Sat. Apr 20th, 2019

ਬਾਘਾ ਪੁਰਾਣਾ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀ ਦੇਣ: ਮਾਹਲਾ, ਬਾਲੀ

ਬਾਘਾ ਪੁਰਾਣਾ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀ ਦੇਣ: ਮਾਹਲਾ, ਬਾਲੀ
50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ

ਬਾਘਾ ਪੁਰਾਣਾ, 24 ਦਸੰਬਰ (ਸਭਾਜੀਤ ਪੱਪੂ,ਕੁਲਦੀਪ ਘੋਲੀਆ)-ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦੇ ਪ੍ਰਧਾਨ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਤੀਰਥ ਸਿੰਘ ਮਾਹਲਾ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅੰਦਰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਜਿਹੜਾ ਵੀ ਵਿਕਾਸ ਹੋਇਆ ਉਹ ਸਿਰਫ਼ ਤੇ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਹੋਇਆ ਜਦਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਅਜਿਹੇ ਇੱਕ ਵੀ ਵਿਕਾਸ ਕਾਰਜ ਤੇ ਹੱਥ ਰੱਖ ਕੇ ਨਹੀਂ ਕਹਿ ਸਕਦੀ ਕਿ ਉਹ ਉਸ ਦੇ ਕਾਰਜਕਾਲ ਸਮੇਂ ਹੋਇਆ। ਇਸ ਦੇ ਚੱਲਦਿਆਂ ਕਾਂਗਰਸ ਨੂੰ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਨੈਤਿਕ ਅਧਾਰ ਨਹੀਂ। ਸ. ਮਾਹਲਾ ਇੱਥੇ ਸਥਿਤ ਮੁਗਲੂ ਕੀ ਪੱਤੀ ਨੇੜੇ ਤਾਰੇਵਾਲਾ ਛੱਪੜ ਵਿਖੇ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

      ਸ. ਮਾਹਲਾ ਨੇ ਕਿਹਾ ਕਿ ਹਲਕੇ ਅੰਦਰ ਜਿੰਨੇ ਵੀ ਵੱਡੇ ਪ੍ਰੋਜੈਕਟ ਹਨ ਉਹ ਅਕਾਲੀ ਦਲ ਦੀ ਦੇਣ ਨੂੰ ਕਾਂਗਰਸੀ ਅੱਜ ਖੁਦ ਮੰਨਦੇ ਹਨ। ਹਲਕੇ ਦੇ ਪ੍ਰਮੁੱਖ ਵਿਕਾਸ ਕਾਰਜ ਨਵੀਂ ਅਨਾਜ ਮੰਡੀ, ਸਬ ਡਵੀਜਨ ਦਾ ਦਰਜ਼ਾ, ਵਾਟਰ ਵਰਕਸ, ਸੀਵਰੇਜ ਪ੍ਰੋਜੈਕਟ, ਬੱਸ ਸਟੈਂਡ ਆਦਿ ਤੋਂ ਇਲਾਵਾ ਪਿੰਡਾਂ ਦੀ ਨੁਹਾਰ ਬਦਲਣਾ ਅਕਾਲੀ ਦਲ ਦੇ ਹੀ ਹਿੱਸੇ ਆਇਆ ਹੈ। ਇਸ ਲਈ ਇਸ ਵਿਕਾਸ ਦੀ ਰਫ਼ਤਾਰ ਨੂੰ ਹੋਰ ਵੀ ਤੇਜ਼ ਕਰਨ ਲਈ ਲਗਾਤਾਰ ਤੀਸਰੀ ਵਾਰ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੀ ਜ਼ਰੂਰਤ ਹੈ ਤਾਂ ਕਿ ਰਹਿੰਦੇ ਵਿਕਾਸ ਕਾਰਜ ਵੀ ਨੇਪਰੇ ਚਾੜੇ ਜਾ ਸਕਣ। ਇਸ ਮੌਕੇ ਹਾਜ਼ਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਜ਼ਿਲਾ ਮੋਗਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਤਾਰੇਵਾਲਾ ਛੱਪੜ ਵਿੱਚ ਬਨਣ ਵਾਲੇ ਇਸ ਸਟੇਡੀਅਮ ਲਈ 50 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋ ਕੇ ਆ ਚੁੱਕੀ ਹੈ ਅਤੇ ਇਸ ਵਿੱਚ 400 ਮੀਟਰ ਦਾ ਟ੍ਰੈਕ ਬਣਾਇਆ ਜਾਵੇਗਾ ਅਤੇ ਸਟੇਡੀਅਮ ਲਈ ਛੱਪੜ ਨੂੰ ਖਾਲੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਵੇਂ ਬੱਸ ਸਟੈਂਡ ਅਤੇ ਸ਼ਾਪਿੰਗ ਕੰਪਲੈਕਸ ਦਾ ਉਦਘਾਟਨ ਵੀ ਜਥੇਦਾਰ ਮਾਹਲਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਹੈ। ਸ਼੍ਰੀ ਬਾਲੀ ਨੇ ਇਹ ਵੀ ਦੱਸਿਆ ਕਿ ਸੀਵਰੇਜ ਪ੍ਰੋਜੈਕਟ ਲਈ ਰਹਿੰਦੇ ਫੰਡ ਤੁਰੰਤ ਹੀ ਮੁਹੱਈਆ ਹੋ ਜਾਣਗੇ ਅਤੇ ਆਸ ਹੈ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਬਾਘੇਪੁਰਾਣੇ ਦਾ ਸੀਵਰੇਜ ਸਿਸਟਮ ਵੀ ਸ਼ੁਰੂ ਹੋ ਜਾਵੇਗਾ। ਉਨਾਂ ਸ਼ਹਿਰ ਨਿਵਾਸੀਆਂ ਨਾਲ ਇਹ ਵਾਅਦਾ ਵੀ ਕੀਤਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਢੰਗ ਨਾਲ ਸ਼ਹਿਰ ਨਿਵਾਸੀਆਂ ਨੇ ਸ਼ਹਿਰ ਵਿੱਚੋਂ ਅਕਾਲੀ ਉਮੀਦਵਾਰ ਨੂੰ ਬੜਤ ਦਿਵਾਈ ਸੀ ਉਸੇ ਤਰਜ਼ ਤੇ ਇਸ ਵਾਰ ਵੀ ਅਕਾਲੀ ਦਲ ਨੂੰ ਬੜਤ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਪ੍ਰਿੰਸੀਪਲ ਗੁਰਦੇਵ ਸਿੰਘ, ਸ਼ਹਿਰੀ ਪ੍ਰਧਾਨ ਪਵਨ ਢੰਡ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਕੌਂਸਲਰ ਬ੍ਰਿਜ ਲਾਲ ਮੌਰੀਆ, ਨੰਦ ਸਿੰਘ ਬਰਾੜ, ਸ਼ਿਵ ਕੁਮਾਰ ਸ਼ਰਮਾ, ਗੁਰਜੰਟ ਸਿੰਘ ਭੁੱਟੋ, ਬਲਤੇਜ ਸਿੰਘ ਲੰਗੇਆਣਾ ਸਰਕਲ ਪ੍ਰਧਾਨ, ਰਜਿੰਦਰ ਕੁਮਾਰ ਬੰਸੀ ਅਰੋੜਾ, ਰਣਜੀਤ ਸਿੰਘ ਝੀਤੇ, ਜਸਪ੍ਰੀਤ ਸਿੰਘ ਮਾਹਲਾ, ਕਰਮ ਸਿੰਘ ਬਰਾੜ ਸਰਪੰਚ ਮਾਹਲਾ ਆਦਿ ਤੋਂ ਇਲਾਵਾ ਹੋਰ ਅਕਾਲੀ ਦਲ ਦੇ ਨੁਮਾਇੰਦੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: