ਪੰਜਾਬੀ ਸਿਨੇਮਾ ਵੱਲ ਵੱਧਦੇ ਕਦਮਾਂ ਨਾਲ ਜਸਵਿੰਦਰ ਮਕੜੌਨਾ

ss1

ਪੰਜਾਬੀ ਸਿਨੇਮਾ ਵੱਲ ਵੱਧਦੇ ਕਦਮਾਂ ਨਾਲ ਜਸਵਿੰਦਰ ਮਕੜੌਨਾ

ਕਹਿੰਦੇ ਹਨ ਕਿ ਕੀਤੀ ਮਿਹਨਤ ਹਮੇਸ਼ਾ ਰਾਸ ਹੀ ਆਉਂਦੀ ਹੈ। ਹਾਂ, ਇਸ ਮਿਹਨਤ ਲਈ ਭਾਵੇਂ ਚੰਗੇ ਦਿਨਾਂ ਦੀ ਉਡੀਕ ਜ਼ਰੂਰ ਕਰਨੀ ਪੈਂਦੀ ਹੈ ਪਰ ਜਦ ਮਿਹਨਤ ਦਾ ਪੱਲਾ ਸਫ਼ਲਤਾ ਦੀ ਪੌੜੀ ਚੜਾਉਂਦਾ ਹੈ ਤਾਂ ਇਹ ਨਵੇਂ ਸਿਰਨਾਵੇਂ ਵੀ ਖੋਜ ਦਿੰਦੀ ਹੈ। ਭਾਈ ਗੁਰਸ਼ਰਨ ਸਿੰਘ ਦੇ ਪਿੱਠ ਥਾਪੜੇ ਨਾਲ ਰੰਗਮੰਚ ਦੇ ਖੇਤਰ ਵਿੱਚ ਆਇਆ ਜਸਵਿੰਦਰ ਮਕੜੌਨਾ ਅੱਜ ਪੰਜਾਬੀ ਸਿਨੇਮੇ ਵਿੱਚ ਲਗਾਤਾਰ ਆਪਣੇ ਕਦਮਾਂ ਨੂੰ ਮਜ਼ਬੂਤ ਕਰਦਾ ਜਾ ਰਿਹਾ ਹੈ। ਸਕੂਲੀ ਪੱਧਰ ‘ਤੇ ਸਾਖਰਤਾ ਲਈ ਖੇਡੇ ਨਾਟਕਾਂ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਨੂੰ ਕਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਉਸਦਾ ਚਿਹਰਾ ਪੰਜਾਬੀ ਤੇ ਹਿੰਦੀ ਫਿਲਮਾਂ ਲਈ ਚੁਣਿਆ ਜਾਵੇਗਾ। ਬੱਸ ਉਹ ਮਸਤ ਚਾਲ ਨਾਲ ਇਸ ਖੇਤਰ ਵਿੱਚ ਕੰਮ ਕਰਦਾ ਗਿਆ। ਅਜਿਹਾ ਕੰਮ ਜਿਸਨੇ ਉਸਦੇ ਮਨ ਨੂੰ ਤਾਂ ਤਸੱਲੀ ਦਿੱਤੀ ਹੀ ਸਗੋਂ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਡਾਇਰੈਕਟਰਾਂ ਨੇ ਵੀ ਉਸਦੀ ਅਦਾਕਾਰੀ ਦੀ ਸਹੀ ਪਰਖ ਪਾ ਕੇ ਉਸਨੂੰ ਫ਼ਿਲਮ ਜਗਤ ਵਿੱਚ ਪ੍ਰਵੇਸ਼ ਕਰਨ ਦੇ ਚੰਗੇ ਮੌਕੇ ਪ੍ਰਦਾਨ ਕੀਤੇ।
ਪਿੰਡ ਮਕੜੌਨਾ ਖੁਰਦ ਜ਼ਿਲਾ ਰੂਪਨਗਰ ਵਿੱਚ ਜਨਮੇ ਜਸਵਿੰਦਰ ਨੇ ਆਪਣੀ ਚੇਟਕ ਤਹਿਤ ਸ਼ੁਰੂਆਤੀ ਦੌਰ ਵਿੱਚ ਪੰਜਾਬੀ ਟੈਲੀਫ਼ਿਲਮਾਂ ‘ਨਿੱਕੀਆਂ ਜਿੰਦਾ ਵੱਡੇ ਸਾਕੇ’, ‘ਸਤਿਗੁਰ ਤੇਰੀ ਓਟ’ ਤੋਂ ਇਲਾਵਾ ‘ਮਿਸ਼ਨ ਫਤਹਿ’, ‘ਬੋਂਗੋ’, ‘ਕਭੀ ਆਏ ਨਾ ਜੁਦਾਈ’ ਅਤੇ ‘ਲਵ ਸਟੋਰੀ’ ਜਿਹੇ ਹਿੰਦੀ ਟੀ.ਵੀ. ਸੀਰੀਅਲਾਂ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ। ਪੰਜਾਬੀ ਚੈਨਲ ਤੋਂ ਚਲਦੇ ਸੀਰੀਅਲ ‘ਇੱਕ ਢੋਲੀ ਇੱਕ ਬੋਲੀ’ ਵਿੱਚ ਉਸਨੇ ਨਾਇਕਾ ਖ਼ੁਸ਼ਬੂ ਗਰੇਵਾਲ ਨਾਲ਼ ਕਾਫ਼ੀ ਸਮਾਂ ਕੰਮ ਕੀਤਾ। ਹਸਮੁੱਖ ਸੁਭਾਅ ਦੇ ਜਸਵਿੰਦਰ ਦੀ ਕਲਾ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ ਜਦੋਂ ਉਸ ਨੂੰ ਜਸਪਾਲ ਭੱਟੀ ਅਤੇ ਗੁਰਪ੍ਰੀਤ ਘੁੱਗੀ ਦੇ ਡੀ.ਡੀ. ਨੈਸ਼ਨਲ ‘ਤੇ ਆਉਣ ਵਾਲ਼ੇ ਸੀਰੀਅਲ ‘ਨਾਨਸੈੱਸ ਕਾਮੇਡੀ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਗੁਰਪ੍ਰੀਤ ਘੁੱਗੀ ਨਾਲ਼ ‘ਘੁੱਗੀ ਦੇ ਸੁਪਨੇ’ ਵਿੱਚ ਵੀ ਉਸ ਨੇ ਕੰਮ ਕੀਤਾ। ਡੀ.ਡੀ. ਨੈਸ਼ਨਲ ਦੇ ਸੀਰੀਅਲ ‘ਹੈਪੀ ਹੋਮ’ ਨੇ ਉਸਨੂੰ ਕਾਫ਼ੀ ਪ੍ਰਸਿੱਧੀ ਦਿੱਤੀ।
ਪੰਜਾਬ ਵਿੱਚ ਪੰਜਾਬੀ ਫ਼ਿਲਮਾਂ ਦੇ ਚੰਗੇ ਦੌਰ ਨੇ ਜਸਵਿੰਦਰ ਨੂੰ ਆਪਣੇ ਵੱਲ ਮੋੜਿਆ ਅਤੇ ਉਸਨੇ ਗੁਰਦਾਸ ਮਾਨ ਦੀ ਪੰਜਾਬੀ ਫ਼ਿਲਮ ‘ਮਿੰਨੀ ਪੰਜਾਬ’ ਤੋਂ ਇਲਾਵਾ ‘ਪੂਜਾ ਕਿਵੇ ਐਂ’, ‘ਸਿੰਗ ਵਰਸਜ਼ ਕੌਰ’, ‘ਆਸ਼ਕੀ ਨਾੱਟ ਅਲਾਊਡ’, ‘ਕਰਾਸ ਕੰਨੈਕਸ਼ਨ’ ਵਰਗੀਆਂ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਕੇ ਆਪਣੇ ਫ਼ਿਲਮੀ ਖੇਤਰ ਨੂੰ ਹੋਰ ਮਜ਼ਬੂਤ ਕੀਤਾ। ਜਸਵਿੰਦਰ ਨੂੰ ਹਰ ਸਮੇਂ ਮੁੰਬਈ ਨਗਰੀ ਦੇਖਣ ਦਾ ਚਾਅ ਰਿਹਾ ਹੈ ਅਤੇ ਇਸ ਚਾਅ ਨੂੰ ਉਸਨੇ ਅੰਧੇਰੀ ਵੈਸਟ ਵਿੱਚ ਆਪਣਾ ਰੈਣ ਬਸੇਰਾ ਕਰਕੇ ‘ਮੇਰੀ ਪੜੋਸਣ’, ‘ਚੱਲ ਭਾਗ’, ‘ਸਮਿਸ਼ਰਾ’, ‘ਇਸ਼ਕ ਵਿਸ਼ਕ ਪਿਆਰ ਵਿਆਰ’ ਆਦਿ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾ ਦੇ ਜੌਹਰ ਦਿਖਾਏ ਹਨ। ਇੱਥੇ ਹੀ ਬੱਸ ਨਹੀਂ ਉਸਨੇ ਰਾਜਸਥਾਨੀ ਫ਼ਿਲਮ ‘ਕੰਕੋ ਭਿੜਗਿਓਂ’ ਵਿਚ ਵੀ ਕੰਮ ਕਰਕੇ ਖੇਤਰੀ ਭਾਸ਼ਾਵਾਂ ਵਿਚ ਬਣ ਰਹੀਆਂ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੀ ਪੇਸ਼ਕਾਰੀ ਕੀਤੀ ਹੈ।
ਹੁਣ ਜਸਵਿੰਦਰ ਡਾਇਰੈਕਟਰ ਮਨਦੀਪ ਸਿਘ ਦੀ ਪੰਜਾਬੀ ਫ਼ਿਲਮ ‘ਅਰਜਣ’ ਵਿੱਚ ਬੀਤਾ ਨਾਂ ਦੇ ਪੇਂਡੂ ਸੱਭਿਆਚਾਰਕ ਮੁੰਡੇ ਦੀ ਭੂਮਿਕਾ ਵਿੱਚ ਨਜ਼ਰ ਆਇਆ ਹੈ, ਜਿਸਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਜਲਦ ਹੀ ਰਲੀਜ਼ ਹੋ ਰਹੀ ਫ਼ਿਲਮ ‘ਸਾਬ ਬਹਾਦਰ’ (ਡਾਇਰੈਕਟਰ ਅੰਮ੍ਰਿਤ ਰਾਜ ਚੱਢਾ) ਵਿੱਚ ਵੀ ਉਹ ਅਦਾਕਾਰ ਐਮੀ ਵਿਰਕ ਨਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ। ਇੱਥੇ ਹੀ ਬੱਸ ਨਹੀਂ ਉਹ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ‘ਕਰੇਜੀ ਟੱਬਰ’ (ਡਾਇਰੈਕਟਰ ਅਜੇ ਚੰਦੋਕ), ‘ਵੇਖ ਬਰਾਤਾਂ ਚੱਲੀਆਂ’ (ਡਾਇਰੈਕਟਰ ਸਿਤਿਜ ਚੌਧਰੀ), ‘ਗਦਰੀ ਯੋਧੇ’ (ਡਾਇਰੈਕਟਰ ਪਰਮਜੀਤ) ਅਤੇ ‘ਦ ਯੂਥ’ (ਡਾਇਰੈਕਟਰ ਨਗੇਂਦਰ ਚੌਹਾਨ) ਵਿੱਚ ਕ੍ਰਮਵਾਰ ਅਦਾਕਾਰ ਹਰੀਸ਼ ਵਰਮਾ, ਬਿਨੂੰ ਢਿੱਲੋਂ, ਸਿੱਪੀ ਗਿੱਲ ਅਤੇ ਯੋਗਰਾਜ ਸਿੰਘ ਨਾਲ ਨਜ਼ਰੀ ਆਵੇਗਾ। ਜਸਵਿੰਦਰ ਦਾ ਕਹਿਣਾ ਹੈ ਕਿ ਉਸਨੂੰ ਸ਼ੋਸ਼ਲ ਮੀਡੀਆ ਨੇ ਚੰਗਾ ਹੁੰਗਾਰਾ ਦਿੱਤਾ ਹੈ ਤੇ ਉਹ ਪੰਜਾਬੀ ਸਿਨੇਮਾ ਦੀ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕਰਦਾ ਰਹੇਗਾ।

ਬਲਵਿੰਦਰ ਸਿੰਘ ਮਕੜੌਨਾ,
ਮੋਬਾਈਲ : 98550 20025

Share Button

Leave a Reply

Your email address will not be published. Required fields are marked *