Mon. Sep 23rd, 2019

ਭਿਆਨਕ ਸੜਕੀ ਹਾਦਸੇ ਵਿੱਚ ਦੋ ਦੀ ਮੌਤ, ਦੋ ਗੰਭੀਰ ਜਖਮੀ

ਭਿਆਨਕ ਸੜਕੀ ਹਾਦਸੇ ਵਿੱਚ ਦੋ ਦੀ ਮੌਤ, ਦੋ ਗੰਭੀਰ ਜਖਮੀ
ਮ੍ਰਿਤਕਾਂ ਵਿੱਚੋਂ ਇੱਕ ਸਾਬਕਾ ਫੌਜੀ ਦੇ ਨਵੇਂ ਘਰ ਦੀ ਅੱਜ ਪੈਣੀ ਸੀ ਛੱਤ, ਇਲਾਕੇ ਵਿੱਚ ਸੋਗ ਦੀ ਲਹਿਰ

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਦੇ ਨੇੜੇ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਂੋ ਕਿ ਤਿੰਨ ਲੋਕ ਗੰਭੀਰ ਜਖਮੀ ਹੋ ਗਏ ਹਨ, ਹਾਦਸਾ ਮਾਰੂਤੀ ਸਿਲੇਰੀਓ ਗੱਡੀ ਅਤੇ ਮਹਿੰਦਰਾ ਪਿਕਅੱਪ ਡਾਲਾ ਗੱਡੀ ਦੀ ਆਪਸੀ ਟੱਕਰ ਕਾਰਨ ਹੋਇਆ ਹੈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕੁਝ ਸਮਾਂ ਪਹਿਲਾਂ ਹੀ ਫੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ ਤੇ ਤਲਵੰਡੀ ਸਾਬੋ ਵਿੱਚ ਨਵਾਂ ਘਰ ਪਾ ਰਿਹਾ ਸੀ ਜਿਸਦੀ ਕਿ ਅੱਜ ਛੱਤ ਪੈਣੀ ਸੀ ਛੱਤ ਪਾਉਣ ਲਈ ਉਹ ਬਲਵੀਰ ਸਿੰਘ ਤੇ ਮਹਿੰਦਰ ਸਿੰਘ ਮਿਸਤਰੀਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਭਾਗੀਵਾਂਦਰ ਵਿੱਚੋਂ ਦਿਹਾੜੀਦਾਰਾਂ ਦਾ ਪ੍ਰਬੰਧ ਕਰਕੇ ਆਪਣੀ ਸਿਲੇਰੀਓ ਗੱਡੀ ਪੀ ਬੀ 03 ਏ. ਆਰ 6881 ਤੇ ਵਾਪਸ ਤਲਵੰਡੀ ਸਾਬੋ ਆ ਰਹੇ ਸਨ ਤਾਂ ਉਧਰ ਤਲਵੰਡੀ ਸਾਬੋ ਇਲਾਕੇ ਵਿੱਚੋਂ ਦੁੱਧ ਲੈ ਕੇ ਜਾ ਰਹੀ ਮਹਿੰਦਰਾ ਪਿਕਅੱਪ ਡਾਲਾ ਗੱਡੀ ਨੰ: ਯੂਪੀ 15 ਜੈਡ 0003 ਤਲਵੰਡੀ ਸਾਬੋ ਵਾਲੇ ਪਾਸਿਓਂ ਪਿੰਡ ਜੀਵਨ ਸਿੰਘ ਵਾਲਾ ਨੂੰ ਜਾ ਰਿਹਾ ਸੀ ਤਾਂ ਭਾਗੀਵਾਂਦਰ ਪਿੰਡ ਦੇ ਨੇੜੇ ਦੋਵਾਂ ਦੀ ਆਪਸੀ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਹਾਦਸੇ ਨੇ ਦੋਵੇਂ ਗੱਡੀਆਂ ਦੇ ਖਰਪੱਚੇ ਉਡਾ ਕੇ ਰੱਖ ਦਿੱਤੇ ਹਾਦਸੇ ਦੌਰਾਨ ਸਿਲੇਰੀਓ ਗੱਡੀ ਦੇ ਪਰਮਿੰਦਰ ਸਿੰਘ ਫੌਜੀ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੇ ਨਾਲ ਦੇ ਦੋ ਸਾਥੀ ਬਲਵੀਰ ਸਿੰਘ ਅਤੇ ਮਹਿੰਦਰ ਸਿੰਘ ਗੰਭੀਰ ਜਖਮੀ ਹੋ ਗਏ। ਹਾਦਸੇ ਵਿੱਚ ਪਿਕਅੱਪ ਡਾਲਾ ਗੱਡੀ ਦਾ ਡਰਾਇਵਰ ਕੁਲਦੀਪ ਸਿੰਘ ਮਾਨਕ ਅਤੇ ਉਸ ਦਾ ਇੱਕ ਸਾਥੀ ਮੰਦਰ ਸਿੰਘ ਵਾਸੀਅਨ ਜੀਵਨ ਸਿੰਘ ਵਾਲਾ ਵੀ ਜਖਮੀ ਹੋ ਗਏ ਸਾਰੇ ਜਖਮੀਆਂ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਹੈਪੀ ਸਿੰਘ ਦੀ ਅਗਵਾਈ ਹੇਠ ਆਪਣੀ ਐਂਬੂਲੈਂਸ ਰਾਹੀਂ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ। ਹਸਪਤਾਲ ਵਿੱਚ ਪੁਜਦਿਆਂ ਹੀ ਪਿਕਅੱਪ ਡਾਲਾ ਗੱਡੀ ਦੇ ਡਰਾਇਵਰ ਕੁਲਦੀਪ ਸਿੰਘ ਮਾਨਕ ਵੀ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਜਦੋਂ ਕਿ ਕਾਰ ਸਵਾਰ ਬਲਵੀਰ ਸਿੰਘ ਅਤੇ ਮਹਿੰਦਰ ਸਿੰਘ ਵੀ ਗੰਭੀਰ ਜਖਮੀ ਹੋਣ ਕਰਕੇ ਉਹਨਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਿਥੇ ਉਹਨਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਘਟਨਾ ਸਥਾਨ ਤੇ ਪੁੱਜ ਗਏ ਸਨ ਤੇ ਮੁਢਲੀ ਕਾਰਵਾਈ ਉਪਰੰਤ ਉਨ੍ਹਾਂ ਜਾਂਚ ਆਰੰਭ ਦਿੱਤੀ ਹੈ।ਉਕਤ ਦੋਵਾਂ ਵਿਅਕਤੀਆਂ ਦੀ ਮੌਤ ਨਾਲ ਜਿੱਥੇ ਪਿੰਡ ਭਾਗੀਵਾਂਦਰ ਤੇ ਜੀਵਨ ਸਿੰਘ ਵਾਲਾ ਵਿੱਚ ਮਾਤਮ ਛਾ ਗਿਆ ਹੈ ਉੱਥੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫੌਜੀ ਪਰਮਿੰਦਰ ਸਿੰਘ ਦੇ ਨਵੇਂ ਘਰ ਦੀ ਛੱਤ ਪੈਣ ਦੀ ਖੁਸ਼ੀ ਉਕਤ ਹਾਦਸੇ ਕਾਰਨ ਪਲਾਂ ਵਿੱਚ ਗਮੀ ਵਿੱਚ ਬਦਲ ਗਈ।

Leave a Reply

Your email address will not be published. Required fields are marked *

%d bloggers like this: