ਪੰਥ ਪ੍ਰਵਾਣਿਤ ਮਰਯਾਦਾ ਹੀ ‘ਦਸਮ ਗੁਰੂ’ ਦੀ ਮਰਯਾਦਾ ਹੈ: ਪ੍ਰਿੰ: ਸੁਰਿੰਦਰ ਸਿੰਘ

ss1

ਪੰਥ ਪ੍ਰਵਾਣਿਤ ਮਰਯਾਦਾ ਹੀ ‘ਦਸਮ ਗੁਰੂ’ ਦੀ ਮਰਯਾਦਾ ਹੈ: ਪ੍ਰਿੰ: ਸੁਰਿੰਦਰ ਸਿੰਘ
ਜੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦੀ ਉਲੰਘਣਾ ਕਰਦੇ ਹਨ ਤਾਂ ਇਹ ਸਿੱਖ ਕੌਮ ਲਈ ਬਦ ਕਿਸਮਤੀ ਵਾਲੀ ਗੱਲ ਹੋਵੇਗੀ: ਪ੍ਰਿੰ:ਸੁਰਿੰਦਰ ਸਿੰਘ

surinder-singh-gyaniਸ਼੍ਰੀ ਅਨੰਦਪੁਰ ਸਾਹਿਬ, 29 ਅਕਤੂਬਰ(ਦਵਿੰਦਰਪਾਲ ਸਿੰਘ):ਦਸਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ 7 ਅਕਤੂਬਰ ਸੰਨ 1708 ਦੀ ਰਾਤ ਨੂੰ ਜੋਤੀ ਜੋਤ ਸਮਾਉਣ ਸਮੇਂ “ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ” ਦਾ ਹੁਕਮ ਦੇ ਕੇ ਗੁਰੂ ਜੋਤ ਅਤੇ ਜੁਗਤ ਦਾ ਮਾਲਕ ਖਾਲਸਾ ਪੰਥ ਨੂੰ ਬਣਾ ਦਿੱਤਾ ਸੀ। ਗੁਰੁ ਜੀ ਨੇ ਗੁਰ-ਗੱਦੀ ਕਿਸੇ ਸੰਤ, ਮਹੰਤ ਜਾਂ ਸੰਪਰਦਾ ਨੂੰ ਨਹੀਂ ਸੌਂਪੀ। ਇਸ ਲਈ ਗੁਰੁ ਪੰਥ ਵਲੋਂ ਪ੍ਰਵਾਣਿਤ ਕੀਤੀ ਹੋਈ ਰਹਿਤ ਮਰਯਾਦਾ ਹੀ ਦਸਮ ਪਿਤਾ ਦੀ ਮਰਯਾਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਹਲਕਾ ਅਨੰਦਪੁਰ ਸਾਹਿਬ ਨੇ ਕੀਤਾ।
ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕਿ ਸੰਨ 1920 ਤੋਂ ਪਹਿਲਾਂ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਸੰਤਾਂ ਮਹੰਤਾਂ ਅਤੇ ਸੰਪਰਦਾਵਾਂ ਦੀ ਮਰਯਾਦਾ ਲਾਗੂ ਸੀ। ਜੋ ਬ੍ਰਹਾਮਣਵਾਦੀ ਮਰਯਾਦਾ ਸੀ। ਗੁਰੁ ਪੰਥ ਨੇ ਲੰਬੀ ਜਦੋ-ਜਹਿਦ ਤੋਂ ਬਾਅਦ ਸੰਤਾਂ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਕੇ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਲਿਆਂਦੇ ਅਤੇ ਬ੍ਰਹਮਣਵਾਦੀ ਮਰਯਾਦਾ ਨੂੰ ਰੱਦ ਕਰਕੇ, ਦਸਮੇਸ਼ ਪਿਤਾ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਤਿਆਰ ਕੀਤੀ, ਤੇ ਸਾਰੇ ਗੁਰਦੁਆਰਿਆਂ ਵਿੱਚ ਲਾਗੂ ਕਰਕੇ ਖਾਲਸੇ ਦਾ ਨਿਆਰਾਪਨ ਸੰਸਾਰ ਵਿੱਚ ਪ੍ਰਗਟ ਕੀਤਾ ਸੀ।
ਉਹਨਾਂ ਅੱਗੇ ਕਿਹਾ ਕਿ ਇਸ ਮਰਯਾਦਾ ਨੂੰ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਵਲੋਂ ਹਮੇਸ਼ਾਂ ਮਾਨਤਾ ਦਿੱਤੀ ਜਾਂਦੀ ਰਹੀ ਹੈ। ਗਿਆਨੀ ਕ੍ਰਿਪਾਲ ਸਿੰਘ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਸੰਭਾਲਣ ਸਮੇਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦੇ ਪਾਬੰਦ ਰਹਿਣ ਦੀ ਸਖਤ ਹਿਦਾਇਤ ਕੀਤੀ ਸੀ। ਬਾਬਾ ਜੀ ਨੇ ਆਪਣੇ ਸ਼ਰਧਾਲੂ ਭਾਈ ਆਤਮਾ ਰਾਮ ਨੂੰ ਸਿੱਖ ਸਜਣ ਉਪ੍ਰੰਤ ਅੰਮ੍ਰਿਤ ਛਕਾਉਣ ਸਮੇਂ ਸ਼੍ਰੀ ਅਕਾਲ ਤਖ਼ਤ ਸਾੋਿਹਬ ਵਿਖੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਕੇ ਪੰਥ ਪ੍ਰਵਾਣਿਤ ਇਸ ਮਰਯਾਦਾ ਅਨੁਸਾਰ ਹੀ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਈ ਅਤੇ ਸ਼ਖਤ ਹਿਦਾਇਤ ਕੀਤੀ ਕਿ ਟਕਸਾਲ ਦੀ ਮਰਯਾਦਾ ਉੱਥੇ ਹੀ ਲਾਗੂ ਰੱਖੀ ਜਾਵੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਵਿੱਚ ਵਿਘਨ ਪਾ ਕੇ ਪੰਥਕ ਏਕਤਾ ਨਾ ਤੋੜੀ ਜਾਵੇ।
ਸੰਨ 1982 ਵਿੱਚ ਜਦੋਂ ਇੱਕ ਗ੍ਰੰਥੀ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਇਸ ਮਰਯਾਦਾ ਦੀ ਉਲੰਘਣਾ ਕੀਤੀ ਤਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬਹੁਤ ਸਖਤੀ ਨਾਲ ਪੇਸ਼ ਆਏ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਪੁਰਾਤਨ ਮਹਾਂਪੁਰਸ਼ ਵੀ ਇਸ ਪੰਥਕ ਰਹਿਤ ਮਰਯਾਦਾ ਦੇ ਮੁਦਈ ਸਨ, ਪਰ ਅੱਜ ਉਹਨਾਂ ਦੇ ਵਿਦਿਆਰਥੀ ਹੀ ਇਸ ਮਰਯਾਦਾ ਦੇ ਵਿਰੋਧੀ ਬਣੇ ਹੋਏ ਹਨ। ਕੀ ਇਹ ਲੋਕ ਉਹਨਾਂ ਮਹਾਂਪੁਰਸ਼ਾਂ ਤੋਂ ਵੀ ਵੱਧ ਸਿਆਣੇ ਹਨ?
ਜੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦੀ ਉਲੰਘਣਾ ਕਰਦੇ ਹਨ ਤਾਂ ਇਹ ਸਿੱਖ ਕੌਮ ਲਈ ਬਦ ਕਿਸਮਤੀ ਵਾਲੀ ਗੱਲ ਹੋਵੇਗੀ। ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੀ ਗੁਰਦੁਆਰੇ ਵਿੱਚੋਂ ਬ੍ਰਹਮਣਵਾਦੀ ਸੋਚ ਨੂੰ ਕੱਢਣ ਲਈ ਹੋਈ ਸੀ। ਇਸ ਲਈ ਉਪ੍ਰੋਕਤ ਸੰਸਥਾਵਾਂ ਦੇ ਆਗੂਆਂ ਨੂੰ ਰਹਿਤ ਮਰਯਾਦਾ ਲਈ ਦਿੱਤੀਆਂ ਸੈਂਕੜੇ ਸ਼ਹਾਦਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕਿ ਜਿਹਨਾਂ ਸੰਤਾਂ ਮਹੰਤਾਂ ਅਤੇ ਸੰਪਰਦਾਵਾਂ ਨੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਨੂੰ ਕਦੇ ਮਾਨਤਾ ਹੀ ਨਹੀਂ ਦਿੱਤੀ ਉਹਨਾਂ ਨੂੰ ਇਸ ਮਰਯਾਦਾ ਵਿੱਚ ਸੋਧ ਕਰਨ ਦਾ ਕੋਈ ਅਧਿਕਾਰ ਨਹੀਂ। ਉਹਨਾਂ ਦੇ ਅਜਿਹਾ ਕਰਨ ਨਾਲ ਜਿਵੇਂ ਨਾਨਕਸ਼ਾਹੀ ਕਲੰਡਰ ਦੇ ਮੁੱਦੇ ਤੇ ਪੰਥ ਦੋਫਾੜ ਹੋਇਆ ਹੈ ਇਸੇ ਤਰਾਂ ਮਰਯਾਦਾ ਨਾਲ ਕੀਤੀ ਛੇੜਛਾੜ ਵੀ ‘ਪੰਥਕ ਏਕਤਾ’ ਤੇ ਕਰਾਰੀ ਚੋਟ ਸਾਬਤ ਹੋਵੇਗੀ। ਇਸ ਲਈ ਕਿਸੇ ਸੰਤ, ਮਹੰਤ, ਸੰਪਰਦਾ, ਅਤੇ ਸਿਆਸੀ ਆਗੂ ਨੂੰ ਪੰਥਕ ‘ਫੁੱਟ ਦਾ ਕਲੰਕ’ ਆਪਣੇ ਮੱਥੇ ਤੇ ਨਹੀਂ ਲਗਾਉਣਾ ਚਹੀਦਾ, ਕਿਉਂ ਕਿ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਹੀ ਦਸਮ ਗੁਰੂ ਜੀ ਦੀ ਮਰਯਾਦਾ ਹੈ।

Share Button

Leave a Reply

Your email address will not be published. Required fields are marked *