ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ

ss1

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਜਾਗ੍ਰਿਤੀ ਯਾਤਰਾ’ ਅੱਜ ਪਹੁੰਚੇਗੀ ਖ਼ਾਲਸੇ ਦੀ ਜਨਮ ਭੂਮੀ ‘ਤੇ

ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਸੁਖਦੇਵ ਸਿੰਘ ਨਿੱਕੂਵਾਲ): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਲਕੇ 27 ਨਵੰਬਰ ਨੂੰ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣਗੇ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਆਰੰਭ ਹੋਈ ‘ਜਾਗ੍ਰਿਤੀ ਯਾਤਰਾ’ ਵੀ ਭਲਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ, ਜਿੱਥੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਯਾਤਰਾ ਦਾ ਨਿੱਘਾ ਸਵਾਗਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਮੁੱਖ ਪ੍ਰਬੰਧਕ ਸ. ਮੁਖਤਾਰ ਸਿੰਘ ਨੇ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਆਰੰਭ ਹੋਈ ‘ਜਾਗ੍ਰਿਤੀ ਯਾਤਰਾ’ ਅੱਜ ਦੇਰ ਸ਼ਾਮੀਂ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਰੂਪਨਗਰ ਪਹੁੰਚੀ ਹੈ, ਜਿੱਥੋਂ ਭਲਕੇ ਸਵੇਰੇ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਰਾਹੀਂ ਬਾਅਦ ਦੁਪਹਿਰ ਲਗਭਗ 2 ਵਜੇ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਤਰਾ ਦੇ ਪਹੁੰਚਣ ਦਾ ਅਨੁਮਾਨ ਹੈ। ਇਸ ਯਾਤਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਾਲਕੀ ਦੇ ਨਾਲ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਸਤਰਾਂ ਵਾਲੀ ਬੱਸ ਵੀ ਸ਼ਾਮਲ ਹੈ। ‘ਜਾਗ੍ਰਿਤੀ ਯਾਤਰਾ’ ਦਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ‘ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਿੱਘਾ ਸਵਾਗਤ ਕਰਨਗੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ‘ਜਾਗ੍ਰਿਤੀ ਯਾਤਰਾ’ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ‘ਤੇ ਕਿਲਾ ਅਨੰਦਗੜ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ ਸਾਹਿਬ ਤੱਕ ਇਸ ਯਾਤਰਾ ਨਾਲ ਪੈਦਲ ਚੱਲਣਗੇ। ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਭਲਕੇ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਧਾਰਮਿਕ ਦੀਵਾਨ ਸਜਣਗੇ। ਦੀਵਾਨ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਸੰਗਤਾਂ ਦੇ ਦਰਸ਼ਨ ਕਰਨਗੇ।
‘ਜਾਗ੍ਰਿਤੀ ਯਾਤਰਾ’ ਭਲਕੇ ਰਾਤ ਸ੍ਰੀ ਅਨੰਦਪੁਰ ਸਾਹਿਬ ਰੁਕੇਗੀ। ਸ਼ੋ੍ਰਮਣੀ ਕਮੇਟੀ ਵਲੋਂ ਯਾਤਰਾ ਵਿੱਚ ਸ਼ਾਮਲ ਹਜ਼ਾਰਾਂ ਸੰਗਤਾਂ ਦੀ ਸਹੂਲਤ ਲਈ ਲੰਗਰ, ਰਿਹਾਇਸ਼ ਅਤੇ ਹੋਰ ਪ੍ਰਬੰਧ ਵੱਡੇ ਪੱਧਰ ‘ਤੇ ਕੀਤੇ ਗਏ ਹਨ। 28 ਨਵੰਬਰ ਨੂੰ ‘ਜਾਗ੍ਰਿਤੀ ਯਾਤਰਾ’ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਰਾਤ ਦਾ ਪੜਾਅ ਗੜਦੀਵਾਲਾ ਵਿਖੇ ਕਰੇਗੀ।

Share Button

Leave a Reply

Your email address will not be published. Required fields are marked *