ਬਠਿੰਡਾ ਪੁਲਿਸ ਨੇ ਸਾਂਝ ਕਮੇਟੀਆਂ ਰਾਹੀਂ ਛੇੜੀ ਨਸ਼ਿਆਂ ਖਿਲਾਫ਼ ਜੇਹਾਦ

ss1

ਬਠਿੰਡਾ ਪੁਲਿਸ ਨੇ ਸਾਂਝ ਕਮੇਟੀਆਂ ਰਾਹੀਂ ਛੇੜੀ ਨਸ਼ਿਆਂ ਖਿਲਾਫ਼ ਜੇਹਾਦ

303 ਪਿੰਡਾਂ, 161 ਵਾਰਡਾਂ, 214 ਸਕੂਲਾਂ, 47 ਕਾਲਜਾਂ/ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ਭਰਵੇਂ ਇਕੱਠ ਵਿੱਚ ਮੁਹਿੰਮ ਨੂੰ ਸਫ਼ਲ ਬਨਾਉਣ ਦਾ ਅਹਿਦ

ਪਿੰਡ/ਵਾਰਡ/ਪੁਲਿਸ ਥਾਣਾ/ਡੀ.ਐਸ.ਪੀ. ਅਤੇ ਐਸ.ਪੀ. ਪੱਧਰ ‘ਤੇ ਨਸ਼ਿਆਂ ਖਿਲਾਫ਼ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਮੇਟੀਆਂ ਗਠਿਤ

