ਭਗਵਾਨ ਵਾਲਮੀਕਿ ਮੂਰਤੀ ਦਰਸ਼ਨ ਯਾਤਰਾ ਦਾ ਬਠਿੰਡਾ ਜ਼ਿਲ੍ਹੇ ਵਿਚ ਪ੍ਰਵੇਸ਼

ss1

ਭਗਵਾਨ ਵਾਲਮੀਕਿ ਮੂਰਤੀ ਦਰਸ਼ਨ ਯਾਤਰਾ ਦਾ ਬਠਿੰਡਾ ਜ਼ਿਲ੍ਹੇ ਵਿਚ ਪ੍ਰਵੇਸ਼
ਜਨਮੇਜਾ ਸਿੰਘ ਸੇਖੋਂ ਵੱਲੋਂ ਸੰਗਤ ਸਮੇਤ ਜ਼ਿਲ੍ਹੇ ਵਿਚ ਪਹੁੰਚਣ ਤੇ ਯਾਤਰਾ ਦਾ ਸਵਾਗਤ
ਬਠਿੰਡਾ ਸ਼ਹਿਰ ਵਿਚ ਵੀ ਥਾਂ ਥਾਂ ਤੇ ਲੋਕਾਂ ਨੇ ਪਾਵਨ ਮੂਰਤੀ ਦੇ ਕੀਤੇ ਦਰਸ਼ਨ ਦਿਦਾਰੇ

ਬਠਿੰਡਾ, 21 ਨਵੰਬਰ( ਪਰਵਿੰਦਰ ਜੀਤ ਸਿੰਘ) ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦਰਸ਼ਨ ਯਾਤਰਾ ਦੇ ਅੱਜ ਬਠਿੰਡਾ ਜ਼ਿਲ੍ਹੇ ਵਿਚ ਪ੍ਰਵੇਸ਼ ਮੌਕੇ ਲੋਕ ਨਿਰਮਾਣ ਮੰਤਰੀ ਸ: ਜਨਮੇਜਾ ਸਿੰਘ ਸੇਖੋਂ ਅਤੇ ਭਾਰੀ ਗਿਣਤੀ ਸ਼ਰਧਾਲੂਆਂ ਵੱਲੋਂ ਪਿੰਡ ਜੇਠੂਕੇ ਵਿਖੇ ਪੂਰੇ ਜਾਹੋਜਲਾਲ ਨਾਲ ਇਸ ਧਾਰਮਿਕ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੈਂਡ ਦੀਆਂ ਮਨਮੋਹਕ ਧੁਨਾਂ ਨੇ ਸ਼ਰਧਾਲੂਆਂ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ।

         ਬਰਨਾਲਾ ਬਠਿੰਡਾ ਰੋਡ ਤੇ ਸਥਿਤ ਪਿੰਡ ਜੇਠੁਕੇ ਵਿਖੇ ਸ: ਸੇਖੋਂ ਨੇ ਹਲਕਾ ਮੋੜ ਦੀ ਸੰਗਤ ਅਤੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ, ਐਸ.ਐਸ.ਪੀ. ਸ੍ਰੀ ਸਵਪਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਸਮੇਤ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਸ਼ਰਧਾਲੂ ਭਗਵਾਨ ਵਾਲਮੀਕਿ ਜੀ ਦੀ ਛੇ ਫੁੱਟ ਉੱਚੀ ਸੁਨਹਿਰੀ ਮੂਰਤੀ ਦੇ ਦਰਸ਼ਨ ਕੀਤੇ। ਸੰਗਤਾਂ ਭਰਵੇਂ ਇਕੱਠ ਦੇ ਰੂਪ ਵਿੱਚ ਭਗਵਾਨ ਵਾਲਮੀਕਿ ਜੀ ਦੇ ਜੈਕਾਰੇ ਲਗਾ ਰਹੀਆਂ ਸਨ ਅਤੇ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਸੀ।

        ਇਸ ਮੌਕੇ ਸ: ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਮਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ ਬਣਾਈ ਜਾ ਰਹੀ ਹੈ ਜਿੱਥੇ ਇਹ ਪਾਵਨ ਮੁਰਤੀ ਸਥਾਪਿਤ ਕੀਤੀ ਜਾਣੀ ਹੈ। ਉਨ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਅਹਿਮ ਯਤਨ ਸਦਕਾ ਰਾਜ ਭਰ ਵਿੱਚ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ ਸਥਾਪਤ ਕੀਤੀ ਗਈ ਹੈ ਜਿਸ ਨਾਲ ਭਗਵਾਨ ਵਾਲਮੀਕਿ ਜੀ ਦੀ ਏਕਤਾ ਅਤੇ ਸਾਂਝੀਵਾਲਤਾ ਵਾਲੀ ਸੋਚ ਦਾ ਪੂਰੀ ਦੁਨੀਆਂ ਵਿੱਚ ਹੋਰ ਪਾਸਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਨ ਲਈ ਸੁਹਿਰਦ ਉਪਰਾਲੇ ਕਰਦਿਆਂ ਵੱਖ ਵੱਖ ਯਾਦਗਾਰਾਂ ਬਣਾਈਆਂ ਹਨ ਤਾਂ ਜੋ ਸਾਡੀਆਂ ਅਗਲੀਆਂ ਪੀੜੀਆਂ ਆਪਣੇ ਇਤਿਹਾਸ ਨੂੰ ਸਮਝ ਸਕਨ। ਉਨ੍ਹਾਂ ਨੇ ਕਿਹਾ ਕਿ ਉਹੀ ਕੌਮਾ ਤਰੱਕੀ ਕਰਦੀਆਂ ਹਨ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਅਤੇ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਭਵਿੱਖ ਦੀਆਂ ਮੰਜਿਲਾਂ ਸਰ ਕਰਦੀਆਂ ਹਨ।

        ਇਸ ਤੋਂ ਬਾਅਦ ਰਾਮਪੁਰਾ ਹਲਕੇ ਵਿਚ ਪਹੁੰਚਣ ਤੇ ਇਸ ਯਾਤਰਾ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਗੁਰਪ੍ਰੀਤ ਸਿੰਘ ਮਲੂਕਾ ਅਤੇ ਸ੍ਰੀ ਓਮ ਪ੍ਰਕਾਸ਼ ਗੱਬਰ ਚੇਅਰਮੈਨ ਭਗਵਾਨ ਵਾਲਮੀਕਿ ਆਸ਼ਰਮ ਧੂਨਾ ਸਾਹਿਬ ਟਰੱਸਟ, ਰਾਮ ਤੀਰਥ ਅੰਮ੍ਰਿਤਸਰ ਨੇ ਯਾਤਰਾ ਦਾ ਸਵਾਗਤ ਕੀਤਾ। ਜਿਸ ਉਪਰੰਤ ਪਿੰਡ ਮਹਿਰਾਜ ਵਿਚ ਵੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਨੇ ਸ਼ਰਧਾ ਨਾਲ ਪਾਵਨ ਮੂਰਤੀ ਦੇ ਦਰਸ਼ਨ ਦਿਦਾਰੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ 1 ਦਸੰਬਰ ਨੂੰ ਰਾਜ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਰੋਹ ਮੌਕੇ ਹਰੇਕ ਵਰਗ ਨੂੰ ਹੁੰਮ ਹੁੰਮਾ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ।

       ਇਸੇ ਤਰਾਂ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਚੌਕ ਵਿਚ ਪੁੱਜਣ ਮੌਕੇ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਸ: ਦਰਸ਼ਨ ਸਿੰਘ ਕੋਟਫੱਤਾ, ਮੇਅਰ ਸ੍ਰੀ ਬਲਵੰਤ ਰਾਏ ਨਾਥ, ਨਗਰ ਨਿਗਮ ਕਮਿਸ਼ਨਰ ਸ੍ਰੀ ਅਨਿਲ ਗਰਗ ਨੇ ਯਾਤਰਾ ਦਾ ਸਵਾਗਤ ਕੀਤਾ।

      ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਅਤੇ ਐਸ.ਐਸ.ਪੀ. ਸ੍ਰੀ ਸਵਪਨ ਸ਼ਰਮਾ ਨੇ ਭਗਵਾਨ ਵਾਲਮੀਕਿ ਜੀ ਨੂੰ ਸਤਿਕਾਰ ਭੇਟ ਕਰਦਿਆਂ ਸਮੂਹ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਮਿਆਰੀ ਇੰਤਜਾਮਾਂ ਦਾ ਵਿਸ਼ਵਾਸ ਦਿਵਾਇਆ। 22 ਨਵੰਬਰ 2016 ਨੂੰ ਇਹ ਯਾਤਰਾ ਆਪਣੇ ਅਗਲੇ ਪੜਾਅ ਲਈ ਬਰਾਸਤਾ ਗੋਨਿਆਣਾ, ਕੋਟਕਪੂਰਾ, ਫਰੀਦਕੋਟ ਫਿਰੋਜਪੁਰ ਜਾਵੇਗੀ।

Share Button

Leave a Reply

Your email address will not be published. Required fields are marked *