ਧਰਮ ਦੀ ਰਾਜਨੀਤੀ ਨਾ ਕਰਨ ਦੀਆਂ ਗੱਲਾਂ ਕਰਨ ਵਾਲਾ ਕੇਜਰੀਵਾਲ ਹੁਣ ਧਾਰਮਿਕ ਆਗੂਆਂ ਦੇ ਘਰੀਂ ਪਾ ਰਿਹੈ ਫੇਰੀਆਂ-ਛੋਟੇਪੁਰ

ਧਰਮ ਦੀ ਰਾਜਨੀਤੀ ਨਾ ਕਰਨ ਦੀਆਂ ਗੱਲਾਂ ਕਰਨ ਵਾਲਾ ਕੇਜਰੀਵਾਲ ਹੁਣ ਧਾਰਮਿਕ ਆਗੂਆਂ ਦੇ ਘਰੀਂ ਪਾ ਰਿਹੈ ਫੇਰੀਆਂ-ਛੋਟੇਪੁਰ
ਕਿਹਾ ਜੇ ਮੇਰੀ ਕੋਈ ਪੈਸੇ ਲੈਂਦੇ ਦੀ ਵੀਡੀਓ ਬਣੀ ਸੀ ਤਾਂ ਅੱਜ ਤੱਕ ਲੋਕਾਂ ਜਾਂ ਮੀਡੀਏ ਸਾਹਮਣੇ ਕਿਉਂ ਨਾ ਲਿਆਂਦੀ, ਉਮੀਦਵਾਰਾਂ ਦੀ ਪਹਿਲੀ ਲਿਸਟ ਨਵੰਬਰ ਦੇ ਪਹਿਲੇ ਹਫਤੇ ਤੱਕ

chhotepur-picਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਿਸੇ ਵੇਲੇ ਸਾਫ ਸੁਥਰੀ ਤੇ ਧਰਮ ਦੇ ਨਾਂ ‘ਤੇ ਰਾਜਨੀਤੀ ਨਾ ਕਰਨ ਦੀਆਂ ਗੱਲਾਂ ਕਰਨ ਵਾਲਾ ਅਰਵਿੰਦ ਕੇਜਰੀਵਾਲ ਹੁਣ ਆਪਣਾ ਆਧਾਰ ਖੁਸਦਾ ਜਾਂਦਾ ਦੇਖ ਕੇ ਧਾਰਮਿਕ ਆਗੂਆਂ ਦੇ ਘਰੀਂ ਵੀ ਫੇਰੀਆਂ ਪਾਉਣ ਲੱਗ ਪਿਆ ਹੈ ਪ੍ਰੰਤੂ ਹੁਣ ਲੋਕ ਆਮ ਆਦਮੀ ਪਾਰਟੀ ਦੇ ਸੱਚ ਤੋਂ ਪੂਰੀ ਤਰ੍ਹਾਂ ਜਾਣੂੰ ਹੋ ਚੁੱਕੇ ਨੇ ਤੇ ਇਨ੍ਹਾਂ ਦੇ ਭਰੋਸਾ ਨਹੀਂ ਕਰਨਗੇ ਉਕਤ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਤੋਂ ਵੱਖ ਹੋ ਕੇ ਆਪਣਾ ਪੰਜਾਬ ਪਾਰਟੀ ਬਣਾ ਚੁੱਕੇ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਇੱਥੇ ਵਰਕਰ ਮੀਟਿੰਗ ਉਪਰੰਤ ਪੱੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਮੇਰੇ ਤੇ ਪੈਸੇ ਲੈਣ ਦਾ ਦੋਸ਼ ਲਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਉਸਦੀ ਬਕਾਇਦਾ ਸ਼ੂਟਿੰਗ ਵੀਡੀਓ ਬਣੀ ਹੈ ਪਰ ਮੈਂ ਅੱਜ ਤੱਕ ਚੈਲਿੰਜ ਕਰਦਾ ਆਇਆ ਹਾਂ ਤੇ ਹੁਣ ਵੀ ਕਰ ਰਿਹਾਂ ਕਿ ਜੇ ਮੇਰੀ ਪੈਸੇ ਲੈਂਦੇ ਦੀ ਕੋਈ ਵੀਡੀਓ ਬਣੀ ਹੈ ਤਾਂ ਉਹ ਅੱਜ ਤੱਕ ਲੋਕਾਂ ਜਾਂ ਮੀਡੀਏ ਸਾਹਮਣੇ ਕਿਉਂ ਨਹੀ ਲਿਆਂਦੀ ਗਈ? ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਨਵੰਬਰ ਦੇ ਪਹਿਲੇ ਹਫਤੇ ਤੱਕ ਜਾਰੀ ਕੀਤੀ ਜਾ ਸਕਦੀ ਹੈ। ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਹੁਰਾਂ ਨਾਲ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਮੈਂ ਤਾਂ ਉਨ੍ਹਾਂ ਨੂੰ ਇਹ ਵੀ ਆਫਰ ਕੀਤੀ ਸੀ ਕਿ ਅੱਗੇ ਤੁਸੀਂ ਲੱਗੋ ਮੈਂ ਪਿੱਛੇ ਲੱਗਦਾ ਹਾਂ ਪਰ ਪਤਾ ਨਹੀ ਉਨ੍ਹਾਂ ਦੇ ਮਨ ਵਿੱਚ ਕੀ ਹੈ।
ਇਸ ਤੋਂ ਪਹਿਲਾਂ ਸਥਾਨਕ ਭਾਈ ਡੱਲ ਸਿੰਘ ਪਾਰਕ ਵਿਖੇ ਵਰਕਰ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਛੋਟੇਪੁਰ ਨੇ ਕਿਹਾ ਕਿ ਅਕਾਲੀ ਦਲ ਦੇ ਕਾਂਗਰਸ ਦੀਆਂ ਵਾਰੋ ਵਾਰੀ ਆ ਰਹੀਆਂ ਸਰਕਾਰਾਂ ਤੋਂ ਦੁਖੀ ਲੋਕਾਂ ਨੂੰ ਤੀਜੇ ਬਦਲ ਦੀ ਲੋੜ ਸੀ ਤੇ ਉਹ ਉਨ੍ਹਾਂ ਨੇ ‘ਆਪ’ ਵਿੱਚ ਦੇਖੀ ਤੇ ਲੋਕਾਂ ਉਸਨੂੰ ਤਵੱਜੋਂ ਵੀ ਦਿੱਤੀ ਪ੍ਰੰਤੂ ਅੱਗੇ ਜਾ ਕੇ ਉਕਤ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉੇੱਤਰੀ ਤੇ ਇਸਦੀ ਸੱਚਾਈ ਲੋਕਾਂ ਸਾਹਮਣੇ ਆਉਣੀ ਸ਼ੁਰੂ ਹੋ ਗਈ।ਉਨ੍ਹਾਂ ਕਿਹਾ ਕਿ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਪੰਜਾਬ ਵਿੱਚ ਆਪਣਾ ਇੱਕ ਇੱਕ ਆਬਜਰਵਰ ਲਾਇਆ ਹੋਇਆ ਹੈ ਪ੍ਰੰਤੂ ‘ਆਪ’ ਨੇ ਪੰਜਾਬ ਵਿੱਚ ਆਪਣੇ 55 ਆਬਜਰਵਰ ਲਾਏ ਸਨ ਜੋ ਟਿਕਟਾਂ ਲਈ ਸੌਦੇ ਕਰਦੇ ਰਹੇ ਤੇ ਇਸ ਗੱਲ ਵੱਲ ਉਨ੍ਹਾਂ ਧਿਆਨ ਵੀ ਦੁਆਇਆ ਪ੍ਰੰਤੂ ਕੇਜਰੀਵਾਲ ਨੇ ਧਿਆਨ ਨਹੀ ਦਿੱਤਾ ਜਿਸ ਦੇ ਨਤੀਜੇ ਵਜੋਂ ਅੱਜ ‘ਆਪ’ ਹੇਠਾਂ ਵੱਲ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਆਪਣੀਆਂ ਗਲਤ ਨੀਤੀਆਂ ਦੇ ਚਲਦਿਆਂ ਮੌਜੂਦਾ ਸਰਕਾਰ ਦੇ ਮੁਖੀ ਬਾਦਲ ਨੇ ਕਿਸਾਨਾਂ ਨੂੰ ਕਿਸੇ ਪਾਸੇ ਜੋਗਾ ਨਹੀ ਛੱਡਿਆ ਉਹੀ ਹਾਲ ਕੇਜਰੀਵਾਲ ਨੇ ਵਾਲੰਟੀਅਰਾਂ ਦੀ ਕੀਤਾ ਜਿਨ੍ਹਾਂ ਨੇ ਖੁੂਨ ਪਸੀਨੇ ਨਾਲ ਪਾਰਟੀ ਖੜੀ ਕੀਤੀ ਸੀ ਪਾਰਟੀ ਵੱਲੋਂ ਗਲਤ ਉਮੀਦਵਾਰਾਂ ਨੂ ਪੈਸੇ ਲੈ ਕੇ ਦਿੱਤੀਆਂ ਟਿਕਟਾਂ ਤੋਂ ਦੁਖੀ ਵਾਲੰਟੀਅਰ ਅੱਜ ਕੰਧਾਂ ਵਿੱਚ ਟੱਕਰਾਂ ਮਾਰ ਰਹੇ ਨੇ।ਉਨ੍ਹਾਂ ਕਿਹਾ ਕਿ ‘ਆਪ’ ਦੇ ਦਿੱਲੀ ਵਿੱਚਲੇ ਸੱਤ ਮੰਤਰੀਆਂ ਵਿੱਚੋਂ ਤਿੰਨ ਜੇਲ੍ਹ ਚਲੇ ਗਏ ਹਨ ਜਦੋਂਕਿ 17 ਦੇ ਕਰੀਬ ਵਿਧਾਇਕ ਵੀ ਜੇਲ੍ਹ ਦੀ ਹਵਾ ਖਾ ਚੁੱਕੇ ਹਨ ਤੇ ਜੇ ‘ਆਪ’ ਆ ਗਈ ਤਾਂ ਇਹੀ ਕੁਝ ਇੱਥੇ ਹੋਣਾ ਹੈ।ਮੌਜੂਦਾ ਅਕਾਲੀ ਭਾਜਪਾ ਸਰਕਾਰ ਤੇ ਹੱਲ ਬੋਲਦਿਆਂ ਉਨ੍ਹਾਂ ਕਿਹਾ ਕਿ ਉਕਤ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਕੇਵਲ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਹੈ ਜਦੋਂਕਿ ਪੰਜਾਬ 2 ਲੱਖ ਕਰੋੜ ਰੁਪਏ ਦਾ ਕਰਜਾਈ ਹੋ ਚੱਲਿਆ ਹੈ। ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਅਤਿ ਬਦਤਰ ਹੈ।ਉਨ੍ਹਾਂ ਕਿਹਾ ਕਿ ਜੇ ਛੋਟੀਆਂ ਘਟਨਾਵਾਂ ਨੂੰ ਦਰਕਿਨਾਰ ਕਰ ਲਈਏ ਤਾਂ ਇਹ ਸਰਕਾਰ ਮਾਤਾ ਚੰਦ ਕੌਰ, ਆਰ. ਐੱਸ. ਐੱਸ ਆਗੂ ਗਗਨੇਜਾ ਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਤੇ ਹਮਲਾ ਕਰਨ ਵਾਲਿਆਂ ਨੂੰ ਅੱਜ ਤੱਕ ਨਹੀ ਫੜ ਸਕੀ। ਐੱਸ. ਵਾਈ. ਐੱਲ ਬਾਰੇ ਕਿਹਾ ਕਿ ਸਾਰੀਆਂ ਧਿਰਾਂ ਰਾਜਨੀਤੀ ਕਰ ਰਹੀਆਂ ਨੇ ਜਿੱਥੇ ਇਸ ਨਹਿਰ ਦਾ ਟੱਕ ਕੈਪਟਨ ਅਮਰਿੰਦਰ ਸਿੰਘ ਨੇ ਲਾਇਆ ਉੱਥੇ ਨਹਿਰ ਪ੍ਰਕਾਸ਼ ਸਿੰਘ ਬਾਦਲ ਨੇ ਦੇਵੀ ਲਾਲ ਦੇ ਯਾਰਾਨੇ ਵਿੱਚ ਕਢਵਾਈ ਤਾਂ ਕਿ ਉਹ ਗੁੜਗਾਓਂ ਵਿੱਚ ਮਹਿੰਗੇ ਭਾਅ ਦੀ ਜਮੀਨ ਮੁਫਤ ਵਿੱਚ ਹਾਸਲ ਕਰ ਸਕੇ ਤੇ ਕੇਜਰੀਵਾਲ ਨੇ ਵੀ ਐੱਸ. ਵਾਈ. ਐੱਲ ਦੇ ਮੁੱਦੇ ਤੇ ਜੋ ਯੂ ਟਰਨ ਲਿਆ ਉਹ ਪੰਜਾਬੀਆਂ ਤੋਂ ਗੁੱਝਾ ਨਹੀਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਮੁੜ ਖੁਸ਼ਹਾਲੀ ਲਈ ਉਹ ਉਨ੍ਹਾਂ ਦਾ ਸਾਥ ਦੇਣ ਤਾਂ ਕਿ ਪੰਜਾਬ ਨੂੰ ਕਰਜੇ ਦੇ ਜੂਲੇ ਵਿੱਚੋਂ ਕੱਢ ਕੇ ਫਿਰ ਤੋਂ ਖੁਸ਼ਹਾਲ ਬਣਾਇਆ ਜਾ ਸਕੇ
ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਸੀਨੀਅਰ ਆਗੂ ਐਡਵੋਕੇਟ ਵਰਿੰਦਰ ਢਿੱਲੋਂ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸਿਰੋਪਾ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।ਉਨ੍ਹਾਂ ਦੇ ਨਾਲ ਨਰਿੰਦਰਪਾਲ ਭਗਤਾ, ਐਡਵੋਕੇਟ ਰਵਿੰਦਰ ਸਿੰਘ ਚੱਠੇਵਾਲਾ, ਐਡਵੋਕੇਟ ਗੁਰਪ੍ਰੀਤ ਸੰਧੂ ਫਾਜਿਲਕਾ, ਹਰਪ੍ਰੀਤ ਸਿੰਘ ਪੰਦੇਸਾ, ਪ੍ਰਭਜੋਤ ਸਿੰਘ ਐਡਵੋਕੇਟ, ਕੁਲਵਿੰਦਰ ਸੀਂਗੋ, ਜਸਦੀਪ ਸ਼ੇਰਗੜ੍ਹ, ਕਮਲ ਸੀਂਗੋ, ਦਾਰਾ ਸਿੰਘ ਤਲਵੰਡੀ, ਕਾਕ ਮੁਨਸ਼ੀ, ਇੰਦਰਜੀਤ ਮੁਨਸ਼ੀ, ਪਵਨਦੀਪ ਟੀਟੂ ਆਦਿ ਹਾਜ਼ਰ ਸਨ। ਮੀਟਿੰਗ ਉਪਰੰਤ ਛੋਟੇਪੁਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਦੇ ਭਲੇ ਲਈ ਅਰਦਾਸ ਵੀ ਕੀਤੀ।

Share Button

Leave a Reply

Your email address will not be published. Required fields are marked *

%d bloggers like this: