮ੍ਰਿਤਸਰ, 1 ਦਸੰਬਰ:(ਜਗਜੀਤ ਸਿੰਘ ਖਾਲਸਾ)- ਅੱਜ ਇੱਥੇ ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਮੰਦਰ-ਕਮ-ਪਨੋਰਮਾ ਕੰਪਲੈਕਸ ਮਨੁੱਖਤਾ ਨੂੰ ਸਮਰਪਿਤ ਕਰਨ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਹੀ ਜੀਵਨ ਦੀ ਮੁਢਲੀ ਲੋੜ ਹੈ ਅਤੇ ਪਾਣੀਆਂ ਦੀ ਵੰਡ ਸਬੰਧੀ ਅਜਿਹੀ ਕੋਈ ਵੀ ਕਾਰਵਾਈ ਪੰਜਾਬ ਨੂੰ ਤਬਾਹ ਕਰ ਦੇਵੇਗੀ। ਸ. ਬਾਦਲ ਨੇ ਕਿਹਾ ਕਿ ਇਕੱਲੇ ਮੇਰੀ ਹੀ ਨਹੀਂ ਹਰੇਕ ਪੰਜਾਬੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸਦਾ ਡੱਟਵਾਂ ਵਿਰੋਧ ਕਰੇ ਅਤੇ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇਸ ਪਵਿੱਤਰ ਸਥਾਨ ‘ਤੇ ਸਹੁੰ ਚੁੱਕਣੀ ਚਾਹੀਦੀ ਹੈ।

           ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਨੇ ਇਸ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਡੀ-ਨੋਟੀਫਾਈ ਕਰਕੇ ਜ਼ਮੀਨ ਦੇ ਅਸਲ ਮਾਲਕਾਂ ਜਾਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨਾਂ ਕਿਹਾ ਕਿ ਹੁਣ ਹਰੇਕ ਪਜੰਾਬੀ ਦਾ ਇਹ ਫਰਜ਼ ਬਣਦਾ ਹੈ ਕਿ ਦਰਿਆਈ ਪਾਣੀਆਂ ਦੀ ਰਾਖੀ ਲਈ ਪਹਿਰਾ ਦਿੱਤਾ ਜਾਵੇ।

           ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ ਉਸਾਰਿਆ ਗਿਆ ਮੰਦਿਰ-ਕਮ-ਪਨੋਰਮਾ ਕੰਪਲੈਕਸ ਭਗਵਾਨ ਵਾਲਮੀਕਿ ਜੀ ਨੂੰ ਸੂਬਾ ਸਰਕਾਰ ਵੱਲੋਂ ਇੱਕ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਨੇੜੇ ਇਸ ਪਵਿੱਤਰ ਸਥਾਨ ‘ਤੇ ਭਗਵਾਨ ਵਾਲਮੀਕਿ ਜੀ ਨੇ ਸਾਨੂੰ ਸਾਰਿਆਂ ਨੂੰ ਏਕਤਾ ਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 200 ਕਰੋੜ ਰੁਪਏ ਖਰਚ ਕਰਕੇ ਉਸਾਰੀ ਗਈ ਇਹ ਯਾਦਗਾਰ ਭਗਵਾਨ ਵਾਲਮੀਕਿ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਹਨਾਂ ਦੀ ਸੋਚ ਨੂੰ ਦੁਨੀਆਂ ਭਰ ਵਿੱਚ ਜੀਵਤ ਰੱਖੇਗੀ ਅਤੇ ਇਸ ਦੇ ਨਾਲ-ਨਾਲ ਇਸ ਮਹਾਨ ਗੁਰੂ ਦੀ ਅਮੀਰ ਵਿਰਾਸਤ ਨੂੰ ਜਿਊਂਦਾ ਰੱਖਣ ਵਿੱਚ ਸਹਾਈ ਹੋਵੇਗੀ। ਉਹਨਾਂ ਕਿਹਾ ਕਿ ਇਸ ਯਾਦਗਾਰ ਦਾ ਡਿਜਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟਾਂ ਦੁਆਰਾ ਬਣਾਇਆ ਗਿਆ ਹੈ ਜਿਹਨਾਂ ਨੇ ਇਸ ਕੰਮ ਨੂੰ ਨੇਪਰੇ ਚਾੜਨ ਵੇਲੇ ਇਸ ਜਗਾ ਦੀ ਧਾਰਮਿਕ ਮਹੱਤਤਾ ਦਾ ਪੂਰਾ ਖਿਆਲ ਰੱਖਿਆ ਹੈ।

         ਸਮਾਜ ਨੂੰ ਜੋੜਨ ਵਿੱਚ ਭਗਵਾਨ ਵਾਲਮੀਕਿ ਜੀ ਦੇ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਅਤੇ ਆਦਿ ਕਵੀ ਸਨ ਜਿਹਨਾਂ ਨੇ ਆਪਣੀ ਮਹਾਨ ਰਚਨਾ ਰਮਾਇਣ ਨਾਲ ਬਦੀ ‘ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਇਸ ਮਹਾਨ ਗਰੰਥ ਨੇ ਸਦੀਆਂ ਤੋਂ ਸਾਨੂੰ ਜਿਊਣ ਦਾ ਤਰੀਕਾ ਦੱਸਿਆ ਹੈ ਅਤੇ ਚੰਗਾ ਤੇ ਨੈਤਿਕਤਾ ਭਰਪੂਰ ਜੀਵਨ ਜਿਊਣ ਦਾ ਰਾਹ ਦਰਸਾਇਆ ਹੈ ਜੋ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਤਰਕ ਸੰਗਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਰਾਹ ‘ਤੇ ਚਲਦੇ ਹੋਏ ਇੱਕ ਨਿੱਗਰ ਤੇ ਭੇਦਭਾਵ ਰਹਿਤ ਸਮਾਜ ਦੀ ਰਚਨਾ ਕਰਨ।
ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵਮਈ ਵਿਰਸੇ ਪ੍ਰਤੀ ਜਾਣੂ ਕਰਵਾਉਣ ਲਈ ਅਮੀਰ ਵਿਰਾਸਤ ਦੀ ਸਾਂਭ-ਸੰਭਾਲ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਤੇ ਪਿਛੋਕੜ ਨੂੰ ਵਿਸਾਰ ਦਿੰਦਿਆਂ ਹਨ, ਉਹ ਕੌਮਾਂ ਵਕਤ ਦੇ ਬੀਤਣ ਨਾਲ ਮਿਟ ਜਾਂਦੀਆਂ ਹਨ। ਉਨਾਂ ਕਿਹਾ ਕਿ ਇਹ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਇਤਿਹਾਸ ਸਿਰਜਣਾ ਤਾਂ ਜਾਣਦੇ ਹਨ ਪਰ ਸੰਭਾਲਣਾ ਨਹੀਂ ਜਾਣਦੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਗੌਰਵਮਈ ਵਿਰਸੇ ਨੂੰ ਸੰਭਾਲਣ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਿਰ ਬੱਝਦਾ ਹੈ।

         ਮੁੱਖ ਮੰਤਰੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਪੰਜਾਬ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਵੱਡਾ ਬੀੜਾ ਚੁੱਕਿਆ ਸੀ ਜਿਸ ਵਾਸਤੇ ਇਸ ਨੇ ਵਿਰਾਸਤ-ਏ-ਖਾਲਸਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ, ਜੰਗੀ ਨਾਇਕ ਯਾਦਗਾਰ, ਜੰਗ-ਏ-ਆਜ਼ਾਦੀ ਯਾਦਗਾਰ ਵਰਗੀਆਂ ਉੱਚ ਦਰਜੇ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ), ਖੁਰਾਲਗੜ ਵਿਖੇ ਗੁਰੂ ਰਵੀਦਾਸ ਜੀ ਯਾਦਗਾਰ ਅਤੇ ਫਤਿਹਗੜ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਛੇਤੀ ਹੀ ਮਨੁੱਖਤਾ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਠੋਸ ਕੋਸ਼ਿਸਾਂ ਦੇ ਕਾਰਨ ਸੂਬੇ ਦੀ ਮਹਾਨ ਸਭਿਆਚਾਰਕ ਵਿਰਾਸਤ ਸੰਭਾਲੀ ਗਈ ਹੈ ਜੋ ਭਵਿੱਖੀ ਪੀੜੀਆਂ ਨੂੰ ਆਪਣੀਆਂ ਜੜਾਂ ਨਾਲ ਜੋੜਣ ਦੇ ਸਬੰਧ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ।

       ਇਸ ਮੌਕੇ ਬੋਲਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਹਾੜਾ ਬਹੁਤ ਖਾਸ ਹੈ ਅਤੇ ਇਸ ਪ੍ਰੋਜੈਕਟ ਨਾਲ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਫਹਿਰਿਸਤ ਵਿਚ ਇਕ ਹੋਰ ਪ੍ਰਾਪਤੀ ਸ਼ਾਮਲ ਹੋ ਗਈ ਹੈ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ 200 ਕਰੋੜ ਰੁਪਏ ਦੀ ਲਾਗਤ ਆਈ ਹੈ ਜਿੱਥੇ ਕਿ ਵੱਖ-ਵੱਖ ਸਮਾਜਿਕ ਵਰਗਾਂ ਦੀਆਂ ਰੂਹਾਨੀ ਲੋੜਾਂ ਪੂਰੀਆਂ ਹੋਣਗੀਆਂ।

        ਉਨਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬਾਦਲ ਸਾਬ ਅਸਲ ਮਾਅਨਿਆਂ ਵਿਚ ਇਕ ਧਰਮ ਨਿਰਪੱਖ ਸ਼ਖਸੀਅਤ ਹਨ ਜਿਨਾਂ ਨੇ ਕਿ ਸਾਰੇ ਧਰਮਾਂ ਨਾਲ ਸਬੰਧਤ ਯਾਦਗਾਰਾਂ ਅਤੇ ਹੋਰ ਸਮਾਰਕ ਪੂਰੇ ਸੂਬੇ ਵਿਚ ਬਣਵਾਏ ਹਨ ਜਿਨਾਂ ਵਿਚ ਖੁਰਾਲਗੜ ਵਿਖੇ ਗੁਰੂ ਰਵਿਦਾਸ ਜੀ ਮੈਮੋਰੀਅਲ, ਵਿਰਾਸਤ-ਏ-ਖਾਲਸਾ, ਵੱਡਾ ਤੇ ਛੋਟਾ ਘੱਲੂਘਾਰਾ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਚੁਫੇਰੇ ਬਣਾਇਆ ਪਲਾਜ਼ਾ ਸ਼ਾਮਲ ਹਨ।

         ਉਨਾਂ ਅੱਗੇ ਦੱਸਿਆ ਕਿ ਇਨਾਂ ਸਭ ਪ੍ਰਾਪਤੀਆਂ ਤੋਂ ਇਲਾਵਾ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਪੰਜਾਬ ਵਾਸੀਆਂ ਨੇ ਵੱਖ-ਵੱਖ ਥਾਂਵਾਂ ‘ਤੇ ਸਥਿਤ ਧਾਰਮਿਕ ਅਸਥਾਨਾਂ ਦੇ ਮੁਫਤ ਦਰਸ਼ਨ ਕੀਤੇ ਹਨ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਵਿਕਾਸ ਪ੍ਰਾਪਤੀਆਂ ਅਤੇ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਵਿਚ ਪਿਛਲੇ 9 ਸਾਲਾਂ ਵਿਚ ਕਈ ਨਵੇਂ ਅਧਿਆਏ ਲਿਖੇ ਗਏ ਹਨ। ਉਨਾਂ ਦੱਸਿਆ ਕਿ ਸੂਬੇ ਨੂੰ ਵਾਧੂ ਬਿਜਲੀ ਵਾਲਾ ਬਣਾਉਣ ਤੋਂ ਇਲਾਵਾ ਬੇਹਤਰ ਸੜਕੀ ਨੈੱਟਵਰਕ, ਸਾਰੇ ਪ੍ਰਮੁੱਖ ਸ਼ਹਿਰਾਂ ਤੇ ਕਸਬਿਆਂ ਨੂੰ 4-6 ਮਾਰਗਾਂ ਨਾਲ ਜੋੜਿਆ ਗਿਆ ਹੈ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ ਮੁਫਤ 200 ਯੂਨਿਟ ਬਿਜਲੀ, ਸ਼ਗਨ ਸਕੀਮ, ਕਿਸਾਨਾਂ ਤੇ ਛੋਟੇ ਵਪਾਰੀਆਂ ਲਈ ਮੁਫਤ ਸਿਹਤ ਬੀਮਾ ਯੋਜਨਾ, ਸਕਿੱਲ ਸੈਂਟਰ, ਮੁਫਤ ਦਵਾਈ ਦੀਆਂ ਦੁਕਾਨਾਂ, ਕਿਸਾਨਾਂ ਨੂੰ ਮੁਫਤ ਬਿਜਲੀ ਤੋਂ ਇਲਾਵਾ ਅਜਿਹੀਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਹਨ ਜਿਸ ਨਾਲ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।

          ਸ. ਬਾਦਲ ਨੇ ਕਿਹਾ ਕਿ ਸੂਬੇ ਵਿਚ ਜਿਨਾਂ ਪਰਿਵਾਰਾਂ ਨੂੰ ਹਾਲੇ ਤੱਕ ਗੈਸ ਕੁਨੈਕਸ਼ਨ ਨਹੀਂ ਮਿਲੇ ਉਹ ਆਪਣੇ ਫਾਰਮ ਭਰ ਕੇ ਸਬੰਧਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਜਾਂ ਐਸਡੀਐਮ ਕੋਲ ਜਮਾਂ ਕਰਵਾ ਸਕਦੇ ਹਨ ਅਤੇ ਅਜਿਹੇ 7 ਲੱਖ ਲੋਕਾਂ ਨੂੰ ਅਗਲੇ 10 ਦਿਨਾਂ ਵਿਚ ਗੈਸ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਐਸ.ਸੀ. ਸਕਾਲਰਸ਼ਿਪ ਅਧੀਨ 400 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਇਕ ਅਹਿਮ ਐਲਾਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 5 ਸਾਲਾਂ ਵਿਚ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

         ਸਮਾਨਤਾ ਤੇ ਬਰਾਬਰ ਸਮਾਜ ਦੀ ਵਕਾਲਤ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨਾਂ ਅਤੇ ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਦੱਸੇ ਰਾਹ ‘ਤੇ ਚੱਲਣਾ ਚਾਹੀਦਾ ਹੈ।

        ਆਪਣੇ ਭਾਸ਼ਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਕਮਜ਼ੋਰ ਅਤੇ ਦੱਬੇ-ਕੁਚਲੇ ਵਰਗ ਭਗਵਾਨ ਵਾਲਮੀਕਿ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਚੁੱਕੇ ਗਏ ਕਦਮਾਂ ਵਾਸਤੇ ਮੁੱਖ ਮੰਤਰੀ ਦੇ ਰਿਣੀ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਕਰਕੇ ਲੱਖਾਂ ਲੋਕਾਂ ਖਾਸਕਰ ਦਲਿਤ ਭਾਈਚਾਰੇ ਦਾ ਦਿਲ ਜਿੱਤਿਆ ਹੈ। ਸ੍ਰੀ ਸਾਂਪਲਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਦਲਿਤ ਭਾਈਚਾਰਾ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਪੂਰਾ ਸਮਰਥਨ ਦੇ ਕੇ ਮੁੜ ਸੱਤਾ ਵਿੱਚ ਲਿਆਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਨੇ ਮੰਚ ਦੀ ਕਾਰਵਾਈ ਚਲਾਈ।

        ਇਸ ਮੌਕੇ ਹਾਜ਼ਰ ਹੋਰਨਾਂ ਸਖ਼ਸ਼ੀਅਤਾਂ ਵਿੱਚ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸ ਸੋਹਣ ਸਿੰਘ ਠੰਡਲ, ਸz ਸਰਜੀਤ ਸਿੰਘ ਰੱਖੜਾ, ਜਥੇਦਾਰ ਅਜੀਤ ਸਿੰਘ ਕੋਹਾੜ, ਡਾ: ਦਲਜੀਤ ਸਿੰਘ ਚੀਮਾ, ਸ੍ਰੀ ਅਨਿਲ ਜੋਸ਼ੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ, ਵਿਧਾਇਕ ਬੀਬੀ ਜਗੀਰ ਕੌਰ, ਸ੍ਰੀ ਕੇ.ਡੀ. ਭੰਡਾਰੀ, ਸ੍ਰੀ ਦੇਸ ਰਾਜ ਧੁੱਗਾ, ਪ੍ਰੋ: ਵਿਰਸਾ ਸਿੰਘ ਵਲਟੋਹਾ, ਸ੍ਰੀ ਜੋਗਿੰਦਰ ਸਿੰਘ ਜਿੰਦੂ, ਵਿਧਾਨ ਸਭਾ ਦੇ ਸਾਬਕਾ ਸਪੀਕਰ ਸz ਨਿਰਮਲ ਸਿੰਘ ਕਾਹਲੋ, ਪੰਜਾਬ ਰਾਜ ਐਸ:ਸੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਦਾਨਵ, ਸਫਾਈ ਕਰਮਚਾਰੀ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਅਤਿਕਾਏ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਲਾਲ ਭਗਤ, ਭਾਰਤੀ ਜਨਤਾ ਪਾਰਟੀ ਦੇ ਐਸ:ਸੀ ਮੋਰਚੇ ਦੇ ਪ੍ਰਧਾਨ ਸ੍ਰੀ ਦੁਸ਼ਾਂਤ ਗੌਤਮ, ਅਕਾਲੀ ਆਗੂ ਪਰਮਜੀਤ ਸਿੰਘ ਪੰਮਾ, ਸ੍ਰੀ ਲਛਮਣ ਦਰਾਵੜ, ਸ੍ਰੀ ਓਮ ਪ੍ਰਕਾਸ਼ ਗੱਬਰ ਅਤੇ ਸੁਭਾਸ਼ ਸੋਂਧੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਅਮਰਜੀਤ ਸਿੰਘ ਚਾਵਲਾ, ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਆਦਿ ਧਰਮ ਸਮਾਜ ਦੇ ਮੁਖੀ ਸ੍ਰੀ ਦਰਸ਼ਨ ਰਤਨ ਰਾਵਨ ਵੀ ਸ਼ਾਮਲ ਸਨ। ਮੁੱਖ ਮੰਤਰੀ ਨਾਲ ਉਨਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: