’ਮਿੱਤਰਾਂ ਦਾ ਨਾਂਅ ਚਲਦਾ’ ਗੀਤ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ

ss1

‘ਮਿੱਤਰਾਂ ਦਾ ਨਾਂਅ ਚਲਦਾ’ ਗੀਤ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ

ਸੰਗੀਤ ਦੇ ਖੇਤਰ ਵਿੱਚ ਜਿੱਥੇ ਗਾਇਕਾਂ ਦੀ ਭਰਮਾਰ ਹੈ ਉੱਥੇ ਗੀਤਕਾਰਾਂ ਦੀ ਵੀ ਕਮੀ ਨਹੀਂ ਪਰ ਗੀਤਕਾਰੀ ਦੇ ਖੇਤਰ ਵਿੱਚ ਚੰਦ ਕੁ ਪਾਰਸ ਰੂਪੀ ਕਲਮਾਂ ਅਜਿਹੀਆਂ ਹਨ ਜਿੰਨਾਂ ਨੇ ਜਿਸ ਗਾਇਕ ਦੀ ਅਵਾਜ਼ ਨੂੰ ਵੀ ਆਪਣੀ ਲਫ਼ਜ਼ਾਂ ਰੂਪੀ ਛੋਹ ਦਿੱਤੀ, ਉਸਨੂੰ ਪਿੱਤਲ ਤੋਂ ਸੋਨਾ ਬਣਾ ਦਿੱਤਾ। ਦੂਜੇ ਸ਼ਬਦਾਂ ਵਿੱਚ ਇਹਨਾਂ ਗੀਤਕਾਰਾਂ ਨੂੰ ‘ਸਿੰਗਰ ਮੇਕਰ’ ਗੀਤਕਾਰ ਵੀ ਕਿਹਾ ਜਾਂਦਾ। ਉਦਹਾਰਨ ਦੇ ਤੌਰ ਤੇ ਗੀਤਕਾਰੀ ਦੇ ਬਾਬਾ ਬੋਹੜ ਸ. ਬਾਬੂ ਸਿੰਘ ਮਾਨ, ਦੇਵ ਥਰੀਕਿਆਂ ਵਾਲਾ, ਸਮਸ਼ੇਰ ਸੰਧੂ, ਕਰਮਜੀਤ ਪੁਰੀ ਆਦਿ। ਇਹਨਾਂ ਵਿੱਚੋਂ ਇਕ ਹੋਰ ਅਤਿ ਸਤਿਕਾਰਯੋਗ ਕਲਮ ਦਾ ਨਾਂਅ ਹੈ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ।

ਜਿਲਾ ਸੰਗਰੂਰ ਦੇ ਇਤਿਹਾਸਕ ਮਹੱਤਤਾ ਵਾਲੇ ਕਸਬੇ ਸ੍ਰੀ ਮਸਤੂਆਣਾ ਸਾਹਿਬ ਦੇ ਕਰੀਬ ਪਿੰਡ ਲਿੱਦੜਾਂ ਦੇ ਜੰਮਪਲ ਪ੍ਰਗਟ ਸਿੰਘ ਦੇ ਗੀਤ ਅਨੇਕਾਂ ਖ਼ੂਬਸੂਰਤ ਅਵਾਜਾਂ ਦੇ ਸ਼ਿੰਗਾਰ ਬਣੇ ਹਨ ਪਰ ਪ੍ਰਗਟ ਦੇ ਗੀਤਾਂ ਦਾ ਜਿਹੜਾ ਰਿਸ਼ਤਾ ਗਾਇਕ ਹਰਜੀਤ ਹਰਮਨ ਦੀ ਆਵਾਜ਼ ਨਾਲ ਹੈ ਉਹ ਹੋਰ ਕਿਸੇ ਨਾਲ ਨਹੀਂ, ਇਸ ਗੱਲ ਦੇ ਗਵਾਹ ਸਮੂਹ ਪੰਜਾਬੀ ਹਨ। ਕਿਸੇ ਖ਼ਾਸ ਕਲਮ ਦਾ ਕਿਸੇ ਖਾਸ ਅਵਾਜ਼ ਨਾਲ ਸੁਮੇਲ ਹੋ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਨਣਾ ਇਕ ਕੁਦਰਤੀ ਸਬੱਬ ਹੈ। ਜਿੱਥੇ ਪ੍ਰਗਟ ਦੀ ਗੱਲ ਚੱਲੇ, ਉੱਥੇ ਹਰਮਨ ਦੀ ਗੱਲ ਨਾ ਚੱਲੇ ਜਾਂ ਜਿੱਥੇ ਹਰਮਨ ਦੀ ਗੱਲ ਚੱਲੇ, ਉੱਥੇ ਪ੍ਰਗਟ ਦੀ ਗੱਲ ਨਾ ਚੱਲੇ ਅਜਿਹਾ ਕਦੇ ਨਹੀਂ ਹੋ ਸਕਦਾ। ਅਕਾਲ ਡਿਗਰੀ ਕਾਲਜ ਵਿੱਚ ਡੀ.ਫਾਰਮੈਸੀ ਕਰਦੇ ਸਮੇਂ ਹਰਜੀਤ ਹਰਮਨ ਅਤੇ ਪ੍ਰਗਟ ਦਾ ਮੇਲ ਕਰਾਉਣ ਕਰਵਾ ਕੇ ਮਕਬੂਲ ਸੰਗੀਤਕਾਰ ਅਲੀ ਅਕਬਰ ਨੇ ਪੰਜਾਬੀ ਸੱਭਿਆਚਾਰ ਲਈ ਇਕ ਮਹਾਨ ਸੇਵਾ ਕਾਰਜ ਕੀਤਾ ਹੈ।

ਹਰਜੀਤ ਹਰਮਨ ਤੋਂ ਇਲਾਵਾ ਪ੍ਰਗਟ ਦੇ ਗੀਤ ਸਤਵਿੰਦਰ ਬਿੱਟੀ, ਰਵਿੰਦਰ ਗਰੇਵਾਲ, ਮਿਸ ਪੂਜਾ, ਹਾਰਵੀ, ਮਨੀ ਔਜਲਾ ਆਦਿ ਗਾਇਕਾਂ ਨੇ ਵੀ ਰਿਕਾਰਡ ਕਰਵਾਏ ਹਨ ਪਰ ਜਿਆਦਾਤਰ ਗੀਤ ਹਰਜੀਤ ਹਰਮਨ ਦੀ ਅਵਾਜ਼ ਨੂੰ ਹੀ ਨਸੀਬ ਹੋਏ ਹਨ।

ਦੋਵਾਂ ਦੀ ਮੁਲਾਕਾਤ ਹੋਣ ਤੋਂ ਬਾਅਦ ਹਰਮਨ ਦੀ ਪਹਿਲੀ ਐਲਬਮ ‘ਕੁੜੀ ਚਿਰਾਂ ਤੋਂ ਵਿੱਛੜੀ’ ਪ੍ਰਗਟ ਦੁਆਰਾ ਕੀਤੀ ਗਈ ਜਿਸਨੂੰ ਪੰਜਾਬ ਦੀ ਸਿਰਮੌਰ ਸੰਗੀਤ ਕੰਪਨੀ ‘ਐਚ.ਐਮ.ਵੀ’ ਦੁਆਰਾ ਰਿਲੀਜ਼ ਕੀਤਾ ਗਿਆ। ਉਸਤੋਂ ਬਾਅਦ ਪ੍ਰਗਟ ਦੇ ਗੀਤਾਂ ਦਾ ਸਫ਼ਰ ਸ਼ੁਰੂ ਹੋ ਗਿਆ। ਕੁਝ ਕੁ ਗੀਤ ਹਿੱਟ ਹੋਣ ਤੋਂ ਬਾਅਦ ਜਦ ‘ਮਿੱਤਰਾਂ ਦਾ ਨਾਂਅ ਚੱਲਦਾ’ ਗੀਤ ਮਾਰਕੀਟ ਵਿੱਚ ਆਇਆ ਤਾਂ ਇਸ ਜੋੜੀ ਨੇ ਸੰਗੀਤ ਜਗਤ ਵਿੱਚ ਬੁਲੰਦੀਆਂ ਦੇ ਝੰਡੇ ਗੱਡ ਦਿੱਤੇ।

ਆਓ ਜਾਣੀਏ ਪ੍ਰਗਟ ਲਿੱਦੜਾਂ ਦੇ ਕੁਝ ਸੁਪਰਹਿੱਟ ਗੀਤਾਂ ਬਾਰੇ :- ‘ਕੁੜੀ ਚਿਰਾਂ ਤੋਂ ਵਿੱਛੜੀ, ‘ਚਰਖਾ, ‘ਚਿੱਠੀ, ‘ਚਾਦਰ, ‘ਬਨੇਰੇ ਉੱਤੇ ਕਾਂ, ‘ਜੰਜੀਰੀ, ‘ਸੁਰਮਾ, ‘ਮਰਜ਼ ਇਸ਼ਕ ਦੀ, ‘ਪੰਜ਼ੇਬਾਂ, ‘ਜੱਟਾਂ ਦੇ ਪੁੱਤ, ‘ਚੰਨ, ‘ਵੰਡ ਗਏ ਪੰਜਾਬ ਦੀ ਤਰਾਂ, ‘ਗੱਲ ਦਿਲ ਦੀ, ‘ਮੁੰਦਰੀ, ‘ਚੰਡੋਲ, ‘ਜੱਟੀ, ‘ਹੂਰ, ‘ਬੰਦਾ, ‘ਸੰਸਾਰ, ‘ਨਿਰਮੋਹੀ ਨਗਰੀ, ‘ਦਿਲ ਖੁਸ਼ ਰੱਖ ਸੱਜਣਾ, ‘ਇੱਕ ਪੈੱਗ, ‘ਸੱਜਣ ਮਿਲਾ ਦੇ, ‘ਤਰੀਕਾਂ, ‘ਦਿਲਜਾਨੀ, ‘ਜੱਟ ਚੌਵੀ ਕੈਰਟ ਦਾ, ‘ਪੰਜਾਬ, ‘ਖ਼ਾਲਸਾ ਜਵਾਨ ਹੋ ਗਿਆ, ‘ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ, ਆਦਿ…(ਸਾਰੇ ਹਰਜੀਤ ਹਰਮਨ ਦੀ ਅਵਾਜ਼ ‘ਚ ਰਿਕਾਰਡ)
‘ਸਲੂਟ (ਰਵਿੰਦਰ ਗਰੇਵਾਲ), ‘ਸ਼ੁਕੀਨ ਗੱਭਰੂ (ਸਤਵਿੰਦਰ ਬਿੱਟੀ), ‘ਗੁੱਤ (ਮਿਸ ਪੂਜਾ), ‘ਗੋਰੀ ਲੰਡਨ ਤੋਂ (ਮਨੀ ਔਜਲਾ), ‘ਮਿਰਜਾ ਅਤੇ ਬੰਦੂਕ (ਹਾਰਵੀ)…ਆਦਿ।

ਪ੍ਰਗਟ ਲਿੱਦੜਾਂ ਦੇ ਗੀਤਾਂ ਵਿੱਚ ਕਮਾਦਾਂ ਜਿਹਾ ਮਿੱਠਾ ਰਸ ਅਤੇ ਪੋਹ ਮਾਘ ਦੀ ਨਿੱਘੀ-ਨਿੱਘੀ ਧੁੱਪ ਵਰਗਾ ਨਿੱਘ ਮਹਿਸੂਸ ਹੁੰਦਾ ਹੈ। ਉਸਦੇ ਗੀਤਾਂ ਵਿੱਚ ਪਿੰਡ ਬੋਲਦੇ ਹਨ, ਮਿੱਟੀ ਦੀ ਖੁਸ਼ਬੋ ਪ੍ਰਤੀਤ ਹੁੰਦੀ ਹੈ ਅਤੇ ਯਥਾਰਥ ਦੇ ਬਿਲਕੁਲ ਕਰੀਬ ਹੁੰਦੇ ਹਨ, ਇਸਦਾ ਪ੍ਰਤੱਖ ਪ੍ਰਮਾਣ ‘ਜੱਟੀ’ ਗੀਤ ਹੈ ਜਿਸਨੂੰ ਪੀ.ਟੀ.ਸੀ ਅਵਾਰਡ 2015 ਨਾਲ ਨਵਾਜਿਆ ਗਿਆ। ਪ੍ਰਗਟ ਸਿੰਘ ਲਿੱਦੜਾਂ ਕਿਸੇ ਸਮੇਂ ਬਤੌਰ ਪੱਤਰਕਾਰ ਵੀ ਆਪਣੀਆਂ ਸੇਵਾਵਾਂ ਨਿਭਾਉਂਦਾ ਰਿਹਾ ਹੈ। ਉਹ ਪਿੰਡ ਨੂੰ ਪਿਆਰ ਕਰਨ ਵਾਲਾ, ਖ਼ੇਤਾਂ ਨੂੰ ਪਿਆਰ ਕਰਨ ਵਾਲਾ ਅਤੇ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਮਸਤ ਮੌਲਾ ਇਨਸਾਨ ਹੈ। ਉਸਨੂੰ ਸੁਰਖ਼ੀਆਂ ਵਿੱਚ ਰਹਿਣਾ ਜਾਂ ਆਪਣੀ ਚਰਚਾ ਕਰਵਾਉਣੀ ਬਿਲਕੁਲ ਪਸੰਦ ਨਹੀਂ। ਉਸਦੇ ਗੀਤਾਂ ਵਿੱਚ ਇਕ ਸ਼ਬਦ ਵੀ ਬਨਾਉਟੀ ਜਾਂ ਹੈਸੀਅਤ ਤੋਂ ਬਾਹਰ ਹੋ ਕੇ ਲਿਖਿਆ ਹੋਇਆ ਨਹੀਂ ਮਿਲਦਾ। ਉਸਦੇ ਗੀਤਾਂ ਦਾ ਕਿਸੇ ਹੋਰ ਨਾਲ ਕੋਈ ਮੁਕਾਬਲਾ ਨਹੀਂ ਅਤੇ ਉਸਦਾ ਆਪਣਾ ਹੀ ਇਕ ਅਲੱਗ ਸਰੋਤਾ ਵਰਗ ਹੈ। ਪ੍ਰਗਟ ਲਿੱਦੜਾਂ ਦਾ ਲੜਕਾ ਸਟਾਲਨਵੀਰ ਵੀ ਇਕ ਬਾ-ਕਮਾਲ ਵੀਡੀਓ ਨਿਰਦੇਸ਼ਕ ਹੈ। ਪ੍ਰਗਟ ਦੇ ਗੀਤਾਂ ਵਾਂਗ ਵੀ ਉਸਦੇ ਕੰਮ ਵਿੱਚ ਇੱਕ ਵਿਲੱਖਣ ਦਿੱਖ ਆਮ ਮਿਲਦੀ ਹੈ। ਅੱਜਕੱਲ ਪ੍ਰਗਟ, ਹਰਮਨ ਦਾ ਨਵਾਂ ਗੀਤ ‘ਪੰਜਾਬ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੈ, ਜਿਸ ਵਿੱਚ ਕਿ ਵੰਡ ਦੇ ਦਰਦ ਨੂੰ ਬਹੁਤ ਖ਼ੂਬਸੂਰਤੀ ਨਾਲ ਚਿੱਤਰਿਆ ਗਿਆ ਹੈ। ਮੈਨੂੰ ਉਮੀਦ ਨਹੀਂ ਯਕੀਨ ਹੈ ਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਇਸ ਗੀਤ ਨੂੰ ਪਹਿਲਾਂ ਨਾਲੇ ਗੀਤਾਂ ਨਾਲੋਂ ਵੀ ਵਧ ਕੇ ਮਾਣ ਸਤਿਕਾਰ ਬਖਸ਼ਣਗੇ। ਦੁਆ ਹੈ ਕਿ ਗੀਤਕਾਰੀ ਦਾ ਇਹ ਕੋਹਿਨੂਰ ਹੀਰਾ ਇਸੇ ਤਰਾਂ ਮਾਂ ਬੋਲੀ ਦੀ ਸੇਵਾ ਕਰਦਾ ਨਾ ਥੱਕੇ ਅਤੇ ਪੰਜਾਬੀ ਪਿਆਰ ਬਖਸ਼ਦੇ ਨਾ ਥੱਕਣ। ਨਵੇਂ ਗੀਤ ਲਈ ਪ੍ਰਗਟ ਤੇ ਹਰਮਨ ਦੀ ਜੋੜੀ ਨੂੰ ਬਹੁਤ-ਬਹੁਤ ਸ਼ੁਭ ਇੱਛਾਵਾਂ।

ਲੱਕੀ ਚਾਵਲਾ ਮੁਕਤਸਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 82888-58745

Share Button

Leave a Reply

Your email address will not be published. Required fields are marked *