ਹਰ ਪੱਧਰ ‘ਤੇ ਰੋਜ਼ਾਨਾ ਲਈ ਜਾਵੇਗੀ ਫੀਡ ਬੈਕ

ਬਠਿੰਡਾ 19, ਮਈ (ਪਰਵਿੰਦਰਜੀਤ ਸਿੰਘ): ) : ਨਸ਼ਿਆਂ ਦੇ ਮਾੜੇ ਅਸਰਾਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝ ਕਮੇਟੀਆਂ ਰਾਹੀਂ ਨਸ਼ਿਆਂ ਦੀ ਲਾਹਨਤ ਖਿਲਾਫ਼ ਰਾਜ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਅਤੇ ਪ੍ਰਭਾਵਸ਼ਾਲੀ ਮੁਹਿੰਮ ਦਾ ਆਗਾਜ਼ ਕਰਦਿਆਂ ਬਠਿੰਡਾ ਪੁਲਿਸ ਨੇ ‘ਉਭਰਦਾ ਬਠਿੰਡਾ’ ਪ੍ਰੋਗਰਾਮ ਰਾਹੀਂ ਸਮਾਜ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਵਲੋਂ ਇਸ ਸਮਾਜਿਕ ਬੁਰਾਈ ਖਿਲਾਫ਼ ‘ਉਭਰਦਾ ਬਠਿੰਡਾ’ ਦੇ ਨਾਅਰੇ ਹੇਠ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਕ ਮਹੀਨੇੇ ਤੱਕ ਪ੍ਰਭਾਵਸ਼ਾਲੀ ਅਤੇ ਅਸਰਦਾਰ ਨਤੀਜੇ ਸਾਹਮਣੇ ਲਿਆਉਣ ਲਈ 303 ਪਿੰਡਾਂ, 161 ਵਾਰਡਾਂ, 214 ਸਕੂਲਾਂ, 47 ਕਾਲਜਾਂ/ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ਅੱਜ ਇੱਥੇ ਭਰਵੀਆਂ ਵਿਚਾਰਾਂ ਕਰਨ ਤੋਂ ਬਾਅਦ ਨਸ਼ਿਆਂ ਦੇ ਖਾਤਮੇ ਲਈ ਤਿਆਰ ਕੀਤੇ ਖਾਕੇ ਨੂੰ ਅੰਤਿਮ ਰੂਪ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਵਪਨ ਸ਼ਰਮਾ ਨੇ ਪੂਰੇ ਜ਼ਿਲ੍ਹੇ ਤੋਂ ਵੱਖ-ਵੱਖ ਸਾਂਝ ਕਮੇਟੀਆਂ ਦੇ ਮੈਂਬਰਾਂ ਅਤੇ ਲੋਕ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਪਿੰਡ/ਵਾਰਡ/ਪੁਲਿਸ ਥਾਣਾ/ਡੀ.ਐਸ.ਪੀ. ਅਤੇ ਐਸ.ਪੀ. ਪੱਧਰ ‘ਤੇ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਹਨ ਜੋ ਨਿੱਜੀ ਤੌਰ ‘ਤੇ ਨਸ਼ਿਆਂ ਦੇ ਪ੍ਰਚਲਨ ਅਤੇ ਪ੍ਰਭਾਵ ‘ਤੇ ਨਜ਼ਰਸਾਨੀ ਰੱਖਦਿਆਂ ਇਸ ਲਾਹਨਤ ਖਿਲਾਫ਼ ਵਿੱਢੀ ਮੁਹਿੰਮ ਦੀ ਸਫ਼ਲਤਾ ਲਈ ਹਰ ਸੰਭਵ ਯਤਨ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰ ਪੱਧਰ ‘ਤੇ ਰੋਜ਼ਾਨਾ ਫੀਡ ਬੈਕ ਲੈਣ ਤੋਂ ਬਾਅਦ ਲੋੜੀਂਦੀ ਅਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਂਝ ਕਮੇਟੀਆਂ ਰਾਹੀਂ ਇਸ ਬੁਰਾਈ ਖਿਲਾਫ਼ ਜੇਹਾਦ ਛੇੜਨ ਦਾ ਇੱਕੋ-ਇੱਕ ਮਕਸਦ ਨਸ਼ਿਆਂ ਦੇ ਮਾੜੇ ਪ੍ਰਭਾਵ ਦੀ ਮੁਕੰਮਲ ਜਾਣਕਾਰੀ ਹੇਠਲੇ ਪੱਧਰ ਤੱਕ ਪਹੁੰਚਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਪਿੰਡ/ਵਾਰਡ ਪੱਧਰ ‘ਤੇ 5 ਮੈਂਬਰੀ ਸਾਂਝ ਕਮੇਟੀ, ਪੁਲਿਸ ਸਟੇਸ਼ਨ ਅਤੇ ਡੀ.ਐਸ.ਪੀ. ਪੱਧਰ ‘ਤੇ 6 ਮੈਂਬਰੀ ਅਤੇ ਐਸ.ਪੀ. ਪੱਧਰ ‘ਤੇ 4 ਮੈਂਬਰੀ ਕਮੇਟੀ ਲਗਾਤਾਰ ਜਾਗਰੂਕਤਾ ਮੁਹਿੰਮ ਨੂੰ ਜੰਗੀ ਪੱਧਰ ‘ਤੇ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਨਸ਼ਿਆਂ ਦੇ ਪ੍ਰਭਾਵ ਹੇਠ ਆ ਚੁੱਕੇ ਲੋਕਾਂ ਨੂੰ ਖਾਸਤੌਰ ‘ਤੇ ਇਸ ਖਿਲਾਫ਼ ਸਿਖਿਅਤ ਅਤੇ ਜਾਗਰੂਕ ਕਰਕੇ ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨਸ਼ੀਲ ਰਹੇਗੀ।
ਨਸ਼ਿਆਂ ਦੀ ਮੰਗ ਅਤੇ ਸਪਲਾਈ ਬਾਰੇ ਗੱਲ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਸਾਂਝ ਕਮੇਟੀਆਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਉਹ ਉਨ੍ਹਾਂ ਪਰਿਵਾਰਾਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦਰਤ ਕਰਨ ਜਿਨ੍ਹਾਂ ਦੇ ਮੈਂਬਰ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਪੈਦਾ ਨਹੀਂ ਹੁੰਦਾ ਇਸਨੂੰ ਟਰਾਂਜਿਟ ਰੂਟ ਵਜੋਂ ਵਰਤਿਆ ਜਾਂਦਾ ਹੈ ਅਤੇ ਪੰਜਾਬ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਸਪਲਾਈ ਲਾਇਨ ਨੂੰ ਵੱਡੇ ਪੱਧਰ ‘ਤੇ ਤੋੜਿਆ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵ ਖਿਲਾਫ਼ ਇਕਮੁੱਠ ਹੋ ਕੇ ਲੜਾਈ ਲੜਨਾ ਸਮੇਂ ਦੀ ਮੁੱਖ ਮੰਗ ਹੈ ਅਤੇ ਬਠਿੰਡਾ ਪੁਲਿਸ ਦਾ ਉਪਰਾਲੇ ‘ਉਭਰਦਾ ਬਠਿੰਡਾ’ ਦਾ ਨਸ਼ਿਆਂ ਸਬੰਧੀ ਸਹੀ ਤਸਵੀਰ ਲੋਕਾਂ ਸਾਹਮਣੇ ਲਿਆਉਣਾ ਤੋਂ ਇਲਾਵਾ ਇਕ ਪਹਿਲੂ ਲੋਕ ਸਹਿਯੋਗ ਰਾਹੀਂ ਇਸ ਲਾਹਣਤ ਦਾ ਮੁਕੰਮਲ ਖਾਤਮਾ ਵੀ ਹੈ।
ਭਾਰੀ ਗਿਣਤੀ ਵਿੱਚ ਆਏ ਸਾਂਝ ਕਮੇਟੀਆਂ ਦੇ ਮੈਂਬਰਾਂ ਅਤੇ ਲੋਕ ਆਗੂਆਂ ਦੇ ਨਾਲ ਰੂਬਰੂ ਹੁੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਭਰਵੀਂ ਅਪੀਲ ਰਾਹੀਂ ਲੋਕਾਂ ਨੂੰ ਕਿਹਾ ਕਿ ਉਹ ਨਸ਼ਿਆਂ ਖਿਲਾਫ਼ ਕੋਈ ਵੀ ਜਾਣਕਾਰੀ ਨਿੱਜੀ ਤੌਰ ਤੇ ਉਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਸਕਦੇ ਹਨ। ਉਨ੍ਹਾਂ ਤਿੰਨ ਹੈਲਪਲਾਈਨ ਨੰਬਰਾਂ 100, 75080-18100 ਅਤੇ 0164-2212100 ‘ਤੇ ਨਸ਼ਿਆਂ ਖਿਲਾਫ਼ ਸੂਚਨਾ ਤੋਂ ਇਲਾਵਾ ਮੁੜ ਵਸੇਬਾ ਅਤੇ ਨਸ਼ਾ ਛੁਡਾਉ ਕੇਂਦਰਾਂ ਦੀ ਮੁਕੰਮਲ ਜਾਣਕਾਰੀ ਵੀ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਅਸਲ ਸੁਨੇਹਾ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਪਿੰਡਾਂ, ਵਾਰਡਾਂ, ਪੁਲਿਸ ਸਟੇਸ਼ਨਾਂ ਅਤੇ ਮੁੱਖ ਥਾਵਾਂ ‘ਤੇ ਲੋਕਾਂ ਦੀ ਜਾਣਕਾਰੀ ਲਈ ਬੋਰਡ ਲਗਵਾਉਣ ਤੋਂ ਇਲਾਵਾ ਪਹਿਲੇ ਪੜਾਅ ਵਿੱਚ ਇੱਕ ਲੱਖ ਪਰਚਿਆਂ ਰਾਹੀਂ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਈ ਜਾਵੇਗੀ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਾਂਝ ਕਮੇਟੀਆਂ ਵਿੱਚ ਜ਼ਿਲ੍ਹੇ ਭਰ ਤੋਂ 2547 ਮੈਂਬਰ ਲਏ ਗਏ ਹਨ ਜੋ ਪੰਜਾਬ ਪੁਲਿਸ ਅਤੇ ਪਬਲਿਕ ਦੇ ਸਾਂਝੇ ਉਪਰਾਲੇ ਨੂੰ ਕਾਮਯਾਬ ਕਰਨ ਲਈ ਸਿਰਤੋੜ ਯਤਨ ਕਰਨਗੇ।

Share Button

Leave a Reply

Your email address will not be published. Required fields are marked *