ਨਵਜੋਤ ਸਿੱਧੂ ਵਰਗੇ ਮੌਕਾਪ੍ਰਸਤ ਆਗੂਆਂ ਦੀ ਕੋਈ ਸਿਆਸੀ ਹੋਂਦ ਨਹੀਂ-ਪਰਕਾਸ਼ ਸਿੰਘ ਬਾਦਲ

ss1

ਨਵਜੋਤ ਸਿੱਧੂ ਵਰਗੇ ਮੌਕਾਪ੍ਰਸਤ ਆਗੂਆਂ ਦੀ ਕੋਈ ਸਿਆਸੀ ਹੋਂਦ ਨਹੀਂ-ਪਰਕਾਸ਼ ਸਿੰਘ ਬਾਦਲ
ਭਗਵੰਤ ਮਾਨ ਦੀ ਜਲਾਲਾਬਾਦ ਤੋ ਜ਼ਮਾਨਤ ਜਬਤ ਹੋਵੇਗੀ
ਐਸ.ਵਾਈ.ਐਲ ਮੁੱਦੇ ‘ਤੇ ਕਾਂਗਰਸ ਲੀਡਰਸ਼ਿਪ ਪੂਰੀ ਤਰਾਂ ਗੈਰਸੰਜੀਦਾ

23malout02ਲੰਬੀ/ਬਾਦਲ, 23 ਨਵੰਬਰ (ਆਰਤੀ ਕਮਲ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸ. ਨਵਜੋਤ ਸਿੰਘ ਸਿੱਧੂ ਵਰਗੇ ਮੌਕਾਪ੍ਰਸਤ ਤੇ ਭਟਕਣਾ ਦੇ ਸ਼ਿਕਾਰ ਆਗੂਆਂ ਦਾ ਕੋਈ ਸਿਆਸੀ ਵਜੂਦ ਨਹੀਂ ਹੈ।  ਅੱਜ ਇਥੇ ਲੰਬੀ ਹਲਕੇ ਦੇ ਪਿੰਡ ਬਾਦਲ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰਾਂ ਵੱਲੋ ਸ. ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਕਨਸੋਆਂ ਸਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਸ. ਸਿੱਧੂ ਆਪਣੇ ਨਿੱਜੀ ਹਿੱਤਾਂ ਕਾਰਨ ਹੀ ਕਿਸੇ ਵੀ ਪਾਰਟੀ ਵਿਚੱ ਸ਼ਾਮਲ ਹੋਣ ਦਾ ਫੈਸਲਾ ਨਹੀਂ ਕਰ ਸਕੇ। ਨਾਲ ਹੀ ਉਨਾਂ ਕਿਹਾ ਕਿ ਜਿਹੜੇ ਲੋਕ ਕਿਸੇ ਵੀ ਮਸਲੇ ਬਾਰੇ ਆਪਣਾ ਪੱਖ ਸਪੱਸ਼ਟ ਨਹੀਂ ਕਰਦੇ ਉਨਾਂ ਦੀ ਸਿਆਸੀ ਹੋਂਦ ਦਾ ਨਾਮੋਨਿਸ਼ਾਨ ਨਹੀਂ ਰਹਿੰਦਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਮੌਕਾਪ੍ਰਸਤ ਅਤੇ ਨਕਾਰੇ ਆਗੂਆਂ ਨੂੰ ਕਦੇ ਵੀ ਪਸੰਦ ਨਹੀਂ ਕਰਦੇ ਜਿਨਾਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਤਰਜ਼ੀਹ ‘ਤੇ ਰੱਖਦਿਆਂ ਆਪਣੀ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ।

          ਇਕ ਹੋਰ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਸਿਰਫ ਓਹੀ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ ਜਿਨਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਵੱਲੋ ਨਿਰੋਲ ਮੈਰਿਟ ਦੇ ਅਧਾਰ ‘ਤੇ ਟਿਕਟਾਂ ਦੀ ਵੰਡ ਕੀਤੀ ਗਈ ਹੈ ਅਤੇ ਵਿਰੋਧ ਕਰ ਰਹੇ ਆਗੂਆਂ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲੇਗਾ। ਸ. ਬਾਦਲ ਨੇ ਕਿਹਾ ਕਿ ਅਜਿਹੇ ਲੋਕਾਂ ਦਾ ਕੋਈ ਸਿਆਸੀ ਭਵਿੱਖ ਨਹੀਂ।

            ਪੱਤਰਕਾਰਾਂ ਵੱਲੋ ਪੁੱਛੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਆਗੂ ਖਿਲਾਫ ਚੋਣ ਲੜਨ ਦੀ ਆਜ਼ਾਦੀ ਹੈ। ਪਰ ਨਾਲ ਹੀ ਉਨਾਂ ਕਿਹਾ ਕਿ ਇਹ ਗੱਲ ਪੂਰੀ ਤਰਾਂ ਸਪੱਸ਼ਟ ਹੈ ਕਿ ਸੰਸਦ ਮੈਂਬਰ ਭਗਵੰਤ ਮਾਨ ਜੇਕਰ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਖਿਲਾਫ ਜਲਾਲਬਾਦ ਵਿਧਾਨ ਸਭਾ ਹਲਕੇ ਤੋ ਚੋਣ ਲੜਨਗੇ ਤਾਂ ਉਨਾਂ ਦੀ ਜ਼ਮਾਨਤ ਜਬਤ ਹੋਵੇਗੀ।

          ਮੀਡੀਆ ਵੱਲੋਂ ਨੋਟਬੰਦੀ ਦੇ ਫੈਸਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵੱਲੋ ਨੋਟਬੰਦੀ ਦੇ ਲਏ ਫੈਸਲੇ ਨਾਲ ਮੁਲਕ ਦੇ ਵਾਸ਼ਿਦਿੰਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਜੋ ਇਹ ਫੈਸਲਾ ਸਮੁੱਚੇ ਮੁਲਕ ਦੇ ਲੋਕਾਂ ਦੇ ਹਿੱਤਾਂ ਨੂੰ ਵਿਚਾਰਦੇ ਹੋਏ ਲਿਆ ਗਿਆ ਹੈ। ਉਨਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦਾ ਇਹ ਫੈਸਲਾ ਮੁੱਢਲੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਨਿਰਸੰਦੇਹ ਮੁਲਕ ਦੀ ਆਰਥਿਕਤਾ ਨੂੰ ਸਹੀ ਦਿਸ਼ਾ ਵਿੱਚ ਲਿਜਾਵੇਗਾ।

        ਸ. ਬਾਦਲ ਨੇ ਕਿਹਾ ਕਿ 25 ਨਵੰਬਰ ਪੰਜਾਬ ਵਿੱਚ ਇਤਿਹਾਸਕ ਦਿਨ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਦਿਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਉਨਾਂ ਕਿਹਾ ਕਿ ਇਹ ਸਿਹਤ ਸੰਸਥਾ ਦੀ ਸਥਾਪਤੀ ਨਾਲ ਸੂਬੇ ਦੇ ਸਿਹਤ ਖੇਤਰ ਨੂੰ ਨਵਾਂ ਰੂਪ ਮਿਲੇਗਾ। ਉਨਾਂ ਕਿਹਾ ਕਿ ਆਜ਼ਾਦੀ ਉਪਰੰਤ ਇਹ ਪਹਿਲੀ ਵਾਰ ਹੈ ਕਿ ਕਿਸੇ ਕੇਂਦਰ ਸਰਕਾਰ ਵੱਲੋੋਂ ਸੂਬੇ ਨੂੰ ਅਜਿਹਾ ਵੱਡਾ ਪ੍ਰਾਜੈਕਟ ਦਿੱਤਾ ਗਿਆ ਹੋਵੇ। ਉਨਾਂ ਕਿਹਾ ਕਿ 1000 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਸੂਬੇ ਦੀਆਂ ਸਿਹਤ ਸੇਵਾਵਾਂ ਦੇ ਖੇਤਰ ਦਾ ਮੁਹਾਂਦਰਾ ਤਬਦੀਲ ਹੋ ਜਾਵੇਗਾ।

       ਕੈਪਟਨ ਅਮਰਿੰਦਰ ਸਿੰਘ ਵੱਲੋ ਦਿੱਤੇ ਗਏ ਅਸਤੀਫੇ ਨੂੰ ਸਿਰਫ ਸਿਆਸੀ ਡਰਾਮਾ ਕਰਾਰ ਦਿੰਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਇਹ ਸਪੱਸ਼ਟ ਕਰਨ ਐਸ.ਵਾਈ.ਐਲ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਉਪਰੰਤ ਪਾਰਟੀ ਦੇ ਬਾਕੀ ਸੰਸਦ ਮੈਂਬਰਾਂ ਵੱਲੋ ਅਸਤੀਫੇ ਕਿਉਂ ਨਹੀਂ ਦਿੱਤੇ ਗਏ? ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਸਿਰਫ ਸਿਆਸੀ ਡਰਾਮੇਬਾਜ਼ੀ ਹੈ ਕਿਉਂਕਿ ਉਹ ਨਾਜ਼ੁਕ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨਾਂ ਕਿਹਾ ਕਿ ਸੂਬੇ ਦੇ ਹਰ ਵਿਅਕਤੀ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਸਲੇ ਸਬੰਧੀ ਕਾਂਗਰਸੀ ਆਗੂਆਂ ਦਾ ਵਤੀਰਾ ਪੂਰੀ ਤਰਾਂ ਗੈਰਸੰਜੀਦਾ ਹੈ।

       ਇਸ ਤੋ ਪਹਿਲਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੋਕਾਂ ਦੀਆਂ ਮੁਸ਼ਕਿਲਾਂ ਲਈ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹ ਪ੍ਰੋਗਾਰਮ ਲੋਕ ਭਲਾਈ ਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਸ. ਅਵਤਾਰ ਸਿੰਘ ਬਣਵਾਲਾ, ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਮੇਜਰ ਭੁਪਿੰਦਰ ਸਿੰਘ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਸ੍ਰੀ ਸੁਮਿਤ ਜਾਰੰਗਲ ਅਤੇ ਜ਼ਿਲਾ ਪੁਲੀਸ ਮੁਖੀ ਸ. ਗੁਰਪ੍ਰੀਤ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *