ਪੰਜ ਆਬ ਦੀ ਧਰਤੀ ‘ਤੇ ਪਾਣੀ ਨੂੰ ਤਰਸਦੇ ਲੋਕ

ਪੰਜ ਆਬ ਦੀ ਧਰਤੀ ‘ਤੇ ਪਾਣੀ ਨੂੰ ਤਰਸਦੇ ਲੋਕ

ਅੰਤਾਂ ਦੀ ਗਰਮੀ, ਹਵਾ ਵੀ ਰੁਕੀ ਹੋਈ, ਰੁੱਖਾਂ ਦੇ ਪੱਤਿਆਂ ਵਿੱਚ ਵੀ ਕੋਈ ਹਰਕਤ ਨਾ, ਸਿਰ ਦੇ ਵਾਲਾਂ ਵਿੱਚੋਂ ਚੋਅ ਕੇ ਮੁੜ੍ਹਕਾ (ਪਸੀਨਾ) ਪੈਰਾਂ ਤੱਕ ਪੁੱਜਿਆ ਹੋਇਆ, ਤ੍ਰੇਹ ਵੀ ਐਨੀ ਲੱਗੀ ਕਿ ਜਾਨ ਨਿਕਲੀ ਜਾਵੇ, ਬੇਸਬਰੀ ਨਾਲ ‘ਡੀਕੀ ਜਾਵਾਂ ਕਿ ਕਦੋਂ ਅੱਡਾ ਆਵੇ, ਕਦੋਂ ਉੱਤਰਾਂ ਤੇ ਝੱਟ ਬੁੱਲਾਂ ਨੂੰ ਠੰਡਾਠੰਡਾ ਪਾਣੀ ਛੁਹਾਵਾਂ, ਬੜੇ ਚਿਰ ਤੋਂ ਉਡੀਕਦੇ ਨੂੰ ਆਖਰ ਤਪਾ ਮੰਡੀ ਦਾ ਬੱਸ ਅੱਡਾ ਆ ਹੀ ਗਿਆ, ਬੱਸੋਂ ਉੱਤਰ ਕੇ ਮੈਂ ਇੰਝ ਭਜਿਆ ਜਿਵੇਂ ਚਿਰੋਕਣੀ ਉਡੀਕ ਤੋਂ ਬਾਅਦ ਕੈਦੀ ਘਰ ਨੂੰ ਵਾਹੋ ਦਾਹੀ ਭੱਜਿਆ ਜਾਂਦਾ ਹੋਵੇ। ਪਰ ਕਲਪਣਾ ਦੇ ਮਹਿਲ ਨਾਲੋ ਨਾਲ ਢਹਿ ਗਏ ਜਦੋਂ ਚਾਰ ਚੁਫ਼ੇਰੇ ਨਜਰ ਮਾਰਨ ਤੋਂ ਬਾਅਦ ਸਾਰੇ ਅੱਡੇ ਤੇ ਕਿਤੇ ਪਾਣੀ ਦੀ ਬੂੰਦ ਵੀ ਨਜਰ ਨਾ ਆਈ, ਇੱਕ ਦੋ ਨੂੰ ਪੁਛਿਆ ਵੀ ਪਾਣੀ ਪੀਣੈ, ਤ੍ਰੇਹ ਬਹੁਤ ਲੱਗੀ ਹੋਈ ਐ, ਹੈ ਕਿਤੇ ? ਸਾਰਿਆਂ ਤੋਂ ਜਵਾਬ ਮਿਲਿਆ, ਔਹ ਸਾਹਮਣੇ ਦੁਕਾਨ ‘ਤੇ ਜਾਹ ਤੇ ਪਾਣੀ ਦੀ ਬੋਤਲ ਖ੍ਰੀਦ ਕੇ ਪੀ ਲੈ ,,, ਦੋ ਪਲ ਅਟਕਿਆ ਤੇ ਮਜ਼ਬੂਰੀ ਨੂੰ ਭਾਂਪਦਿਆਂ ਦੁਕਾਨ ਵਾਲੇ ਨੂੰ ਪੈਸੇ ਦੇ ਕੇ ਲਿਆ ਪਾਣੀ ਪੀ ਕੇ ਵਕਤੀ ਤੌਰ ਤੇ ਤ੍ਰੇਹ ਤਾਂ ਭਾਵੇਂ ਮਿਟ ਗਈ ਪਰ ਦਿਲ ਨੂੰ ਓਹ ਤਸੱਲੀ ਨਹੀਂ ਹੋਈ ਜੋ ਛੋਟੇ ਹੁੰਦੇ ਕਿਸੇ ਪੌ ਤੋਂ ਘੜਿਆਂ ਦੀ ਕਤਾਰ ਤੇ ਪਏ ਪਲਾਸਟਿਕ ਦੇ ਡੱਬੇ ਨਾਲ ਭਰ ਕੇ ਓਕ ਲਾ ਕੇ ਪਾਣੀ ਪੀਂਦਿਆਂ ਹੁੰਦੀ ਸੀ, ਮੈਂ ਬੱਸ ਅੱਡੇ ਤੇ ਵੇਚਣ ਲਈ ਖਿੱਲਾਂ ਦੇ ਪੈਕਟ ਚੁੱਕੀ ਫਿਰਦੇ ਇੱਕ ਬੰਦੇ ਨੂੰ ਪੁਛਿਆ ਕਿ ਇੱਥੇ ਕੋਈ ਪਾਣੀ ਦੀ ਟੈਂਕੀ ਤਾਂ ਰੱਖ ਹੀ ਸਕਦੇ ਹੋ ‘ਕੱਠੇ ਹੋ ਕੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰ ਲੋ ! ਉਸਨੇ ਦੱਸਿਆ ਕਿ ਕਈ ਵਾਰ ਕੋਸ਼ਿਸ ਕੀਤੀ ਹੈ ਪਰ ਦੁਕਾਨਦਾਰ ਵਿਰੋਧ ਕਰਦੇ ਹਨ, ਮੁੱਲ ਪਾਣੀ ਵੇਚਣ ਦੀ ਲਾਲਸਾ ਕਿੰਨੇ ਬੁੱਢੇ ਠੇਰਿਆਂ, ਬਿਮਾਰਾਂ, ਬਾਲ ਬੱਚਿਆਂ ਨੂੰ ਪਿਆਸਾ ਰੱਖਦੀ ਹੋਵੇਗੀ ਮੇਰੀ ਸੋਚ ਪਤਾ ਨਹੀਂ ਬੈਠਿਆਂਬੈਠਿਆਂ ਕਿਹੜੀਆਂ ਡੂੰਘੀਆਂ ਪਰਤਾਂ ਫਰੋਲਣ ਲੱਗ ਪਈ, ਸੋਚ ਰਿਹਾ ਸੀ ਕਿ ਮੈਂ ਤਾਂ ਚਲ ਸਮੇਂ ਦੀ ਚਾਲ ਨੂੰ ਸਮਝਦਾ ਹਾਂ ਪਰ ਬਜ਼ੁਰਗ ਤਾਂ ਨਹੀਂ ਸਮਝਦੇ ਹੋਣਗੇ ਜਿਹੜੇ ਆਪਣੇ ਸਮੇਂ ਵਾਂਗੂ ਅੱਡਿਆਂ ‘ਤੇ ਘੜੇ ਭਾਲਦੇ ਹੋਣਗੇ, ਪੰਜਾਂ ਦਰਿਆਵਾਂ ਵਾਲੇ ਦੇਸ਼ ਦੀ ਆਹ ਹਾਲਤ, ਜਿਸ ਪ੍ਰਦੇਸ਼ ਦਾ ਨਾ ਹੀ ਪੰਜ ਪਾਣੀਆਂ ਤੋਂ ਪਿਆ ਹੋਵੇ, ਓਥੇ ਪਾਣੀ ਪੀਣ ਨੂੰ ਵੀ ਨਾ ਮਿਲੇ, ਲਾਹਨਤ ਐ ! ਇਹ ਕਹਾਣੀ ਸਿਰਫ਼ ਇੱਕਲੇ ਕਹਿਰੇ ਬੱਸ ਅੱਡੇ ਜਾਂ ਪਬਲਿਕ ਥਾਂ (ਵਿਸ਼ੇਸ਼) ਦੀ ਨਹੀਂ ਸਗੋਂ ਸਾਰੇ ਮੁਲਕ ਦੀ ਅਸਲੀਅਤ ਹੈ, ਖੁੱਲ੍ਹੇਡੁੱਲ੍ਹੇ ਦਿਲਾਂ ਦੇ ਪੰਜਾਬੀ ਵੀ ਕਦੇ ਏਨੇ ਗਏ ਗੁਜ਼ਰੇ ਹੋ ਜਾਣਗੇ ਸੋਚਿਆ ਵੀ ਨਹੀਂ ਸੀ ਜਾ ਸਕਦਾ।ਉਹ ਵੇਲਾ ਸਵਰਗ ਤੋਂ ਘੱਟ ਨਹੀਂ ਸੀ ਜਦੋਂ ਸਾਡੇ ਪੁਰਖੇ ਕਿਸੇ ਰਾਹੀ ਪਾਂਧੀ ਦਾ ਕਿੰਨ੍ਹਾ ਖ਼ਿਆਲ ਰਖਦੇ ਹੁੰਦੇ ਸੀ, ਸ਼ਾਇਦ ਉਹ ਅਜੇ ਹਰ ਗੱਲ ਵਿੱਚੋਂ ਪੈਸਾ ਕਮਾਉਂਣਾਂ ਨਹੀਂ ਸੀ ਸਿੱਖੇ, ਉਹ ਸਵੇਰੇ ਚਾਰ ਵਜੇ ਉੱਠਦੇ ਤੇ ਖੂਹਾਂ ਤੋਂ ਪਾਣੀ ਭਰ ਕੇ ਲਿਆਉਂਦੇ ਪਰ ਫਿਰ ਵੀ ਕਈ ਕਈ ਘੜੇ ਰਾਹੀਆਂ ਪਾਂਧੀਆ ਲਈ ਪੌ ਲਾ ਕੇ ਭਰ ਭਰ ਰੱਖਦੇ, ਉਹਨਾਂ ਦੀ ਕਿਸੇ ਸੱਤ ਬਿਗਾਨੇ ਦੇ ਕੰਮ ਆਉਣ ਦੀ ਸੋਚ ਉਹਨਾਂ ਨੂੰ ਮਹਾਨ ਬਣਾਉਂਦੀ ਸੀ ਜਦੋਂ ਕਿ ਅੱਜ ਕੱਲ ਘਰ ਦਿਆਂ ਨਾਲ ਵੀ ਮੁਨਾਫ਼ੇ ਦੀ ਆਸ ਨਾਲ ਵਿਹਾਰ ਕੀਤਾ ਜਾਂਦਾ ਹੈ।ਅਸਲ ਵਿੱਚ ਬਹੁ ਕੌਮੀ ਕੰਪਨੀਆਂ ਦੀ ਹਰ ਪੈਰ ਤੇ ਗਾਹਕ ਲੱਭਣ ਅਤੇ ਹੋਰ ਹੋਰ ਮੁਨਾਫ਼ੇ ਦੀ ਝਾਕ ਸਾਡੇ ਦਿਲਾਂ ਨੂੰ ਕਿੰਝ ਨਪੀੜ ਰਹੀ ਹੈ, ਅਸੀਂ ਭਾਈ ਘਨੱਈਆ ਜੀ ਵਰਗਿਆਂ ਦਾ ਇਤਿਹਾਸ ਭੁੱਲ ਕੇ ਸਿਰਫ਼ ਪੈਸੇ ਦੇ ਪੁੱਤ ਬਣਦੇ ਜਾ ਰਹੇ ਹਾਂ, ਸੋਚੋ ! ਸਾਡੇ ‘ਤੇ ਅਜੇ ਐਨਾ ਵੀ ਮਾੜਾ ਸਮਾਂ ਨਹੀਂ ਆਇਆ ਕਿ ਆਪਣੇ ਬਜੁਰਗਾਂ ਨੂੰ ਜਿੰਨ੍ਹਾਂ ਨੇ ਆਪਣੇ ਸਮੇਂ ਵਿੱਚ ਲੋਕਾਂ ਨੂੰ ਮਣਾ ਮੂੰਹੀ ਪਾਣੀ ਪੌ ਲਾ ਲਾ ਕੇ ਪਿਆਇਆ ਹੋਵੇ ਤੇ ਹੁਣ ਉਨ੍ਹਾਂ ਨੂੰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ‘ਤੇ ਖੜ੍ਹਿਆਂ ਨੂੰ ਪਿਆਸੇ ਮਰਨ ਦੇਈਏ, ਤੇ ਪਾਣੀ ਪੀ ਕੇ ਬਜ਼ੁਰਗਾਂ ਤੋਂ ਮਿਲਣ ਵਾਲੀਆਂ ਲੰਬੀਆਂ ਲੰਬੀਆਂ ਅਸੀਸਾਂ ਤੋਂ ਵੀ ਵਾਂਝੇ ਰਹੀਏ।ਆਓ ਸਾਰੇ ਰਲ਼ ਕੇ ਹੰਭਲਾ ਮਾਰੀਏ ਕਿ ਸਾਡੇ ਆਸੇ ਪਾਸੇ ਕੋਈ ਵੀ ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਕੋਈ ਵੀ ਸਾਡੀ ਪਬਲਿਕ ਥਾਂ ਪੀਣ ਵਾਲੇ ਪਾਣੀ ਤੋਂ ਬਿਨਾ ਨਾ ਰਹੇ, ਸਮਾਜ ਸੇਵੀ ਸੰਸਥਾਵਾਂ ਇਸ ਵੱਲ ਵਿਸੇਸ਼ ਧਿਆਨ ਦੇਣ, ਹਰ ਥਾਂ ਪਾਣੀ ਦੀ ਟੈਂਕੀ ਰੱਖੀ ਜਾਵੇ, ਘੜੇ ਜਾਂ ਵਾਟਰ ਕੂਲਰ ਲਗਾਏ ਜਾਣ ਅਤੇ ਇਹਨਾਂ ਵਿੱਚ ਪਾਣੀ ਪਾਉਣ ਜਾਂ ਰਹਿਣ ਦੀ ਨਿਰੰਤਰਤਾ ਦਾ ਵੀ ਜ਼ਰੂਰ ਖਿਆਲ ਰੱਖਿਆ ਜਾਵੇ ਤਾਂ ਕਿ ਸਾਡਾ ਪੰਜਾਂ ਦਰਿਆਵਾਂ ਦਾ ਦੇਸ਼ ਪੰਜਾਬ ਵਿੱਚ ਕਿਸੇ ਦੇ ਬੁੱਲ੍ਹ ਪਾਣੀ ਨੂੰ ਨਾ ਤਰਸਣ।

ਬਲਕਰਨ ਕੋਟ ਸ਼ਮੀਰ
ਜਿਲ੍ਹਾ ਅਰਬਨ ਪ੍ਰੋਜੈਕਟ ਕੋਆਰਡੀਨੇਟਰ, ਦਫ਼ਤਰ ਸਿਵਲ ਸਰਜਨ , ਸੰਗਰੂਰ।
ਮੋ. 75080 92957

Share Button

Leave a Reply

Your email address will not be published. Required fields are marked *

%d bloggers like this: